Sunday, August 12, 2012

                                   ਸਲਾਮ ਜ਼ਿੰਦਗੀ
                  ਅਜੇ ਨਾ ਆਈ ਮੰਜ਼ਿਲ ਤੇਰੀ
                                   ਚਰਨਜੀਤ ਭੁੱਲਰ
ਬਠਿੰਡਾ: ਤੰਗੀ ਤੁਰਸ਼ੀ ਤਾਂ ਹਰ ਮੋੜ 'ਤੇ ਹੀ ਮਿਲੀ। ਹਰਪਾਲ ਲਈ ਕੁਝ ਵੀ ਨਵਾਂ ਨਹੀਂ ਸੀ। ਬਚਪਨ ਉਮਰੇ ਹੀ ਗ਼ੁਰਬਤ ਦੀ ਗੋਦ 'ਚ ਜੋ ਖੇਡ ਲਿਆ। ਉਨ•ਾਂ ਰਾਹਾਂ 'ਤੇ ਤੁਰਿਆ ਜਿਨ•ਾਂ ਦਾ ਹਰ ਮੀਲ ਪੱਥਰ ਉਸ ਲਈ ਚੁਣੌਤੀ ਬਣਿਆ। ਕੰਮੀਆਂ ਦੇ ਵਿਹੜੇ 'ਚ ਸੁਰਤ ਸੰਭਾਲੀ। ਚਾਰ ਚੁਫੇਰੇ ਦੁੱਖਾਂ ਨਾਲ ਦੋ ਚਾਰ ਹੁੰਦੇ ਲੋਕਾਂ ਨੂੰ ਦੇਖਿਆ। ਸਕੂਲ ਵੱਲ ਮੂੰਹ ਕੀਤਾ ਤਾਂ ਅੱਗਿਓਂ ਗਰੀਬੀ ਟੱਕਰੀ। ਬੱਸ ਇੱਥੋਂ ਹੀ ਹਰਪਾਲ ਨੇ ਜ਼ਿੱਦ ਫੜ ਲਈ। ਜ਼ਿੱਦ ਪਰਬਤ ਨਾਲ ਮੱਥਾ ਲਾਉਣ ਦੀ। ਜ਼ਿੱਦ ਕੁਝ ਕਰ ਦਿਖਾਉਣ ਦੀ। ਜ਼ਿੱਦ ਪਾਣੀਆਂ ਦੇ ਮੁਹਾਣ ਬਦਲਣ ਦੀ। ਹਰਪਾਲ ਦੀ ਜ਼ਿੰਦਗੀ ਦਾ ਹਰ ਸਫਾ ਪ੍ਰੇਰਨਾ ਵਾਲਾ ਹੈ। ਪ੍ਰੇਰਨਾ ਉਨ•ਾਂ ਲੋਕਾਂ ਨੂੰ ਦਿੰਦਾ ਹੈ ਜੋ ਢੇਰੀ ਢਾਹ ਕੇ ਕਿਸਮਤ 'ਤੇ ਸਭ ਕੁਝ ਛੱਡ ਦਿੰਦੇ ਹਨ। ਜ਼ਿਲਾ ਮਾਨਸਾ ਦੇ ਪਿੰਡ ਨੰਗਲ ਕਲਾਂ ਦਾ ਹਰਪਾਲ ਸਿੰਘ ਦ੍ਰਿੜ• ਇਰਾਦੇ ਤੇ ਸਬਰ ਨਾਲ ਤਕਦੀਰ ਨੂੰ ਬਦਲਣ ਦੇ ਰਾਹ ਪਿਐ ਹੈ। ਹਰਪਾਲ ਸਿੰਘ ਜ਼ਿਲਾ ਮਾਨਸਾ ਦਾ ਨੌਜਵਾਨ ਪੱਲੇਦਾਰ ਹੈ ਜੋ ਛੁੱਟੀ ਵਾਲੇ ਦਿਨ ਆਪਣੇ ਤਨ 'ਤੇ ਭਾਰ ਢੋਂਹਦਾ ਹੈ ਤੇ ਇਸੇ ਆਮਦਨ ਨਾਲ ਪੜ•ਾਈ ਕਰਦਾ ਹੈ। ਸੁਫਨਾ ਵੀ ਉਸ ਦਾ ਕੋਈ ਛੋਟਾ ਨਹੀਂ, ਦੇਸ਼ ਦਾ ਇੱਕ ਨੰਬਰ ਦਾ ਸਾਫਟਵੇਅਰ ਇੰਜੀਨੀਅਰ ਬਣਨ ਦਾ। ਗੁਰਬਤ ਨੇ ਬਥੇਰੇ ਜੋੜ ਤੋੜ ਲਾਏ ਪ੍ਰੰਤੂ ਉਹ ਇਸ ਜਾਲ 'ਚੋਂ ਹਿੰਮਤ ਨਾਲ ਨਿਕਲਿਆ। ਪੂਰੇ ਬਾਰ•ਾਂ ਸਾਲ ਦੇ ਸੰਘਰਸ਼ 'ਚੋਂ ਉਹ ਜੇਤੂ ਜਰਨੈਲ ਬਣ ਕੇ ਵਧਿਆ ਹੈ। ਹੁਣ ਉਹ ਬਠਿੰਡਾ ਦੇ ਗਿਆਨੀ ਜ਼ੈਲ ਸਿੰਘ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਦਾ ਦੂਸਰੇ ਸਾਲ ਦਾ ਵਿਦਿਆਰਥੀ ਹੈ।
             ਪਿਤਾ ਸਾਧੂ ਸਿੰਘ ਨੇ 17 ਸਾਲ ਦੀ ਉਮਰ 'ਚ ਪੱਲੇਦਾਰੀ ਸ਼ੁਰੂ ਕਰ ਦਿੱਤੀ। ਹਰਪਾਲ ਸਿੰਘ ਦੇ ਛੋਟੇ ਭਰਾ ਹਰਵਿੰਦਰ ਸਿੰਘ ਨੇ ਵਿਚਕਾਰੇ ਪੜ•ਾਈ ਛੱਡ ਆਪਣੇ ਪਿਤਾ ਨਾਲ ਬੋਰੀਆਂ ਢੋਹਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਜੋ ਉਹ ਆਪਣੇ ਵੱਡੇ ਭਰਾ ਦੇ ਸੁਫਨੇ ਨੂੰ ਸੱਚ ਕਰ ਸਕੇ। ਛੋਟੇ ਭਰਾ ਹਰਵਿੰਦਰ ਨੂੰ ਭਰਾ ਦੀ ਜ਼ਿੰਮੇਵਾਰੀ ਨੇ ਵੱਡਾ ਬਣਾ ਦਿੱਤਾ। ਦਿਨ ਰਾਤ ਭਾਰ ਢੋਹ ਢੋਹ ਕੇ ਉਹ ਆਪਣੇ ਭਰਾ ਹਰਪਾਲ ਦਾ ਹੋਸਟਲ ਦਾ ਖਰਚਾ ਭਰਦਾ ਹੈ। ਹਰਪਾਲ ਖੁਦ ਵੀ ਹਰ ਸ਼ਨਿਚਰਵਾਰ ਤੇ ਐਤਵਾਰ ਨੂੰ ਮਾਨਸਾ ਵਿਖੇ ਪੱਲੇਦਾਰੀ ਕਰਦਾ ਹੈ। ਸਕੂਲੀ ਪੜ•ਾਈ ਦੌਰਾਨ ਜਦੋਂ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਤਾਂ ਉਹ ਦਿਹਾੜੀ ਕਰਦਾ ਤਾਂ ਜੋ ਕਾਪੀਆਂ ਕਿਤਾਬਾਂ ਲਈ ਪੈਸੇ ਜੋੜ ਸਕੇ। ਅੰਤਾਂ ਦੀ ਗਰੀਬੀ ਦਾ ਬੇਸ਼ੱਕ ਘਰ 'ਚ ਵਾਸਾ ਹੈ ਪ੍ਰੰਤੂ ਉਸ ਦੇ ਅਨਪੜ• ਪਿਤਾ ਤੇ ਮਾਂ ਹਰਜੀਤ ਕੌਰ ਨੇ ਕਦੇ ਹਰਪਾਲ ਨੂੰ ਕਿਸੇ ਤੰਗੀ ਦਾ ਅਹਿਸਾਸ ਨਹੀਂ ਹੋਣ ਦਿੱਤਾ। ਹੁਣ ਇਹ ਪਰਿਵਾਰ ਮਾਨਸਾ ਵਿਖੇ ਦੋ ਕਮਰਿਆਂ ਦੇ ਘਰ ਵਿੱਚ ਰਹਿ ਰਿਹਾ ਹੈ। ਹਰਪਾਲ ਸਿੰਘ ਦੀ ਇੱਕੋ-ਇੱਕ ਭੈਣ ਸ਼ਰਨਜੀਤ ਕੌਰ ਮਾਨਸਿਕ ਤੌਰ 'ਤੇ ਬਿਮਾਰ ਹੈ ਜਿਸ ਕਰਕੇ ਉਸ ਨੂੰ ਸਕੂਲੋਂ ਹਟਾਉਣਾ ਪਿਆ। ਹਰਪਾਲ ਦੀ ਕਹਾਣੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਉਸ ਨੇ ਸਰਕਾਰੀ ਪ੍ਰਾਇਮਰੀ ਸਕੂਲ, ਖੋਖਰ ਕਲਾਂ 'ਚ ਚੌਥੀ ਕਲਾਸ 'ਚੋਂ 80 ਫੀਸਦੀ ਨੰਬਰ ਲੈ ਕੇ ਮਿਹਨਤ ਦਾ ਪਹਿਲਾ ਚੈਪਟਰ ਲਿਖਿਆ। ਫਿਰ ਪੰਜਵੀਂ 'ਚੋਂ 75 ਫੀਸਦੀ ਅੰਕ ਲਏ। ਮਾਸਟਰ ਵੇਦ ਪ੍ਰਕਾਸ਼ ਨੂੰ ਇਸ ਮੁੰਡੇ 'ਚ ਕੁਝ ਦਿਖਿਆ ਤਾਂ ਉਸ ਨੇ ਉਸ ਨੂੰ ਸਹੀ ਰਾਹ ਦਿਖਾ ਦਿੱਤਾ। ਪਿੰਡ ਫਫੜੇ ਭਾਈਕੇ ਦੇ ਜਵਾਹਰ ਨਵੋਦਿਆ ਵਿਦਿਆਲਿਆ 'ਚ ਦਾਖਲ ਹੋਣ ਲਈ 2000 ਮੁੰਡਿਆਂ ਨੇ ਦਾਖਲਾ ਪ੍ਰੀਖਿਆ ਦਿੱਤੀ ਜਿਸ 'ਚ 40 ਬੱਚਿਆਂ ਦੀ ਚੋਣ 'ਚ ਹਰਪਾਲ ਸਿੰਘ ਦਾ ਨਾਮ ਅੱਗੇ ਸੀ। ਪ੍ਰੀਖਿਆ ਦਾ ਮਾਧਿਅਮ ਅੰਗਰੇਜ਼ੀ ਉਸ ਲਈ ਇੱਕ ਹੋਰ ਚੁਣੌਤੀ ਸੀ। ਉਸ ਨੇ  ਇਸ ਚੁਣੌਤੀ ਦੀ ਵੀ ਪਿੱਠ ਲਵਾ ਦਿੱਤੀ। ਦਲਿਤ ਪਰਿਵਾਰ 'ਚੋਂ ਹੋਣ ਕਰਕੇ ਹਰਪਾਲ ਲਈ ਸਿੱਖਿਆ ਮੁਫਤ ਸੀ। ਜੇਬ ਖਰਚ ਅਤੇ ਕਾਪੀਆਂ ਆਦਿ ਦੇ ਖਰਚੇ ਲਈ ਉਹ ਦੋ ਮਹੀਨੇ ਦਿਨ ਰਾਤ ਦਿਹਾੜੀ ਕਰਦਾ। ਸਕੂਲ 'ਚੋਂ ਹੀ ਉਸ ਨੇ ਅੱਠਵੀਂ ਕਲਾਸ 86 ਫੀਸਦੀ ਅੰਕਾਂ ਨਾਲ ਪਾਸ ਕੀਤੀ। ਸਕੂਲੀ ਸਮੇਂ 'ਚ ਅਕਸਰ ਇਹ ਹੁੰਦਾ ਰਿਹਾ ਕਿ ਜਦੋਂ ਵੀ ਉਹ ਆਪਣੇ ਘਰ ਆਉਂਦਾ ਤਾਂ ਉਹ ਦੋਸਤਾਂ ਤੋਂ ਬੱਸ ਕਿਰਾਇਆ ਲੈ ਕੇ ਆਉਂਦਾ। ਉਸ ਨੇ ਮੈਟ੍ਰਿਕ ਦੀ ਪ੍ਰੀਖਿਆ 76 ਫੀਸਦੀ ਅੰਕ ਲੈ ਕੇ ਪਾਸ ਕੀਤੀ। ਉਹ ਸਕੂਲੀ ਖੇਡ ਮੁਕਾਬਲਿਆਂ 'ਚ ਰਿਲੇਅ ਰੇਸ 'ਚੋਂ ਚਾਰ ਰਾਜਾਂ 'ਚੋਂ ਪਹਿਲੇ ਨੰਬਰ 'ਤੇ ਆਉਂਦਾ ਰਿਹਾ। ਉਹ ਦੱਸਦਾ ਹੈ ਕਿ ਉਹ ਸ਼ਹਿਰ 'ਚੋਂ ਪੁਰਾਣੇ ਕੱਪੜੇ ਸਸਤੇ ਭਾਅ 'ਚ ਖਰੀਦ ਲੈਂਦਾ ਸੀ। ਅਸਲ ਮਿਸ਼ਨ ਤੋਂ ਜ਼ਿੰਦਗੀ ਉਸ ਨੂੰ ਭਟਕਾ ਨਾ ਸਕੀ। ਹਰ ਪਲ ਹਰਪਾਲ ਦੀ ਜ਼ਿੰਦਗੀ ਨੇ ਪ੍ਰੀਖਿਆ ਲਈ। ਜਿੰਨਾ ਸਮਾਂ ਉਸ ਨੇ ਪੜ•ਾਈ ਕੀਤੀ, ਓਨਾ ਸਮਾਂ ਹੀ ਉਹ ਸ਼ੈਲਰਾਂ ਵਿੱਚ ਮਜ਼ਦੂਰੀ ਵੀ ਨਾਲੋ ਨਾਲ ਕਰਦਾ ਰਿਹਾ।
            ਇਸੇ ਸਕੂਲ 'ਚ ਜਦੋਂ ਉਸ ਨੇ +1 'ਚ ਨਾਨ-ਮੈਡੀਕਲ ਜਮਾਤ 'ਚ ਦਾਖਲਾ ਲਿਆ ਤਾਂ ਮਹਿੰਗੀਆਂ ਕਿਤਾਬਾਂ ਉਸ ਦੀ ਪਹੁੰਚ 'ਚੋਂ ਬਾਹਰ ਸਨ। ਰਾਤ ਵਕਤ ਜਦੋਂ ਉਸ ਦੇ ਦੋਸਤ ਪੜ•ਦੇ ਤਾਂ ਉਹ ਕੋਲ ਬੈਠਾ ਰਹਿੰਦਾ। ਜਦੋਂ ਉਸ ਦੇ ਦੋਸਤ ਸੌਂ ਜਾਂਦੇ ਤਾਂ ਉਹ ਅੱਧੀ ਰਾਤ ਨੂੰ ਉਨ•ਾਂ ਦੀਆਂ ਕਿਤਾਬਾਂ ਚੁੱਕ ਕੇ ਪੜ•ਦਾ ਰਹਿੰਦਾ ਤੇ ਸਵੇਰ ਵੇਲੇ ਮੁੜ ਉਨ•ਾਂ ਨੂੰ ਕਿਤਾਬਾਂ ਵਾਪਸ ਕਰ ਦਿੰਦਾ। ਸਕੂਲ 'ਚ ਇੱਕ ਦਫਾ ਸੁਨਾਮੀ ਫੰਡ ਇਕੱਠਾ ਕੀਤਾ ਜਾ ਰਿਹਾ ਸੀ। ਜਦੋਂ ਉਸ ਦੀ ਵਾਰੀ ਆਈ ਤਾਂ ਇੱਕ ਬੱਚੇ ਨੇ ਆਖ ਦਿੱਤਾ, 'ਇਸ ਤੋਂ ਨਾ ਲਓ, ਇਹ ਤਾਂ ਪੱਲੇਦਾਰੀ ਕਰਦੈ।' ਹਰਪਾਲ ਦਾ ਮਨ ਪਸੀਜ ਗਿਆ ਤੇ ਉਸ ਵਕਤ ਵੀ ਹਮੇਸ਼ਾ ਦੀ ਤਰ•ਾਂ ਉਸ ਦੀ ਜੇਬ ਖਾਲੀ ਸੀ। ਜਮ•ਾਂ +2 ਨਾਨ ਮੈਡੀਕਲ ਦੀ ਪ੍ਰੀਖਿਆ ਵਿਚ ਉਸ ਨੇ 70 ਫੀਸਦੀ ਅੰਕ ਹਾਸਲ ਕੀਤੇ। ਬਾਕੀ ਬੱਚਿਆਂ ਨੇ ਸੀ.ਈ.ਟੀ. ਦੀ ਤਿਆਰੀ ਲਈ ਕੋਚਿੰਗਾਂ ਸ਼ੁਰੂ ਕਰ ਦਿੱਤੀਆਂ। ਹਰਪਾਲ ਵਾਪਸ ਮਾਨਸਾ ਆ ਗਿਆ। ਉਹ ਦਿਨ ਵਕਤ ਪੱਲੇਦਾਰੀ ਕਰਦਾ ਸੀ ਤੇ ਰਾਤ ਵਕਤ ਸੀ.ਈ.ਟੀ. ਦੀ ਤਿਆਰੀ। ਆਖਰ ਉਹ ਇਸ ਮਿਸ਼ਨ 'ਚ ਵੀ ਸਫਲ ਹੋ ਗਿਆ। ਬਠਿੰਡਾ ਦੇ ਇੰਜੀਨੀਅਰਿੰਗ ਕਾਲਜ 'ਚ ਦਾਖਲਾ ਤਾਂ ਮਿਲ ਗਿਆ ਪ੍ਰੰਤੂ 40 ਹਜ਼ਾਰ ਰੁਪਏ ਦੀ ਫੀਸ ਨੇ ਇੱਕ ਦਫਾ ਫਿਰ ਹਰਪਾਲ ਦਾ ਇਮਤਿਹਾਨ ਲਿਆ। ਪੱਲੇਦਾਰ ਪਿਤਾ ਤੇ ਛੋਟੇ ਭਰਾ ਨੇ ਕਿਸੇ ਤੋਂ ਕਰਜ਼ਾ ਚੁੱਕਿਆ ਤੇ ਹਰਪਾਲ ਦੀ ਫੀਸ ਭਰ ਕੇ ਉਸ ਨੂੰ ਇੰਜੀਨੀਅਰ ਬਣਾਉਣ ਲਈ ਰਾਹ ਸਾਫ ਕਰ ਦਿੱਤਾ।
            ਪਹਿਲੇ ਸਾਲ ਦਾ ਪਹਿਲਾ ਸਮੈਸਟਰ ਹੋਣਾ ਸੀ। ਇਸ ਤੋਂ ਪਹਿਲਾਂ ਹੀ ਹਰਪਾਲ ਨੂੰ ਚਿਕਨ ਪੌਕਸ ਹੋ ਗਈ। ਹੁਣ ਦੂਸਰਾ ਸਮੈਸਟਰ ਮੁਕੰਮਲ ਕੀਤਾ ਹੈ। ਹੁਣ ਹਰ ਸ਼ਨਿਚਰਵਾਰ ਤੇ ਐਤਵਾਰ ਜਾਂ ਫਿਰ ਜਿਸ ਦਿਨ ਛੁੱਟੀ ਹੁੰਦੀ ਹੈ, ਉਹ ਮਜ਼ਦੂਰੀ ਕਰਦਾ ਹੈ। ਹੋਸਟਲ 'ਚ ਉਹ ਖਰਚੇ ਘਟਾਉਣ ਲਈ ਚਾਹ ਵਗੈਰਾ ਵੀ ਨਹੀਂ ਪੀਂਦਾ। ਕਿਸੇ ਪਾਰਟੀ 'ਚ ਸ਼ਾਮਲ ਨਹੀਂ ਹੁੰਦਾ। ਬੱਸ ਕਾਲਜ 'ਚ ਪੜਾਈ ਤੇ ਕਾਲਜ ਤੋਂ ਬਾਹਰ ਮਜ਼ਦੂਰੀ ਕਰਨਾ, ਇਹੋ ਉਸ ਦੀ ਜ਼ਿੰਦਗੀ ਦੇ ਦੋ ਕੰਮ ਚਲ ਰਹੇ ਹਨ। ਹਰਪਾਲ ਆਖਦਾ ਹੈ ਕਿ ਮਨ ਦੀ ਲਗਨ ਤੇ ਦ੍ਰਿੜ•ਤਾ ਹੋਵੇ ਤਾਂ ਕੁਝ ਵੀ ਔਖਾ ਨਹੀਂ, ਤੰਗੀ ਤੁਰਸ਼ੀ ਤਾਂ ਕੀ ਵਿਗਾੜ ਸਕਦੀ ਹੈ! ਉਹ ਆਖਦਾ ਹੈ, ਬੱਸ ਸਾਫਟਵੇਅਰ ਇੰਜੀਨੀਅਰ ਬਣਨ ਦਾ ਸੁਫਨਾ ਹੈ। ਉਸ ਪਿਤਾ ਤੇ ਭਰਾ ਦਾ ਕਰਜ਼ ਤਾਂ ਉਹ ਸੱਤ ਜਨਮ ਨਹੀਂ ਉਤਾਰ ਸਕਦਾ, ਜਿਨ•ਾਂ ਨੇ ਦਿਨ ਰਾਤ ਉਸ ਲਈ ਆਪਣੇ ਪਿੰਡੇ 'ਤੇ ਭਾਰ ਢੋਹਿਆ। ਸਚਮੁੱਚ, ਹਰਪਾਲ ਸਿੰਘ ਜਿਸ ਤਰ•ਾਂ ਜ਼ਿੰਦਗੀ ਨਾਲ ਟੱਕਰ ਲੈ ਕੇ ਆਪਣੇ ਮਿਸ਼ਨ ਲਈ ਚੱਲਿਆ ਹੈ, ਉਸ ਲਈ ਦਿੱਲੀ ਦੂਰ ਨਹੀਂ ਹੋਵੇਗੀ।
                                                                   ਅਪੀਲ
ਦੋਸਤੋ, ਜਦੋਂ ਇਹ ਦਾਸਤਾਂ ਪੰਜਾਬੀ ਟ੍ਰਿਬਿਊਨ ਵਿੱਚ ਛਪੀ ਸੀ ਤਾਂ ਉਦੋ ਬਹੁਤ ਸਾਰੇ ਦਾਨੀ ਸੱਜਣਾਂ ਨੇ ਹਰਪਾਲ ਦੀ ਬਾਂਹ ਫੜੀ ਸੀ। ਇਨ੍ਹਾਂ ਸੱਜਣਾਂ ਦੀ ਮੱਦਦ ਨਾਲ ਹਰਪਾਲ ਨੇ ਬੀ.ਟੈਕ ਕਰ ਲਈ ਹੈ। ਉਸ ਨੇ ਕੌਮੀ ਪੱਧਰ ਦੀ ਇੱਕ ਪ੍ਰੀਖਿਆ ਚੋਂ 92 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਹੁਣ ਹਰਪਾਲ ਜਲੰਧਰ ਵਿਖੇ ਇੱਕ ਚੰਗੇ ਇੰਸਟੀਚੂਟ ਵਿੱਚ ਐਮ.ਟੈਕ ਕਰ ਰਿਹਾ ਹੈ। ਤੰਗੀ ਤੁਰਸ਼ੀ ਨੇ ਉਸ ਦਾ ਪਿੱਛਾ ਨਹੀਂ ਛੱਡਿਆ ਹੈ। ਪੰਜਾਬ ਤਕਨੀਕੀ ਵਰਸਿਟੀ ਦੇ ਵੀ.ਸੀ ਦੇ ਸਲਾਹਕਾਰ ਨਛੱਤਰ ਸਿੰਘ ਨੇ ਇਸ ਨੌਜਵਾਨ ਦੀ ਘਾਲਣਾ ਨੂੰ ਦੇਖਦੇ ਹੋਏ ਉਸ ਲਈ ਮੁਫਤ ਰਿਹਾਇਸ਼ ਦਾ ਪ੍ਰਬੰਧ ਕਰਕੇ ਦਿੱਤਾ ਹੈ। ਬਹੁਤ ਸਾਰੇ ਦਾਨੀ ਸੱਜਣ ਜਿਵੇਂ ਜ਼ਿਲ੍ਹਾ ਟਰੱਕ ਯੂਨੀਅਨ ਬਠਿੰਡਾ ਦੇ ਪ੍ਰਧਾਨ ਟਹਿਲ ਸਿੰਘ ਬੁੱਟਰ, ਦਸ਼ਮੇਸ਼ ਸਕੂਲ ਬਠਿੰਡਾ ਦੇ ਪ੍ਰਿਸੀਪਲ ਡਾ.ਰਵਿੰਦਰ ਸਿੰਘ ਮਾਨ, ਜ਼ਿਲ੍ਹਾ ਪ੍ਰੀਸ਼ਦ ਦੇ ਸੁਭਾਸ਼ ਚੰਦ ਝੰਡੂਕੇ ਆਦਿ ,ਹਰਪਾਲ ਦੀ ਲਗਾਤਾਰ ਮਾਲੀ ਮੱਦਦ ਕਰ ਰਹੇ ਹਨ ਜਿਸ ਦੇ ਸਹਾਰੇ ਹਰਪਾਲ ਆਪਣੀ ਮੰਜ਼ਿਲ ਵੱਧ ਰਿਹਾ ਹੈ। 

No comments:

Post a Comment