Thursday, August 23, 2012

                                ਸਰਕਾਰੀ ਮਿਹਰ  
 ਸ਼ਰਾਬ ਸਨਅਤਾਂ ਨੂੰ 500 ਕਰੋੜ ਦਾ ਤੋਹਫਾ
                                 ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਵੱਲੋਂ ਸ਼ਰਾਬ ਸਨਅਤਾਂ ਨੂੰ ਕਰੋੜਾਂ ਰੁਪਏ ਦੇ ਗੱਫੇ ਦੇ ਦਿੱਤੇ ਗਏ ਹਨ। ਸਰਕਾਰਾਂ ਵੱਲੋਂ ਸ਼ਰਾਬ ਸਨਅਤਾਂ ਨੂੰ ਕਰੀਬ 500 ਕਰੋੜ ਦੀ ਛੋਟ ਦਿੱਤੀ ਗਈ ਹੈ। ਪੰਜਾਬ ਵਿੱਚ ਸ਼ਰਾਬ ਦੇ ਕਾਰੋਬਾਰ ਦੇ ਪਸਾਰ ਲਈ ਸਪੈਸ਼ਲ ਪੈਕੇਜ ਐਲਾਨੇ ਗਏ ਹਨ । ਅਮਰਿੰਦਰ ਸਰਕਾਰ ਨੇ ਇਸ ਮਾਮਲੇ ਵਿੱਚ ਪਹਿਲ ਕੀਤੀ ਸੀ ਤੇ ਅਕਾਲੀ ਭਾਜਪਾ ਗਠਜੋੜ ਨੇ ਵੀ ਇਹ ਨੀਤੀ ਜਾਰੀ ਰੱਖੀ ਹੋਈ ਹੈ। ਛੋਟਾਂ ਦੇ ਗੱਫੇ ਨੂੰ ਦੇਖਦੇ ਹੋਏ ਪੰਜਾਬ ਵਿੱਚ ਨਵੀਆਂ 19 ਸ਼ਰਾਬ ਸਨਅਤਾਂ ਲੱਗ ਰਹੀਆਂ ਹਨ। ਕੋਈ ਵੀ ਜ਼ਿਲ੍ਹਾ ਹੁਣ ਸ਼ਰਾਬ ਸਨਅਤਾਂ ਤੋ ਬਚਿਆ ਨਹੀਂ ਰਹੇਗਾ। ਅਮਰਿੰਦਰ ਸਰਕਾਰ ਨੇ ਨਵੇਂ ਨਿਵੇਸ਼ ਆਕਰਸ਼ਿਤ ਕਰਨ ਲਈ ਸਨਅਤੀ ਨੀਤੀ 2003 ਤਿਆਰ ਕੀਤੀ ਸੀ ਜਿਸ ਦੇ ਤਹਿਤ ਸ਼ਰਾਬ ਸਨਅਤਾਂ ਨੂੰ ਮੈਗਾ ਪ੍ਰਾਜੈਕਟਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਸੀ। ਸਾਲ 2003 ਤੋਂ ਹੁਣ ਤੱਕ 15 ਸ਼ਰਾਬ ਸਨਅਤਾਂ ਨੂੰ ਮੈਗਾ ਪ੍ਰਾਜੈਕਟ ਐਲਾਨਿਆ ਗਿਆ ਹੈ ਅਤੇ ਛੋਟਾਂ ਦੇ ਗੱਫੇ ਦਿੱਤੇ ਗਏ ਹਨ। ਉਦਯੋਗ ਅਤੇ ਕਾਮਰਸ ਵਿਭਾਗ ਪੰਜਾਬ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਦਿੱਤੇ ਵੇਰਵਿਆਂ ਅਨੁਸਾਰ ਅਮਰਿੰਦਰ ਸਰਕਾਰ ਨੇ ਆਪਣੇ ਸਮੇਂ ਜੋ ਸਨਅਤੀ ਨੀਤੀ 2003 ਤਿਆਰ ਕੀਤੀ ਸੀ, ਜਿਸ ਤਹਿਤ ਉਸ ਸਨਅਤ ਨੂੰ ਸਪੈਸ਼ਲ ਪੈਕੇਜ ਦੇਣ ਦੀ ਸ਼ਰਤ ਸੀ ਜੋ ਘੱਟੋ ਘੱਟ 100 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਸਰਹੱਦੀ ਜ਼ਿਲ੍ਹਿਆਂ ਲਈ ਇਹ ਸ਼ਰਤ 25 ਕਰੋੜ ਰੁਪਏ ਦੀ ਸੀ। ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਇਸੇ ਤਰਜ਼ 'ਤੇ ਨਵੀਂ ਸਨਅਤੀ ਨੀਤੀ 2009 ਤਿਆਰ ਕੀਤੀ ਪ੍ਰੰਤੂ ਛੋਟਾਂ ਦੇ ਰੰਗ ਰੂਪ ਵਿੱਚ ਥੋੜ੍ਹਾ ਬਦਲਾਓ ਕਰ ਦਿੱਤਾ। ਸਪੈਸ਼ਲ ਪੈਕੇਜ ਦਾ ਪ੍ਰਤਾਪ ਹੈ ਕਿ 15 ਸ਼ਰਾਬ ਸਨਅਤਾਂ ਵਲੋਂ ਪੰਜਾਬ ਵਿੱਚ ਸ਼ਰਾਬ ਦੀ ਪੈਦਾਵਾਰ ਦੇ ਖੇਤਰ ਵਿੱਚ 1450 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਕਈ ਸ਼ਰਾਬ ਸਨਅਤਾਂ ਚੱਲ ਪਈਆਂ ਹਨ ਅਤੇ ਕਈ ਉਸਰ ਰਹੀਆਂ ਹਨ।
             ਸਰਕਾਰੀ ਸੂਚਨਾ ਅਨੁਸਾਰ ਅਮਰਿੰਦਰ ਸਿੰਘ ਨੇ ਮੈਸਰਜ਼ ਰਾਣਾ ਸ਼ੂਗਰਜ਼ ਲਿਮਟਿਡ ਨੂੰ ਸਪੈਸ਼ਲ ਪੈਕੇਜ ਦਿੱਤਾ ਹੈ। ਇਹ ਫਰਮ ਇੱਕ ਕਾਂਗਰਸੀ ਪਰਿਵਾਰ ਦੀ ਹੈ। ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਵੱਲੋਂ ਫਰੀਦਕੋਟ ਤੋਂ ਹਾਲ ਵਿੱਚ ਹੀ ਅਕਾਲੀ ਵਿਧਾਇਕ ਬਣੇ ਦੀਪ ਮਲਹੋਤਰਾ ਦੀ ਫਰਮ ਨੂੰ ਬਠਿੰਡਾ ਜ਼ਿਲ੍ਹੇ ਦੇ ਬਲਾਕ ਸੰਗਤ ਵਿੱਚ ਸ਼ਰਾਬ ਫੈਕਟਰੀ ਲਾਉਣ ਖਾਤਰ ਸਪੈਸ਼ਲ ਪੈਕੇਜ ਦਿੱਤਾ ਗਿਆ ਹੈ। ਅਮਰਿੰਦਰ ਸਰਕਾਰ ਤੇ ਮੌਜੂਦਾ ਸਰਕਾਰ ਨੇ ਪੌਂਟੀ ਚੱਢੇ ਦੀਆਂ ਦੋ ਸ਼ਰਾਬ ਸਨਅਤਾਂ ਨੂੰ ਦੋ ਸਪੈਸ਼ਲ ਪੈਕੇਜ ਦਿੱਤੇ ਹਨ। ਮੌਜੂਦਾ ਪੰਜਾਬ ਸਰਕਾਰ ਵੱਲੋਂ ਇੱਕ ਪਾਸੇ 25 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਵਿੱਚ ਪੰਜ ਨਸ਼ਾ ਛੁਡਾਊ ਕੇਂਦਰ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ ਅਤੇ ਦੂਜੇ ਪਾਸੇ ਸ਼ਰਾਬ ਕਾਰੋਬਾਰ ਦੇ ਪਸਾਰ ਲਈ ਛੋਟਾਂ ਦਿੱਤੀਆਂ ਜਾ ਰਹੀਆਂ ਹਨ। ਸਨਅਤੀ ਨੀਤੀ 2003 ਤਹਿਤ ਇਨ੍ਹਾਂ ਸ਼ਰਾਬ ਸਨਅਤਾਂ ਨੂੰ ਜੋ ਸਪੈਸ਼ਲ ਪੈਕੇਜ ਦਿੱਤਾ ਗਿਆ ਹੈ, ਉਹ ਬਹੁ-ਕਰੋੜੀ ਹੈ। ਇਸ ਪੈਕੇਜ ਤਹਿਤ ਹਰ ਸ਼ਰਾਬ ਸਨਅਤ ਨੂੰ 25 ਕਰੋੜ ਰੁਪਏ ਦੀ ਐਕਸਾਈਜ਼ ਡਿਊਟੀ ਤੋਂ ਛੋਟ ਦਿੱਤੀ ਗਈ ਹੈ। ਇਹ ਛੋਟ 10 ਸਾਲਾਂ ਲਈ ਦਿੱਤੀ ਗਈ ਹੈ ਅਤੇ ਇਸ ਛੋਟ ਦੀ ਸੀਮਾ ਵੱਧ ਤੋਂ ਵੱਧ 25 ਕਰੋੜ ਰੁਪਏ ਰੱਖੀ ਗਈ ਹੈ। ਸ਼ਰਾਬ ਸਨਅਤਾਂ ਲਈ ਜੋ ਜ਼ਮੀਨ ਫਰਮਾਂ ਵੱਲੋਂ ਖਰੀਦੀ ਜਾਣੀ ਹੈ, ਉਸ ਦੀ ਖਰੀਦ 'ਤੇ ਸਟੈਂਪ ਡਿਊਟੀ ਅਤੇ ਰਜਿਸਟ੍ਰੇਸ਼ਨ ਫੀਸ ਤੋਂ ਛੋਟ ਦਿੱਤੀ ਗਈ ਹੈ। ਪੈਕੇਜ ਤਹਿਤ ਸ਼ਰਾਬ ਸਨਅਤਾਂ ਨੂੰ ਪੰਜ ਸਾਲ ਲਈ ਬਿਜਲੀ ਕਰ ਤੋਂ ਵੀ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਐਡਵਾਂਸ ਖਪਤ ਡਿਪਾਜ਼ਿਟ ਤੋਂ ਵੀ ਛੋਟ ਦਿੱਤੀ ਗਈ ਹੈ। ਮੌਜੂਦਾ ਗਠਜੋੜ ਦੀ ਸਰਕਾਰ ਨੇ ਛੋਟਾਂ ਵਿੱਚ ਫੇਰ ਬਦਲ ਕੀਤਾ ਹੈ।
            ਸੂਚਨਾ ਅਨੁਸਾਰ ਅਮਰਿੰਦਰ ਸਰਕਾਰ ਵਲੋਂ 11 ਸ਼ਰਾਬ ਸਨਅਤਾਂ ਅਤੇ ਮੌਜੂਦਾ ਗਠਜੋੜ ਦੀ ਸਰਕਾਰ ਵੱਲੋਂ 4 ਸ਼ਰਾਬ ਸਨਅਤਾਂ ਨੂੰ ਸਪੈਸ਼ਲ ਪੈਕੇਜ ਦਿੱਤਾ ਗਿਆ ਹੈ। ਅਮਰਿੰਦਰ ਸਰਕਾਰ ਨੇ 16 ਜਨਵਰੀ 2006 ਨੂੰ ਪੌਂਟੀ ਚੱਢੇ ਦੀ ਸ਼ਰਾਬ ਸਨਅਤ ਲਈ ਸਪੈਸ਼ਲ ਪੈਕਜ ਦਿੱਤਾ ਜਦੋਂ ਕਿ ਅਕਾਲੀ ਸਰਕਾਰ ਨੇ 22 ਜੁਲਾਈ 2011 ਨੂੰ ਪੌਂਟੀ ਚੱਢੇ ਦੇ ਸ਼ਰਾਬ ਕਾਰੋਬਾਰ ਲਈ ਛੋਟਾਂ ਦਾ ਗੱਫਾ ਦਿੱਤਾ। ਇਸੇ ਤਰ੍ਹਾਂ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਨੇ 22 ਜੂਨ 2011 ਨੂੰ ਫਰੀਦਕੋਟ ਤੋਂ ਅਕਾਲੀ ਵਿਧਾਇਕ ਦੀਪ ਮਲਹੋਤਰਾ ਦੀ ਫਰਮ ਮੈਸਰਜ਼ ਓਮ ਸਨਜ਼ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ ਨੂੰ ਸਪੈਸ਼ਲ ਪੈਕੇਜ ਦਿੱਤਾ ਜਿਸ ਦੀ ਸ਼ਰਾਬ ਸਨਅਤ ਰੋਜ਼ਾਨਾ 120 ਕਿਲੋਲੀਟਰ ਉਤਪਾਦਨ ਕਰੇਗੀ। ਇਸ ਵਿੱਚ 10 ਮੈਗਾਵਾਟ ਦਾ ਪਾਵਰ ਪਲਾਂਟ ਵੀ ਲੱਗਣਾ ਹੈ।  ਅਕਾਲੀ ਸਰਕਾਰ ਨੇ ਦੀਪ ਮਲਹੋਤਰਾ ਦੀ ਫਰਮ ਨੂੰ ਪੰਜ ਸਾਲਾਂ ਲਈ ਬਿਜਲੀ ਕਰ ਤੋਂ ਛੋਟ ਦਿੱਤੀ ਹੈ ਅਤੇ ਸ਼ਰਾਬ ਸਨਅਤ ਲਈ ਜ਼ਮੀਨ ਖਰੀਦਣ 'ਤੇ ਸਟੈਂਪ ਡਿਊਟੀ ਤੋਂ ਛੋਟ ਦਿੱਤੀ ਹੈ। ਇਸੇ ਤਰ੍ਹਾਂ ਅਡਵਾਂਸ ਖਪਤ ਡਿਪਾਜ਼ਿਟ ਤੋਂ ਛੋਟ ਦਿੱਤੀ ਗਈ ਹੈ। ਬਠਿੰਡਾ ਜ਼ਿਲ੍ਹੇ ਵਿੱਚ ਇੱਕ ਸ਼ਰਾਬ ਸਨਅਤ ਤਾਂ ਚਾਲੂ ਵੀ ਹੋ ਗਈ ਹੈ, ਦੂਸਰੀ ਸਨਅਤ ਹਾਲੇ ਲੱਗਣੀ ਹੈ। ਇਹ ਸ਼ਰਾਬ ਸਨਅਤਾਂ ਤਖ਼ਤ ਦਮਦਮਾ ਸਾਹਿਬ ਦੇ ਇਲਾਕੇ ਵਾਲੀ ਧਰਤੀ 'ਤੇ ਲੱਗ ਰਹੀਆਂ ਹਨ। ਪਹਿਲਾਂ ਮਾਲਵਾ ਖੇਤਰ ਸ਼ਰਾਬ ਸਨਅਤਾਂ ਤੋਂ ਬਚਿਆ ਹੋਇਆ ਸੀ।
                                                        ਗੱਫੇ ਲੈਣ ਵਾਲੀਆਂ ਸਨਅਤਾਂ
ਪੰਜਾਬ ਸਰਕਾਰ ਵੱਲੋਂ ਸਾਲ 2003 ਤੋਂ ਜਿਨ੍ਹਾਂ ਸ਼ਰਾਬ ਸਨਅਤਾਂ ਨੂੰ ਮੈਗਾ ਪ੍ਰਾਜੈਕਟਾਂ ਤਹਿਤ ਸਪੈਸ਼ਲ ਛੋਟਾਂ ਦਾ ਪੈਕੇਜ ਦਿੱਤਾ ਗਿਆ ਹੈ, ਉਨ੍ਹਾਂ ਵਿੱਚ ਮੈਸਰਜ਼ ਚੰਡੀਗੜ੍ਹ ਡਿਸਟਿਲਰੀਜ਼, ਮੈਸਰਜ਼ ਰਾਣਾ ਸ਼ੂਗਰਜ਼ ਲਿਮਟਿਡ, ਮੈਸਰਜ਼ ਭਗਤ ਇੰਡਸਟ੍ਰੀਅਲ ਕਾਰਪੋਰੇਸ਼ਨ, ਮੈਸਰਜ਼ ਭੰਕਰਪੁਰ ਡਿਸਟਿਲਰੀਜ਼, ਮੈਸਰਜ਼ ਏ ਬੀ  ਸ਼ੂਗਰਜ਼ ਪ੍ਰਾਈਵੇਟ ਲਿਮਟਿਡ, ਮੈਸਰਜ਼ ਚੱਢਾ ਸ਼ੂਗਰਜ਼, ਮੈਸਰਜ਼ ਨਾਹਰ ਸ਼ੂਗਰਜ਼, ਮੈਸਰਜ਼ ਪਾਇਨੀਅਰ ਇੰਡਸਟ੍ਰੀਜ਼, ਮੈਸਰਜ਼ ਪਿਕਾਡਲੀ ਸ਼ੂਗਰਜ਼, ਮੈਸਰਜ਼ ਏ ਬੀ ਗਰੇਨਜ਼ ਸਪਿਰਟ, ਮੈਸਰਜ਼ ਮੈਲਬਰੋਜ਼, ਮੈਸਰਜ਼ ਸਪਰੇਅ ਇੰਜੀਨੀਅਰਿੰਗ ਸ਼ੂਗਰਜ਼, ਮੈਸਰਜ਼ ਦਿੱਲੀ ਕੈਮੀਕਲਜ਼ ਅਤੇ ਮੈਸਰਜ਼ ਓਮ ਸੰਨਜ਼ ਆਦਿ ਸ਼ਾਮਲ ਹਨ।

No comments:

Post a Comment