Saturday, August 11, 2012

                                  'ਡੈਡ ਬਾਡੀਜ਼' ਨੇ
              ਮੈਡੀਕਲ ਕਾਲਜਾਂ 'ਚ ਜਾਨ ਪਾਈ
                                   ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ 'ਚ ਮ੍ਰਿਤਕ ਦੇਹਾਂ ਨੇ ਮੈਡੀਕਲ ਕਾਲਜਾਂ ਦੀ ਭਟਕਣਾ ਦੂਰ ਕਰ ਦਿੱਤੀ ਹੈ। ਮੈਡੀਕਲ ਕਾਲਜਾਂ ਨੂੰ ਪਹਿਲਾਂ ਮੈਡੀਕਲ ਖੋਜਾਂ ਵਾਸਤੇ ਮ੍ਰਿਤਕ ਦੇਹਾਂ ਲੈਣ ਕਾਫੀ ਹੱਥ ਪੈਰ ਮਾਰਨੇ ਪੈਂਦੇ ਸਨ। ਸਰੀਰ ਦਾਨੀ ਲੋਕਾਂ ਨੇ ਮੈਡੀਕਲ ਕਾਲਜਾਂ ਦਾ ਇਹ ਬੋਝ ਘਟਾ ਦਿੱਤਾ ਹੈ। ਮੈਡੀਕਲ ਕਾਲਜਾਂ ਨੂੰ ਹੁਣ ਮ੍ਰਿਤਕ ਦੇਹਾਂ ਦੀ ਕੋਈ ਕਮੀ ਨਹੀਂ ਰਹੀ ਹੈ। ਪੰਜਾਬ ਦੇ ਲੋਕ ਮੈਡੀਕਲ ਖੋਜਾਂ ਵਾਸਤੇ ਸਰੀਰ ਦਾਨ ਕਰਨ ਲੱਗੇ ਹਨ। ਪੰਜਾਬ 'ਚ ਕਰੀਬ ਇੱਕ ਦਹਾਕੇ ਤੋਂ ਸਰੀਰ ਦਾਨ ਕਰਨ ਦੀ ਲਹਿਰ ਬਣਨ ਲੱਗੀ ਹੈ। ਲਾਵਾਰਸ਼ ਮ੍ਰਿਤਕ ਦੇਹਾਂ ਵੀ ਹੁਣ ਨਵੇਂ ਡਾਕਟਰ ਬਣਾ ਰਹੀਆਂ ਹਨ। ਇਨ•ਾਂ ਮ੍ਰਿਤਕ ਦੇਹਾਂ 'ਤੇ ਵਿਦਿਆਰਥੀ ਡਾਕਟਰੀ ਸਿੱਖ ਰਹੇ ਹਨ। ਅੰਮ੍ਰਿਤਸਰ ਦਾ ਪਿੰਗਲਵਾੜਾ ਪੰਜਾਬ ਭਰ ਚੋਂ ਸਰੀਰ ਦਾਨ ਕਰਨ ਵਿੱਚ ਮੋਹਰੀ ਬਣ ਗਿਆ ਹੈ। ਪੰਜਾਬ ਪੁਲੀਸ ਵੀ ਮੈਡੀਕਲ ਕਾਲਜਾਂ ਦੀ ਇਸ ਮਾਮਲੇ ਵਿੱਚ ਮੱਦਦ ਕਰ ਰਹੀ ਹੈ। ਤਰਕਸ਼ੀਲ ਸੁਸਾਇਟੀ ਨੇ ਸਰੀਰ ਦਾਨ ਦੀ ਰਵਾਇਤ ਵਿੱਚ ਪਹਿਲ ਕੀਤੀ ਸੀ। ਭਾਵੇਂ ਮੈਡੀਕਲ ਕਾਲਜਾਂ ਵਿੱਚ ਪੁੱਜੀਆਂ ਮ੍ਰਿਤਕ ਦੇਹਾਂ ਦੀ ਗਿਣਤੀ ਕੋਈ ਬਹੁਤੀ ਵੱਡੀ ਨਹੀਂ ਪ੍ਰੰਤੂ ਇਹ ਤਸੱਲੀਬਖਸ ਹੈ। ਸਰਕਾਰੀ ਮੈਡੀਕਲ ਕਾਲਜ ਪਟਿਆਲਾ ਨੇ ਦੱਸਿਆ ਕਿ ਕੋਈ ਵੀ ਮ੍ਰਿ੍ਰਤਕ ਦੇਹ ਮੈਡੀਕਲ ਖੋਜ ਵਾਸਤੇ ਹੁਣ ਖਰੀਦੀ ਨਹੀਂ ਗਈ ਹੈ। ਭਿਖਾਰੀਆਂ ਦੀਆਂ ਮ੍ਰਿਤਕ ਦੇਹਾਂ 'ਤੇ ਵਿਦਿਆਰਥੀ ਹੁਣ ਡਾਕਟਰੀ ਦੀ ਪੜਾਈ ਸਿੱਖ ਰਹੇ ਹਨ। ਸਰੀਰ ਦਾਨ ਕਰਨ ਵਿੱਚ ਹੁਣ ਔਰਤਾਂ ਵੀ ਪਿਛੇ ਨਹੀਂ ਹਨ।
             ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜਾਂ ਨੂੰ ਸਾਲ 2000 ਤੋਂ ਹੁਣ ਤੱਕ 284 ਮ੍ਰਿਤਕ ਦੇਹਾਂ ਦਾਨ ਵਜੋਂ ਪ੍ਰਾਪਤ ਹੋਈਆਂ ਹਨ ਜਿਨ•ਾਂ ਨੂੰ ਮੈਡੀਕਲ ਖੋਜਾਂ ਵਾਸਤੇ ਵਰਤਿਆ ਗਿਆ ਹੈ। ਪਹਿਲਾ ਨੰਬਰ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦਾ ਹੈ ਜਿਸ ਨੂੰ ਇਸ ਸਮੇਂ ਦੌਰਾਨ ਸਭ ਤੋਂ ਜਿਆਦਾ 193 ਮ੍ਰਿਤਕ ਦੇਹਾਂ ਡਾਕਟਰੀ ਖੋਜ ਵਾਸਤੇ ਦਾਨ ਵਜੋਂ ਪ੍ਰਾਪਤ ਹੋਈਆਂ ਹਨ। ਇਨ•ਾਂ ਵਿੱਚ 34 ਔਰਤਾਂ ਦੀਆਂ ਮ੍ਰਿਤਕ ਦੇਹਾਂ ਹਨ। ਅੰਮ੍ਰਿਤਸਰ ਦਾ ਪਿੰਗਲਵਾੜਾ ਸਰੀਰਦਾਨ ਵਿੱਚ ਸਭ ਤੋਂ ਵੱਡਾ ਯੋਗਦਾਨ ਪਾ ਰਿਹਾ ਹੈ। ਇਕੱਲੇ ਪਿੰਗਲਵਾੜੇ ਵਲੋਂ ਇਸ ਸਮੇਂ ਵਿੱਚ 154 ਮ੍ਰਿਤਕ ਦੇਹਾਂ ਦਾ ਯੋਗਦਾਨ ਪਾਇਆ ਗਿਆ ਹੈ। ਮੈਡੀਕਲ ਕਾਲਜ ਅੰਮ੍ਰਿਤਸਰ ਨੂੰ 15 ਲਾਵਾਰਸ਼ ਮ੍ਰਿਤਕ ਦੇਹਾਂ ਵੀ ਮਿਲੀਆਂ ਹਨ ਜਿਨ•ਾਂ ਵਿੱਚ ਪੁਲੀਸ ਦਾ ਯੋਗਦਾਨ ਵੀ ਰਿਹਾ ਹੈ। ਅੰਮ੍ਰਿਤਸਰ ਦੇ ਮੈਂਟਲ ਹਸਪਤਾਲ ਨੇ ਵੀ ਪੰਜ ਮ੍ਰਿ੍ਰਤਕ ਦੇਹਾਂ ਖੋਜਾਂ ਵਾਸਤੇ ਦਿੱਤੀਆਂ ਹਨ ਜਦੋਂ ਕਿ ਦੋ ਭਿਖਾਰੀਆਂ ਦੀਆਂ ਮ੍ਰਿਤਕ ਦੇਹਾਂ ਵੀ ਮੈਡੀਕਲ ਕਾਲਜ ਨੂੰ ਪ੍ਰਾਪਤ ਹੋਈਆਂ ਹਨ। ਹੁਣ ਇਸ ਮੈਡੀਕਲ ਕਾਲਜ ਨੂੰ ਮ੍ਰਿਤਕ ਦੇਹਾਂ ਦੀ ਕੋਈ ਕਮੀ ਨਹੀਂ ਹੈ ਜਦੋਂ ਕਿ ਪਹਿਲਾਂ ਇਸ ਦੀ ਕਾਫੀ ਮੁਸ਼ਕਲ ਹੁੰਦੀ ਸੀ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦਾ ਦੂਸਰਾ ਨੰਬਰ ਹੈ ਜਿਸ ਨੂੰ ਸਾਲ 2000 ਤੋਂ ਹੁਣ ਤੱਕ 71 ਮ੍ਰਿਤਕ ਦੇਹਾਂ ਪ੍ਰਾਪਤ ਹੋਈਆਂ ਹਨ। ਮਾਲਵੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਹੁਣ ਸਰੀਰਦਾਨ ਕਰਨ ਵਾਸਤੇ ਅਗਾਊ ਫਾਰਮ ਭਰ ਰਹੇ ਹਨ।
           ਮੈਡੀਕਲ ਕਾਲਜ ਫਰੀਦਕੋਟ ਨੂੰ ਇਸ ਸਮੇਂ ਦੌਰਾਨ 11 ਔਰਤਾਂ ਦੀਆਂ ਮ੍ਰਿਤਕ ਦੇਹਾਂ ਪ੍ਰਾਪਤ ਹੋਈਆਂ ਹਨ। ਪੰਜਾਬ ਪੁਲੀਸ ਵਲੋਂ 8 ਲਾਵਾਰਸ਼ ਲਾਸਾਂ ਵੀ ਇਸ ਕਾਲਜ ਨੂੰ ਮੈਡੀਕਲ ਖੋਜਾਂ ਵਾਸਤੇ ਦਿੱਤੀਆਂ ਹਨ। ਇੱਕ ਭਿਖਾਰੀ ਦੀ ਮ੍ਰਿਤਕ ਦੇਹ ਵੀ ਇਸ ਕਾਲਜ ਨੂੰ ਪ੍ਰਾਪਤ ਹੋਈ ਹੈ। ਮੈਡੀਕਲ ਕਾਲਜ ਫਰੀਦਕੋਟ ਪਹਿਲਾਂ ਮ੍ਰਿਤਕ ਦੇਹਾਂ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਤੋਂ ਲੈਂਦਾ ਰਿਹਾ ਹੈ ਪ੍ਰੰਤੂ ਸਾਲ 2004 ਤੋਂ ਮਗਰੋਂ ਇਸ ਮੈਡੀਕਲ ਕਾਲਜ ਨੂੰ ਲੋੜ ਤੋਂ ਵੱਧ ਮ੍ਰਿਤਕ ਦੇਹਾਂ ਮਿਲਣ ਲੱਗੀਆਂ ਹਨ ਜਿਸ ਕਰਕੇ ਇਸ ਕਾਲਜ ਦੀ ਹੁਣ ਭਟਕਣਾ ਖਤਮ ਹੋ ਗਈ ਹੈ। ਬਠਿੰਡਾ ਜ਼ਿਲ•ੇ ਦੇ ਪਿੰਡ ਮਾਈਸਰਖਾਨਾ ਦੇ ਅਰਜਨ ਸਿੰਘ ਦੀ ਮ੍ਰਿਤਕ ਦੇਹ ਵੀ ਮੈਡੀਕਲ ਕਾਲਜ ਫਰੀਦਕੋਟ ਨੂੰ 13 ਦਸੰਬਰ 2006 ਨੂੰ ਮੈਡੀਕਲ ਖੋਜ ਵਾਸਤੇ ਦਿੱਤੀ ਗਈ ਸੀ। ਸਵਰਗੀ ਅਰਜਨ ਸਿੰਘ ਦੇ ਲੜਕੇ ਹੌਲਦਾਰ ਸੁਖਵਿੰਦਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਪੰਜਾਬ ਵਿੱਚ ਸਰੀਰਦਾਨ ਦੀ ਚੱਲ ਲਹਿਰ ਨੇ ਇਹ ਪੁਰਾਣੀ ਧਾਰਨਾ ਖਤਮ ਕਰ ਦਿੱਤੀ ਹੈ ਕਿ ਮਨੁੱਖੀ ਸਰੀਰ ਕਿਸੇ ਕੰਮ ਨਹੀਂ ਆਉਂਦਾ ਹੈ। ਉਨ•ਾਂ ਆਖਿਆ ਕਿ ਲੋਕ ਹੁਣ ਸਰੀਰਦਾਨ ਕਰਨ ਲਈ ਅੱਗੇ ਆਉਣ ਲੱਗੇ ਹਨ। ਜਾਣਕਾਰੀ ਅਨੁਸਾਰ ਹਰਿਆਣਾ ਅਤੇ ਰਾਜਸਥਾਨ ਚੋਂ ਵੀ ਇੱਕਾ ਦੁੱਕਾ ਮ੍ਰਿਤਕ ਦੇਹਾਂ ਪੰਜਾਬ ਦੇ ਮੈਡੀਕਲ ਕਾਲਜਾਂ ਵਿੱਚ ਖੋਜਾਂ ਵਾਸਤੇ ਪੁੱਜੀਆਂ ਹਨ। ਮੈਡੀਕਲ ਕਾਲਜਾਂ ਦੇ ਅਨਾਟਮੀ ਵਿਭਾਗ ਹੁਣ ਮ੍ਰਿਤਕ ਦੇਹਾਂ ਦੀ ਕੋਈ ਕਮੀ ਮਹਿਸੂਸ ਨਹੀਂ ਕਰਦੇ ਹਨ।
          ਸਰਕਾਰੀ ਮੈਡੀਕਲ ਕਾਲਜ ਪਟਿਆਲਾ ਨੂੰ ਪਿਛਲੇ ਸਮੇਂ ਦੌਰਾਨ 20 ਮ੍ਰਿਤਕ ਦੇਹਾਂ ਮੈਡੀਕਲ ਖੋਜ ਵਾਸਤੇ ਦਾਨ ਵਜੋ ਪ੍ਰਾਪਤ ਹੋਈਆਂ ਹਨ। ਪਟਿਆਲਾ ਕਾਲਜ ਨੂੰ ਮ੍ਰਿ੍ਰਤਕ ਦੇਹਾਂ ਘੱਟ ਪ੍ਰਾਪਤ ਹੋ ਰਹੀਆਂ ਹਨ। ਇਸ ਮੈਡੀਕਲ ਕਾਲਜਾਂ ਨੂੰ 50 ਫੀਸਦੀ ਮ੍ਰਿਤਕ ਦੇਹਾਂ ਇਕੱਲੀਆਂ ਔਰਤਾਂ ਦੀਆਂ ਪ੍ਰਾਪਤ ਹੋਈਆਂ ਹਨ। ਹਰਿਆਣਾ ਦੇ ਕੈਥਲ ਦੇ ਡਾਕਟਰ ਐਚ.ਸੀ.ਅਗਰਵਾਲ ਦੀ ਮ੍ਰਿਤਕ ਦੇਹ ਵੀ ਇਸ ਮੈਡੀਕਲ ਕਾਲਜ ਨੂੰ ਪ੍ਰਾਪਤ ਹੋਈ ਸੀ। ਜਨਵਰੀ 2011 ਤੋਂ ਹੁਣ ਤੱਕ ਇਸ ਕਾਲਜ ਨੂੰ 9 ਮ੍ਰਿਤਕ ਦੇਹਾਂ ਪ੍ਰਾਪਤ ਹੋਈਆਂ ਹਨ ਜਿਨ•ਾਂ ਚੋਂ 7 ਮ੍ਰਿਤਕ ਦੇਹਾਂ ਔਰਤਾਂ ਦੀਆਂ ਹਨ। ਜੋ ਪੰਜਾਬ ਵਿੱਚ ਪ੍ਰਾਈਵੇਟ ਮੈਡੀਕਲ ਕਾਲਜ ਹਨ, ਉਨ•ਾਂ ਨੂੰ ਵੀ ਮ੍ਰਿਤਕ ਦੇਹਾਂ ਪ੍ਰਾਪਤ ਹੋ ਰਹੀਆਂ ਹਨ,ਉਨ•ਾਂ ਤੋਂ ਸੂਚਨਾ ਪ੍ਰਾਪਤ ਨਹੀਂ ਹੋ ਸਕੀ ਹੈ। ਸਰੀਰਦਾਨੀਆਂ ਦੀਆਂ ਮ੍ਰਿਤਕ ਦੇਹਾਂ ਹਜ਼ਾਰਾਂ ਬੱਚਿਆਂ ਨੂੰ ਡਾਕਟਰੀ ਦਾ ਹੁਨਰ ਸਿਖਾਉਣ ਵਿੱਚ ਕਾਮਯਾਬ ਰਹੀਆਂ ਹਨ। ਪੰਜਾਬ ਵਿੱਚ ਦਰਜ਼ਨਾਂ ਗੈਰ ਸਰਕਾਰੀ ਸੰਸਥਾਵਾਂ ਵਲੋਂ ਸਰੀਰ ਦਾਨ ਕਰਨ ਦੀ ਮਿਹੰਮ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਲਹਿਰ ਤੋਰੀ ਹੋਈ ਹੈ ਜਿਨ•ਾਂ ਵਲੋਂ ਬਕਾਇਦਾ ਸਰੀਰ ਦਾਨ ਕਰਨ ਦੇ ਫਾਰਮ ਵੀ ਭਰਵਾਏ ਜਾਂਦੇ ਹਨ।
                                               ਸਿਆਸੀ ਨੇਤਾ ਸਰੀਰ ਦਾਨ ਕਰਨ ਤੋਂ ਡਰਦੇ ਹਨ।
ਪੰਜਾਬ ਦੇ ਆਮ ਲੋਕ ਤਾਂ ਸਰੀਰ ਦਾਨ ਕਰਨ ਪ੍ਰਤੀ ਚੇਤੰਨ ਹੋਏ ਹਨ ਪ੍ਰੰਤੂ ਪੰਜਾਬ ਦੇ ਨੇਤਾਵਾਂ ਵਿੱਚ ਇਸ ਚੇਤੰਨਤਾ ਦੀ ਕਮੀ ਹੈ। ਵੇਰਵਿਆਂ 'ਤੇ ਮਾਰੀ ਨਜ਼ਰ ਤੋਂ ਕਿਧਰੇ ਵੀ ਮੈਡੀਕਲ ਖੋਜਾਂ ਵਾਸਤੇ ਦਾਨ ਕੀਤੀ ਮ੍ਰਿਤਕ ਦੇਹ ਕਿਸੇ ਨੇਤਾ ਦੀ ਨਹੀਂ ਲੱਭੀ ਹੈ। ਹਾਲਾਂ ਕਿ ਪੰਜਾਬ ਵਿਚ ਪਿਛਲੇ ਇੱਕ ਦਹਾਕੇ ਵਿੱਚ ਦਰਜ਼ਨਾਂ ਵੱਡੇ ਸਿਆਸੀ ਨੇਤਾਵਾਂ ਦੀ ਮੌਤ ਹੋਈ ਹੈ ਪ੍ਰੰਤੂ ਕਿਸੇ ਵੀ ਨੇਤਾ ਦੇ ਪ੍ਰਵਾਰ ਵਲੋਂ ਮਰਹੂਮ ਨੇਤਾ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਵਾਸਤੇ ਦਾਨ ਵਜੋਂ ਕਿਸੇ ਮੈਡੀਕਲ ਕਾਲਜ ਨੂੰ ਨਹੀਂ ਦਿੱਤੀ ਗਈ ਹੈ। ਨਾ ਹੀ ਕਿਸੇ ਧਾਰਮਿਕ ਆਗੂ ਨੇ ਇਸ ਕੰਮ ਵਿੱਚ ਪਹਿਲ ਕਦਮੀ ਕੀਤੀ ਹੈ। ਜੋ ਸਰੀਰ ਦਾਨ ਕਰਨ ਵਾਸਤੇ ਫਾਰਮ ਭਰੇ ਜਾਂਦੇ ਹਨ,ਉਨ•ਾਂ ਵਿੱਚ ਕਿਧਰੇ ਨੇਤਾ ਲੋਕ ਰੜਕ ਨਹੀਂ ਰਹੇ ਹਨ।

No comments:

Post a Comment