Saturday, August 4, 2012

                             ਏਅਰ ਮੰਤਰਾ
          ਟਿੱਬਿਆਂ ਤੋਂ ਉਡਣਗੇ ਜਹਾਜ਼
                            ਚਰਨਜੀਤ ਭੁੱਲਰ
ਬਠਿੰਡਾ : ਏਅਰ ਮੰਤਰਾ ਦੇ ਹਵਾਈ ਜਹਾਜ਼ ਬਠਿੰਡਾ ਦੇ ਹਵਾਈ ਅੱਡੇ ਤੋਂ ਉਡਣਗੇ। ਇਸ ਹਵਾਈ ਅੱਡੇ ਨੂੰ ਹੁਣ ਅੰਤਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਬਠਿੰਡਾ ਤੋਂ ਹਵਾਈ ਉਡਾਣਾਂ ਲਈ ਰੈਲੀਗੇਅਰ ਏਵੀਏਸ਼ਨ ਵੱਲੋਂ ਦਿਲਚਸਪੀ ਦਿਖਾਈ ਗਈ ਹੈ। ਰੈਲੀਗੇਅਰ ਦੀ ਏਅਰ ਮੰਤਰਾ ਵੱਲੋਂ ਖੇਤਰੀ ਹਵਾਈ ਸੇਵਾ ਸ਼ੁਰੂ ਕੀਤੀ ਹੋਈ ਹੈ। ਇਸ ਹਵਾਈ ਕੰਪਨੀ ਵੱਲੋਂ ਰੁਚੀ ਦਿਖਾਈ ਗਈ ਹੈ, ਜਿਸ ਤੋਂ ਪੰਜਾਬ ਸਰਕਾਰ ਨੂੰ ਧਰਵਾਸ ਹੋਇਆ ਹੈ। ਕੋਈ ਵੀ ਹਵਾਈ ਕੰਪਨੀ ਬਠਿੰਡਾ ਤੋਂ ਹਵਾਈ ਉਡਾਣਾਂ ਸ਼ੁਰੂ ਕਰਨ ਲਈ ਅੱਗੇ ਨਹੀਂ ਆ ਰਹੀ ਸੀ, ਜਦੋਂ ਕਿ ਅੱਡੇ ਦਾ ਕੰਮ ਲਗਪਗ ਮੁਕੰਮਲ ਹੋਣ ਵਾਲਾ ਹੈ। ਡਾਇਰੈਕਟਰ ਜਨਰਲ ਆਫ ਸਿਵਲ ਏਵੀਏਸ਼ਨ ਦੀ ਇਕ ਟੀਮ ਅਗਲੇ ਹਫ਼ਤੇ ਇਸ ਨਵੇਂ ਹਵਾਈ ਅੱਡੇ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਵਾਸਤੇ ਪੁੱਜ ਰਹੀ ਹੈ। ਉਸ ਮਗਰੋਂ ਪੰਜਾਬ ਸਰਕਾਰ ਵੱਲੋਂ ਹਵਾਈ ਅੱਡੇ ਦੇ ਉਦਘਾਟਨ ਬਾਰੇ ਕਦਮ ਪੁੱਟਿਆ ਜਾਣਾ ਹੈ। ਪੰਜਾਬ ਸਰਕਾਰ ਇਸ ਹਵਾਈ ਅੱਡੇ ਦਾ ਉਦਘਾਟਨ ਕੇਂਦਰੀ ਹਵਾਬਾਜ਼ੀ ਮੰਤਰੀ ਤੋਂ ਕਰਾਉਣ ਦੇ ਰੌਂਅ ਵਿੱਚ ਹੈ। ਉਂਜ ਤਾਂ ਪੰਜਾਬ ਸਰਕਾਰ ਨੇ ਮਾਰਚ 2012 ਤੱਕ ਇਸ ਹਵਾਈ ਅੱਡੇ ਦਾ ਕੰਮ ਮੁਕੰਮਲ ਹੋਣ ਦੀ ਗੱਲ ਆਖੀ ਸੀ ਪਰ ਇਸ ਦਾ ਕੰਮ ਥੋੜ੍ਹਾ ਪਛੜ ਗਿਆ ਹੈ। ਹੁਣ ਏਅਰ ਮੰਤਰਾ ਦੀ ਦਿਲਚਸਪੀ ਨੇ ਸਰਕਾਰ ਦੀ ਆਸ ਜਗਾ ਦਿੱਤੀ ਹੈ।
        ਜਦੋਂ ਹਵਾਈ ਅੱਡੇ ਵਾਲੀ ਥਾਂ ਦਾ ਦੌਰਾ ਕੀਤਾ ਤਾਂ ਅੱਡੇ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਸੀ ਅਤੇ ਟਰਮੀਨਲ ਇਮਾਰਤ ਨੂੰ ਆਖਰੀ ਛੋਹਾਂ ਦਿੱਤੀਆਂ ਜਾ ਰਹੀਆਂ ਸਨ। ਵੇਟਿੰਗ ਰੂਮ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਭਿਸੀਆਣਾ ਹਵਾਈ ਸੈਨਾ ਦੀ ਹਵਾਈ ਪੱਟੀ ਨੂੰ ਵਰਤਿਆ ਜਾਣਾ ਹੈ। ਹਵਾਈ ਸੈਨਾ ਦੀ ਹਵਾਈ ਪੱਟੀ ਤੋਂ ਜਹਾਜ਼ ਨਵੇਂ ਬਣ ਰਹੇ ਹਵਾਈ ਅੱਡੇ ਵਿੱਚ ਦਾਖ਼ਲ ਹੋਵੇਗਾ। ਲਾਈਟਿੰਗ ਦਾ ਕੰਮ ਮੁਕੰਮਲ ਹੋ ਗਿਆ ਹੈ। ਡਿਪਟੀ ਕਮਿਸ਼ਨਰ ਕੇ.ਕੇ. ਯਾਦਵ ਦਾ ਕਹਿਣਾ ਸੀ ਕਿ ਸਿਵਲ ਹਵਾਈ ਅੱਡੇ ਦਾ 98 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਵੀ ਉਦਘਾਟਨ ਦੀ ਤਰੀਕ ਫਾਈਨਲ ਹੋਵੇਗੀ, ਉਦੋਂ ਹੀ ਬਾਕੀ ਕੰਮ ਮੁਕੰਮਲ ਹੋ ਜਾਣਾ ਹੈ। ਏਅਰਪੋਰਟ ਅਥਾਰਟੀ ਆਫ ਇੰਡੀਆ ਦਾ ਸਟਾਫ ਇਸ ਹਵਾਈ ਅੱਡੇ ਦੀ ਦੇਖਰੇਖ ਕਰ ਰਿਹਾ ਹੈ। ਪੰਜਾਬ ਸਰਕਾਰ ਨੇ ਜੋ ਆਪਣੇ ਵੱਲੋਂ ਕੰਮ ਕਰਨਾ ਸੀ, ਉਹ ਮੁਕੰਮਲ ਕਰ ਲਿਆ ਗਿਆ ਹੈ। ਏਅਰਪੋਰਟ ਅਥਾਰਟੀ ਨੇ ਪੰਜਾਬ ਸਰਕਾਰ ਤੋਂ ਇਸ ਹਵਾਈ ਅੱਡੇ ਲਈ 40 ਏਕੜ ਜ਼ਮੀਨ ਹੋਰ ਮੰਗੀ ਸੀ, ਜਿਸ ਬਾਰੇ ਰਾਜ ਸਰਕਾਰ ਨੇ ਹਾਲੇ ਕੋਈ ਫੈਸਲਾ ਨਹੀਂ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਹਵਾਈ ਅੱਡੇ ਵਾਸਤੇ 37 ਏਕੜ ਜ਼ਮੀਨ ਦੇ ਦਿੱਤੀ ਗਈ ਹੈ। ਅਥਾਰਟੀ ਨੇ ਕੁੱਲ 77 ਏਕੜ ਜ਼ਮੀਨ ਦੀ ਲੋੜ ਰੱਖੀ ਹੈ। ਹਵਾਈ ਅੱਡੇ ਦੀ ਉਸਾਰੀ ਲਈ 30 ਕਰੋੜ ਰੁਪਏ ਖਰਚੇ ਜਾ ਰਹੇ ਹਨ।
            ਏਅਰਪੋਰਟ ਅਥਾਰਟੀ ਵੱਲੋਂ ਜੋ ਪਹਿਲਾਂ ਪ੍ਰਾਜੈਕਟ ਦਾ ਖਾਕਾ ਤਿਆਰ ਕੀਤਾ ਗਿਆ ਸੀ, ਉਸ ਮੁਤਾਬਕ ਮੁੱਢਲੇ ਪੜਾਅ 'ਤੇ ਬਠਿੰਡਾ ਤੋਂ ਦਿੱਲੀ ਲਈ ਹਵਾਈ ਉਡਾਣ ਸ਼ੁਰੂ ਕੀਤੀ ਜਾਣੀ ਸੀ ਅਤੇ ਉਸ ਮਗਰੋਂ ਬਠਿੰਡਾ ਤੋਂ ਚੰਡੀਗੜ੍ਹ ਅਤੇ ਫਿਰ ਬਠਿੰਡਾ ਤੋਂ ਅੰਮ੍ਰਿਤਸਰ ਲਈ ਹਵਾਈ ਉਡਾਣ ਸ਼ੁਰੂ ਕੀਤੀ ਜਾਣੀ ਸੀ। ਸੂਤਰਾਂ ਅਨੁਸਾਰ ਹੁਣ ਰੈਲੀਗੇਅਰ ਵੱਲੋਂ ਅੰਮ੍ਰਿਤਸਰ-ਬਠਿੰਡਾ-ਦਿੱਲੀ ਉਡਾਣ ਵਾਸਤੇ ਦਿਲਚਸਪੀ ਦਿਖਾਈ ਗਈ ਹੈ। ਹਫ਼ਤੇ ਵਿੱਚ ਤਿੰਨ ਦਿਨ ਇਹ ਉਡਾਣਾਂ ਚੱਲਣਗੀਆਂ। ਰੈਲੀਗੇਅਰ ਕੋਲ 17 ਸੀਟਾਂ ਵਾਲਾ ਛੋਟਾ ਹਵਾਈ ਜਹਾਜ਼ ਹੈ। ਸੂਤਰ ਆਖਦੇ ਹਨ ਕਿ ਮੁੱਢਲੇ ਪੜਾਅ 'ਤੇ ਏਅਰ ਮੰਤਰਾ ਛੋਟਾ ਹਵਾਈ ਜ਼ਹਾਜ ਚਲਾ ਸਕਦਾ ਹੈ ਪਰ ਇਸ ਲਈ ਹਾਲੇ ਅੰਤਮ ਸਮਝੌਤਾ ਹੋਣਾ ਬਾਕੀ ਹੈ। ਸਰਕਾਰੀ ਸੂਤਰਾਂ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਰੈਲੀਗੇਅਰ ਏਅਰਲਾਈਨਜ਼ ਵੱਲੋਂ ਅੰਮ੍ਰਿਤਸਰ ਅਤੇ ਚੰਡੀਗੜ੍ਹ ਤੋਂ ਵੀ ਹਵਾਈ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ।
           ਏਅਰਪੋਰਟ ਅਥਾਰਟੀ ਵੱਲੋਂ ਹਵਾਈ ਅੱਡੇ ਵਾਲੀ ਜਗ੍ਹਾ 'ਤੇ ਧਰਤੀ ਹੇਠਲੇ ਪਾਣੀ ਦੇ ਨਮੂਨੇ ਲੈ ਕੇ ਵੀ ਟੈਸਟ ਕਰਾ ਲਏ ਹਨ ਅਤੇ ਰਾਜ ਸਰਕਾਰ ਤੋਂ ਨਹਿਰੀ ਪਾਣੀ ਦੀ ਮੰਗ ਕੀਤੀ ਗਈ ਹੈ। ਇਸ ਤਰ੍ਹਾਂ ਬਿਜਲੀ ਦੀ ਮੰਗ ਵੀ ਕੀਤੀ ਗਈ ਹੈ। ਹਵਾਈ ਅੱਡੇ ਲਈ ਬਿਜਲੀ ਦਾ ਵੱਖਰਾ ਸਬ ਸਟੇਸ਼ਨ ਬਣਨਾ ਹੈ। ਰਾਜ ਸਰਕਾਰ ਨੇ ਬਠਿੰਡਾ ਸਿਵਲ ਏਅਰਪੋਰਟ ਦੀ ਜ਼ਮੀਨ ਦਾ ਕਬਜ਼ਾ ਏਅਰਪੋਰਟ ਅਥਾਰਟੀ ਆਫ ਇੰਡੀਆ ਨੂੰ ਮਾਰਚ 2009 ਵਿੱਚ ਦੇ ਦਿੱਤਾ ਸੀ। ਜਦੋਂ ਕਿ ਮਈ 2007 ਵਿੱਚ ਪਿੰਡ ਵਿਰਕ ਕਲਾਂ ਦੇ ਕਿਸਾਨਾਂ ਦੀ ਜ਼ਮੀਨ ਹਵਾਈ ਅੱਡੇ ਲਈ ਐਕੁਆਇਰ ਕੀਤੀ ਗਈ ਸੀ। ਲੋਕ ਨਿਰਮਾਣ ਮਹਿਕਮੇ ਵੱਲੋਂ ਹਵਾਈ ਅੱਡੇ ਵਾਸਤੇ ਨਵੀਂ ਸੜਕ ਵੀ ਬਣਾਈ ਗਈ ਹੈ। ਪੰਜਾਬ ਸਰਕਾਰ ਵੱਲੋਂ ਇਸ ਸੜਕ ਲਈ ਕਰੀਬ 4 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਗਏ ਸਨ। ਇਹ ਸੜਕ 7.20 ਕਿਲੋਮੀਟਰ ਬਣ ਗਈ ਹੈ।

No comments:

Post a Comment