Monday, August 13, 2012

                                ਭੰਡਾਰ ਮੁੱਕੇ
               ਥਰਮਲਾਂ 'ਚ ਕੋਲਾ ਸਕੈਂਡਲ
                               ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਜ਼ਿਲ੍ਹੇ ਦੇ ਤਾਪ ਬਿਜਲੀ ਘਰਾਂ ਲਈ ਕੋਲੇ ਦੀ ਥੁੜ੍ਹ ਦਾ ਸੰਕਟ ਬਣ ਗਿਆ ਹੈ। ਕੋਲਾ ਕੰਪਨੀ ਮੈਸਰਜ ਪੈਨਮ ਨੇ ਲਹਿਰਾ ਮੁਹੱਬਤ ਅਤੇ ਬਠਿੰਡਾ ਥਰਮਲ ਦੀ ਕੋਲਾ ਦੀ ਸਪਲਾਈ ਬੰਦ ਕਰ ਦਿੱਤੀ ਹੈ।  ਸਪਲਾਈ ਬਹਾਲ ਨਾ ਹੋਈ ਤਾਂ ਇਹ ਤਾਪ ਬਿਜਲੀ ਘਰ ਬੰਦ ਹੋ ਜਾਣੇ ਹਨ। ਬਠਿੰਡਾ ਥਰਮਲ ਕੋਲ 25 ਦਿਨਾਂ ਦਾ ਭੰਡਾਰ ਰਹਿ ਗਿਆ ਹੈ ਤੇ  ਲਹਿਰਾ ਮੁਹੱਬਤ ਕੋਲ ਤਾਂ ਸਿਰਫ 14 ਦਿਨਾਂ ਦਾ ਕੋਲਾ ਬਾਕੀ ਰਹਿ ਗਿਆ ਹੈ। ਲਹਿਰਾ ਮੁਹੱਬਤ ਤਾਪ ਬਿਜਲੀ ਘਰ ਦੀ 6 ਅਗਸਤ ਤੋਂ ਕੋਲਾ ਸਪਲਾਈ ਬੰਦ ਪਈ ਹੈ। 31 ਜੁਲਾਈ ਨੂੰ ਲਹਿਰਾ ਮੁਹੱਬਤ ਤਾਪ ਬਿਜਲੀ ਘਰ ਕੋਲ 2.75 ਲੱਖ ਮੀਟਰਿਕ ਟਨ ਕੋਲਾ ਭੰਡਾਰ ਸੀ  11 ਅਗਸਤ ਨੂੰ 2 ਲੱਖ ਐਮ.ਟੀ. ਰਹਿ ਗਿਆ ਹੈ। ਇਸ ਤਾਪ ਬਿਜਲੀ ਘਰ ਵਿੱਚ ਰੋਜ਼ਾਨਾ 13500 ਐਮ.ਪੀ. ਕੋਲਾ ਬਲਦਾ ਹੈ। ਕੋਲਾ ਕੰਪਨੀ ਮੈਸਰਜ਼ ਪੈਨਮ ਕੋਈ ਵੀ ਬਹਾਨਾ ਲਗਾਵੇ ਪ੍ਰੰਤੂ ਤਾਪ ਬਿਜਲੀ ਘਰਾਂ 'ਚ ਇਸ ਕੰਪਨੀ ਵੱਲੋਂ ਮਾੜੀ ਕੁਆਲਟੀ ਦਾ ਕੋਲਾ ਸਪਲਾਈ ਕੀਤੇ ਜਾਣ ਦਾ ਇੱਕ ਕੋਲਾ ਸਕੈਂਡਲ ਬੇਪਰਦ ਹੋਣ ਲੱਗਾ ਹੈ। ਗੱਲ ਨੰਗੀ ਹੋਣ ਦੇ ਡਰੋਂ ਪੈਨਮ ਕੰਪਨੀ ਨੇ ਤਾਪ ਬਿਜਲੀ ਘਰਾਂ ਨੂੰ ਕੋਲਾ ਸਪਲਾਈ ਬੰਦ ਕਰਕੇ ਝਟਕਾ ਦੇਣ ਦੀ ਕੋਸ਼ਿਸ਼ ਕੀਤੀ ਹੈ।
           ਵੇਰਵਿਆਂ ਅਨੁਸਾਰ ਪਾਵਰਕੌਮ ਨੂੰ ਝਾਰਖੰਡ 'ਚ ਪਛਵਾੜਾ ਕੋਲਾ ਬਲਾਕ ਅਲਾਟ ਹੋਇਆ ਹੈ। ਮੈਸਰਜ਼ ਪੈਨਮ ਨਾਲ ਪਾਵਰਕੌਮ ਦਾ 30 ਅਗਸਤ 2006 ਨੂੰ ਸਮਝੌਤਾ ਹੋਇਆ ਸੀ ਜਿਸ ਤਹਿਤ ਪੰਜਾਬ ਦੇ ਤਿੰਨ ਤਾਪ ਬਿਜਲੀ ਘਰਾਂ ਨੂੰ ਕੋਲੇ ਦੀ 60 ਫੀਸਦੀ ਸਪਲਾਈ ਇਸ ਕੰਪਨੀ ਵਲੋਂ ਕੀਤੀ ਜਾਣੀ ਸੀ ਅਤੇ ਲਹਿਰਾ ਮੁਹੱਬਤ ਤਾਪ ਬਿਜਲੀ ਘਰ ਨੂੰ 85 ਫੀਸਦੀ ਕੋਲਾ ਸਪਲਾਈ ਕਰਨਾ ਸੀ। ਪਾਵਰਕੌਮ ਨੇ ਕੋਲੇ ਦੀ ਕੁਆਲਟੀ ਦੇ ਮੁਤਾਬਿਕ ਇਸ ਕੰਪਨੀ ਨੂੰ ਅਦਾਇਗੀ ਕਰਨੀ ਸੀ। ਪੈਨਮ ਕੰਪਨੀ ਵਲੋਂ ਗਰੇਡ ਏ ਤੋਂ ਗਰੇਡ ਈ ਤੱਕ ਦੇ ਕੋਲੇ ਦੀ ਸਪਲਾਈ ਕਰਨੀ ਸੀ। ਜੇਕਰ ਕੰਪਨੀ ਗਰੇਡ ਐਫ ਕੋਲੇ ਦੀ ਸਪਲਾਈ ਕਰਦੀ ਹੈ ਤਾਂ ਇਸ ਦੀ ਕੀਮਤ 'ਚ 19 ਫੀਸਦੀ ਦੀ ਕਟੌਤੀ ਕੀਤੀ ਜਾਣੀ ਸੀ। ਜੇਕਰ ਤਿੰਨ ਮਹੀਨਿਆਂ ਵਿੱਚ ਇਹ ਕੰਪਨੀ 5 ਫੀਸਦੀ ਤੋਂ ਜ਼ਿਆਦਾ ਗਰੇਡ ਐਫ ਕੋਲਾ ਸਪਲਾਈ ਕਰਦੀ ਹੈ ਤਾਂ ਸਮਝੌਤੇ ਮੁਤਾਬਿਕ ਪਾਵਰਕੌਮ ਵਲੋਂ ਇਸ ਕੰਪਨੀ ਨੂੰ ਕੋਲੇ ਦੀ ਕੋਈ ਅਦਾਇਗੀ (ਸਮੇਤ ਰੇਲਵੇ ਭਾੜਾ) ਨਹੀਂ ਕੀਤੀ ਜਾਣੀ ਸੀ। ਹੁਣ ਜਦੋਂ ਬਠਿੰਡਾ ਥਰਮਲ ਅਤੇ ਲਹਿਰਾ ਮੁਹੱਬਤ ਤਾਪ ਬਿਜਲੀ ਘਰ 'ਚ ਟਾਸਕ ਗਰੁੱਪ ਬਣਾ ਕੇ ਇਸ ਕੰਪਨੀ ਵਲੋਂ ਭੇਜੇ ਕੋਲੇ ਦੀ ਕੁਆਲਟੀ ਚੈੱਕ ਕੀਤੀ ਗਈ ਤਾਂ ਇਸ 'ਚ ਇੱਕ ਵੱਡਾ ਘਪਲਾ ਹੋਣ ਦੇ ਸੰਕੇਤ ਮਿਲੇ ਹਨ। ਦਿਲਚਸਪ ਗੱਲ ਹੈ ਕਿ ਇੱਕੋ ਹੀ ਕੋਲਾ ਖਾਣ ਤੋਂ ਤਿੰਨੋਂ ਤਾਪ ਬਿਜਲੀ ਘਰਾਂ ਨੂੰ ਕੋਲਾ ਸਪਲਾਈ ਹੋ ਰਿਹਾ ਹੈ ਪ੍ਰੰਤੂ ਕੋਲੇ ਦਾ ਗਰੇਡ ਵੱਖੋ ਵੱਖਰਾ ਆ ਰਿਹਾ ਹੈ।
             ਤੱਥਾਂ 'ਤੇ ਨਜ਼ਰ ਮਾਰੀਏ ਤਾਂ ਸਾਲ 2011-12 ਦੌਰਾਨ ਲਹਿਰਾ ਮੁਹੱਬਤ ਤਾਪ ਬਿਜਲੀ ਘਰ ਨੂੰ ਕੋਲੇ ਦੇ 920 ਰੈਕ ਸਪਲਾਈ ਹੋਏ ਜਿਨ੍ਹਾਂ ਚੋਂ 43 ਰੈਕ (5 ਫੀਸਦੀ) ਗਰੇਡ-ਸੀ ਕੁਆਲਟੀ, 493 ਰੈਕ (53 ਫੀਸਦੀ) ਗਰੇਡ-ਡੀ ਕੁਆਲਟੀ ਅਤੇ 384 ਰੈਕ (42 ਫੀਸਦੀ) ਗਰੇਡ-ਈ ਕੁਆਲਟੀ ਦੇ ਸਪਲਾਈ ਹੋਏ ਹਨ। ਪੂਰੇ ਸਾਲ ਦੌਰਾਨ ਇੱਕ ਵੀ ਰੈਕ ਗਰੇਡ- ਐਫ ਕੁਆਲਟੀ ਦਾ ਸਪਲਾਈ ਨਹੀਂ ਹੋਇਆ ਹੈ। ਤਾਪ ਬਿਜਲੀ ਘਰਾਂ ਵਿੱਚ ਪਾਵਰਕੌਮ ਦੇ ਕੈਮੀਕਲ ਵਿੰਗ ਅਤੇ ਪੈਨਮ ਕੰਪਨੀ ਦੇ ਪ੍ਰਤੀਨਿਧਾਂ ਵਲੋਂ ਸਾਂਝੇ ਤੌਰ 'ਤੇ  ਹਰ ਰੈਕ 'ਚੋਂ ਕੋਲੇ ਦੇ ਨਮੂਨੇ ਭਰੇ ਜਾਂਦੇ ਹਨ ਜਿਨ੍ਹਾਂ ਦੇ ਆਧਾਰ 'ਤੇ ਕੋਲੇ ਦਾ ਗਰੇਡ ਕੱਢਿਆ ਜਾਂਦਾ ਹੈ। ਲਹਿਰਾ ਮੁਹੱਬਤ ਤਾਪ ਬਿਜਲੀ ਘਰ ਦੇ ਪ੍ਰਬੰਧਕਾਂ ਨੂੰ ਜਦੋਂ ਸ਼ੱਕ ਹੋਇਆ ਤਾਂ ਮਾਰਚ 2012 'ਚ ਇੰਜੀਨੀਅਰਾਂ ਦਾ ਇੱਕ ਟਾਸਕ ਗਰੁੱਪ ਬਣਾ ਦਿੱਤਾ ਗਿਆ ਹੈ ਜਿਸ ਦੀ ਨਿਗਰਾਨੀ ਹੇਠ ਕੋਲੇ ਦੇ ਨਮੂਨੇ ਭਰੇ ਜਾਣੇ ਸਨ ਅਤੇ ਟੈਸਟਿੰਗ ਹੋਣੀ ਸੀ। ਟਾਸਕ ਗਰੁਪ ਬਣਨ ਮਗਰੋਂ ਅਪਰੈਲ ਤੋਂ ਜੁਲਾਈ 2012 ਤੱਕ ਦੇ ਨਤੀਜੇ ਹੀ ਵਿਲੱਖਣ ਆਏ। ਇਨ੍ਹਾਂ ਮਹੀਨਿਆਂ ਵਿੱਚ ਲਹਿਰਾ ਮੁਹੱਬਤ ਤਾਪ ਬਿਜਲੀ ਘਰ ਨੂੰ 341 ਰੈਕ ਕੋਲਾ ਸਪਲਾਈ ਕੀਤਾ ਜਿਸ 'ਚੋਂ 32 ਰੈਕਾਂ (9 ਫੀਸਦੀ)ਦੀ ਕੁਆਲਟੀ ਗਰੇਡ ਐਫ ਆਈ ਜਦੋਂ ਕਿ ਗਰੇਡ-ਸੀ ਕੋਲਾ ਸਿਰਫ 2 ਫੀਸਦੀ ਹੀ ਨਿਕਲਿਆ। 31 ਫੀਸਦੀ ਕੋਲਾ ਗਰੇਡ-ਡੀ ਅਤੇ 58 ਫੀਸਦੀ ਕੋਲਾ ਗਰੇਡ-ਈ ਆਇਆ। ਲਹਿਰਾ ਥਰਮਲ ਦੇ ਮੁੱਖ ਇੰਜੀਨੀਅਰ ਸ੍ਰੀ ਐਮ.ਆਰ.ਪਰਹਾਰ ਦਾ ਕਹਿਣਾ ਸੀ ਕਿ ਕੋਲੇ ਦੀ ਸਪਲਾਈ ਹੁਣ ਨਾਮਾਤਰ ਹੀ ਹੈ ਜਦੋਂ ਕਿ ਰੋਪੜ ਪਲਾਂਟ ਨੂੰ ਜ਼ਿਆਦਾ ਕੋਲਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਟਾਸਕ ਗਰੁੱਪ ਬਣਾਉਣ ਮਗਰੋਂ ਕੋਲੇ ਦਾ ਗਰੇਡ ਹੇਠਾਂ ਆਇਆ ਹੈ ਜਿਸ ਦੀ ਰਿਪੋਰਟ ਪਾਵਰਕੌਮ ਨੂੰ ਭੇਜ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕੈਮੀਕਲ ਵਿੰਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਆਪਸੀ ਤਬਾਦਲੇ ਵੀ ਕਰ ਦਿੱਤੇ ਗਏ ਹਨ।
        ਇਸ ਤਰ੍ਹਾਂ ਹੀ ਬਠਿੰਡਾ ਥਰਮਲ ਵੱਲੋਂ ਟਾਸਕ ਗਰੁੱਪ ਬਣਾ ਕੇ ਜੂਨ ਜੁਲਾਈ ਮਹੀਨੇ ਵਿੱਚ ਸਪਲਾਈ ਹੋਏ 19 ਰੈਕਾਂ ਦੀ ਟੈਸਟਿੰਗ ਨਿਗਰਾਨੀ ਹੇਠ ਕਰਾਈ ਤਾਂ 11 ਫੀਸਦੀ ਕੋਲਾ ਗਰੇਡ-ਐਫ ਨਿਕਲਿਆ ਤੇ ਸਿਰਫ 5 ਫੀਸਦੀ ਕੋਲਾ ਹੀ ਗਰੇਡ-ਸੀ ਹੀ ਨਿਕਲਿਆ।  ਪਿਛਲੇ ਮਾਲੀ ਸਾਲ ਦੌਰਾਨ ਇਸ ਥਰਮਲ ਨੂੰ 305 ਰੈਕਾਂ 'ਚੋਂ 58 ਰੈਕਾਂ ਗਰੇਡ-ਸੀ ਅਤੇ 73 ਰੈਕ ਗਰੇਡ-ਈ ਕੋਲੇ ਦੇ ਪ੍ਰਾਪਤ ਹੋਏ ਸਨ। ਕੋਈ ਵੀ ਰੈਕ ਗਰੇਡ-ਐਫ ਦਾ ਨਹੀਂ ਸੀ। ਰੋਪੜ ਪਲਾਂਟ ਵਿੱਚ ਹਾਲੇ ਟਾਸਕ ਗਰੁੱਪ ਨਹੀਂ ਬਣਿਆ ਹੈ। ਸੂਤਰਾਂ ਅਨੁਸਾਰ ਪਾਵਰਕੌਮ ਦੇ ਕੈਮੀਕਲ ਵਿੰਗ ਅਤੇ ਕੋਲਾ ਕੰਪਨੀ ਦੀ ਮਿਲੀਭੁਗਤ ਨਾਲ ਕਾਫੀ ਵੱਡਾ ਸਕੈਂਡਲ ਹੋਇਆ ਹੈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਸੂਤਰਾਂ ਅਨੁਸਾਰ ਕੋਲਾ ਕੰਪਨੀ ਵਲੋਂ ਆਪਣੀ ਮਰਜ਼ੀ ਦੇ ਗਰੇਡ ਲਿਖਵਾ ਲਏ ਜਾਂਦੇ ਰਹੇ ਹਨ। ਇਹੋ ਵਜ੍ਹਾ ਹੈ ਕਿ ਕੋਲੇ ਦੀ ਕੁਆਲਟੀ ਦੇ ਹਿਸਾਬ ਨਾਲ ਬਿਜਲੀ ਦੀ ਪੈਦਾਵਾਰ ਨਹੀਂ ਹੋ ਰਹੀ ਹੈ। ਹਰ ਗਰੇਡ ਦੇ ਕੋਲੇ ਦੀ ਕੀਮਤ ਵੱਖੋ-ਵੱਖਰੀ ਹੈ ਜਿਸ ਕਰਕੇ ਪਾਵਰਕੌਮ ਨੂੰ ਮੋਟਾ ਰਗੜਾ ਲੱਗਿਆ ਹੈ। ਗਰੇਡ-ਐਫ ਕੋਲਾ ਜ਼ਿਆਦਾ ਸਪਲਾਈ ਹੋਣ ਦੀ ਸੂਰਤ ਵਿੱਚ ਪਾਵਰਕੌਮ ਨੇ ਕੋਲਾ ਕੰਪਨੀ ਨੂੰ ਕੋਈ ਅਦਾਇਗੀ ਨਹੀਂ ਕਰਨੀ ਸੀ।
                                             ਸਪਲਾਈ ਜਲਦੀ ਬਹਾਲ ਹੋਏਗੀ: ਪੁਰੀ
ਪਾਵਰਕੌਮ ਦੇ ਓ.ਐਸ.ਡੀ. (ਕੋਲ ਮੈਨੇਜਮੈਂਟ) ਇੰਜਨੀਅਰ ਐਸ.ਕੇ. ਪੁਰੀ ਦਾ ਕਹਿਣਾ ਸੀ ਕਿ ਭਾਜਪਾ ਦੇ ਦੋ ਦਿਨਾਂ ਬੰਦ ਅਤੇ ਈ-ਪੇਮੈਂਟ ਕਾਰਨ ਕੋਲਾ ਸਪਲਾਈ ਵਿੱਚ ਵਿਘਨ ਪੈ ਗਿਆ ਸੀ ਅਤੇ ਹੁਣ ਰੈਕ ਲੋਡ ਹੋ ਰਹੇ ਹਨ ਅਤੇ ਕੋਲੇ ਦੀ ਕੋਈ ਕਮੀ ਨਹੀਂ ਰਹੇਗੀ। ਉਨ੍ਹਾਂ ਦੱਸਿਆ ਕਿ ਬਰਸਾਤਾਂ ਕਾਰਨ ਕੋਲੇ ਦੀ ਸਪਲਾਈ ਦੀ ਕੁਆਲਟੀ ਅਤੇ ਗਰੇਡਾਂ ਵਿੱਚ ਫਰਕ ਆ ਜਾਂਦਾ ਹੈ ਅਤੇ ਇਸ ਦੀ ਟੈਸਟਿੰਗ ਥਰਮਲ ਪੱਧਰ 'ਤੇ ਹੁੰਦੀ ਹੈ ਜਿਸ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।

No comments:

Post a Comment