Friday, September 12, 2014

                     ਬਾਦਲਾਂ ਦਾ ਤੇਲ ਖਰਚ
              ਰੋਜ਼ਾਨਾ ਇੱਕ ਲੱਖ ਰੁਪਏ
                        ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦਾ ਰੋਜ਼ਾਨਾ ਦਾ ਤੇਲ ਖਰਚ ਔਸਤਨ ਇੱਕ ਲੱਖ ਰੁਪਏ ਹੈ। ਗੱਡੀਆਂ ਦੇ ਲੰਮੇ ਕਾਫਲੇ ਖ਼ਜ਼ਾਨੇ ਦਾ ਸਾਹ ਸੂਤ ਰਹੇ ਹਨ।  ਇਵੇਂ ਹੀ ਪੰਜਾਬ ਸਰਕਾਰ ਨੇ ਦਸ ਵਰ੍ਹਿਆਂ  (2002 ਤੋਂ 2012) ਦੌਰਾਨ ਔਸਤਨ ਹਰ ਹਫਤੇ ਨਵੀਂ ਗੱਡੀ ਖਰੀਦੀ ਹੈ। ਇਸ ਸਮੇਂ ਦੌਰਾਨ ਸਰਕਾਰ ਨੇ 23.49 ਕਰੋੜ ਦੀ ਲਾਗਤ ਨਾਲ 386 ਗੱਡੀਆਂ ਦੀ ਖਰੀਦ ਕੀਤੀ ਹੈ।ਸੂਚਨਾ ਅਧਿ ਕਾਰ ਕਾਨੂੰਨ (ਆਰਟੀਆਈ) ਤਹਿਤ ਪ੍ਰਾਪਤ ਵੇਰਵੇ ਦੱਸਦੇ ਹਨ ਕਿ ਲੰਘੇ ਪੌਣੇ ਛੇ ਵਰ੍ਹਿਆਂ ਵਿੱਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੀਆਂ ਗੱਡੀਆਂ ਦਾ ਤੇਲ ਖਰਚ 20.20 ਕਰੋੜ ਰੁਪਏ ਰਿਹਾ। ਇਸ ਹਿਸਾਬ ਨਾਲ ਇਨ੍ਹਾਂ ਦੋਵਾਂ ਵੀ.ਆਈ.ਪੀਜ਼ ਦਾ ਔਸਤਨ ਤੇਲ ਖਰਚ ਇੱਕ ਲੱਖ ਰੁਪਏ ਪ੍ਰਤੀ ਦਿਨ ਰਿਹਾ ਹੈ। ਇਸ 'ਚੋਂ ਮੁੱਖ ਮੰਤਰੀ ਦੇ ਕਾਫਲੇ ਦਾ ਤੇਲ ਖਰਚ 15.51 ਕਰੋੜ ਰੁਪਏ ਅਤੇ ਉਪ ਮੁੱਖ ਮੰਤਰੀ ਦਾ 4.69 ਕਰੋੜ ਰੁਪਏ ਰਿਹਾ ਹੈ। ਮੁੱਖ ਮੰਤਰੀ ਦੇ ਕਾਫਲੇ ਵਿੱਚ ਕੁੱਲ 33 ਗੱਡੀਆਂ ਹਨ ਜਿਨ੍ਹਾਂ 'ਚ 11 ਜਿਪਸੀਆਂ ਸ਼ਾਮਲ ਹਨ। ਇਸੇ ਤਰ੍ਹਾਂ ਉਪ ਮੁੱਖ ਮੰਤਰੀ ਦੇ ਕਾਫਲੇ ਵਿੱਚ 11 ਕਾਰਾਂ ਅਤੇ 8 ਜਿਪਸੀਆਂ ਸ਼ਾਮਲ ਹਨ। ਪਹਿਲਾਂ ਕੈਪਟਨ ਸਰਕਾਰ ਅਤੇ ਫਿਰ ਅਕਾਲੀ-ਭਾਜਪਾ ਸਰਕਾਰ ਦੇ ਇੱਕ ਦਹਾਕੇ ਦੇ ਕਾਰਜਕਾਲ (2002 ਤੋਂ 2012) ਵਿਚ ਤੇਲ ਖਰਚੇ 'ਤੇ ਨਜ਼ਰ ਮਾਰੀਏ ਤਾਂ ਸਾਫ ਹੁੰਦਾ ਹੈ ਕਿ ਮੰਤਰੀ ਮੰਡਲ ਦੇ ਤੇਲ ਖਰਚ ਦਿਨ ਪ੍ਰਤੀਦਿਨ ਤੇਜ਼ੀ ਨਾਲ ਵੱਧ ਰਹੇ ਹਨ।        
                    ਪਹਿਲਾਂ ਅਕਾਲੀ ਮੰਤਰੀ ਮੰਡਲ (2007 2012) ਦੇ ਪੰਜ ਵਰ੍ਹਿਆਂ ਵਿੱਚ ਮੁੱਖ ਮੰਤਰੀ ਦਾ ਖਰਚਾ11.25 ਕਰੋੜ ਰੁਪਏ ਰਿਹਾ ਹੈ। ਪੂਰੇ ਮੰਤਰੀ ਮੰਡਲ ਦਾ ਇਸ ਸਮੇਂ ਦੌਰਾਨ ਤੇਲ ਖਰਚ ਇਸ ਸਮੇਂ ਦੌਰਾਨ 22.50 ਕਰੋੜ ਰੁਪਏ ਰਿਹਾ ਹੈ। ਮੁੱਖ ਸੰਸਦੀ ਸਕੱਤਰਾਂ ਦਾ 9.95 ਕਰੋੜ ਦਾ ਤੇਲ ਖਰਚਾ ਇਸ ਤੋਂ ਵੱਖਰਾ ਸੀ। ਦੂਜੇ ਪਾਸੇ ਕਾਂਗਰਸ ਸਰਕਾਰ ਸਮੇਂ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਤੇਲ ਖਰਚ 5.20 ਕਰੋੜ ਰੁਪਏ ਦਾ ਰਿਹਾ ਹੈ ਜਦੋਂ ਕਿ ਕਾਂਗਰਸੀ ਮੰਤਰੀਆਂ ਦਾ ਤੇਲ ਖਰਚ 11.97 ਕਰੋੜ ਰੁਪਏ ਰਿਹਾ ਹੈ। ਸੂਤਰ ਦੱਸਦੇ ਹਨ ਕਿ ਸਰਕਾਰੀ ਗੱਡੀਆਂ ਵਿੱਚ ਉਦੋਂ ਵੀ  ਖ਼ਜ਼ਾਨੇ ਦਾ ਹੀ ਤੇਲ ਬਲਦਾ ਹੈ ਜਦੋਂ ਮੁੱਖ ਮੰਤਰੀ ਜਾਂ ਹੋਰ ਵੀ.ਆਈ.ਪੀਜ਼ ਭੋਗਾਂ ਅਤੇ ਵਿਆਹਾਂ 'ਤੇ ਜਾਂਦੇ ਹਨ।ਨਵੀਆਂ ਗੱਡੀਆਂ ਬਾਰੇ ਤੱਥਾਂ ਨੂੰ ਦੇਖੀਏ ਤਾਂ ਅਕਾਲੀ-ਭਾਜਪਾ ਮੰਤਰੀ ਮੰਡਲ  ਨੇ ਪੰਜ ਵਰ੍ਹਿਆਂ ਵਿੱਚ 4.27 ਕਰੋੜ ਦੀ ਲਾਗਤ ਨਾਲ 21 ਕੈਮਰੀ ਕਾਰਾਂ ਅਤੇ 1.36 ਕਰੋੜ ਦੀਆਂ 13 ਕਰੋਲ਼ਾ ਗੱਡੀਆਂ ਦੀ ਖਰੀਦ ਕੀਤੀ। ਅਕਾਲੀ-ਭਾਜਪਾ ਸਰਕਾਰ ਨੇ ਇਨ੍ਹਾਂ ਪੰਜ ਵਰ੍ਹਿਆਂ ਵਿੱਚ 96.17 ਲੱਖ ਦੀ ਲਾਗਤ ਨਾਲ 23 ਅੰਬੈਸੰਡਰ ਕਾਰਾਂ ਅਤੇ 3.09 ਕਰੋੜ ਦੀਆਂ 63 ਜਿਪਸੀਆਂ ਵੀ ਖਰੀਦੀਆਂ। ਪਹਿਲਾਂ ਕੈਪਟਨ ਸਰਕਾਰ ਨੇ 2.83 ਕਰੋੜ ਦੀ ਲਾਗਤ ਨਾਲ 18 ਕੈਮਰੀ ਕਾਰਾਂ ਦੀ ਖਰੀਦ ਕੀਤੀ ਸੀ।
                     ਕੈਪਟਨ ਹਕੂਮਤ ਨੇ ਪੰਜ ਵਰ੍ਹਿਆਂ ਦੌਰਾਨ 13.79 ਕਰੋੜ  ਗੱਡੀਆਂ ਦੀ ਖਰੀਦ 'ਤੇ ਖਰਚ ਕੀਤੇ ਗਏ ਸਨ।  ਅਕਾਲੀ ਸਰਕਾਰ ਨੇ 2012-2013 ਦੌਰਾਨ 6.60 ਕਰੋੜ ਦੀਆਂ ਨਵੀਆਂ ਗੱਡੀਆਂ ਖਰੀਦਣ ਦੀ ਤਜਵੀਜ਼ ਤਿਆਰ ਕੀਤੀ ਸੀ ਜੋ ਮਾਲੀ ਸੰਕਟ ਕਰਕੇ ਕਿਸੇ ਤਣ-ਪੱਤਣ ਨਹੀਂ ਲੱਗ ਸਕੀ। ਸਾਲ 2013-14 ਵਿੱਚ ਸਿਰਫ਼ ਮੁੱਖ ਮੰਤਰੀ ਵਾਸਤੇ ਇੱਕ ਇਨੋਵਾ ਗੱਡੀ ਖਰੀਦੀ ਗਈ ਹੈ।  ਗੱਡੀਆਂ ਦੀ ਖਰੀਦ ਪੱਖੋਂ ਕਿਫਾਇਤ ਕਾਰਨ ਹੀ ਮੁੱਖ ਸੰਸਦੀ ਸਕੱਤਰ ਆਖ ਰਹੇ ਹਨ ਕਿ ਉਨ੍ਹਾਂ ਕੋਲ ਖਟਾਰਾ ਗੱਡੀਆਂ ਹਨ ਜੋ ਰਸਤਿਆਂ ਵਿੱਚ ਹੀ ਰੁਕ     ਜਾਂਦੀਆਂ ਹਨ।
                                              ਤੇਲ ਖਰਚ ਦੀ ਕੋਈ ਸੀਮਾ ਨਹੀਂ : ਕਮਿਸ਼ਨਰ
ਸਟੇਟ ਟਰਾਂਸਪੋਰਟ ਕਮਿਸ਼ਨਰ  ਅਸ਼ਵਨੀ ਕੁਮਾਰ ਦਾ ਕਹਿਣਾ ਸੀ ਕਿ ਮੁੱਖ ਮੰਤਰੀ  ਅਤੇ ਮੰਤਰੀਆਂ ਲਈ ਤੇਲ ਖਰਚ ਦੀ ਕੋਈ ਸੀਮਾ ਨਹੀਂ ਹੈ। ਉਨ੍ਹਾਂ ਆਖਿਆ ਕਿ ਉਹ ਵਿਭਾਗ ਵਿੱਚ ਨਵੇਂ ਆਏ ਹਨ  ਜਿਸ ਕਰਕੇ ਤੇਲ ਖਰਚ ਵਿੱਚ ਹੋ ਰਹੇ ਵਾਧੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਨਵੀਆਂ ਗੱਡੀਆਂ ਦੀ ਖਰੀਦ ਬਾਰੇ ਆਖਿਆ ਕਿ ਨਵੀਆਂ ਗੱਡੀਆਂ ਦੀ ਖਰੀਦ ਬਾਰੇ ਮਾਮਲਾ ਵਿਚਾਰ ਅਧੀਨ ਚੱਲ ਰਿਹਾ ਹੈ। ਇਸੇ ਦੌਰਾਨ ਮੁੱਖ ਮੰਤਰੀ ਦਫਤਰ ਦੇ ਇਕ ਅਧਿਕਾਰੀ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਜ਼ੈੱਡ-ਪਲੱਸ ਸੁਰੱਖਿਆ ਮਿਲੀ ਹੋਈ ਹੈ ਜਿਸ ਕਾਰਨ ਉਨ੍ਹਾਂ ਦੀਆਂ ਗੱਡੀਆਂ ਦਾ ਕਾਫਲਾ ਵੱਡਾ ਹੋਣਾ ਸੁਭਾਵਿਕ ਹੀ ਹੈ। ਸੁਰੱਖਿਆ ਦੇ ਮਾਮਲੇ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਤੇ ਨੈਸ਼ਨਲ ਸਕਿਉਰਿਟੀ ਗਾਰਡਜ਼ (ਐਨਐਸਜੀ) ਦੀਆਂ ਸੇਧਾਂ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ।

No comments:

Post a Comment