Friday, September 19, 2014

                            ਅਕਾਲੀ ਦਲ ਨੇ 
           ਮੀਡੀਏ ਤੇ 13.04 ਕਰੋੜ ਖਰਚੇ
                             ਚਰਨਜੀਤ ਭੁੱਲਰ
ਬਠਿੰਡਾ  : ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਵਿਚ 18.46 ਕਰੋੜ ਰੁਪਏ ਦਾ ਖਰਚਾ ਕੀਤਾ ਹੈ ਜਿਸ ਵਿਚ ਸਭ ਤੋਂ ਵੱਡਾ ਖਰਚਾ ਮੀਡੀਏ ਤੇ 13.04 ਕਰੋੜ ਰੁਪਏ ਖਰਚੇ ਹਨ। ਮੁੱਖ ਮੰਤਰੀ ਪੰਜਾਬ ਨੇ ਇਨ•ਾਂ ਚੋਣਾਂ ਵਿਚ ਸੜਕੀਂ ਰਸਤੇ ਚੋਣ ਪ੍ਰਚਾਰ ਕੀਤਾ ਜਦੋਂ ਕਿ ਉਪ ਮੁੱਖ ਮੰਤਰੀ ਹਵਾਈ ਰਸਤੇ ਵਿਚ ਜਿਆਦਾ ਘੁੰਮੇ। ਲੰਘੀਆਂ ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੇ 2.51 ਕਰੋੜ ਰੁਪਏ ਇਕੱਲੇ ਹਵਾਈ ਸਫ਼ਰ ਤੇ ਖਰਚੇ ਹਨ। ਇਨ•ਾਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਢਿੱਲੋਂ ਐਵੀਏਸ਼ਨ ਅਤੇ ਮਜੀਠੀਆ ਪਰਿਵਾਰ ਦੀ ਸਰਾਇਆ ਐਵੀਏਸ਼ਨ ਦੇ ਏਅਰਕਰਾਫਟ ਵਰਤੇ ਹਨ। ਸ੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ 2009 ਵਿਚ 9.25 ਕਰੋੜ ਰੁਪਏ ਖਰਚੇ ਸਨ ਅਤੇ ਐਤਕੀਂ ਉਸ ਨਾਲੋਂ ਦੁੱਗਣਾ ਖਰਚਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਐਨ.ਕੇ.ਸ਼ਰਮਾ ਵਲੋਂ ਚੋਣ ਕਮਿਸ਼ਨ ਭਾਰਤ ਸਰਕਾਰ ਕੋਲ ਜੋ 22 ਅਗਸਤ 2014 ਨੂੰ ਪਾਰਟੀ ਤਰਫ਼ੋਂ ਲੋਕ ਸਭਾ ਚੋਣਾਂ ਵਿਚ ਕੀਤੇ ਖਰਚ ਦੀ 35 ਸਫ਼ਿਆਂ ਦੀ ਰਿਪੋਰਟ ਦਿੱਤੀ ਹੈ, ਉਸ ਅਨੁਸਾਰ ਲੋਕ ਸਭਾ ਚੋਣਾਂ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ 17.80 ਕਰੋੜ ਰੁਪਏ ਦੇ ਫੰਡ ਪ੍ਰਾਪਤ ਹੋਏ ਜਿਨ•ਾਂ ਚੋਂ 12.61 ਕਰੋੜ ਦੇ ਫੰਡ ਨਗਦ ਮਿਲੇ ਹਨ। ਇਨ•ਾਂ ਚੋਣਾਂ ਤੇ ਅਕਾਲੀ ਦਲ ਨੇ 18.19 ਕਰੋੜ ਰੁਪਏ ਚੋਣ ਪ੍ਰਚਾਰ ਤੇ ਖਰਚ ਕੀਤੇ ਜਦੋਂ ਕਿ 27.30 ਲੱਖ ਪਾਰਟੀ ਦੇ ਉਮੀਦਵਾਰਾਂ ਤੇ ਖਰਚ ਕੀਤੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਤਰਫ਼ੋਂ ਸਿਰਫ਼ ਹਰਸਿਮਰਤ ਕੌਰ ਬਾਦਲ ਨੂੰ ਹੀ ਪੰਜ ਲੱਖ ਰੁਪਏ ਦਾ ਫੰਡ ਦਿੱਤਾ। ਹੋਰ ਕਿਸੇ ਵੀ ਅਕਾਲੀ ਉਮੀਦਵਾਰ ਨੂੰ ਪਾਰਟੀ ਤਰਫ਼ੋਂ ਫੰਡ ਨਹੀਂ ਦਿੱਤੇ ਗਏ ਹਨ।
                  ਰਿਪੋਰਟ ਅਨੁਸਾਰ ਬਠਿੰਡਾ ਸੰਸਦੀ ਹਲਕੇ ਤੋਂ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਹੀ ਇਕਲੌਤੀ ਉਮੀਦਵਾਰ ਹੈ ਜਿਸ ਦੀਆਂ ਰੈਲੀਆਂ ਦਾ ਖਰਚਾ ਵੀ ਅਕਾਲੀ ਦਲ ਨੇ ਖੁਦ ਚੁੱਕਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਬਠਿੰਡਾ ਵਿਚ ਚੋਣਾਂ ਦੌਰਾਨ ਹੋਈਆਂ 166 ਰੈਲੀਆਂ ਦੇ ਟੈਂਟ,ਕੁਰਸੀਆਂ,ਸਾਊਂਡ ਅਤੇ ਦਰੀਆਂ ਆਦਿ ਤੇ 21.32 ਲੱਖ ਰੁਪਏ ਖਰਚ ਕੀਤੇ ਹਨ। ਉਂਝ 6.82 ਲੱਖ ਰੁਪਏ ਦਾ ਪਬਲੀਸਿਟੀ ਮੈਟੀਰੀਅਲ ਅਕਾਲੀ ਦਲ ਨੇ ਹਰਸਿਮਰਤ ਕੌਰ ਬਾਦਲ ਤੋਂ ਬਿਨ•ਾਂ ਪਰਮਜੀਤ ਕੌਰ ਗੁਲਸ਼ਨ,ਸ਼ੇਰ ਸਿੰਘ ਘੁਬਾਇਆ,ਸੁਖਦੇਵ ਸਿੰਘ ਢੀਂਡਸਾ,ਦੀਪਇੰਦਰ ਸਿੰਘ ਢਿੱਲੋਂ,ਰਣਜੀਤ ਸਿੰਘ ਬ੍ਰਹਮਪੁਰਾ ਨੂੰ ਵੀ ਦਿੱਤਾ।
 ਸ਼੍ਰੋਮਣੀ ਅਕਾਲੀ ਦਲ ਨੇ ਮੀਡੀਆਂ ਨੂੰ ਦਿੱਤੇ ਇਸ਼ਤਿਹਾਰਾਂ ਤੇ 13.04 ਕਰੋੜ ਰੁਪਏ ਖਰਚ ਕੀਤੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਇਨ•ਾਂ ਚੋਣਾਂ ਵਿਚ ਸੋਸ਼ਲ ਮੀਡੀਏ ਦੀ ਅਹਿਮੀਅਤ ਵੀ ਸਮਝੀ ਹੈ ਜਿਸ ਕਰਕੇ ਅਕਾਲੀ ਦਲ ਨੇ 1.05 ਕਰੋੜ ਰੁਪਏ ਇਕੱਲੇ ਸੋਸ਼ਲ ਮੀਡੀਏ ਤੇ ਖਰਚ ਕੀਤੇ ਹਨ। ਸੋਸ਼ਲ ਮੀਡੀਏ ਲਈ ਮੋਬਿਜ਼ ਇੰਨਫੋਟੈੱਕ ਕੰਪਨੀ ਨੂੰ ਅਕਾਲੀ ਦਲ ਨੇ 1.02 ਕਰੋੜ ਰੁਪਏ ਦਿੱਤੇ ਸਨ। ਪ੍ਰਿੰਟ ਮੀਡੀਆ ਨੂੰ 3.72 ਕਰੋੜ ਅਤੇ ਐਮ ਐਫ ਤੇ ਰੇਡੀਓ ਨੂੰ 2.41 ਕਰੋੜ ਰੁਪਏ ਦੇ ਇਸ਼ਤਿਹਾਰ ਦਿੱਤੇ। ਇਲੈਕਟ੍ਰੋਨਿਕ ਮੀਡੀਏ ਚੋਂ ਸਭ ਤੋਂ ਜਿਆਦਾ 3.26 ਕਰੋੜ ਦੇ ਇਸ਼ਤਿਹਾਰ ਜੀ ਨੈਕਸਟ ਮੀਡੀਆ ਪ੍ਰਾਈਵੇਟ ਲਿਮਟਿਡ ਨੂੰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਵਿਚ 2.20 ਕਰੋੜ ਰੁਪਏ ਹੋਰਡਿੰਗਜ਼ ਤੇ ਖਰਚ ਕੀਤੇ ਜਦੋਂ ਕਿ 22.20 ਲੱਖ ਰੁਪਏ ਬੈਨਰਾਂ,ਪੋਸਟਰਾਂ ਅਤੇ ਸਟਿੱਕਰਾਂ ਆਦਿ ਤੇ ਖਰਚੇ ਹਨ। ਸ਼੍ਰੋਮਣੀ ਅਕਾਲੀ ਦਲ ਨੇ 25 ਅਪਰੈਲ ਨੂੰ ਨਰਿੰਦਰ ਮੋਦੀ ਦੀਆਂ ਚੋਣ ਰੈਲੀਆਂ ਤੇ 15.47 ਲੱਖ ਰੁਪਏ ਦਾ ਖਰਚ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਚੋਣ ਪ੍ਰਚਾਰ ਵਾਸਤੇ 5 ਮਾਰਚ ਤੋਂ ਏਅਰਕਰਾਫਟ ਅਤੇ ਹੈਲੀਕਾਪਟਰ ਰਾਹੀਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਸੀ ਜੋ ਕਿ 2 ਮਈ 2014 ਤੱਕ ਜਾਰੀ ਰਿਹਾ।
                    ਰਿਪੋਰਟ ਅਨੁਸਾਰ ਚੋਣਾਂ ਦੌਰਾਨ ਏਅਰਕਰਾਫਟ ਅਤੇ ਹੈਲੀਕਾਪਟਰ ਨੇ 137 ਦਫ਼ਾ ਉਡਾਣ ਭਰੀ ਜਿਸ ਚੋਂ 130 ਗੇੜੇ ਇਕੱਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹਨ। ਮੁੱਖ ਮੰਤਰੀ ਪੰਜਾਬ ਨੇ ਸਿਰਫ਼ ਦੋ ਦਫ਼ਾ,ਬਿਕਰਮ ਸਿੰਘ ਮਜੀਠੀਆ ਨੇ ਤਿੰਨ ਦਫ਼ਾ ਅਤੇ ਹਰਸਿਮਰਤ ਕੌਰ ਬਾਦਲ ਨੇ ਦੋ ਦਫ਼ਾ ਹੈਲੀਕਾਪਟਰ ਜਾਂ ਏਅਰਕਰਾਫਟ ਦੀ ਵਰਤੋਂ ਕੀਤੀ। ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਵਿਚ ਤਿੰਨ ਹੈਲੀਕਾਪਟਰ ਅਤੇ ਇੱਕ ਏਅਰਕਰਾਫਟ ਹਾਇਰ ਕੀਤਾ ਸੀ। ਲਿਗਾਰੇ ਐਵੀਏਸ਼ਨ ਪ੍ਰਾਈਵੇਟ ਲਿਮਟਿਡ ਦੇ ਹੈਲੀਕਾਪਟਰ ਨੂੰ ਸਭ ਤੋਂ ਜਿਆਦਾ ਵਰਤਿਆ ਜਿਸ ਨੂੰ ਇੱਕ ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ। ਇਸ ਕੰਪਨੀ ਦੇ ਹੈਲੀਕਾਪਟਰ ਨੇ ਚੋਣਾਂ ਦੌਰਾਨ 89 ਦਫ਼ਾ ਉਡਾਣ ਭਰੀ। ਉਪ ਮੁੱਖ ਮੰਤਰੀ 13 ਮਾਰਚ ਅਤੇ 30 ਅਪਰੈਲ ਨੂੰ ਦੋ ਦਫ਼ਾ ਹਰਿਆਣਾ ਦੇ ਬਾਲਾਸਰ ਵਿਚ ਹਵਾਈ ਰਸਤੇ ਰਾਹੀਂ ਗਏ। ਸ਼੍ਰੋਮਣੀ ਅਕਾਲੀ ਦਲ ਨੇ ਇਨ•ਾਂ ਚੋਣਾਂ ਵਿਚ ਢਿੱਲੋਂ ਐਵੀਏਸ਼ਨ ਕੰਪਨੀ ਦਾ ਏਅਰ ਕਰਾਫਟ ਵੀ ਵਰਤਿਆ। ਇਸ ਕੰਪਨੀ ਦੀ 20 ਅਗਸਤ 2004 ਨੂੰ ਰਜਿਸਟ੍ਰੇਸ਼ਨ ਹੋਈ ਸੀ ਅਤੇ ਇਸ ਕੰਪਨੀ ਦੇ ਅਜੇਵੀਰ ਸਿੰਘ,ਸੁੱਚਾ ਸਿੰਘ,ਪ੍ਰਗਟ ਸਿੰਘ ਅਤੇ ਹਰਮੇਲ ਸਿੰਘ ਵਾਸੀ ਜਲੰਧਰ ਡਾਇਰੈਕਟਰ ਹਨ। ਚੋਣਾਂ ਵਿਚ ਸਰਾਇਆ ਐਵੀਏਸ਼ਨ ਕੰਪਨੀ ਦਾ ਏਅਰਕਰਾਫਟ ਵੀ ਹਾਇਰ ਕੀਤਾ ਗਿਆ ਜਿਸ ਦੇ ਡਾਇਰੈਕਟਰ ਸਤਿਆਜੀਤ ਮਜੀਠੀਆ,ਗੁਰਮੇਹਰ ਸਿੰਘ ਮਜੀਠੀਆ ਅਤੇ ਅਤੁਲ ਕੁਮਾਰ ਰਾਵਤ ਹਨ। ਚੌਥਾ ਏਅਰਕਰਾਫਟ ਬਾਜ਼ ਐਵੀਏਸ਼ਨ ਦਾ ਹਾਇਰ ਕੀਤਾ ਗਿਆ ਜਿਸ ਦੇ ਡਾਇਰੈਕਟਰ ਇਕਬਾਲ ਸਿੰਘ ਅਤੇ ਜਿੰਮੀਆ ਸਿੰਘ ਹਨ। ਲੋਕ ਸਭਾ ਚੋਣਾਂ 2009 ਵਿਚ ਅਕਾਲੀ ਦਲ ਨੇ ਹਵਾਈ ਸਫਰ ਤੇ 1.34 ਕਰੋੜ ਰੁਪਏ ਖਰਚ ਕੀਤੇ ਸਨ।
                                             ਕਾਂਗਰਸ ਤੇ ਭਾਜਪਾ ਨੂੰ ਨੋਟਿਸ ਜਾਰੀ
ਚੋਣ ਕਮਿਸ਼ਨ ਨੇ 8 ਸਤੰਬਰ ਨੂੰ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਕਿਉਂਕਿ ਇਨ•ਾਂ ਸਿਆਸੀ ਧਿਰਾਂ ਵਲੋਂ ਨਿਸ਼ਚਿਤ ਸਮੇਂ ਦੇ ਅੰਦਰ ਚੋਣ ਕਮਿਸ਼ਨ ਕੋਲ ਪਾਰਟੀ ਵਲੋਂ ਚੋਣ ਖਰਚ ਦੇ ਵੇਰਵੇ ਜਮ•ਾ ਨਹੀਂ ਕਰਾਏ ਗਏ ਹਨ। ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ 60 ਦਿਨਾਂ ਦੇ ਅੰਦਰ ਅੰਦਰ ਇਹ ਚੋਣ ਖਰਚਾ ਦੱਸਿਆ ਜਾਣਾ ਬਣਦਾ ਸੀ। ਦੋਹੇ ਧਿਰਾਂ ਸਮੇਤ ਦਰਜਨਾਂ ਖੇਤਰੀ ਸਿਆਸੀ ਧਿਰਾਂ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਹਨ। ਅਕਾਲੀ ਦਲ ਨੇ ਨਿਸ਼ਚਿਤ ਸਮੇਂ ਦੇ ਅੰਦਰ ਆਪਣੇ ਚੋਣ ਖਰਚੇ ਦੇ ਵੇਰਵੇ ਦੇ ਦਿੱਤੇ ਹਨ।

No comments:

Post a Comment