Wednesday, September 3, 2014

                                           ਕਰਜ਼ਾ
                 ਸਰੂਪ ਸਿੰਗਲਾ ਦੀ ਸੰਪਤੀ ਜ਼ਬਤ
                                      ਚਰਨਜੀਤ ਭੁੱਲਰ
ਬਠਿੰਡਾ : ਕਾਰਪੋਰੇਸ਼ਨ ਬੈਂਕ ਲੁਧਿਆਣਾ ਨੇ ਕਰੋੜਾਂ ਰੁਪਏ ਦਾ ਕਰਜ਼ਾ ਨਾ ਮੋੜਨ ਸਬੰਧੀ ਮੁੱਖ ਸੰਸਦੀ ਸਕੱਤਰ (ਆਬਕਾਰੀ) ਸਰੂਪ ਚੰਦ ਸਿੰਗਲਾ ਤੇ ਉਨ੍ਹਾਂ ਦੇ ਹਿੱਸੇਦਾਰਾਂ ਦੀ ਕਰੋੜਾਂ ਰੁਪਏ ਦੀ ਸੰਪਤੀ ਜ਼ਬਤ ਕਰ ਲਈ ਹੈ। ਮੁਹਾਲੀ ਦੀ ਮੈਸਰਜ਼ ਜ਼ੈਟਰਾ ਟਰੇਡਰਜ਼ ਪ੍ਰਾਈਵੇਟ ਲਿਮਟਿਡ ਵੱਲੋਂ ਕਾਰਪੋਰੇਸ਼ਨ ਬੈਂਕ ਤੋਂ 4 ਕਰੋੜ ਰੁਪਏ ਦਾ ਕਰਜ਼ਾ (ਕੈਸ਼ ਕਰੈਡਿਟ ਲਿਮਟ) ਲਿਆ ਗਿਆ ਸੀ। ਇਸ ਕੰਪਨੀ ਨੇ ਗਰੰਟਰ ਵਜੋਂ ਸ੍ਰੀ ਸਿੰਗਲਾ ਤੇ ਉਨ੍ਹਾਂ ਦੇ ਕਰੀਬੀਆਂ ਦੀ 6.91 ਕਰੋੜ ਦੀ ਸੰਪਤੀ ਗਿਰਵੀ ਰੱਖੀ ਸੀ। ਕਾਰਪੋਰੇਸ਼ਨ ਬੈਂਕ ਨੇ ਹੁਣ ਮੈਸਰਜ਼ ਜ਼ੈਟਰਾ ਟਰੇਡਰਜ਼ ਨੂੰ ਡਿਫਾਲਟਰ ਐਲਾਨ ਕੇ ਬਠਿੰਡਾ ਵਿਚਲੀ ਸੰਪਤੀ ਨੂੰ ਸੰਕੇਤਕ ਤੌਰ 'ਤੇ ਜ਼ਬਤ ਕਰ ਲਿਆ ਹੈ। ਜ਼ੈਟਰਾ ਟਰੇਡਰਜ਼ ਦੇ ਡਾਇਰੈਕਟਰ ਪਰਮਜੀਤ ਸਿੰਘ ਬਰਾੜ ਅਤੇ ਮਨਦੀਪ ਸਿੰਘ ਭੁੱਲਰ ਹਨ। ਡਾਇਰੈਕਟਰ ਪਰਮਜੀਤ ਸਿੰਘ ਬਰਾੜ ਸ੍ਰੀ ਸਿੰਗਲਾ ਦੇ ਕਾਰੋਬਾਰੀ ਹਿੱਸੇਦਾਰ ਇੰਦਰਜੀਤ ਸਿੰਘ ਬਰਾੜ ਦਾ ਭਰਾ ਹੈ। ਕਾਰਪੋਰੇਸ਼ਨ ਬੈਂਕ ਨੇ ਜ਼ਬਤ ਕੀਤੀ ਸੰਪਤੀ ਨੂੰ ਵੇਚਣ ਲਈ ਤਿਆਰੀ ਵਿੱਢ ਲਈ ਹੈ। ਮੈਸਰਜ਼ ਜ਼ੈਟਰਾ ਟਰੇਡਰਜ਼ ਵੱਲ ਇਸ ਵੇਲੇ 6.22 ਕਰੋੜ ਰੁਪਏ ਦਾ ਕਰਜ਼ਾ ਖੜ੍ਹਾ ਹੈ। ਕਾਰਪੋਰੇਸ਼ਨ ਬੈਂਕ ਨੇ ਸਿੰਗਲਾ ਪਰਿਵਾਰ ਤੇ ਹਿੱਸੇਦਾਰਾਂ ਦੀ ਸੰਪਤੀ ਦਾ ਸੰਕੇਤਕ ਕਬਜ਼ਾ ਲੈ ਕੇ ਨੋਟਿਸ 26 ਅਗਸਤ ਨੂੰ ਜਾਰੀ ਕਰ ਦਿੱਤਾ। ਕਾਰਪੋਰੇਸ਼ਨ ਬੈਂਕ ਲੁਧਿਆਣਾ ਦੇ ਮੈਨੇਜਰ ਸੁਧੀਰ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਕਰਜ਼ਾ ਨਾ ਮੋੜਨ ਕਰਕੇ ਤਿੰਨ ਸੰਪਤੀਆਂ ਦਾ ਕਬਜ਼ਾ  ਲਿਆ ਹੈ। ਇਹ ਸੰਪਤੀ ਹੁਣ ਵੇਚੀ ਜਾਵੇਗੀ।
                    ਵੇਰਵਿਆਂ ਅਨੁਸਾਰ ਕਾਰਪੋਰੇਸ਼ਨ ਬੈਂਕ ਲੁਧਿਆਣਾ ਨੇ 5 ਮਈ 2014 ਨੂੰ ਮੈਸਰਜ਼ ਜ਼ੈਟਰਾ ਨੂੰ ਆਖਰੀ ਨੋਟਿਸ ਜਾਰੀ ਕੀਤਾ ਸੀ ਤੇ 60 ਦਿਨਾਂ ਅੰਦਰ ਕਰਜ਼ਾ ਮੋੜਨ ਦੀ ਹਦਾਇਤ ਕੀਤੀ ਸੀ ਪਰ ਕੰਪਨੀ ਕਰਜ਼ਾ ਨਹੀਂ ਮੋੜ ਸਕੀ। ਇਸ ਪ੍ਰਾਈਵੇਟ ਕੰਪਨੀ ਵੱਲੋਂ ਲਈ ਕੈਸ਼ ਕਰੈਡਿਟ ਲਿਮਟ ਵਿੱਚ ਸਰੂਪ ਚੰਦ ਸਿੰਗਲਾ, ਉਨ੍ਹਾਂ ਦੇ ਵੱਡੇ ਭਰਾ ਗਿਰਧਾਰੀ ਲਾਲ ਸਿੰਗਲਾ, ਭਤੀਜਾ ਰਾਕੇਸ਼ ਸਿੰਗਲਾ, ਕਾਰੋਬਾਰੀ ਹਿੱਸੇਦਾਰ ਇੰਦਰਜੀਤ ਸਿੰਘ ਬਰਾੜ ਤੇ ਪ੍ਰਿਤਪਾਲ ਸਿੰਘ ਗਰੰਟਰ ਹਨ। ਉਨ੍ਹਾਂ ਨੇ ਆਪਣੀ ਸੰਪਤੀ ਬੈਂਕ ਕੋਲ ਰੱਖੀ ਸੀ। ਬੈਂਕ ਨੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਉਹ ਬਠਿੰਡਾ ਵਿਚਲੀਆਂ ਇਨ੍ਹਾਂ ਤਿੰਨ ਸੰਪਤੀਆਂ ਸਬੰੰਧੀ ਕੋਈ ਲੈਣ ਦੇਣ ਨਾ ਕਰਨ ਕਿਉਂਕਿ ਇਹ ਸੰਪਤੀਆਂ ਹੁਣ ਬੈਂਕ ਦੇ ਕਬਜ਼ੇ ਹੇਠ ਹਨ। ਬੈਂਕ ਨੇ ਬਠਿੰਡਾ ਦੀ ਬੀਬੀ ਵਾਲਾ ਰੋਡ ਦੀ ਗਲੀ ਨੰਬਰ ਤਿੰਨ ਵਿਚਲੀ ਵਪਾਰਕ ਤੇ ਰਿਹਾਇਸ਼ੀ ਸੰਪਤੀ 300 ਵਰਗ ਗਜ਼ (ਮਾਲਕੀ ਮੁੱਖ ਸੰਸਦੀ ਸਕੱਤਰ ਸਰੂਪ ਸਿੰਗਲਾ, ਭਰਾ ਗਿਰਧਾਰੀ ਲਾਲ ਸਿੰਗਲਾ,ਰਾਕੇਸ਼ ਕੁਮਾਰ ਸਿੰਗਲਾ), ਗਿਆਨੀ ਜ਼ੈਲ ਸਿੰਘ ਕਾਲਜ ਦੇ ਸਾਹਮਣੇ ਵਾਲਾ ਖਾਲੀ ਪਲਾਟ (ਮਾਲਕੀ ਗਿਰਧਾਰੀ ਲਾਲ ਸਿੰਗਲਾ ਤੇ ਇੰਦਰਜੀਤ ਸਿੰਘ ਬਰਾੜ), ਬਰਨਾਲਾ ਬਾਈਪਾਸ 'ਤੇ 79 ਵਰਗ ਗਜ਼ ਦਾ ਪਲਾਟ (ਮਾਲਕੀ ਪ੍ਰਿਤਪਾਲ ਸਿੰਘ) ਦਾ ਸੰਕੇਤਕ ਕਬਜ਼ਾ ਲੈ ਕੇ 26 ਅਗਸਤ ਨੂੰ ਕਬਜ਼ਾ ਨੋਟਿਸ ਵੀ ਜਾਰੀ ਕਰ ਦਿੱਤਾ।
                  ਇਨ੍ਹਾਂ ਹਿੱਸੇਦਾਰਾਂ ਵੱਲੋਂ ਬੀਬੀ ਵਾਲਾ ਰੋਡ ਵਾਲੇ ਪਲਾਟ ਦੀ ਕੀਮਤ 1.04 ਕਰੋੜ ਰੁਪਏ, ਗਿਆਨੀ ਜ਼ੈਲ ਸਿੰਘ ਕਾਲਜ ਦੇ ਸਾਹਮਣੇ ਵਾਲੇ ਪਲਾਟ ਦੀ ਕੀਮਤ 2.44 ਕਰੋੜ ਰੁਪਏ ਤੇ ਬਰਨਾਲਾ ਬਾਈਪਾਸ ਵਾਲੇ ਪਲਾਟ ਦੀ ਕੀਮਤ 3.43 ਕਰੋੜ ਰੁਪਏ ਦਿਖਾਈ ਗਈ ਹੈ। ਇਸ ਮਾਮਲੇ ਸਬੰਧੀ ਸ੍ਰੀ ਸਿੰਗਲਾ ਨੂੰ ਕਈ ਵਾਰ ਫੋਨ ਕੀਤਾ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਉਨ੍ਹਾਂ ਦੇ ਭਤੀਜੇ ਰਾਕੇਸ਼ ਕੁਮਾਰ ਨੇ ਕਿਹਾ ਕਿ ਉਸਨੂੰ ਬੈਂਕ ਦੇ ਇਸ ਕੇਸ ਬਾਰੇ ਕੁਝ ਪਤਾ ਨਹੀਂ ਹੈ। ਇਸ ਬਾਰੇ ਇੰਦਰਜੀਤ ਸਿੰਘ ਬਰਾੜ ਦਾ ਕਹਿਣਾ ਹੈ ਕਿ ਆਰਥਿਕ ਮੰਦੀ ਕਾਰਨ ਕੰਪਨੀ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੈਂਕ ਵੱਲੋਂ ਸੰਕੇਤਕ ਕਬਜ਼ਾ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਉਹ ਬੈਂਕ ਨਾਲ ਮਾਮਲੇ ਦੇ ਹੱਲ ਲਈ ਗੱਲਬਾਤ ਕਰ ਰਹੇ ਹਨ।
                                                          ਪਲਾਟ ਇਕ, ਭਾਅ ਦੋ
ਸਰੂਪ ਚੰਦ ਸਿੰਗਲਾ ਨੇ ਬੈਂਕ ਕੋਲ ਆਪਣੇ ਬੀਬੀ ਵਾਲਾ ਰੋਡ ਸਥਿੱਤ 300 ਗਜ਼ ਪਲਾਟ ਦੀ ਮਾਰਕੀਟ ਕੀਮਤ 1.04 ਕਰੋੜ ਰੁਪਏ ਦਿਖਾਈ ਹੈ, ਜਦੋਂਕਿ ਉਨ੍ਹਾਂ ਨੇ ਚੋਣ ਕਮਿਸ਼ਨ ਕੋਲ ਸੰਪਤੀ ਦੇ ਦਿੱਤੇ ਹਲਫ਼ੀਆ ਬਿਆਨ ਵਿੱਚ ਪਲਾਟ ਦੀ ਕੀਮਤ 13.50 ਲੱਖ ਰੁਪਏ ਦਿਖਾਈ ਹੈ। ਸੂਤਰਾਂ ਅਨੁਸਾਰ ਭਾਵੇਂ ਬਾਜ਼ਾਰ ਵਿੱਚ ਕਾਫ਼ੀ ਮੰਦੀ ਹੈ ਪਰ ਸ੍ਰੀ ਸਿੰਗਲਾ ਦੇ ਪਲਾਟ 'ਤੇ ਇਸ ਮੰਦੀ ਦਾ ਕੋਈ ਅਸਰ ਨਹੀਂ ਹੈ।

No comments:

Post a Comment