Sunday, April 26, 2015

                                       ਸਰਪੰਚ ਪਤੀ 
              ਮੈਂ ਪਿੰਡ ਬਾਦਲ ਦਾ ਸਰਪੰਚ ਬੋਲਦਾਂ…
                                     ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਵਿਚ ਹੁਣ ਮਹਿਲਾ ਸਰਪੰਚਾਂ ਦੇ ਪਤੀ ਦੇਵ ਸਰਪੰਚੀ ਨਹੀਂ ਕਰ ਸਕਣਗੇ। ਹਾਲਾਂਕਿ ਪੰਜਾਬ ਵਿਚ ਸਰਪੰਚ ਪਤੀਆਂ ਦੀ ਹੀ ਤੂਤੀ ਬੋਲਦੀ ਹੈ। ਭਾਵੇਂ ਪਿੰਡਾਂ ਨੇ ਮਹਿਲਾਵਾਂ ਨੂੰ ਸਰਪੰਚੀ ਦੀ ਕੁਰਸੀ ਤੇ ਬਿਠਾ ਦਿੱਤਾ ਹੈ ਪ੍ਰੰਤੂ ਹਕੀਕਤ ਵਿਚ ਚਾਰ ਚੁਫੇਰੇ ਹੁਕਮ ਸਰਪੰਚ ਪਤੀ ਦਾ ਹੀ ਚੱਲਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਪੰਚ ਪਤੀ ਦੀ ਰਵਾਇਤ ਖਤਮ ਕਰਨ ਦਾ ਹੋਕਾ ਦਿੱਤਾ ਹੈ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਨੇ ਮਹਿਲਾ ਸਰਪੰਚਾਂ ਨੂੰ ਅਸਲੀ ਤਾਕਤ ਦੇਣ ਲÂਂੀ ਸਰਪੰਚ ਪਤੀਆਂ ਨੂੰ ਵਾਰਨਿੰਗ ਦੇ ਦਿੱਤੀ ਹੈ। ਪੰਜਾਬ ਵਿਚ 12,604 ਪੰਚਾਇਤਾਂ ਹਨ ਜਿਨ•ਾਂ ਚੋਂ 33 ਫੀਸਦੀ ਪੰਚਾਇਤਾਂ ਦੀ ਵਾਂਗਡੋਰ ਮਹਿਲਾ ਸਰਪੰਚਾਂ ਦੇ ਹੱਥ ਹੈ। ਜ਼ਮੀਨੀ ਹਕੀਕਤ ਕੁਝ ਹੋਰ ਹੈ। ਜਦੋਂ ਪਿੰਡ ਬਾਦਲ ਦੀ ਮਹਿਲਾ ਸਰਪੰਚ ਸੁਖਪਾਲ ਕੌਰ ਨੂੰ ਫੋਨ ਕੀਤਾ ਤਾਂ ਅੱਗਿਓ ਉਸ ਦੇ ਸਰਪੰਚ ਪਤੀ ਨੇ ਫੋਨ ਚੁੱਕਿਆ, ਪੁੱਛਣ ਤੇ ਉਸ ਨੇ ਦੱਸਿਆ, ਸੰਦੀਪ ਸਰਪੰਚ ਬੋਲਦਾ ਹਾਂ। ਉਸ ਨੇ ਗੱਲ ਮੰਨੀ ਕਿ ਉਹ ਵਿਭਾਗੀ ਮੀਟਿੰਗਾਂ ਵਿਚ ਖੁਦ ਹੀ ਬੈਠਦਾ ਹੈ ਅਤੇ ਸੰਗਤ ਦਰਸ਼ਨਾਂ ਵਿਚ ਖੁਦ ਪੇਸ਼ ਹੁੰਦਾ ਹੈ। ਨਾਲ ਹੀ ਤਰਕ ਦਿੱਤਾ ਕਿ ਉਸ ਦਾ ਬੱਚਾ ਛੋਟਾ ਹੈ ਜਿਸ ਕਰਕੇ ਪਤਨੀ ਬੱਚਾ ਸੰਭਾਲਦੀ ਹੈ। ਮੁੱਖ ਮੰਤਰੀ ਪੰਜਾਬ ਦੇ ਇਕੱਲੇ ਪਿੰਡ ਬਾਦਲ ਵਿਚ ਨਹੀਂ ਬਲਕਿ ਮੁੱਖ ਮੰਤਰੀ ਦੇ ਸਹੁਰੇ ਪਿੰਡ ਚੱਕ ਫਤਹਿ ਸਿੰਘ ਵਾਲਾ ਵਿਚ ਵੀ ਇਹੋ ਹਾਲ ਹੈ।
                    ਚੱਕ ਫਤਹਿ ਸਿੰਘ ਵਾਲਾ ਦੀ ਮਹਿਲਾ ਸਰਪੰਚ ਹਰਦੀਪ ਕੌਰ ਦਾ ਫੋਨ ਵੀ ਉਸ ਦੇ ਸਰਪੰਚ ਪਤੀ ਨੇ ਚੁੱਕਿਆ ਅਤੇ ਆਖਿਆ, ਲੱਖਾ ਸਰਪੰਚ ਬੋਲਦਾ। ਸਰਪੰਚ ਪਤੀ ਲੱਖਾ ਸਿੰਘ ਦਾ ਕਹਿਣਾ ਸੀ ਕਿ ਘਰੇਲੂ ਝਗੜੇ ਉਸ ਦੀ ਸਰਪੰਚ ਪਤਨੀ ਹੀ ਨਿਪਟਾਉਂਦੀ ਹੈ ਜਦੋਂ ਕਿ ਥਾਣੇ ਵਗੈਰਾ ਉਹ ਚਲਾ ਜਾਂਦਾ ਹੈ। ਪੰਚਾਇਤ ਮੰਤਰੀ ਪੰਜਾਬ ਦੇ ਹਲਕਾ ਰਾਮਪੁਰਾ ਦੇ ਪਿੰਡ ਘੰਡਾਬੰਨਾ ਦੀ ਸਰਪੰਚ ਕਿਰਨਜੀਤ ਕੌਰ ਨੂੰ ਜਦੋਂ ਫੋਨ ਕੀਤਾ ਤਾਂ ਉਸ ਦੇ ਸਹੁਰੇ ਨੇ ਫੋਨ ਚੁੱਕਦਿਆਂ ਹੀ ਆਖਿਆ, ਜਰਨੈਲ ਸਰਪੰਚ ਬੋਲਦਾ। ਬਾਅਦ ਵਿਚ ਉਨ•ਾਂ ਸਫਾਈ ਦਿੱਤੀ ਕਿ ਉਹ ਸਾਬਕਾ ਸਰਪੰਚ ਹੈ ਅਤੇ ਸਰਕਾਰੀ ਮੀਟਿੰਗਾਂ ਵਗੈਰਾ ਵਿਚ ਉਸ ਦੀ ਸਰਪੰਚ ਨੂੰਹ ਹੀ ਜਾਂਦੀ ਹੈ। ਬੁਰਜ ਸੇਮਾ ਦੀ ਮਹਿਲਾ ਸਰਪੰਚ ਜਸਵੀਰ ਕੌਰ ਦਾ ਫੋਨ ਉਸ ਦੇ ਲੜਕੇ ਬਲਜੀਤ ਸਿੰਘ ਨੇ ਚੁੱਕਿਆ ਜਿਸ ਨੇ ਦੱਸਿਆ ਕਿ ਉਹ ਮਾਂ ਦੀ ਮਦਦ ਕਰਦਾ ਹੈ। ਕੋਟਬਖਤੂ ਦੀ ਮਹਿਲਾ ਸਰਪੰਚ ਕਮਲਾ ਦੇਵੀ ਦੇ ਸਰਪੰਚ ਪਤੀ ਨੇ ਵੀ ਇਹੋ ਆਖਿਆ ਕਿ ਉਹ ਸਰਪੰਚ ਹੈ ਪ੍ਰੰਤੂ ਮਗਰੋਂ ਆਖਣ ਲੱਗਾ ਕਿ ਉਸ ਦੀ ਪਤਨੀ ਹੀ ਸਰਪੰਚੀ ਕਰਦੀ ਹੈ। ਏਦਾ ਦਾ ਹਾਲ ਬਾਕੀ ਪਿੰਡਾਂ ਵਿਚ ਹੈ।
                   ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਪੰਜਾਬੀ ਟ੍ਰਿਬਿਊਨ ਨੂੰ ਦੱਸਿਆ ਕਿ ਪਹਿਲਾਂ ਵੀ ਹਦਾਇਤਾਂ ਸਨ ਕਿ ਮਹਿਲਾ ਸਰਪੰਚਾਂ ਦੇ ਪਤੀ ਸਰਕਾਰੀ ਮੀਟਿੰਗਾਂ ਵਿਚ ਨਾ ਬੈਠਣ ਪ੍ਰੰਤੂ ਪੰਜਾਬ ਵਿਚ ਸਰਪੰਚ ਪਤੀ ਹੀ ਸਰਪੰਚੀ ਕਰ ਰਹੇ ਹਨ। ਉਨ•ਾਂ ਆਖਿਆ ਕਿ ਹੁਣ ਅਫਸਰਾਂ ਨੂੰ ਹਦਾਇਤਾਂ ਕਰ ਦਿੱਤੀਆਂ ਹਨ ਕਿ ਸਰਕਾਰੀ ਮੀਟਿੰਗਾਂ ਵਿਚ ਮਹਿਲਾ ਸਰਪੰਚਾਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ ਅਤੇ ਸਰਪੰਚ ਪਤੀ ਨੂੰ ਕਿਸੇ ਸੂਰਤ ਵਿਚ ਸਰਕਾਰੀ ਮੀਟਿੰਗ ਵਿਚ ਨਾ ਬੈਠਣ ਦਿੱਤਾ ਜਾਵੇ। ਉਨ•ਾਂ ਆਖਿਆ ਕਿ ਅਗਰ ਕਿਸੇ ਸਰਕਾਰੀ ਮੀਟਿੰਗ ਵਿਚ ਸਰਪੰਚ ਪਤੀ ਬੈਠ ਗਿਆ ਤਾਂ ਕਾਰਵਾਈ ਮੀਟਿੰਗ ਕਰਨ ਵਾਲੇ ਅਫਸਰ ਖਿਲਾਫ ਹੋਵੇਗੀ। ਮੰਤਰੀ ਨੇ ਸਰਪੰਚ ਪਤੀਆਂ ਨੂੰ ਵੀ ਸਲਾਹ ਦਿੱਤੀ ਹੈ ਕਿ ਉਹ ਘਰਾਂ ਵਿਚ ਹੀ ਆਪਣਾ ਰਾਏ ਮਸ਼ਵਰਾ ਦੇ ਦਿਆ ਕਰਨ ਅਤੇ ਸਰਕਾਰੀ ਕੰਮਾਂ ਵਿਚ ਦਾਖਲ ਦੇਣ ਤੋਂ ਗੁਰੇਜ਼ ਕਰਨ। ਪੰਚਾਇਤ ਮੰਤਰੀ ਮਲੂਕਾ ਨੇ ਦੱਸਿਆ ਕਿ ਸਰਕਾਰੀ ਟਰੇਨਿੰਗਾਂ ਵਿਚ ਵੀ ਸਰਪੰਚ ਪਤੀ ਦੇ ਦਾਖਲੇ ਤੇ ਪਾਬੰਦੀ ਲਗਾਈ ਜਾਵੇਗੀ। ਉਨ•ਾਂ ਦੱਸਿਆ ਕਿ ਜਦੋਂ ਉਨ•ਾਂ ਨੇ ਜਿਲ•ਾ ਪ੍ਰੀਸ਼ਦਾਂ ਦੇ ਚੇਅਰਮੈਨਾਂ ਦੀ ਪਹਿਲੀ ਮੀਟਿੰਗ ਕੀਤੀ ਸੀ ਤਾਂ ਮੀਟਿੰਗ ਵਿਚ ਛੇ ਚੇਅਰਮੈਨਾਂ ਦੇ ਪਤੀ ਵੀ ਬੈਠ ਗਏ ਸਨ ਜਿਨ•ਾਂ ਨੂੰ ਸਤਿਕਾਰ ਸਾਹਿਤ ਮੀਟਿੰਗ ਚੋਂ ਬਾਹਰ ਭੇਜ ਦਿੱਤਾ ਗਿਆ ਸੀ।
                   ਸੂਤਰ ਦੱਸਦੇ ਹਨ ਕਿ ਕਈ ਪਿੰਡਾਂ ਵਿਚ ਮਹਿਲਾ ਸਰਪੰਚਾਂ ਦੇ ਦਸਤਖਤ ਵੀ ਉਨ•ਾਂ ਦੇ ਸਰਪੰਚ ਪਤੀ ਕਰ ਦਿੰਦੇ ਹਨ। ਦਿਲਚਸਪ ਗੱਲ ਹੈ ਕਿ ਜਦੋਂ ਮਹਿਲਾ ਸਰਪੰਚਾਂ ਨੂੰ ਸਹੁੰ ਚੁਕਾਈ ਗਈ ਸੀ ਤਾਂ ਉਨ•ਾਂ ਦੇ ਨਾਲ ਉਨ•ਾਂ ਦੇ ਸਰਪੰਚ ਪਤੀ ਵੀ ਸਹੁੰ ਚੁੱਕ ਗਏ ਸਨ। ਜਿਲ•ਾ ਵਿਕਾਸ ਤੇ ਪੰਚਾਇਤ ਅਫਸਰ ਮਾਨਸਾ ਹਰਿੰਦਰ ਸਿੰਘ ਸਰ•ਾ ਦਾ ਕਹਿਣਾ ਸੀ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਸੰਗਤ ਦਰਸ਼ਨ ਪ੍ਰੋਗਰਾਮਾਂ ਵਿਚ ਕਈ ਦਫਾ ਸਰਪੰਚ ਪਤੀ ਪੰਚਾਇਤ ਤਰਫੋਂ ਸਟੇਜ ਤੇ ਆਏ ਹਨ ਪ੍ਰੰਤੂ ਕੇਂਦਰੀ ਮੰਤਰੀ ਸਰਪੰਚ ਪਤੀ ਦੀ ਥਾਂ ਉਦੋਂ ਹੀ ਮਹਿਲਾ ਸਰਪੰਚਾਂ ਨੂੰ ਸੱਦਦੇ ਹਨ। ਸੂਤਰ ਦੱਸਦੇ ਹਨ ਕਿ ਹਲਕਾ ਲੰਬੀ ਵਿਚ ਮੁੱਖ ਮੰਤਰੀ ਪੰਜਾਬ ਦੇ ਸੰਗਤ ਦਰਸ਼ਨ ਪ੍ਰੋਗਰਾਮਾਂ ਵਿਚ ਸਰਪੰਚ ਪਤੀ ਅੱਗੇ ਰਹਿੰਦੇ ਹਨ। ਬਾਕੀ ਪੰਜਾਬ ਵਿਚ ਵੀ ਏਦਾ ਹੀ ਚੱਲ ਰਿਹਾ ਹੈ। ਦੇਖਣਾ ਇਹ ਹੈ ਕਿ ਨਰਿੰਦਰ ਮੋਦੀ ਦੇ ਮਸ਼ਵਰੇ ਤੇ ਕੌਣ ਕੌਣ ਅਮਲ ਕਰਦਾ ਹੈ। 

No comments:

Post a Comment