Friday, April 24, 2015

                                                                      ਖੇਤੀ ਸੰਕਟ 
                                           ਤੁਰ ਗਏ ਗਜੇਂਦਰ,ਹਾਰ ਗਏ ਸਿਕੰਦਰ
                                                                     ਚਰਨਜੀਤ ਭੁੱਲਰ
ਬਠਿੰਡਾ  : ਦੱਖਣੀ ਪੰਜਾਬ ਦੇ ਹਜ਼ਾਰਾਂ ਗਜੇਂਦਰ ਰੁਖਸਤ ਹੋ ਗਏ ਹਨ ਜਿਨ•ਾਂ ਦੇ ਘਰ ਅੱਜ ਸੁੰਨੇ ਹੋ ਗਏ ਹਨ। ਇਹ ਗਜੇਂਦਰ ਜ਼ਿੰਦਗੀ ਤੋਂ ਹਾਰ ਗਏ ਜਦੋਂ ਕਿ ਉਨ•ਾਂ ਦੇ ਪਰਿਵਾਰ ਸਰਕਾਰਾਂ ਤੋਂ। ਦਿੱਲੀ ਦੇ ਜੰਤਰ ਮੰਤਰ ਮੈਦਾਨ ਵਿਚ ਕਿਸਾਨ ਗਜੇਂਦਰ ਦੀ ਹੋਈ ਖੁਦਕੁਸ਼ੀ ਨੇ ਪੂਰੀ ਦਿੱਲੀ ਹਿਲਾ ਦਿੱਤੀ। ਮਾਲਵੇ ਦੇ ਟਾਹਲੀ ਵਾਲੇ ਖੇਤ ਵਰਿ•ਆਂ ਤੋਂ ਜੰਤਰ ਮੰਤਰ ਬਣੇ ਹੋਏ ਹਨ, ਉਨ•ਾਂ ਦੀ ਕੋਈ ਸਾਰ ਲੈਣ ਵਾਲਾ ਨਹੀਂ। ਬਠਿੰਡਾ ਦੇ ਪਿੰਡ ਮੰਡੀ ਖੁਰਦ ਦਾ ਕਿਸਾਨ ਮੇਜਰ ਸਿੰਘ ਅੱਜ ਗਜੇਂਦਰ ਵਾਲੇ ਰਾਹ ਹੀ ਚਲਾ ਗਿਆ ਹੈ। ਇਸ ਕਿਸਾਨ ਕੋਲ ਹੁਣ ਸਿਰਫ ਸਵਾ ਏਕੜ ਪੈਲੀ ਬਚੀ ਹੈ। ਮੰਡੀ ਖੁਰਦ ਦੇ ਇਸ ਕਿਸਾਨ ਨੇ ਦੋ ਮਹੀਨੇ ਪਹਿਲਾਂ ਹੀ ਆਪਣੀ ਧੀਅ ਦੇ ਹੱਥ ਪੀਲੇ ਕੀਤੇ ਸਨ। ਅੱਜ ਖੁਦ ਜ਼ਿੰਦਗੀ ਤੋਂ ਵਿਦਾ ਹੋ ਗਿਆ। ਵਿਧਵਾ ਪਰਮਜੀਤ ਕੌਰ ਵੀ ਹੁਣ ਖੇਤੀ ਸੰਕਟ ਦੇ ਸ਼ਹੀਦਾਂ ਦੇ ਪਰਿਵਾਰਾਂ ਦੀ ਕਤਾਰ ਵਿਚ ਖੜ•ੀ ਹੋ ਗਈ ਹੈ। ਇਸ ਪਿੰਡ ਦੇ ਮਾਸਟਰ ਬਾਬੂ ਸਿੰਘ ਨੇ ਦੱਸਿਆ ਅੱਜ ਸਵੇਰ ਅੱਠ ਵਜੇ ਇਸ ਕਿਸਾਨ ਨੇ ਆਖਰੀ ਸਾਹ ਲਿਆ। ਪਿੰਡ ਦੁੱਨੇਵਾਲਾ ਦੇ ਇੱਕ ਕਿਸਾਨ ਦਾ ਪੂਰਾ ਘਰ ਸੁੰਨਾ ਹੋ ਗਿਆ ਹੈ। ਇਸ ਘਰ ਵਿਚ ਨਿੱਤ ਮਕਾਨਾਂ ਢੁੱਕ ਰਹੀਆਂ ਹਨ। ਨਾ ਕੋਈ ਸਰਕਾਰ ਹਿੱਲੀ ਹੈ ਅਤੇ ਨਾ ਕੋਈ ਹੱਥ ਮਦਦ ਲਈ ਉੱਠਿਆ ਹੈ।
                        ਕਿਸਾਨ ਦਰਸ਼ਨ ਸਿੰਘ ਦੇ ਤਿੰਨ ਲੜਕੇ ਖੁਦਕੁਸ਼ੀ ਕਰ ਚੁੱਕੇ ਹਨ। ਪੀਂਘਾਂ ਵਾਲੇ ਵਿਹੜੇ ਵਿਚ ਹਰ ਵਰੇ• ਸੱਥਰ ਵਿਛ ਰਹੇ ਹਨ। ਉਸ ਮਗਰੋਂ ਦਰਸ਼ਨ ਸਿੰਘ ਖੁਦ ਵੀ ਇਸੇ ਰਾਹ ਚਲਾ ਗਿਆ। ਹੁਣ ਪਿਛੇ ਇਸ ਘਰ ਦੀ ਨੂੰਹ ਕੁਲਵਿੰਦਰ ਕੌਰ ਬਚੀ ਹੈ ਜੋ ਸਰਕਾਰੀ ਮਾਲੀ ਮਦਦ ਦਾ ਰਾਹ ਤੱਕ ਰਹੀ ਸੀ ਪ੍ਰੰਤੂ ਅੱਜ ਦਿਨ ਚੜਦੇ ਹੀ ਬੈਂਕ ਵਾਲੇ ਉਸ ਨੂੰ ਜ਼ਮੀਨ ਦੀ ਨਿਲਾਮੀ ਦਾ ਨੋਟਿਸ ਫੜਾ ਗਏ ਹਨ। ਉਸ ਦਾ ਛੋਟਾ ਬੱਚਾ ਰੌਬਿਨ ਕਿੰਨਾ ਸਮਾਂ ਇਸ ਨੋਟਿਸ ਨਾਲ ਖੇਡਦਾ ਰਿਹਾ। ਪੂਰਾ ਪਰਿਵਾਰ ਚਲਾ ਗਿਆ ਪ੍ਰੰਤੂ ਫਿਰ ਵੀ ਇਹ ਵਿਹੜਾ ਸਰਕਾਰੀ ਨਜ਼ਰ ਤੋਂ ਓਹਲੇ ਹੈ। ਕੁਲਵਿੰਦਰ ਕੌਰ ਆਖਦੀ ਹੈ ਕਿ ਉਹ ਕਿਸ ਮੋਦੀ ਕੋਲ ਆਪਣਾ ਦੁੱਖ ਰੋਵੇਂ। ਇਵੇਂ ਹੀ ਠੀਕ ਦੋ ਮਹੀਨੇ ਪਹਿਲਾਂ ਜਦੋਂ ਮਾਈਸਰਖਾਨਾ ਦੇ ਕਿਸਾਨ ਬਲਦੇਵ ਸਿੰਘ ਲਈ ਵੀ ਕਰਜ਼ਾ ਗਲ ਦੀ ਫਾਹੀ ਬਣ ਗਿਆ ਤਾਂ ਉਸ ਨੇ ਖੁਦਕੁਸ਼ੀ ਕਰ ਲਈ। ਪਿੰਡ ਬਾਠ ਤੇ ਰੱਲਾ ਦੇ ਕਿਸਾਨ ਵੀ ਪਿਛਲੇ ਦਿਨਾਂ ਵਿਚ ਜ਼ਿੰਦਗੀ ਤੋਂ ਹਾਰ ਮੰਨ ਗਏ। ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਜੰਤਰ ਮੰਤਰ ਮੈਦਾਨ ਵਿਚ ਗਜੇਂਦਰ ਸਿੰਘ ਵਲੋਂ ਖੁਦਕੁਸ਼ੀ ਨੂੰ ਅੱਜ ਦਿਲ ਹਿਲਾਉਣ ਵਾਲੀ ਘਟਨਾ ਦੱਸਿਆ ਹੈ। ਖੁਦ ਪੰਜਾਬ ਸਰਕਾਰ ਨੇ ਖੁਦਕੁਸ਼ੀ ਕਰਨ ਵਾਲੇ 2100 ਕਿਸਾਨਾਂ ਨੂੰ ਮਾਲੀ ਮਦਦ ਲਈ ਯੋਗ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।
                     ਸਰਕਾਰੀ ਸਰਵੇ ਅਨੁਸਾਰ ਮਾਲਵੇ ਵਿਚ 6900 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ ਜਦੋਂ ਕਿ ਹੁਣ ਸਰਕਾਰ ਨੇ ਮੁੜ ਫਿਰ ਸਰਵੇ ਕਰਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਸਰਕਾਰ ਨੇ ਉਹ ਜਿਲ•ਾ ਪੱਧਰੀ ਕਮੇਟੀਆਂ ਵੀ ਭੰਗ ਕਰ ਦਿੱਤੀਆਂ ਹਨ ਜਿਨ•ਾਂ ਨੇ ਖੁਦਕੁਸ਼ੀ ਕੇਸਾਂ ਦੀ ਤੁਰੰਤ ਵੈਰੀਫਿਕੇਸ਼ਨ ਕਰਕੇ ਮੁਆਵਜਾ ਰਾਸ਼ੀ ਦੇਣੀ ਸੀ। ਪੰਜਾਬ ਵਿਚ ਦੋ ਲੱਖ ਦੀ ਮਾਲੀ ਮਦਦ ਵਾਸਤੇ ਹਜ਼ਾਰਾਂ ਵਿਧਵਾ ਔਰਤਾਂ ਨੂੰ ਸੜਕਾਂ ਤੇ ਉਤਰਨਾ ਪਿਆ ਹੈ। ਪਿੰਡ ਮਲੂਕਾ ਦਾ ਕਿਸਾਨ ਜਗਸੀਰ ਸਿੰਘ ਕਰੀਬ ਡੇਢ ਦਹਾਕਾ ਪਹਿਲਾਂ ਖੁਦਕੁਸ਼ੀ ਕਰ ਗਿਆ ਸੀ। ਉਸ ਦੀ ਮਾਂ ਚਰਨਜੀਤ ਕੌਰ ਵੀ ਸਰਕਾਰ ਦੀ ਮਾਲੀ ਮਦਦ ਵਾਲਾ ਉਡੀਕਦੀ ਹੀ ਇਸ ਜਹਾਨੋ ਚਲੀ ਗਈ ਹੈ। ਜਿਲ•ਾ ਮਾਨਸਾ ਦੇ ਕਰੀਬ 90 ਪਰਿਵਾਰ ਅਜਿਹੇ ਹਨ ਜਿਨ•ਾਂ ਦੇ ਕਮਾਊ ਜੀਅ ਖੁਦਕੁਸ਼ੀ ਕਰ ਗਏ ਸਨ ਪ੍ਰੰਤੂ ਸਰਕਾਰ ਉਨ•ਾਂ ਦੀ ਖੁਦਕੁਸ਼ੀ ਤੇ ਹੀ ਉਂਗਲ ਉਠਾ ਰਹੀ ਹੈ। ਪਿੰਡ ਮੰਡੀ ਕਲਾਂ ਦੇ ਅੱਧੀ ਦਰਜ਼ਨ ਪਰਿਵਾਰਾਂ ਦੇ ਮਾਲੀ ਮਦਦ ਦੇ ਚੈੱਕ ਕਈ ਮਹੀਨੇ ਤੋਂ ਸਰਕਾਰੀ ਦਫਤਰਾਂ ਵਿਚ ਰੁਲੇ ਫਿਰਦੇ ਹਨ। ਕਿਸਾਨ ਆਗੂ ਲਖਵੀਰ ਸਿੰਘ ਦਾ ਕਹਿਣਾ ਸੀ ਕਿ ਸਰਕਾਰੀ ਗਲਤੀ ਦਾ ਖਮਿਆਜਾ ਇਨ•ਾਂ ਪਰਿਵਾਰਾਂ ਨੂੰ ਭੁਗਤਣਾ ਪੈ ਰਿਹਾ ਹੈ।
                    ਪਿੰਡ ਗਿੱਦੜ ਦੀ ਵਿਧਵਾ ਔਰਤ ਵੀਰਾਂ ਕੌਰ ਦੇ ਜਖਮ ਜੰਤਰ ਮੰਤਰ ਦੀ ਘਟਨਾ ਨੇ ਮੁੜ ਹਰੇ ਕਰ ਦਿੱਤੇ ਹਨ। ਇਸ ਔਰਤ ਦਾ ਵਾਰ ਵਾਰ ਸੁਹਾਗ ਲੁੱਟਿਆ ਗਿਆ। ਜਦੋਂ ਉਸ ਦਾ ਪਤੀ ਖੁਦਕੁਸ਼ੀ ਕਰ ਗਿਆ ਤਾਂ ਉਸ ਨੂੰ ਦਿਉਰ ਦੇ ਲੜ ਲਾ ਦਿੱਤਾ। ਕੁਝ ਸਮੇਂ ਮਗਰੋਂ ਦਿਉਰ ਵੀ ਖੁਦਕੁਸ਼ੀ ਕਰ ਗਿਆ। ਕਰਜ਼ਾ ਇਸ ਪ੍ਰਵਾਰ ਨੂੰ ਸਾਹ ਨਹੀਂ ਲੈਣ ਦੇ ਰਿਹਾ। ਉਸ ਨੇ ਆਪਣੇ ਲੜਕੇ ਦਾ ਨਾਮ ਸਿਕੰਦਰ ਰੱਖਿਆ ਪ੍ਰੰਤੂ ਫਿਰ ਵੀ ਘਰ ਦੇ ਮੁਕੱਦਰ ਜਾਗ ਨਾ ਸਕੇ। ਮਾਲਵਾ ਪੱਟੀ ਵਿਚ ਕਿੰਨੇ ਹੀ ਗਜੇਂਦਰ ਤੁਰ ਗਏ ਹਨ ਅਤੇ ਕਿੰਨੇ ਹੀ ਸਿਕੰਦਰ ਨਿੱਤ ਹਾਰ ਰਹੇ ਹਨ। ਪਿੰਡ ਭੂੰਦੜ ਦੀ ਕਰਨੈਲ ਕੌਰ ਦਾ ਸੁਹਾਗ ਦੋ ਦਫਾ ਉਜੜ ਚੁੱਕਾ ਹੈ। ਪਹਿਲਾਂ ਪਤੀ ਖੁਦਕੁਸ਼ੀ ਕਰ ਗਿਆ ਤਾਂ ਉਸ ਨੂੰ ਦਿਉਰ ਦੇ ਲੜ ਲਾ ਦਿੱਤਾ ਗਿਆ। ਉਹ ਵੀ ਖੁਦਕੁਸ਼ੀ ਕਰ ਗਿਆ। ਹੁਣ ਇਸ ਮਹਿਲਾ ਦੀ ਢਾਰਸ ਉਸ ਦੇ ਬੱਚੇ ਹਨ ਅਤੇ ਇਹ ਮਹਿਲਾ ਖੁਦ ਟੀ.ਬੀ ਦੀ ਬਿਮਾਰੀ ਤੋਂ ਪੀੜਤ ਹੈ। ਪਿੰਡ ਹਾਕਮ ਸਿੰਘ ਵਾਲਾ ਦੀ ਵਿਧਵਾ ਮੁਖਤਿਆਰ ਕੌਰ ਦੇ ਘਰ ਵੀ ਵਾਰ ਵਾਰ ਸੱਥਰ ਵਿਛੇ ਹਨ। ਬਠਿੰਡਾ ਜਿਲ•ੇ ਵਿਚ ਤਾਂ ਸਾਲ 2000 ਤੋਂ 2008 ਤੱਕ 137 ਔਰਤਾਂ ਨੇ ਵੀ ਖੁਦਕੁਸ਼ੀ ਕੀਤੀ ਹੈ। 
                   ਪਲਸ ਮੰਚ ਦੇ ਸੀਨੀਅਰ ਆਗੂ ਅਮੋਲਕ ਸਿੰਘ ਦਾ ਪ੍ਰਤੀਕਰਮ ਸੀ ਕਿ ਹਕੂਮਤ ਦਿੱਲੀ ਵਿਚ ਗਜੇਂਦਰ ਦੇ ਚਲੇ ਜਾਣ ਤੇ ਮਗਰਮੱਛ ਦੇ ਹੰਝੂ ਵਹਾ ਰਹੀ ਹੈ ਜਦੋਂ ਕਿ ਪੰਜਾਬ ਦੀ ਕਪਾਹ ਪੱਟੀ ਵਿਚ ਹਜ਼ਾਰਾਂ ਗਜੇਂਦਰ ਤੁਰ ਗਏ ਹਨ, ਕਿਸੇ ਨੇ ਉਨ•ਾਂ ਪ੍ਰਵਾਰਾਂ ਦੀ ਬਾਂਹ ਨਹੀਂ ਫੜੀ। ਉਨ•ਾਂ ਆਖਿਆ ਕਿ ਸਰਕਾਰ ਹਕੀਕਤ ਵਿਚ ਕਿਸਾਨੀ ਲਈ ਹੰਭਲਾ ਮਾਰੇ, ਇਕੱਲੇ ਦਮਗਜੇ ਨਹੀਂ।
       

No comments:

Post a Comment