Sunday, April 5, 2015

                                       ਤੰਗੀ ਤੁਰਸ਼ੀ
                     ਜੇਲ੍ਹਾਂ ਦੇ ਖੇਤ ਵੀ ਵਿਕ ਗਏ...
                                      ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਮਾਲੀ ਸੰਕਟ ਕਾਰਨ ਹੁਣ ਜੇਲ੍ਹਾਂ ਦੇ ਖੇਤੀ ਬਗੀਚੇ ਵੀ ਵਿਕਣ ਲੱਗੇ ਹਨ। ਜੇਲ੍ਹਾਂ ਵਿੱਚ ਦਹਾਕਿਆਂ ਤੋਂ ਖੇਤੀ ਹੁੰਦੀ ਆਖਰੀ ਸਾਹ ਲੈ ਰਹੀ ਹੈ। ਜੇਲ੍ਹਾਂ ਵਿੱਚ ਸਬਜ਼ੀ ਦੀ ਲੋੜ ਇਨ੍ਹਾਂ ਖੇਤਾਂ ਵਿਚੋਂ ਕਾਫੀ ਹੱਦ ਤੱਕ ਪੂਰੀ ਹੋ ਜਾਂਦੀ ਸੀ ਪਰ ਹੁਣ ਜੇਲ੍ਹਾਂ ਦੀ ਜ਼ਮੀਨ ਵਿੱਚ ਸਬਜ਼ੀਆਂ ਦੀ ਥਾਂ ਕਲੋਨੀਆਂ ਉੱਗਣ ਲੱਗੀਆਂ ਹਨ। ਜੇਲ੍ਹ ਵਿਭਾਗ ਨੇ ਕਿਸੇ ਵੇਲੇ ਖੇਤੀ ਕਰਨ ਵਾਸਤੇ ਬਕਾਇਦਾ ਖੇਤੀ ਸੰਦ ਵਗੈਰਾ ਖਰੀਦੇ ਸਨ ਪਰ ਹੁਣ ਖੇਤੀ ਮਸ਼ੀਨਰੀ ਵੀ ਖਤਮ ਹੋ ਗਈ ਹੈ ਅਤੇ ਟਰੈਕਟਰ ਡਰਾੲੀਵਰਾਂ ਦੀਆਂ ਅਸਾਮੀਆਂ ਵੀ ਖਾਲ੍ਹੀ ਹਨ।ਜੇਲ੍ਹ ਵਿਭਾਗ ਪੰਜਾਬ ਤੋਂ ਆਰ.ਟੀ.ਆਈ ਤਹਿਤ ਮਿਲੀ ਜਾਣਕਾਰੀ ਕੇਂਦਰੀ ਜੇਲ੍ਹ ਬਠਿੰਡਾ ਕੋਲ 17 ਏਕੜ 2 ਕਨਾਲ ਖੇਤੀ ਵਾਲੀ ਜ਼ਮੀਨ ਹੈ, ਜਿਥੇ ਸਬਜ਼ੀਆਂ ਦੀ ਕਾਸ਼ਤ ਹੁੰਦੀ ਹੈ। ਕਰੀਬ ਦੋ ਦਰਜਨ ਕੈਦੀ ਇਥੇ ਖੇਤੀ ਕਰਦੇ ਹਨ। ਖੇਤੀ ਵਾਸਤੇ ਜੇਲ੍ਹ ਕੋਲ 1980 ਮਾਡਲ ਸਵਰਾਜ ਟਰੈਕਟਰ ਹੈ। ਇੱਕ ਹਲ, ਤਵੀਆਂ ਅਤੇ ਕਣਕ ਬੀਜਣ ਵਾਲੀ ਮਸ਼ੀਨ ਹੈ। ਹੁਣ ਸਰਕਾਰ ਨੇ ਸਮੇਤ ਜੇਲ੍ਹ ਕਰੀਬ 31 ਏਕੜ ਜ਼ਮੀਨ ਪੂਡਾ ਹਵਾਲੇ ਕਰ ਦਿੱਤੀ ਹੈ, ਜਿਥੇ ਕਲੋਨੀ ਕੱਟੀ ਜਾਣੀ ਹੈ।
                     ਬਠਿੰਡਾ ਤੋਂ ਬਾਹਰ ਗੋਬਿੰਦਪੁਰਾ ਵਿੱਚ ਨਵੀਂ ਜੇਲ੍ਹ ਬਣ ਰਹੀ ਹੈ। ਕੇਂਦਰੀ ਜੇਲ੍ਹ ਫਿਰੋਜ਼ਪੁਰ ਕੋਲ ਹੁਣ ਖੇਤੀ ਜੋਗੀ ਜ਼ਮੀਨ ਨਹੀਂ ਬਚੀ ਹੈ। ਪਹਿਲਾਂ ਇਥੇ 62 ਏਕੜ ਜ਼ਮੀਨ ਸੀ। ਸਰਕਾਰ ਨੇ ਜੇਲ੍ਹ ਦੀ ਕਰੀਬ 21 ਏਕੜ ਜ਼ਮੀਨ ਪੁੱਡਾ ਨੂੰ ਤਬਦੀਲ ਕਰ ਦਿੱਤੀ ਸੀ, ਜਿਸ ਵੱਲੋਂ ਕਲੋਨੀ ਕੱਟ ਦਿੱਤੀ ਗਈ ਹੈ। ਕੇਂਦਰੀ ਜੇਲ੍ਹ ਪਟਿਆਲਾ ਵੱਲੋਂ ਸਿਰਫ 35 ਏਕੜ ਜ਼ਮੀਨ ਵਿੱਚ ਖੇਤੀ ਕੀਤੀ ਜਾ ਰਹੀ ਹੈ। ਇਸ ਇਸ ਤੋਂ ਇਲਾਵਾ ਜੇਲ੍ਹ ਦੀ 35 ਏਕੜ ਖੇਤੀ ਜ਼ਮੀਨ ਵਿੱਚ ਮਿੰਨੀ ਸਕੱਤਰੇਤ ਅਤੇ ਇੱਕ ਆਲੀਸ਼ਾਨ ਪ੍ਰਾਈਵੇਟ ਕਲੋਨੀ ਬਣ ਗਈ ਹੈ। ਜੇਲ੍ਹ ਸੁਪਰਡੈਂਟ ਗੁਰਦੀਪ ਸਿੰਘ ਪੰਨੂ ਨੇ ਦੱਸਿਆ ਕਿ ਖੇਤੀ ਜ਼ਮੀਨ ਵਿਚੋਂ ਕਣਕ ਤੇ ਝੋਨੇ ਦੀ ਪੈਦਾਵਾਰ ਹੁੰਦੀ ਹੈ, ਜਿਸ ਦੀ ਰਾਸ਼ੀ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਾਈ ਜਾਂਦੀ ਹੈ। ਜ਼ਿਲ੍ਹਾ ਜੇਲ੍ਹ ਸੰਗਰੂਰ ਦੇ ਕਰੀਬ 10 ਏਕੜ ਰਕਬੇ ਵਿਚੱ ਖੇਤੀ ਹੁੰਦੀ ਹੈ। ਫਰੀਦਕੋਟ ਦੀ ਪੁਰਾਣੀ ਜੇਲ੍ਹ ਦੀ ਜਾਇਦਾਦ ਵੇਚ ਦਿੱਤੀ ਗਈ ਹੈ ਅਤੇ ਮਾਡਰਨ ਜੇਲ੍ਹ ਬਣ ਗਈ ਹੈ। ਹੁਣ ਇਥੇ ਖੇਤੀ ਯੋਗ ਜ਼ਮੀਨ ਨਹੀਂ ਬਚੀ ਹੈ।
                     ਇਸੇ ਤਰ੍ਹਾਂ ਕੇਂਦਰੀ ਜੇਲ੍ਹ ਅੰਮ੍ਰਿ੍ਤਸਰ ਕੋਲ ਕਰੀਬ 90 ਏਕੜ ਜ਼ਮੀਨ ਹੈ, ਜਿਸ ਦਾ ਕੁਝ ਹਿੱਸਾ ਪਹਿਲਾਂ ਪੁੱਡਾ ਨੂੰ ਤਬਦੀਲ ਕਰ ਦਿੱਤਾ ਗਿਆ ਸੀ। ਹੁਣ ਜੇਲ੍ਹ ਦੀ 13 ਏਕੜ 5 ਕਨਾਲ ਜ਼ਮੀਨ ਵਿੱਚ ਕਣਕ ਅਤੇ ਸਬਜ਼ੀਆਂ ਦੀ ਪੈਦਾਵਾਰ ਹੋ ਰਹੀ ਹੈ। ਸੂਤਰਾਂ ਅਨੁਸਾਰ ਪੁਰਾਣੀ ਜੇਲ੍ਹ ਵੀ ਪੁੱਡਾ ਕੋਲ ਚਲੀ ਗਈ ਹੈ ਅਤੇ ਅਗਸਤ ਮਹੀਨੇ ਵਿੱਚ ਨਵੀਂ ਜੇਲ੍ਹ ਵਿੱਚ ਸਭ ਤਬਦੀਲ ਹੋ ਜਾਣੇ ਹਨ। ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਬਾਹਰਲੇ ਬਗੀਚੇ ਦੀ ਕਰੀਬ 12 ਏਕੜ ਜ਼ਮੀਨ ਪੁੱਡਾ ਨੂੰ ਤਬਦੀਲ ਕਰ ਦਿੱਤੀ ਗਈ ਹੈ, ਜਿਥੇ ਪਲਾਂਟ ਕੱਟ ਦਿੱਤੇ ਗਏ ਸਨ। ਹੁਣ ਸਿਰਫ 4 ਏਕੜ ਰਕਬੇ ਵਿਚ ਖੇਤੀ ਹੁੰਦੀ ਹੈ। ਕਪੂਰਥਲਾ ਜੇਲ੍ਹ ਦਾ ਵੀ ਖੇਤੀ ਬਗੀਚਾ ਖਤਮ ਹੋ ਗਿਆ ਹੈ। ਜਿਲ੍ਹਾ ਜੇਲ੍ਹ ਨਾਭਾ ਵੱਲੋਂ 13 ਏਕੜ 12 ਮਰਲੇ ਰਕਬੇ ਵਿੱਚ, ਹੁਸ਼ਿਆਰਪੁਰ ਜੇਲ੍ਹ ਵੱਲੋਂ 2 ਏਕੜ ਰਕਬੇ ਵਿੱਚ ਅਤੇ ਕੇਂਦਰੀ ਜੇਲ੍ਹ ਲੁਧਿਆਣਾ ਵੱਲੋਂ 8 ਏਕੜ ਰਕਬੇ ਵਿਚ ਖੇਤੀ ਕੀਤੀ ਜਾ ਰਹੀ ਹੈ। ਜੇਲ੍ਹ ਗਾਰਦ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕੁਮਾਰ ਨੇ ਆਖਿਆ ਕਿ ਇਸ ਜ਼ਮੀਨ ਨਾਲ ਜਿਥੇ ਲੋੜਾਂ ਪੂਰੀਆਂ ਹੁੰਦੀਆਂ ਸਨ, ੳੁਥੇ ਬੰਦੀਆਂ ਨੂੰ ਵੀ ਖੁੱਲ੍ਹੇ ਵਾਤਾਵਰਨ ਵਿੱਚ ਕੰਮ ਕਰਨ ਦਾ ਮੌਕਾ ਮਿਲਦਾ ਸੀ।
                    ਵੇਰਵਿਆਂ ਅਨੁਸਾਰ ਪੰਜਾਬ ਦੀ ਇਕੱਲੀ ਖੁੱਲ੍ਹੀ ਜੇਲ੍ਹ ਨਾਭਾ ਹੈ, ਜਿਥੇ 64 ਏਕੜ ਰਕਬੇ ਵਿੱਚ ਖੇਤੀ ਹੁੰਦੀ ਹੈ। ਇਥੇ 96 ਕੈਦੀ ਖੇਤੀ ਦਾ ਕੰਮ ਕਰਦੇ ਹਨ। ਇੱਥੇ ਤਿੰਨ ਟਰੈਕਟਰ, ਦੋ ਟਰਾਲੀਆਂ ਤੇ ਖੇਤੀ ਦਾ ਹੋਰ ਸਾਮਾਨ ਹੈ। ਸਬ ਜੇਲ੍ਹ ਮੁਕਤਸਰ ਕੋਲ 2 ਏਕੜ 7 ਕਨਾਲ ਅਤੇ ਸਬ ਜੇਲ ਬਰਨਾਲਾ ਕੋਲ 5 ਏਕੜ 6 ਕਨਾਲ ਖੇਤੀ ਜ਼ਮੀਨ ਹੈ, ਜਿਥੇ ਖੇਤੀ ਹੋ ਰਹੀ ਹੈ। ਮਲੇਰਕੋਟਲਾ ਦੀ ਸਬ ਜੇਲ੍ਹ ਕੋਲ ਤਾਂ ਸਿਰਫ 2 ਬਿਘੇ ਜ਼ਮੀਨ ਹੀ ਹੈ। ਬਠਿੰਡਾ ਜੇਲ੍ਹ ਦੇ ਡਿਪਟੀ ਸੁਪਰਡੈਂਟ ਮਨਜੀਤ ਸਿੰਘ ਨੇ ਆਖਿਆ ਕਿ ਚੰਗੇ ਚਰਿੱਤਰ ਦੇ ਕੈਦੀਆਂ ਕੋਲੋਂ ਖੇਤੀ ਦਾ ਕੰਮ ਲਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਥੇ ਸਬਜ਼ੀਆਂ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਕਾਫੀ ਲੋੜ ਪੂਰੀ ਵੀ ਹੁੰਦੀ ਹੈ। ਸੂਤਰ ਆਖਦੇ ਹਨ ਕਿ ਪੰਜਾਬ ਦੇ ਮਾਲੀ ਸੰਕਟ ਅਤੇ ਆਧੁਨਿਕ ਸਮੇਂ ਨੇ ਜੇਲ੍ਹਾਂ ਦੇ ਰਵਾਇਤੀ ਖੇਤੀ ਪ੍ਰਬੰਧ ਨੂੰ ਵੀ ਸੱਟ ਮਾਰ ਦਿੱਤੀ ਹੈ।
                                      ਜੇਲ੍ਹਾਂ ਵਿੱਚ ਸਬਜ਼ੀਆਂ ਦੀ ਕਾਸ਼ਤ ਹੁੰਦੀ ਹੈ: ਏਡੀਜੀਪੀ
ਏ.ਡੀ.ਜੀ.ਪੀ (ਜੇਲ੍ਹਾਂ) ਰਾਜਪਾਲ ਮੀਨਾ ਨੇ ਆਖਿਆ ਕਿ ਜਿੜੀਆਂ ਜੇਲ੍ਹਾਂ ਕੋਲ ਇਸ ਵੇਲੇ ਖੇਤੀ ਜ਼ਮੀਨ ਹੈ, ਉਥੇ ਸਬਜ਼ੀਆਂ ਵਗੈਰਾ ਦੀ ਪੈਦਾਵਾਰ ਹੁੰਦੀ ਹੈ। ਜਿਹੜੇ ਕੈਦੀ ਖੇਤੀ ਦੇ ਕੰਮ ਵਿੱਚ ਲਗਾਏ ਜਾਂਦੇ ਹਨ, ਉਨ੍ਹਾਂ ਨੂੰ ਬਦਲੇ ਵਿੱਚ ਮਿਹਨਤਾਨਾ ਦਿੱਤਾ ਜਾਂਦਾ ਹੈ। ਉਨ੍ਹਾਂ ਕੋਈ ਹੋਰ ਟਿੱਪਣੀ ਨਾ ਕੀਤੀ।

No comments:

Post a Comment