Saturday, March 28, 2015

                              ਨਵਾਂ ਮੋਰਚਾ
     ਅਕਾਲੀਆਂ ਦੀ ਨੂੰਹ ਸ਼ਰਾਬ ਦੀ ਠੇਕੇਦਾਰ
                              ਚਰਨਜੀਤ ਭੁੱਲਰ
ਬਠਿੰਡਾ : ਮਾਲਵਾ ਖਿੱਤੇ ਵਿੱਚ ਐਤਕੀਂ ਸ਼ਰਾਬ ਦੇ ਠੇਕਿਆਂ 'ਤੇ ਕਈ ਸਿਆਸੀ ਧਨੰਤਰਾਂ ਦੇ ਦੋਵੇਂ ਹੱਥ ਲੱਡੂ ਰਹੇ ਜਦਕਿ ਕੁਝ ਸਿਆਸੀ ਖਿਡਾਰੀ ਪੁਰਾਣਾ ਜਲਵਾ ਨਾ ਦਿਖਾ ਸਕੇ। ਹਾਲਾਂਕਿ ਇਨ੍ਹਾਂ ਆਗੂਆਂ ਨੇ ਵੱਡੀ ਗਿਣਤੀ ਵਿੱਚ ਅਰਜ਼ੀਆਂ ਦਿੱਤੀਆਂ ਸਨ। ਹੋਰ ਤਾਂ ਹੋਰ ਇਸ ਵਾਰ ਕੁਝ ਸਿਆਸੀ ਆਗੂਆਂ ਨੇ ਲੁਕਵੇਂ ਰੂਪ ਵਿੱਚ ਕਾਰੋਬਾਰ ਕੀਤਾ ਹੈ। ਬਦਨਾਮੀ ਦੇ ਡਰੋਂ ਨਵੀਆਂ ਕੰਪਨੀਆਂ ਬਣਾ ਕੇ ਇਹ ਸਿਆਸੀ ਲੋਕ ਸ਼ਰਾਬ ਦੇ ਕਾਰੋਬਾਰ ਵਿੱਚ ਕੁੱਦੇ ਹਨ। ਮਾਲਵੇ ਵਿੱਚ ਇਸ ਵਾਰ ਅਬੋਹਰ ਦੇ ਡੋਡਾ ਪਰਿਵਾਰ ਦੀ ਤੂਤੀ ਬੋਲ ਰਹੀ ਹੈ ਜਦਿਕ ਅਕਾਲੀ ਵਿਧਾਇਕ ਦੀਪ ਮਲਹੋਤਰਾ ਨੂੰ ਵੱਡਾ ਝਟਕਾ ਲੱਗਾ ਹੈ। ਸ਼ਿਵ ਲਾਲ ਡੋਡਾ ਅਬੋਹਰ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਵਜੋਂ ਵਿਚਰ ਰਹੇ ਹਨ। ਬਠਿੰਡਾ ਜ਼ਿਲ੍ਹੇ ਵਿੱਚ ਅੱਜ ਸੱਤ ਸਰਕਲਾਂ ਦੀ ਲਾਟਰੀ ਵਿਧੀ ਰਾਹੀਂ ਠੇਕਿਆਂ ਦੀ ਅਲਾਟਮੈਂਟ ਹੋਈ। ਕਰ ਅਤੇ ਆਬਕਾਰੀ ਮਹਿਕਮੇ ਦੇ ਜੁਆਇੰਟ ਕਮਿਸ਼ਨਰ ਜਸਪਾਲ ਗਰਗ ਅਤੇ ਏਡੀਸੀ ਸੁਮਿਤ ਕੁਮਾਰ ਅਬਜ਼ਰਵਰ ਵਜੋਂ ਪੁੱਜੇ ਹੋਏ ਸਨ। ਵਿਭਾਗ ਦੇ ਅਧਿਕਾਰੀ ਆਰਐਸ ਰੋਮਾਣਾ ਨੇ ਦੱਸਿਆ ਕਿ ਜ਼ਿਲ੍ਹੇ ਦੇ 519 ਠੇਕੇ ਲਾਟਰੀ ਰਾਹੀਂ 200.70 ਕਰੋੜ ਰੁਪਏ ਵਿੱਚ ਅਲਾਟ ਕਰ ਦਿੱਤੇ ਗਏ ਹਨ।
                      ਵੇਰਵਿਆਂ ਅਨੁਸਾਰ ਬਠਿੰਡਾ ਜ਼ਿਲ੍ਹੇ ਵਿਚ ਸ਼ਿਵ ਲਾਲ ਡੋਡਾ ਅਤੇ ਮਹਿਤਾ ਗਰੁੱਪ ਦੀ ਹਿੱਸੇਦਾਰੀ ਵਾਲੀਆਂ ਫਰਮਾਂ ਦੀ ਇਜਾਰੇਦਾਰੀ ਕਾਇਮ ਹੋ ਗਈ ਹੈ। ਸਾਲ 2012 ਵਿੱਚ ਹੋੲੀਆਂ ਅਸੈਂਬਲੀ ਚੋਣਾਂ ਦੌਰਾਨ ਹਾਰਨ ਵਾਲੇ ਅਕਾਲੀ ਆਗੂ ਦੀ ਨੂੰਹ ਜਸਕਿੰਦਰ ਕੌਰ ਇਸ ਵਾਰ 131 ਸ਼ਰਾਬ ਦੇ ਠੇਕਿਆਂ ਨੂੰ ਚਲਾਏਗੀ। ਉਸ ਨੂੰ ਬਠਿੰਡਾ (ਬੱਸ ਸਟੈਂਡ) ਅਤੇ ਮੌੜ ਸਰਕਲ ਦੇ ਠੇਕਿਆਂ ਦੀ ਲਾਟਰੀ ਨਿਕਲੀ ਹੈ। ਸ਼ਿਵ ਲਾਲ ਡੋਡਾ ਦੀ ਕੰਪਨੀ ਗਗਨ ਡਿਸਟਿਲਰੀਜ਼ ਨੂੰ ਬਠਿੰਡਾ (ਰੇਲਵੇ) ਸਰਕਲ ਦੀ ਲਾਟਰੀ ਨਿਕਲੀ ਹੈ।  ਇਵੇਂ ਗੋਪਾਲ ਵਾਈਨਜ਼ ਨੂੰ ਬਠਿੰਡਾ (ਕੈਨਾਲ) ਅਤੇ ਰਾਮਾਂ ਸਰਕਲ ਦੇ ਠੇਕੇ ਮਿਲੇ ਹਨ ਜਦਕਿ ਰਾਮਪੁਰਾ ਦੇ ਏ.ਬੀ.ਐਸ ਵਾਈਨਜ਼ ਅਤੇ ਬਠਿੰਡਾ (ਬੀਬੀ ਵਾਲਾ ਰੋਡ) ਸਰਕਲ ਦੇ ਠੇਕੇ ਕਮਲ ਕੁਮਾਰ ਨੂੰ ਅਲਾਟ ਹੋ ਗਏ ਹਨ। ਬਠਿੰਡਾ ਜ਼ਿਲ੍ਹੇ ਵਿੱਚ ਸ਼ਿਵ ਲਾਲ ਡੋਡਾ, ਮਹਿਤਾ ਗਰੁੱਪ ਅਤੇ ਜਸਕਿੰਦਰ ਕੌਰ ਨੇ ਮਿਲ ਕੇ ਇਜਾਰੇਦਾਰੀ ਕਾਇਮ ਕਰ ਲਈ ਹੈ। ਦੋ ਸਰਕਲਾਂ ਵਾਲੀ ਕੰਪਨੀ ਵਿੱਚ ਦੂਰੋਂ ਨੇੜਿਓਂ ਦੀਪ ਮਲਹੋਤਰਾ ਨਾਲ ਤਾਰ ਜੁੜਦੇ ਹਨ।ਜ਼ਿਲ੍ਹਾ ਫਰੀਦਕੋਟ ਵਿੱਚ ਅਕਾਲੀ ਵਿਧਾਇਕ ਦੀਪ ਮਲਹੋਤਰਾ ਨੂੰ ਝਟਕਾ ਲੱਗਾ ਹੈ। ਜ਼ਿਲ੍ਹੇ ਦੇ 8 ਸਰਕਲਾਂ ਵਿਚੋਂ ਦੀਪ ਮਲਹੋਤਰਾ ਦੀ ਫਰਮ ਗੌਰਵ ਮਲਹੋਤਰਾ ਐਂਡ ਕੰਪਨੀ ਦੇ ਹੱਥ ਫਰੀਦਕੋਟ ਸਿਟੀ ਵਨ ਦੇ ਠੇਕੇ ਲੱਗੇ ਹਨ।
                      ਉਨ੍ਹਾਂ ਦੇ ਹੱਥੋਂ ਕੋਟਕਪੂਰਾ ਦੇ ਠੇਕੇ ਨਿਕਲ ਗਏ ਹਨ, ਜਿਨ੍ਹਾਂ 'ਤੇ ਉਨ੍ਹਾਂ ਦਾ ਪਿਛਲੇ ਤਿੰਨ ਵਰ੍ਹਿਆਂ ਤੋਂ ਕਬਜ਼ਾ ਸੀ। ਸ਼ਰਾਬ ਦੇ ਠੇਕੇਦਾਰ ਮਰਹੂਮ ਦਰਸ਼ਨ ਕੁਮਾਰ ਦੇ ਪਰਿਵਾਰ ਦੀ ਜੈਤੋ ਦੇ ਦੋ ਸਰਕਲਾਂ ਵਿੱਚ ਲਾਟਰੀ ਨਿਕਲੀ ਹੈ। ਫਰੀਦਕੋਟ ਵਿੱਚ ਮਹਿਤਾ ਗਰੁੱਪ ਨੂੰ ਇੱਕ ਸਰਕਲ ਵਿੱਚ ਸਫਲਤਾ ਮਿਲੀ ਹੈ।  ਐਤਕੀਂ ਮੁਕਤਸਰ ਜ਼ਿਲ੍ਹੇ 'ਚੋਂ ਵੀ ਦੀਪ ਮਲਹੋਤਰਾ ਦੀ ਕਿਸਮਤ ਜਾਗ ਨਹੀਂ ਸਕੀ। ਇਥੇ 6 ਗਰੁੱਪਾਂ 'ਚੋਂ ਬਰੀਵਾਲਾ ਸਰਕਲ ਦੀ ਲਾਟਰੀ ਦੀਪ ਮਲਹੋਤਰਾ ਦੇ ਲੜਕੇ ਗੌਰਵ ਮਲਹੋਤਰਾ ਦੀ ਨਿਕਲੀ ਹੈ ਜਦਕਿ ਬਾਕੀ ਪੰਜ ਸਰਕਲਾਂ ਤੇ ਬਲਰਾਜ ਐਂਡ ਕੰਪਨੀ ਦੀ ਇਜਾਰੇਦਾਰੀ ਕਾਇਮ ਹੈ। ਫਾਜ਼ਿਲਕਾ ਵਿੱਚ ਪੂਰੀ ਤਰ੍ਹਾਂ ਅਕਾਲੀ ਦਲ ਦੇ ਹਲਕਾ ਇੰਚਾਰਜ ਸ਼ਿਵ ਲਾਲ ਡੋਡਾ ਦਾ ਦਬਦਬਾ ਕਾਇਮ ਹੈ। ਇਥੇ ਅੱਠ ਸਰਕਲਾਂ ਵਿੱਚ ਡੋਡਾ ਪਰਿਵਾਰ ਦੀਆਂ ਕੰਪਨੀਆਂ ਦੀ ਹੀ ਲਾਟਰੀ ਨਿਕਲੀ ਹੈ। ਜ਼ਿਲ੍ਹੇ ਦੇ ਚਾਰ ਸਰਕਲਾਂ ਦੀ ਲਾਟਰੀ ਰੀਹਾਨ ਵਾਈਨਜ਼ ਨੂੰ ਨਿਕਲੀ ਹੈ ਜਦਕਿ ਡੋਡਾ ਪਰਿਵਾਰ ਦੀ ਇੱਕ ਮਹਿਲਾ ਦੀ ਕੰਪਨੀ ਸੰਜਨਾ ਵਾਈਨਜ਼ ਨੂੰ ਜਲਾਲਾਬਾਦ ਦੇ 45 ਠੇਕੇ ਮਿਲ ਗਏ ਹਨ।   ਫਿਰੋਜ਼ਪੁਰ ਵਿੱਚ ਸੱਤ ਸਰਕਲ ਸਨ, ਜਿਨ੍ਹਾਂ 'ਚੋਂ ਫਿਰੋਜ਼ਪੁਰ ਸ਼ਹਿਰ ਤੇ ਕੈਂਟ ਫਿਰੋਜ਼ਪੁਰ ਵਾਈਨ ਟ੍ਰੇਡਰਜ਼ ਨੂੰ ਅਲਾਟ ਹੋ ਗਿਆ ਹੈ।
                       ਜ਼ਿਕਰਯੋਗ ਹੈ ਕਿ ਇੱਕ ਕੰਪਨੀ ਵਿੱਚ ਇੱਕ ਸਿਆਸੀ ਆਗੂ ਦੀ ਹਿੱਸੇਦਾਰੀ ਹੈ। ਜ਼ਿਲ੍ਹਾ ਮਾਨਸਾ ਵਿੱਚ 9 ਸਰਕਲ ਸਨ, ਜਿਨ੍ਹਾਂ ਵਾਸਤੇ 200 ਔਰਤਾਂ ਵੀ ਮੈਦਾਨ ਵਿੱਚ ਕੁੱਦੀਆਂ ਸਨ ਪਰ ਕਿਸੇ ਦੀ ਕਿਸਮਤ ਚਮਕੀ। ਇਥੇ ਵੀ ਆਮ ਸ਼ਰਾਬ ਕਾਰੋਬਾਰੀ ਦੇ ਹੱਥ ਸਫਲਤਾ ਲੱਗੀ ਹੈ। ਇਸ ਜ਼ਿਲ੍ਹੇ ਵਿੱਚ 290 ਠੇਕੇ ਹਨ, ਜਿਨ੍ਹਾਂ ਵਾਸਤੇ 2270 ਦਰਖਾਸਤਾਂ ਆੲੀਆਂ ਸਨ। ਜ਼ਿਲ੍ਹਾ ਬਰਨਾਲਾ ਵਿੱਚ ਛੇ ਗਰੁੱਪਾਂ ਦੀ ਲਾਟਰੀ ਰਾਹੀਂ ਅਲਾਟਮੈਂਟ ਹੋਈ ਹੈ, ਜਿਸ ਵਿੱਚ ਦੇ ਠੇਕਿਆਂ ਦੀ ਲਾਟਰੀ ਡੋਡਾ ਪਰਿਵਾਰ ਦੀ ਫਰਮ ਦੀ ਨਿਕਲੀ ਹੈ।ਜ਼ਿਲ੍ਹਾ ਮੋਗਾ ਵਿੱਚ ਮੋਗਾ ਸਿਟੀ ਵਾਈਨਜ਼ ਕਾਬਜ਼ ਹੋ ਗਿਆ ਹੈ। ਜ਼ਿਲ੍ਹਾ ਦੇ ਪੰਜ ਸਰਕਲਾਂ 'ਚੋਂ ਤਿੰਨ ਸਰਕਲਾਂ ਤੇ ਮੋਗਾ ਸਿਟੀ ਵਾਈਨਜ਼ ਦੀ ਲਾਟਰੀ ਨਿਕਲੀ ਹੈ, ਜਿਨ੍ਹਾਂ ਦੀ ਅਗਵਾਈ ਲੁਧਿਆਣੇ ਦਾ ਛਾਬੜਾ ਪਰਿਵਾਰ ਕਰਦਾ ਹੈ। ਸੂਤਰਾਂ ਅਨੁਸਾਰ ਸਿਆਸੀ ਆਗੂਆਂ ਨੇ ਐਤਕੀਂ ਸਿੱਧੇ ਤੌਰ 'ਤੇ ਮੈਦਾਨ ਵਿੱਚ ਆਉਣ ਤੋਂ ਪਾਸਾ ਵੱਟਿਆ ਹੈ ਪਰ ਨਵੀਆਂ ਕੰਪਨੀਆਂ ਵਿੱਚ ਆਪਣੇ ਬੇਨਾਮੀ ਹਿੱਸੇਦਾਰੀ ਜ਼ਰੂਰ ਰੱਖੀ ਹੈ। ਪਹਿਲੀ ਅਪਰੈਲ ਨੂੰ ਹੁਣ ਨਵੇਂ ਕਾਰੋਬਾਰੀ ਆਪਣੇ ਠੇਕਿਆਂ ਦੇ ਬੂਹੇ ਖੋਲ੍ਹਣਗੇ।

No comments:

Post a Comment