Wednesday, March 18, 2015

                                ਮੋਦੀ ਸਾਹਿਬ
                 ਸਾਡੇ ਵੀ ਮਨ ਦੀ ਸੁਣ ਲਵੋ
                          ਚਰਨਜੀਤ ਭੁੱਲਰ
ਬਠਿੰਡਾ : ਜ਼ਿਲ੍ਹੇ ਦੇ ਪਿੰਡ ਅਕਲੀਆ (ਜਲਾਲ) ਦੀ ਵਿਧਵਾ ਗੁਰਮੇਲ ਕੌਰ ਕੋਲ ਸਿਰਫ਼ ਇੱਕ ਉਮੀਦ ਹੀ ਬਚੀ ਹੈ ਕਿ ਮੋਦੀ ਸਾਹਿਬ ੳੁਸ ਦੇ ਮਨ ਦੀ ਗੱਲ ਸੁਣਨਗੇ। ੳੁਸ ਕੋਲ ਨਾ ਪੈਲੀ ਰਹੀ ਤੇ ਨਾ ਹੀ ਘਰ-ਬਾਰ। ਟਰੈਕਟਰ ਵੀ ਵਿਕ ਗਿਆ ਤੇ ਪਸ਼ੂ ਵੀ ਵੇਚਣੇ ਪੈ ਗਏ। ਕਰਜ਼ੇ ਦੀ ਪੰਡ ਭਾਰੀ ਹੁੰਦੀ ਗਈ ਤੇ ਜ਼ਿੰਦਗੀ ਕੱਖੋਂ ਹੌਲੀ ਹੋ ਗਈ। ਜਦੋਂ ਖੇਤਾਂ ਦਾ ਵਾਰਸ ਖ਼ੁਦਕੁਸ਼ੀ ਕਰ ਗਿਆ ਤਾਂ ਉਦੋਂ ਹੀ ਘਰ ਦੀ ਬਰਕਤ ਰੁੱਸ ਗਈ। ਜਦੋਂ ਖੇਤ ਹੀ ਨਹੀਂ ਰਹੇ ਤਾਂ ਇਹ ਬਿਰਧ ਔਰਤ ਨਸੀਬ ਕਿੱਥੋਂ ਫਰੋਲੇ। ਉਸ ਦੇ ਦੋ ਲੜਕੇ ਹੁਣ ਦਿਹਾੜੇ ਕਰਦੇ ਹਨ। ਉਸ ਦੇ ਹੰਝੂਆਂ ਦੀ ਰਮਜ਼ ਕੋਈ ਸਰਕਾਰ ਸਮਝ ਨਹੀਂ ਸਕੀ ਹੈ। ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਦੇ ਦਿਲ ਦੀ ਗੱਲ ਸੁਣਨਗੇ, ਜੋ 22 ਮਾਰਚ ਨੂੰ ਮਨ ਕੀ ਬਾਤ ਪ੍ਰੋਗਰਾਮ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਨਗੇ। ਪੰਜਾਬ ਦੇ ਖੇਤਾਂ ਨੂੰ ਹੁਣ ਸ੍ਰੀ ਮੋਦੀ ਤੋਂ ਇੱਕ ਆਸ ਬੱਝੀ ਹੈ। ਕਿਸਾਨ ਆਖਦੇ ਹਨ ਕਿ ਨਰਿੰਦਰ ਮੋਦੀ ਆਪਣੀ 23 ਮਾਰਚ ਦੀ ਪੰਜਾਬ ਫੇਰੀ ਮੌਕੇ ਉਨ੍ਹਾਂ ਲਈ ਕੁਝ ਲੈ ਕੇ ਆਉਣਗੇ। ਇਕੱਲੇ ਭਰੋਸੇ ਹੁਣ ਢਿੱਡ ਨਹੀਂ ਭਰਦੇ।        
                       ਮੋਗਾ ਜ਼ਿਲ੍ਹੇ ਦੇ ਪਿੰਡ ਸੈਦੋਕੇ ਦੇ ਕਿਸਾਨ ਅਜਾਇਬ ਸਿੰਘ ਦੇ ਸੁੰਨੇ ਘਰ ਦੇ ਬੂਹੇ 'ਤੇ ਜਿੰਦਰਾ ਲਟਕ ਰਿਹਾ ਹੈ। ਕਦੇ ਇਸ ਕਿਸਾਨ ਦੇ ਘਰ ਦੀ ਸਬਾਤ ਨਰਮੇ-ਕਪਾਹ ਨਾਲ ਭਰਦੀ ਹੁੰਦੀ ਸੀ। ਕਿਸਾਨ ਅਜਾਇਬ ਸਿੰਘ ਇਸ ਜਹਾਨੋਂ ਚਲਿਆ ਗਿਆ। ਖੇਤੀ ਸੰਕਟ ਵਿੱਚ ਢਾਈ ਏਕੜ ਜ਼ਮੀਨ ਵੀ ਸ਼ਾਹੂਕਾਰਾਂ ਦੇ ਨਾਮ ਬੋਲਣ ਲੱਗ ਪਈ ਹੈ।  ਕਿਸਾਨ ਦੋ ਪੁੱਤਰ ਬਿੰਦਰ ਸਿੰਘ ਤੇ ਬੰਸ ਸਿੰਘ ਖ਼ੁਦਕੁਸ਼ੀ ਦੇ ਰਾਹ ਚਲੇ ਗਏ। ਤੀਜੇ ਲੜਕੇ ਦੇ ਕਤਲ ਹੋ ਗਿਆ ਤੇ ਚੌਥਾ ਲੜਕਾ ਸੜਕ ਹਾਦਸੇ ਵਿੱਚ ਮਾਰਿਆ ਗਿਆ। ਕਿਸਾਨ ਦੀ ਪਤਨੀ ਦਲੀਪ ਕੌਰ ਨੂੰ ਕੈਂਸਰ ਨੇ ਰੁਖ਼ਸਤ ਕਰ ਦਿੱਤਾ। ਅਜਾਇਬ ਸਿੰਘ ਦਾ ਭਰਾ ਕਿਸਾਨ ਬਲਦੇਵ ਸਿੰਘ ਦੱਸਦਾ ਹੈ ਕਿ ਕਿਸੇ ਨੇ ਪਰਿਵਾਰ ਦੀ ਬਾਂਹ ਨਹੀਂ ਫੜੀ ਤੇ ਆਖ਼ਰ ਮੌਤ ਨੇ ਪੂਰੇ ਪਰਿਵਾਰ ਨੂੰ ਗਲੇ ਲਾ ਲਿਆ। ਇਵੇਂ ਜ਼ਿਲ੍ਹਾ ਮੁਕਤਸਰ ਦੇ ਪਿੰਡ ਦੋਦਾ ਦੇ ਕਿਸਾਨ ਹਜ਼ਾਰਾ ਸਿੰਘ ਦੇ ਪਰਿਵਾਰ ਨਾਲ ਹੋਈ ਹੈ। ਪੰਜਾਹ-ਪੰਜਾਹ ਏਕੜ ਜ਼ਮੀਨ ਠੇਕੇ 'ਤੇ ਲੈਣ ਵਾਲੇ ਇਸ ਪਰਿਵਾਰ ਦੀ ਜੱਦੀ-ਪੁਸ਼ਤੀ 15 ਏਕੜ ਜ਼ਮੀਨ ਵੀ ਹੱਥੋਂ ਨਿਕਲ ਗਈ ਹੈ। ਹਜ਼ਾਰਾ ਸਿੰਘ ਦੇ ਦੋ ਲੜਕੇ ਖ਼ੁਦਕੁਸ਼ੀ ਕਰ ਗਏ ਹਨ ਤੇ ਇੱਕ ਪੋਤਾ ਦਿਹਾੜੀ ਕਰਦਾ ਹੈ।
                     ਹਜ਼ਾਰਾ ਸਿੰਘ ਦੀ ਨੂੰਹ ਵਿਧਵਾ ਸ਼ਿੰਦਰ ਕੌਰ ਹੁਣ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰ ਰਹੀ ਹੈ। ਉਸ ਦੀ ਤਾਂ ਹੁਣ ਆਸ ਵੀ ਬੁਝ ਚੁੱਕੀ ਹੈ। ਮਾਨਸਾ ਦੇ ਪਿੰਡ ਦਿਆਲਪੁਰਾ ਦਾ ਕਿਸਾਨ ਗੁਰਦੇਵ ਸਿੰਘ, ਜੋ ਕਦੇ ਖੇਤਾਂ ਦਾ ਮਾਲਕ ਹੁੰਦਾ ਸੀ, ਹੁਣ ਇੱਕ ਚੌਲ ਮਿੱਲ ਦਾ ਚੌਕੀਦਾਰ ਹੈ। ਸਰਕਾਰ ਵੇਲੇ ਸਿਰ ਜਾਗ ਪੈਂਦੀ ਤਾਂ ਅੱਜ ਗੁਰਦੇਵ ਸਿੰਘ ਨੂੰ ਆਹ ਦਿਨ ਨਾ ਵੇਖਣੇ ਪੈਂਦੇ। ਇਸੇ ਪਿੰਡ ਦਾ ਕਿਸਾਨ ਗੁਰਤੇਜ ਸਿੰਘ ਹੁਣ ਬਰੇਟਾ ਮੰਡੀ ਦੇ ਲੇਬਰ ਚੌਕ ਵਿੱਚ ਖੜ੍ਹਦਾ ਹੈ। ਮੁਕਤਸਰ ਦੇ ਪਿੰਡ ਥੇੜੀ ਭਾਈ ਦਾ ਮੁਖਤਿਆਰ ਸਿੰਘ ਜੋ ਅੱਖਾਂ ਤੋਂ ਅੰਨ੍ਹਾ ਹੋ ਗਿਆ ਹੈ। ਦੋ ਪੁੱਤ ਖੇਤਾਂ ਦੇ ਰੁਸੇਵੇਂ ਨੇ ਖੋਹ ਲਏ ਹਨ। ਉਸ ਨੂੰ ਆਪਣੇ ਦੁੱਖ ਪੂਰੀ ਤਰ੍ਹਾਂ ਦਿਖਦੇ ਹਨ। ਉਹ ਆਖਦਾ ਹੈ ਕਿ ਮੋਦੀ ਸਾਹਿਬ ੳੁਸਨੂੰ ਮੁਆਵਜ਼ਾ ਹੀ ਦੇ ਦੇਣ। ਪੰਜਾਬ ਦਾ ਕਿਸਾਨ ਸਾਲ 1992 ਤੋਂ ਕਰਜ਼ੇ ਦੀ ਜਕੜ ਵਿੱਚ ਹੈ। ਖਾਸ ਕਰਕੇ ਕਪਾਹ ਪੱਟੀ ਦੀ ਕਿਸਾਨੀ ਨੂੰ ਵੱਡਾ ਝਟਕਾ ਲੱਗਿਆ ਹੈ। ਕੇਂਦਰੀ ਵਿੱਤ ਮੰਤਰਾਲੇ ਦੇ ਵੇਰਵੇ ਹਨ ਕਿ ਪੰਜਾਬ ਦੇ ਕਿਸਾਨਾਂ ਸਿਰ ਇਕੱਲੇ ਪਬਲਿਕ ਸੈਕਟਰ ਅਤੇ ਸਹਿਕਾਰੀ ਬੈਂਕਾਂ ਦਾ ਕਰਜ਼ਾ ਹੀ 50 ਹਜ਼ਾਰ ਕਰੋੜ ਰੁਪਏ ਹੈ। ਪੰਜਾਬ ਦੇ ਪ੍ਰਤੀ ਕਿਸਾਨ ਪਰਿਵਾਰਾਂ ਸਿਰ 3.42 ਲੱਖ ਰੁਪਏ ਦਾ ਕਰਜ਼ਾ ਹੈ।
                     ਸਹਿਕਾਰੀ ਅਤੇ ਖੇਤਰੀ ਪੇਂਡੂ ਬੈਂਕਾਂ ਦਾ ਕਰਜ਼ਾ 13738 ਕਰੋੜ ਹੈ, ਜਦੋਂਕਿ ਪਬਲਿਕ ਸੈਕਟਰ ਦੇ ਬੈਂਕਾਂ ਦਾ ਕਰਜ਼ਾ ਕਰੀਬ 47 ਹਜ਼ਾਰ ਕਰੋੜ ਰੁਪਏ ਹੈ। ਸ਼ਾਹੂਕਾਰਾਂ ਦਾ ਕਰਜ਼ਾ ਵੱਖਰਾ ਹੈ। ਪਿੰਡ ਕੋਠਾ ਗੁਰੂ ਦੀ ਸਕੂਲੀ ਬੱਚੀ ਮਨਦੀਪ ਕੌਰ ਹੁਣ ਐਤਵਾਰ ਵਾਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਨ ਕੀ ਬਾਤ ਪ੍ਰੋਗਰਾਮ ਸੁਣੇਗੀ। ਉਹ ਆਪਣੇ ਪਰਿਵਾਰ ਦਾ ਦੁੱਖ ਤੇ ਉਸ ਦਾ ਹੱਲ ਇਸ ਪ੍ਰੋਗਰਾਮ 'ਚੋਂ ਭਾਲੇਗੀ। ਜਿਸ ਦਿਨ ਇਸ ਬੱਚੀ ਦਾ ਜਨਮ ਹੋਇਆ, ਉਸ ਦਿਨ ਹੀ ਉਸ ਦੇ ਬਾਬਲ ਦੇ ਖੇਤਾਂ ਦੀ ਕਚਹਿਰੀ ਵਿੱਚ ਰਜਿਸਟਰੀ ਹੋ ਗਈ ਸੀ। ਮਾਂ ਸੁਖਵਿੰਦਰ ਕੌਰ ਕਦੇ ਆਪਣੀ ਜਵਾਨ ਧੀ ਵੱਲ ਦੇਖਦੀ ਹੈ ਤੇ ਕਦੇ ਹੱਥੋਂ ਕਿਰ ਗਈ ਜ਼ਮੀਨ ਵੱਲ ਦੇਖਦੀ ਹੈ। ਉਸ ਦੇ 10 ਤੋਲੇ ਗਹਿਣੇ ਵੀ ਸ਼ਾਹੂਕਾਰ ਲੈ ਗਿਆ ਸੀ ਤੇ ਹੁਣ ਧੀਅ ਦੇ ਹੱਥ ਪੀਲੇ ਕਰਨ ਦਾ ਫ਼ਿਕਰ ਉਸ ਦੇ ਸਿਰ 'ਤੇ ਹੈ। ਬਰਨਾਲਾ ਦੇ ਪਿੰਡ ਫਤਹਿਗੜ੍ਹ ਛੰਨਾ ਦੇ ਕਿਸਾਨ ਨਰਿੰਦਰ ਮੋਦੀ ਨੂੰ ਪੁੱਛਦੇ ਹਨ ਕਿ ਉਨ੍ਹਾਂ ਦੀ ਜ਼ਮੀਨ ਤਾਂ ਸ਼ੂਗਰ ਮਿੱਲ ਲੲੀ ਐਕੁਆਇਰ ਹੋ ਗਈ ਸੀ ਤੇ ਹੁਣ ਉਹ ਕਿਧਰ ਜਾਣ।
                    ਮਾਨਸਾ ਦੇ ਪਿੰਡ ਗੋਬਿੰਦਪੁਰਾ ਦਾ ਕਿਸਾਨ ਜੋਗਿੰਦਰ ਸਿੰਘ ਵੀ ਹੁਣ ਵਿਹਲਾ ਹੋ ਗਿਆ ਹੈ, ਕਿਉਂਕਿ ੳੁਸ ਦੀ ਪੂਰੀ ਜ਼ਮੀਨ ਤਾਪ ਬਿਜਲੀ ਘਰ ਲੲੀ ਐਕੁਆਇਰ ਹੋ ਚੁੱਕੀ ਹੈ। ਇਸੇ ਤਰ੍ਹਾਂ ਬਣਾਂਵਾਲੀ ਥਰਮਲ ਵਿੱਚ ਆਪਣੀ ਜ਼ਮੀਨ ਗੁਆ ਬੈਠੇ ਦੋ ਕਿਸਾਨਾਂ ਨੂੰ ਪੰਜਾਬ ਛੱਡਣਾ ਪੈ ਗਿਆ ਹੈ। ਹਰਿਆਣਾ ਵਿੱਚ ਖੇਤੀ ਕਰਨਾ ਉਨ੍ਹਾਂ ਦੀ ਮਜਬੂਰੀ ਬਣ ਗਿਆ ਹੈ। ਪੰਜਾਬ ਦੇ ਕਰੀਬ 4800 ਅਜਿਹੇ ਪਰਿਵਾਰ ਹਨ, ਜਿਨ੍ਹਾਂ ਦੇ ਕਮਾਊ ਜੀਅ ਖ਼ੁਦਕੁਸ਼ੀ ਕਰ ਗਏ ਹਨ। ਕਿਸਾਨ ਆਖਦੇ ਹਨ ਕਿ ਸ੍ਰੀ ਮੋਦੀ, ਇਕੱਲੀ ਮਨ ਕੀ ਬਾਤ ਨਾ ਕਰਨ, ਹਕੀਕਤ ਤੱਕ ਜਾਣ ਦੇ ਉਨ੍ਹਾਂ ਦੇ ਮਸਲਿਆਂ ਦਾ ਹੱਲ ਕਰਨ। ਕਿਸਾਨ ਧਿਰਾਂ ਦੀ ਵੀ ਅਪੀਲ ਹੈ ਕਿ ਸ੍ਰੀ ਮੋਦੀ ਜਦੋਂ ਪੰਜਾਬ ਆਉਣ ਤਾਂ ਖੇਤੀ ਲਈ ਵਿਸ਼ੇਸ਼ ਪੈਕੇਜ ਦਾ ਐਲਾਨ ਕਰਨ।

No comments:

Post a Comment