Saturday, March 14, 2015

                                   ਸ਼੍ਰੋਮਣੀ ਕਮੇਟੀ ਵਲੋਂ 
                 ਹੁਣ ਲੰਗਰ ਦੀ ਵਿਕਰੀ ਵੀ ਸ਼ੁਰੂ ?
                               ਚਰਨਜੀਤ ਭੁੱਲਰ
ਬਠਿੰਡਾ : ਕੀ ਸ੍ਰੋਮਣੀ ਕਮੇਟੀ ਨੇ ਗੁਰੂ ਕਾ ਲੰਗਰ ਵੀ ਮੁੱਲ ਵੇਚਣਾ ਸ਼ੁਰੂ ਕਰ ਦਿੱਤਾ ਹੈ। ਬਠਿੰਡਾ ਦੇ ਗੁਰਦੁਆਰਾ ਹਾਜੀ ਰਤਨ ਵਲੋਂ ਤਿੰਨ ਦਿਨਾਂ ਤੋਂ ਸਪਲਾਈ ਲੰਗਰ ਦੀ ਹਕੀਕਤ ਤੋਂ ਏਹ ਸੱਚ ਜਾਪਦਾ ਹੈ। ਸ਼੍ਰੋਮਣੀ ਕਮੇਟੀ ਦੇ ਇਸ ਗੁਰੂ ਘਰ ਦੇ ਲੰਗਰ ਵਿਚ ਤਿੰਨ ਦਿਨਾਂ ਤੋਂ ਰੋਜ਼ਾਨਾ 60 ਕਿਲੋ ਆਟੇ ਦਾ ਲੰਗਰ ਅਤੇ ਦਾਲ ਸਬਜ਼ੀ ਤਿਆਰ ਹੋ ਰਹੀ ਹੈ ਜੋ ਕਿ ਬਠਿੰਡਾ ਵਿਚ ਲੱਗੇ ਸਰਸ ਮੇਲੇ ਵਿਚ ਵਰਤਾਈ ਜਾਂਦੀ ਹੈ। ਲੰਗਰ ਦੀ ਮਰਿਆਦਾ ਸੰਗਤ ਤੇ ਪੰਗਤ ਦੀ ਗੱਲ ਕਰਦੀ ਹੈ ਅਤੇ ਲੰਗਰ ਤਿਆਰ ਹੋ ਕੇ ਗੁਰੂ ਘਰ 'ਚੋਂ ਬਾਹਰ ਨਹੀਂ ਜਾ ਸਕਦਾ ਹੈ। ਖੇਤਰੀ ਸਰਸ ਮੇਲੇ ਦੇ ਪ੍ਰਬੰਧਕਾਂ ਵਲੋਂ ਮੇਲੇ ਵਿਚ ਤਾਇਨਾਤ ਸੈਂਕੜੇ ਮੁਲਾਜ਼ਮਾਂ ਵਾਸਤੇ ਖਾਣੇ ਦਾ ਇੰਤਜ਼ਾਮ ਕਰਨ ਦਾ ਜ਼ਿੰਮਾ ਮਾਲਵਾ ਹੈਰੀਟੇਜ ਫਾਊਂਡੇਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਨੂੰ ਦਿੱਤਾ ਗਿਆ ਹੈ। ਸਰਸ ਮੇਲੇ ਦੇ ਫੰਡਾਂ 'ਚੋਂ ਰੋਜ਼ਾਨਾ ਸੱਤ ਹਜ਼ਾਰ ਰੁਪਏ ਮੁਲਾਜ਼ਮਾਂ ਦੇ ਖਾਣੇ ਵਾਸਤੇ ਸ੍ਰੀ ਖਾਲਸਾ ਨੂੰ ਦਿੱਤੇ ਜਾਂਦੇ ਹਨ। ਅੱਗੇ ਖਾਲਸਾ ਵਲੋਂ ਇਹ ਖਾਣਾ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਹਾਜੀ ਰਤਨ 'ਚੋਂ ਤਿਆਰ ਕਰਾਇਆ ਜਾਂਦਾ ਹੈ।
                     ਬਠਿੰਡਾ ਵਿਕਾਸ ਅਥਾਰਟੀ ਦੀ ਟਰੈਕਟਰ ਟਰਾਲੀ ਵਿਚ ਡਰਾੲੀਵਰ ਇੰਦਰਜੀਤ ਸਿੰਘ ਝੁੰਬਾ ਰੋਜ਼ਾਨਾ 12 ਵਜੇ ਗੁਰੂ ਘਰ 'ਚੋਂ ਇਹ ਲੰਗਰ ਮੇਲੇ ਦੇ ਪੰਡਾਲ ਦੇ ਪਿਛਵਾੜੇ ਵਿਚ ਲੈ ਕੇ ਆਉਂਦਾ ਹੈ।ਗੁਰੂ ਘਰ ਦੇ ਪ੍ਰਬੰਧਕਾਂ ਨੇ ਪਹਿਲੇ ਦੋ ਦਿਨ ਦਾਲ ਅਤੇ ਰੋਟੀ ਦੀ ਸਪਲਾਈ ਕੀਤੀ ਸੀ ਜਦੋਂ ਕਿ ਅੱਜ ਰੋਟੀ ਦੇ ਨਾਲ ਸਬਜ਼ੀ ਤਿਆਰ ਕਰਕੇ ਦਿੱਤੀ ਗਈ ਹੈ। ਧਾਰਮਿਕ ਚਿੰਤਕ ਆਖਦੇ ਹਨ ਕਿ ਗੁਰੂ ਕਾ ਲੰਗਰ ਇੱਕ ਮਰਿਆਦਾ ਦਾ ਪ੍ਰਤੀਕ ਹੈ ਅਤੇ ਲੰਗਰ ਨੂੰ ਬਾਹਰ ਨਹੀਂ ਲਿਜਾਇਆ ਜਾ ਸਕਦਾ ਹੈ। ਦਿਲਚਸਪ ਤੱਥ ਇਹ ਹਨ ਕਿ ਲੰਗਰ ਬਦਲੇ ਦਿੱਤੀ ਜਾਂਦੀ ਰਾਸ਼ੀ ਸ਼੍ਰੋਮਣੀ ਕਮੇਟੀ ਦੇ ਖਾਤੇ ਵਿਚ ਜਮ੍ਹਾ ਵੀ ਨਹੀਂ ਹੋ ਰਹੀ ਹੈ ਜਿਸ ਤੋਂ ਮਾਮਲਾ ਹੋਰ ਵੀ ਸ਼ੱਕੀ ਬਣ ਜਾਂਦਾ ਹੈ। ਪੰਜਾਬੀ ਟ੍ਰਿਬਿਊਨ ਕੋਲ ਇਨ੍ਹਾਂ ਗਤੀਵਿਧੀਆਂ ਦਾ ਸਾਰਾ ਰਿਕਾਰਡ ਹੈ। ਫਾਊਂਡੇਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਦਾ ਕਹਿਣਾ ਸੀ ਕਿ ਉਨ੍ਹਾਂ ਵਲੋਂ ਗੁਰੂ ਘਰ ਦੇ ਲੰਗਰ ਦੀ ਸੇਵਾ ਲਈ ਜਾ ਰਹੀ ਹੈ ਅਤੇ ਗੁਰੂ ਘਰ ਦੇ ਲਾਂਗਰੀ ਨੂੰ ਰੋਜ਼ਾਨਾ ਸੱਤ ਹਜ਼ਾਰ ਰੁਪਏ ਦੇ ਦਿੱਤੇ ਜਾਂਦੇ ਹਨ ਪ੍ਰੰਤੂ ਲਾਂਗਰੀ ਆਪਣੀ ਡਿਊਟੀ ਉਪਰੰਤ ਲੰਗਰ ਤਿਆਰ ਕਰਕੇ ਦਿੰਦਾ ਹੈ।
                    ਦੂਸਰੀ ਤਰਫ ਸ਼੍ਰੋਮਣੀ ਕਮੇਟੀ ਦੇ ਲੰਗਰ ਇੰਚਾਰਜ ਬਹਾਦਰ ਸਿੰਘ ਦਾ ਕਹਿਣਾ ਸੀ ਕਿ ਹਰਵਿੰਦਰ ਸਿੰਘ ਖਾਲਸਾ ਰੋਜ਼ਾਨਾ ਸ਼ਾਮ ਵਕਤ 60 ਕਿਲੋ ਆਟਾ ਅਤੇ ਰਾਸ਼ਨ ਦੇ ਜਾਂਦੇ ਹਨ ਅਤੇ ਉਹ ਲੰਗਰ ਤਿਆਰ ਕਰ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਕੁਝ ਸ਼੍ਰੋਮਣੀ ਕਮੇਟੀ ਦੀਆਂ ਮੁਲਾਜ਼ਮ ਔਰਤਾਂ ਹੁੰਦੀਆਂ ਹਨ ਅਤੇ ਕੁਝ ਖਾਲਸਾ ਜੀ ਪ੍ਰਾਈਵੇਟ ਔਰਤਾਂ ਨੂੰ ਭੇਜ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਗੈਸ ਵਗੈਰਾ ਗੁਰੂ ਘਰ ਦੀ ਹੀ ਹੁੰਦੀ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬਲਦੇਵ ਸਿੰਘ ਸਿਵੀਆ ਦਾ ਕਹਿਣਾ ਸੀ ਕਿ ਅਜਿਹਾ ਕਰਨਾ ਮਰਿਯਾਦਾ ਦੀ ਉਲੰਘਣਾ ਹੈ। ਉਨਾਂ ਆਖਿਆ ਕਿ ਲੰਗਰ ਤਾਂ ਗੁਰੂ ਘਰ ਵਿਚ ਪੰਗਤ ਵਿਚ ਬੈਠ ਕੇ ਹੀ ਛਕਿਆ ਜਾ ਸਕਦਾ ਹੈ। ਅਗਰ ਲੰਗਰ ਦੇ ਬਦਲੇ ਵਿਚ ਪੈਸੇ ਲਏ ਜਾਂਦੇ ਹਨ ਤਾਂ ਫਿਰ ਦੁਕਾਨ ਅਤੇ ਲੰਗਰ ਵਿਚ ਕੋਈ ਫਰਕ ਨਹੀਂ ਰਹਿ ਜਾਂਦਾ ਹੈ।ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਹਾਜੀ ਰਤਨ ਦੇ ਮੈਨੇਜਰ ਸੁਮੇਰ ਸਿੰਘ ਦਾ ਕਹਿਣਾ ਸੀ ਕਿ ਸਰਸ ਮੇਲੇ ਵਾਸਤੇ ਤਿਆਰ ਲੰਗਰ ਦਾ ਕੋਈ ਪੈਸਾ ਨਹੀਂ ਲਿਆ ਅਤੇ ਸਿਰਫ ਰਾਸ਼ਨ ਵਗੈਰਾ ਦਿੱਤਾ ਗਿਆ ਸੀ। ਉਨ੍ਹਾਂ ਆਖਿਆ ਕਿ ਮੁੱਲ ਦਾ ਲੰਗਰ ਦੇਣ ਦੀ ਕੋਈ ਵਿਵਸਥਾ ਹੀ ਨਹੀਂ ਹੈ। ਉਨ੍ਹਾਂ ਆਖਿਆ ਕਿ ਹੁਣ ਭਲਕੇ ਤੋਂ ਲੰਗਰ ਬਾਹਰ ਨਹੀਂ ਜਾਵੇਗਾ।
                   ਤੱਥ ਇਹ ਵੀ ਹਨ ਕਿ ਸਰਸ ਮੇਲੇ ਦੇ ਪ੍ਰਬੰਧਕ ਇਸ ਗੱਲੋਂ ਬਿਲਕੁਲ ਅਨਜਾਣ ਹਨ। ਖੇਤਰੀ ਸਰਸ ਦੇ ਪ੍ਰਬੰਧਕ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰ ਕੁਮਾਰ ਸ਼ਰਮਾ ਦਾ ਪ੍ਰਤੀਕਰਮ ਸੀ ਕਿ ਉਨ੍ਹਾਂ ਵਲੋਂ ਮੇਲੇ ਵਿਚ ਡਿਊਟੀ ਦੇਣ ਵਾਲੇ ਮੁਲਾਜ਼ਮਾਂ ਵਾਸਤੇ ਖਾਣੇ ਦੇ ਇੰਤਜ਼ਾਮ ਦਾ ਜ਼ਿੰਮਾ ਹਰਵਿੰਦਰ ਸਿੰਘ ਖਾਲਸਾ ਨੂੰ ਦਿੱਤਾ ਸੀ ਜਿਸ ਦੇ ਬਦਲੇ ਵਿਚ ਰੋਜ਼ਾਨਾ ਸੱਤ ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਖਾਣਾ ਕਿਥੋਂ ਆ ਰਿਹਾ ਹੈ ਅਤੇ ਨਾ ਹੀ ਕਿਸੇ ਖਾਸ ਥਾਂ ਤੋਂ ਖਾਣਾ ਲਿਆਉਣ ਵਾਰੇ ਆਖਿਆ ਗਿਆ ਹੈ।

No comments:

Post a Comment