Saturday, March 21, 2015

                                     ਸਰਕਾਰੀ ਤਨਖਾਹ
                    ਬਾਦਲ ਅਮੀਰ, ਮਮਤਾ ਗਰੀਬ
                                       ਚਰਨਜੀਤ ਭੁੱਲਰ
ਬਠਿੰਡਾ :  ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਤਨਖਾਹ ਲੈਣ ਦੇ ਮਾਮਲੇ ਵਿੱਚ ਹੁਣ ਦੇਸ਼ ਸਭ ਤੋਂ ਅਮੀਰ ਮੁੱਖ ਮੰਤਰੀ ਬਣ ਜਾਣਗੇ ਜਦਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤਨਖਾਹ ਵਿੱਚ ਸਭ ਤੋਂ ਗਰੀਬ ਮੁੱਖ ਮੰਤਰੀ ਹੈ। ਪੰਜਾਬ ਕੈਬਨਿਟ ਨੇ ਬੀਤੇ ਕੱਲ੍ਹ ਮੁੱਖ ਮੰਤਰੀ ਦੀ ਨਿਰੋਲ ਤਨਖਾਹ ਪੰਜਾਹ ਹਜ਼ਾਰ ਤੋਂ ਵਧਾ ਕੇ ਇੱਕ ਲੱਖ ਕੀਤੇ ਜਾਣ 'ਤੇ ਮੋਹਰ ਲਾ ਦਿੱਤੀ ਹੈ। ਵੇਰਵਿਆਂ ਅਨੁਸਾਰ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੂੰ ਅਗਲੀ ਤਨਖਾਹ  ਹੁਣ ਇੱਕ ਲੱਖ ਰੁਪਏ ਮਿਲੇਗੀ ਜਦਕਿ ਭੱਤੇ ਇਸ ਤੋਂ ਵੱਖਰੇ ਹਨ ਅਤੇ ਉਹ ਪ੍ਰਤੀ ਦਿਨ 4800 ਰੁਪਏ ਤਨਖਾਹ 'ਤੇ ਕੰਮ ਕਰਨਗੇ। ਦੂਸਰੇ ਪਾਸੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ 8 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ, ਜਿਸ ਦੀ ਦਿਹਾੜੀ 384 ਰੁਪਏ ਬਣਦੀ ਹੈ। ਤਾਮਿਲਨਾਡੂ ਦੀ ਮੁੱਖ ਮੰਤਰੀ ਕੁਮਾਰੀ ਜੈਲਿਤਾ ਵੱਲੋਂ ਸਾਲਾਨਾ ਇੱਕ ਰੁਪਏ ਤਨਖਾਹ ਲਈ ਜਾਂਦੀ ਰਹੀ ਹੈ। ਜਦੋਂ ਅਕਾਲੀ ਦਲ ਸਾਲ 1997 ਵਿੱਚ ਸਰਕਾਰ ਬਣੀ ਸੀ, ਤਾਂ ਉਦੋਂ ਸ੍ਰੀ ਬਾਦਲ ਨੇ ਵੀ ਇੱਕ ਰੁਪਏ ਪ੍ਰਤੀ ਮਹੀਨਾ 'ਤੇ ਕੰਮ ਕੀਤਾ ਸੀ। ਅੱਜ ਪੰਜਾਬ ਦੇ ਮਾਲੀ ਹਾਲਤ ਕਾਫੀ ਖ਼ਰਾਬ ਹਨ ਪਰ ਮੁੱਖ ਮੰਤਰੀ ਦੀ ਤਨਖਾਹ ਦੇਸ਼ ਵਿਚੋਂ ਸਭ ਤੋਂ ਵੱਧ ਹੈ।
                     ਦੇਸ਼ ਵਿਚੋਂ ਦੂਸਰਾ ਨੰਬਰ ਬਿਹਾਰ ਦੇ ਮੁੱਖ ਮੰਤਰੀ ਦਾ ਹੈ, ਜਿਥੇ ਮੁੱਖ ਮੰਤਰੀ ਦੀ ਤਨਖਾਹ ਮਹੀਨਾ 99,500 ਰੁਪਏ ਹੈ ਅਤੇ ਝਾਰਖੰਡ ਦਾ ਤੀਸਰਾ ਨੰਬਰ ਹੈ, ਜਿਥੇ ਮੁੱਖ ਮੰਤਰੀ ਦੀ ਤਨਖਾਹ 95 ਹਜ਼ਾਰ ਰੁਪਏ ਹੈ। ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਦੀ ਤਨਖਾਹ 90 ਹਜ਼ਾਰ ਪ੍ਰਤੀ ਮਹੀਨਾ ਹੈ। ਰਾਜਸਥਾਨ ਦੀ ਮੁੱਖ ਮੰਤਰੀ 25 ਹਜ਼ਾਰ ਰੁਪਏ ਅਤੇ ਹਰਿਆਣਾ ਦੇ ਮੁੱਖ ਮੰਤਰੀ ਪੰਜਾਹ ਹਜ਼ਾਰ ਰੁਪਏ ਤਨਖਾਹ ਲੈਂਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਨਖਾਹ ਸਭ ਤੋਂ ਜ਼ਿਆਦਾ 1.60 ਲੱਖ ਰੁਪਏ ਹੈ ਜਦਕਿ ਰਾਸ਼ਟਰਪਤੀ ਦੀ ਤਨਖਾਹ ਡੇਢ ਲੱਖ ਰੁਪਏ ਮਹੀਨਾ ਹੈ। ਜੇਕਰ ਵੇਖੀਏ ਤਾਂ ਤਨਖਾਹ ਲੈਣ ਵਿੱਚ ਰਾਸ਼ਟਰਪਤੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦਾ ਨੰਬਰ ਆਉਂਦਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਨਖਾਹ 20,000 ਰੁਪਏ ਪ੍ਰਤੀ ਮਹੀਨਾ ਹੈ। ਘੱਟ ਤਨਖਾਹ ਲੈਣ ਵਾਲਿਆਂ ਵਿੱਚ ਪੱਛਮੀ ਬੰਗਾਲ ਤੋਂ ਮਗਰੋਂ ਤ੍ਰਿਪਰਾ ਦਾ ਨੰਬਰ ਆਉਂਦਾ ਹੈ, ਜਿਥੇ ਮੁੱਖ ਮੰਤਰੀ ਦੀ ਤਨਖਾਹ 9200 ਰੁਪਏ ਹੈ। ਇਵੇਂ ਹੀ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਤਨਖਾਹ 16,000 ਰੁਪਏ ਹੈ। ਗੁਜਰਾਤ ਦੀ ਮੁੱਖ ਮੰਤਰੀ 58,521 ਰੁਪਏ ਅਤੇ ਉੜੀਸਾ ਦੇ ਮੁੱਖ ਮੰਤਰੀ ਦੀ ਤਨਖਾਹ 59,000 ਰੁਪਏ ਪ੍ਰਤੀ ਮਹੀਨਾ ਹੈ।            
                              ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੀ ਤਨਖਾਹ 57 ਹਜ਼ਾਰ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਤਨਖਾਹ 50 ਹਜ਼ਾਰ ਰੁਪਏ ਤਨਖਾਹ ਹੈ। ਕਰਨਾਟਕਾ ਅਤੇ ਛਤੀਸਗੜ੍ਹ ਦੇ ਮੁੱਖ ਮੰਤਰੀਆਂ ਦੀ ਤਨਖਾਹ ਤੀਹ-ਤੀਹ ਹਜ਼ਰ ਰੁਪਏ ਹੈ ਅਤੇ ਗੋਆ ਦੇ ਮੁੱਖ ਮੰਤਰੀ ਦੀ ਤਨਖਾਹ 20 ਹਜ਼ਾਰ ਰੁਪਏ ਹੈ। ਵਜ਼ੀਰਾਂ ਅਤੇ ਮੁੱਖ ਸੰਸਦੀ ਸਕੱਤਰਾਂ ਦੀ ਤਨਖਾਹ ਅਤੇ ਭੱਤਿਆਂ 'ਤੇ ਨਜ਼ਰ ਮਾਰੀਏ ਤਾਂ ਪੰਜਾਬ ਵਿੱਚ ਨਵੇਂ ਵਾਧੇ ਮਗਰੋਂ ਭੱਤਿਆਂ ਸਮੇਤ ਕੈਬਨਿਟ ਵਜ਼ੀਰਾਂ ਦੀ ਤਨਖਾਹ ਪ੍ਰਤੀ ਮਹੀਨਾ 1.10 ਲੱਖ ਰੁਪਏ ਹੋ ਜਾਣੀ ਹੈ। ਹਰਿਆਣਾ ਦੇ ਵਜ਼ੀਰਾਂ ਦੀ ਇਹੋ ਤਨਖਾਹ 1.12 ਲੱਖ ਰੁਪਏ। ਪੰਜਾਬ ਵਿੱਚ ਮੁੱਖ ਸੰਸਦੀ ਸਕੱਤਰਾਂ ਦੀ ਤਨਖਾਹ ਭੱਤਿਆਂ ਸਮੇਤ ਵਾਧੇ ਮਗਰੋਂ ਇੱਕ ਲੱਖ ਰੁਪਏ ਹੋ ਜਾਣੀ ਹੈ ਜਦੋਂ ਕਿ ਰਾਜਸਥਾਨ ਵਿੱਚ ਮੁੱਖ ਸੰਸਦੀ ਸਕੱਤਰਾਂ ਨੂੰ 57,000 ਰੁਪਏ ਤਨਖਾਹ ਮਿਲਦੀ ਹੈ। ਦੂਸਰੇ ਪਾਸੇ ਪੰਜਾਬ ਦੇ ਆਮ ਲੋਕਾਂ ਦੀ ਗੱਲ ਕਰੀਏ ਤਾਂ ਸਰਕਾਰ ਨੇ ਬੁਢਾਪਾ ਪੈਨਸ਼ਨ ਵਿੱਚ ਹਾਲੇ ਤੱਕ ਵਾਧਾ ਨਹੀਂ ਕੀਤਾ ਹੈ। ਪਿੰਡਾਂ ਦੇ ਸਰਪੰਚਾਂ ਨੂੰ ਮਿਲਣ ਵਾਲਾ 1200 ਰੁਪਏ ਦਾ ਮਾਣ ਭੱਤਾ ਹਾਲੇ ਮਿਲਿਆ ਨਹੀਂ ਹੈ। ਬੇਰੁਜ਼ਗਾਰ ਨੌਜਵਾਨਾਂ ਨੂੰ ਸਿਰਫ ਡੇਢ ਤੋਂ 200 ਰੁਪਏ ਪ੍ਰਤੀ ਮਹੀਨਾ ਬੇਕਾਰੀ ਭੱਤਾ ਮਿਲ ਰਿਹਾ ਹੈ।
                                                  ਮੁੱਖ ਮੰਤਰੀਆਂ ਬਾਰੇ ਰੌਚਕ ਤੱਤ
ਦੇਸ਼ ਦੇ ਤਿੰਨ ਸੂਬਿਆਂ ਦੇ ਮੁੱਖ ਮੰਤਰੀ ਅਣਵਿਆਹੇ ਹਨ, ਜਿਨ੍ਹਾਂ ਵਿੱਚ ਹਰਿਆਣਾ ਦੇ ਮਨੋਹਰ ਲਾਲ ਖੱਟਰ, ਤਾਮਿਲਨਾਡੂ ਦੀ ਕੁਮਾਰੀ ਜੈਜਲਿਤਾ ਅਤੇ ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਸ਼ਾਮਲ ਹੈ। ਚਾਰ ਸੂਬਿਆਂ ਦੇ ਮੁੱਖ ਮੰਤਰੀ ਬੇਔਲਾਦ ਹਨ, ਜਿਨ੍ਹਾਂ ਵਿੱਚ ਉੜੀਸਾ,ਤ੍ਰਿਪਰਾ, ਨਾਗਾਲੈਂਡ ਅਤੇ ਗੋਆ ਦੇ ਮੁੱਖ ਮੰਤਰੀ ਸ਼ਾਮਲ ਹਨ। ਦੂਸਰੀ ਤਰਫ ਸਿੱਕਮ ਦੇ ਮੁੱਖ ਮੰਤਰੀ ਪਵਨ ਕੁਮਾਰ ਚੈਮਲਿੰਗ ਦੇ ਛੇ ਬੱਚੇ ਹਨ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਪੰਜ ਬੱਚੇ ਹਨ। ਜੰਮੂ ਕਸ਼ਮੀਰ, ਮਿਜ਼ੋਰਮ, ਮਨੀਪੁਰ ਦੇ ਮੁੱਖ ਮੰਤਰੀ ਦੇ ਤਿੰਨ ਤਿੰਨ ਬੱਚੇ ਹਨ ਅਤੇ ਆਂਧਰਾ ਪ੍ਰਦੇਸ਼, ਝਾਰਖੰਡ, ਮੇਘਾਲਿਆ, ਰਾਜਸਥਾਨ, ਬਿਹਾਰ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਇੱਕ-ਇੱਕ ਬੱਚਾ ਹੈ।

No comments:

Post a Comment