Friday, March 13, 2015

                           ਨਸ਼ਾ ਮੁਕਤ ਪੰਜਾਬ 
   ਨੇਤਾ ਜੀ ਹੁਣ ਘਰੇ ਹੀ ਸ਼ਰਾਬ ਰੱਖਦੇ ਨੇ..
                              ਚਰਨਜੀਤ ਭੁੱਲਰ
ਬਠਿੰਡਾ : ਨਸ਼ਾ ਮੁਕਤ ਪੰਜਾਬ ਮੁਹਿੰਮ ਵਿੱਚ ਕੁੱਦੇ ਨੇਤਾ ਖ਼ੁਦ ਆਪਣੇ ਘਰਾਂ ਵਿੱਚ ਸ਼ਰਾਬ ਰੱਖਦੇ ਹਨ। ਇਨ੍ਹਾਂ ਨੇਤਾਵਾਂ ਨੇ ਆਪਣੇ ਘਰਾਂ ਵਿੱਚ 24 ਬੋਤਲਾਂ ਸ਼ਰਾਬ ਰੱਖਣ ਵਾਸਤੇ ਬਾਕਾਇਦਾ ਲਾਇਸੈਂਸ ਲਏ ਹੋਏ ਹਨ। ਇਨ੍ਹਾਂ ਵਿੱਚ ਸਭ ਸਿਆਸੀ ਧਿਰਾਂ ਦੇ ਆਗੂ ਸ਼ਾਮਲ ਹਨ। ਪੰਜਾਬ ਸਰਕਾਰ ਨੇ ਕਾਨੂੰਨੀ ਤੌਰ 'ਤੇ ਦੋ ਪੇਟੀਆਂ ਤੱਕ ਸ਼ਰਾਬ ਘਰਾਂ ਵਿੱਚ ਰੱਖਣ ਦੀ ਇਜਾਜ਼ਤ ਦਿੱਤੀ ਹੋਈ ਹੈ, ਜਿਸ ਵਾਸਤੇ ਐਲ 50 ਲਾਇਸੈਂਸ ਬਣਾਉਣਾ ਜ਼ਰੂਰੀ ਹੈ। ਭਾਜਪਾ ਨੇ ਨਸ਼ਾ ਮੁਕਤ ਪੰਜਾਬ ਦਾ ਨਾਅਰਾ ਦਿੱਤਾ ਹੈ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਸ਼ਾ ਮੁਕਤ ਭਾਰਤ ਦੀ ਗੱਲ ਕੀਤੀ ਗਈ ਹੈ। ਕਾਂਗਰਸ ਇਸ ਮੁੱਦੇ ਨੂੰ ਚੁੱਕ ਕੇ ਸਿਆਸੀ ਲਾਹਾ ਲੈਣ ਵਿੱਚ ਪਿੱਛੇ ਨਹੀਂ ਰਹੀ। ਕਰ ਤੇ ਆਬਕਾਰੀ ਵਿਭਾਗ ਪੰਜਾਬ ਤੋਂ ਸੂਚਨਾ ਦੇ ਅਧਿਕਾਰ ਤਹਿਤ ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਸੰਸਦੀ ਸਕੱਤਰ (ਕਰ ਅਤੇ ਆਬਕਾਰੀ) ਸਰੂਪ ਚੰਦ ਸਿੰਗਲਾ ਨੇ ਸਾਲ 2008-09 ਵਿੱਚ ਹੀ ਜੀਵਨ ਭਰ ਲਈ ਐਲ 50 ਲਾਇਸੈਂਸ ਬਣਵਾ ਲਿਆ ਸੀ। ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਨੇ 25 ਮਈ 2007 ਨੂੰ 24 ਬੋਤਲਾਂ ਤੱਕ ਸ਼ਰਾਬ ਘਰ ਵਿੱਚ ਰੱਖਣ ਵਾਸਤੇ ਉਮਰ ਭਰ ਲਈ ਸਰਕਾਰ ਤੋਂ ਲਾਇਸੈਂਸ ਲਿਆ ਹੈ।
                    ਯੂਥ ਅਕਾਲੀ ਦਲ ਦੇ ਮਾਲਵਾ ਜ਼ੋਨ ਦੇ ਇੰਚਾਰਜ ਕੰਵਰਜੀਤ ਸਿੰਘ ਉਰਫ ਰੋਜ਼ੀ ਬਰਕੰਦੀ ਨੇ ਵੀ ਜੀਵਨ ਭਰ ਲਈ ਸ਼ਰਾਬ ਘਰ ਵਿੱਚ ਰੱਖਣ ਦਾ ਲਾਇਸੈਂਸ ਲਿਆ ਹੋਇਆ ਹੈ। ਸਾਬਕਾ ਅਕਾਲੀ ਵਿਧਾਇਕ ਜਗਦੀਪ ਸਿੰਘ ਦਾ ਵੀ ਇਹੋ ਲਾਇਸੈਂਸ ਬਣਿਆ ਹੋਇਆ ਹੈ। ਇਨ੍ਹਾਂ ਨੇਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਈ ਗ਼ੈਰਕਾਨੂੰਨੀ ਕੰਮ ਨਹੀਂ ਕੀਤਾ, ਸਗੋਂ ਨਿਯਮਾਂ ਅਨੁਸਾਰ ਲਾਇਸੈਂਸ ਲਿਆ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਲਾਇਸੈਂਸ ਜ਼ਰੂਰ ਲਿਆ ਹੈ ਪਰ ਸ਼ਰਾਬ ਘਰਾਂ ਵਿੱਚ ਨਹੀਂ ਰੱਖਦੇ। ਵੇਰਵਿਆਂ ਅਨੁਸਾਰ ਆਬਕਾਰੀ ਐਕਟ ਤਹਿਤ ਐਲ 50 ਲਾਇਸੈਂਸ ਬਣਾਉਣ ਵਾਸਤੇ ਇਕ ਸਾਲ ਦੀ ਫੀਸ 500 ਰੁਪਏ ਹੈ, ਜਦੋਂ ਕਿ ਜੀਵਨ ਭਰ ਲਈ ਲਾਇਸੈਂਸ ਲੈਣ ਵਾਸਤੇ ਇਹ ਫੀਸ 5000 ਰੁਪਏ ਹੈ। ਸਰਕਾਰੀ ਸੂਚਨਾ ਅਨੁਸਾਰ ਤਲਵੰਡੀ ਸਾਬੋ ਤੋਂ ਅਕਾਲੀ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਅਤੇ ਕਾਂਗਰਸ ਦੇ ਪੰਜਗਰਾਈਂ ਤੋਂ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਂ ਨੇ ਵੀ ਇਹ ਲਾਇਸੈਂਸ ਲਿਆ ਹੋਇਆ ਹੈ।ਸਰਕਾਰੀ ਖ਼ਜ਼ਾਨੇ ਨੂੰ ਇਨ੍ਹਾਂ ਲਾਇਸੈਂਸਾਂ ਤੋਂ ਕਾਫ਼ੀ ਕਮਾਈ ਹੋ ਰਹੀ ਹੈ। ਇਹ ਲਾਇਸੈਂਸ ਬਣਾਉਣ ਵਾਲਿਆਂ ਵਿੱਚ ਵੱਡੀ ਗਿਣਤੀ ਵੀ.ਆਈ.ਪੀ. ਲੋਕਾਂ ਦੀ ਹੁੰਦੀ ਹੈ।
                 ਵੇਰਵਿਆਂ ਅਨੁਸਾਰ ਹਲਕਾ ਭੁੱਚੋ ਤੋਂ ਕਾਂਗਰਸੀ ਵਿਧਾਇਕ ਅਜਾਇਬ ਸਿੰਘ ਭੱਟੀ ਨੇ ਵੀ ਇਹ ਲਾਇਸੈਂਸ ਬਣਾਇਆ ਹੋਇਆ ਹੈ। ਬਹੁਤੇ ਜ਼ਿਲ੍ਹਿਆਂ ਨੇ ਇਹ ਸੂਚਨਾ ਦੇਣ ਤੋਂ ਇਨਕਾਰ ਵੀ ਕਰ ਦਿੱਤਾ। ਸੂਤਰ ਦੱਸਦੇ ਹਨ ਕਿ ਪੰਜਾਬ ਦੇ ਕਈ ਵਜ਼ੀਰਾਂ ਦੇ ਇਹ ਲਾਇਸੈਂਸ ਬਣੇ ਹੋਏ ਹਨ। ਅੰਮ੍ਰਿਤਸਰ ਤੋਂ ਪ੍ਰਾਪਤ ਸੂਚਨਾ ਅਨੁਸਾਰ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਨੇ ਸਾਲ 2010-11 ਵਿੱਚ ਐਲ 50 ਲਾਇਸੈਂਸ ਜੀਵਨ ਭਰ ਲਈ ਬਣਾਇਆ ਹੋਇਆ ਹੈ। ਉਨ੍ਹਾਂ ਦੀ ਅੰਮ੍ਰਿਤਸਰ ਦੇ ਬਸੰਤ ਐਵੇਨਿਊ ਸਥਿਤ ਰਿਹਾਇਸ਼ ਨੰਬਰ 649 ਦੇ ਸਿਰਨਾਵੇਂ ਤੋਂ ਦੋ ਹੋਰ ਰਵੀਕਰਨ ਸਿੰਘ ਅਤੇ ਸ਼ਿਵਕਰਨ ਸਿੰਘ ਕਾਹਲੋਂ ਦੇ ਨਾਮ 'ਤੇ ਐਲ 50 ਲਾਇਸੈਂਸ ਬਣੇ ਹੋਏ ਹਨ।ਕਾਂਗਰਸੀ ਵਿਧਾਇਕ ਓ.ਪੀ. ਸੋਨੀ ਵੀ ਕਈ ਵਰ੍ਹਿਆਂ ਤੋਂ ਐਲ 50 ਲਾਇਸੈਂਸ ਲੈ ਰਹੇ ਹਨ। ਮਨਿੰਦਰਜੀਤ ਸਿੰਘ ਬਿੱਟਾ ਨੇ ਵੀ ਸਾਲ 2010-11 ਵਿੱਚ ਇਹ ਲਾਇਸੈਂਸ ਲਿਆ ਸੀ। ਪੰਜਾਬ ਦੇ ਕਈ ਵਜ਼ੀਰਾਂ ਕੋਲ ਵੀ ਇਹ ਲਾਇਸੈਂਸ ਹਨ। ਨਗਰ ਕੌਂਸਲ ਮੁਕਤਸਰ ਦੇ ਸਾਬਕਾ ਪ੍ਰਧਾਨ ਦਿਆਲ ਸਿੰਘ ਵੀ ਕਈ ਵਰ੍ਹਿਆਂ ਤੋਂ ਇਹੋ ਲਾਇਸੈਂਸ ਬਣਵਾ ਰਹੇ ਹਨ।
                   ਹੁਸ਼ਿਆਰਪੁਰ ਤੋਂ ਨੇਤਾ ਤੀਕਸ਼ਨ ਸੂਦ ਨੇ ਵੀ ਇਹ ਲਾਇਸੈਂਸ ਲਿਆ ਹੋਇਆ ਸੀ। ਹੋਰ ਵੱਡੇ ਨੇਤਾਵਾਂ ਦੇ ਆਬਕਾਰੀ ਮਹਿਕਮੇ ਨੇ ਨਾਮ ਦੱਸਣ ਤੋਂ ਆਨਾਕਾਨੀ ਕਰ ਲਈ। ਨਾਗਰਿਕ ਚੇਤਨਾ ਮੰਚ ਦੇ ਆਗੂ ਜਗਮੋਹਨ ਕੌਸ਼ਲ ਦਾ ਕਹਿਣਾ ਹੈ ਕਿ ਭਾਵੇਂ ਇਨ੍ਹਾਂ ਲਾਇਸੈਂਸਾਂ ਨਾਲ ਘਰਾਂ ਵਿੱਚ ਸ਼ਰਾਬ ਰੱਖਣ ਦੀ ਇਜਾਜ਼ਤ ਮਿਲ ਜਾਂਦੀ ਹੈ ਪਰ ਸਿਆਸੀ ਆਗੂਆਂ ਅਤੇ ਅਫ਼ਸਰਾਂ ਨੂੰ ਸਮਾਜ ਦੇ ਆਦਰਸ਼ ਬਣਨਾ ਚਾਹੀਦਾ ਹੈ। ਉਨ੍ਹਾਂ  ਨੂੰ ਅਜਿਹਾ ਕਦਮ ਨਹੀਂ ਚੁੱਕਣਾ ਚਾਹੀਦਾ ਹੈ, ਜਿਸ ਨਾਲ ਸਮਾਜਿਕ ਸੁਨੇਹਾ ਗਲਤ ਜਾਂਦਾ ਹੋਵੇ।ਵੇਰਵਿਆਂ ਅਨੁਸਾਰ ਅਫ਼ਸਰ ਵੀ ਇਸ ਲੀਹ 'ਤੇ ਚੱਲ ਰਹੇ ਹਨ। ਦੋ ਆਈ.ਏ.ਐਸ. ਮਹਿਲਾ ਅਫ਼ਸਰਾਂ ਕੋਲ ਵੀ ਇਹ ਲਾਇਸੈਂਸ ਹੈ, ਜਿਨ੍ਹਾਂ ਵਿੱਚੋਂ ਇਕ ਤਾਂ ਨਵਾਂਸ਼ਹਿਰ ਦੀ ਡਿਪਟੀ ਕਮਿਸ਼ਨਰ ਰਹਿ ਚੁੱਕੀ ਹੈ, ਜਿਸ ਕੋਲ ਉਮਰ ਭਰ ਵਾਲਾ ਲਾਇਸੈਂਸ ਹੈ, ਜਦੋਂ ਕਿ ਦੂਜੀ ਮਹਿਲਾ ਅਫਸਰ ਨੇ  ਸਾਲ 2007-08 ਵਿੱਚ ਰੋਪੜ ਤੋਂ ਇਹੋ ਲਾਇਸੈਂਸ (ਸਾਲਾਨਾ) ਜਾਰੀ ਕਰਾਇਆ ਸੀ। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਡਾ. ਅਭਿਨਵ ਤ੍ਰਿਖਾ ਨੇ ਵੀ 24 ਸਤੰਬਰ 2013 ਨੂੰ ਇਹ ਲਾਇਸੈਂਸ ਲਿਆ ਹੈ।                                                                          ਮੁਕਤਸਰ ਦੇ ਤਤਕਾਲੀ ਡਿਪਟੀ ਕਮਿਸ਼ਨਰ ਵਰੁਣ ਰੂਜਮ ਨੇ ਸਾਲ 2010-11 ਵਿੱਚ ਅਤੇ ਫ਼ਰੀਦਕੋਟ ਦੇ ਤਤਕਾਲੀ ਡਿਪਟੀ ਕਮਿਸ਼ਨਰ ਰਵੀ ਭਗਤ ਨੇ ਵੀ ਇਕ ਵਰ੍ਹੇ ਲਈ ਇਹ ਲਾਇਸੈਂਸ ਜਾਰੀ ਕਰਾਇਆ ਸੀ। ਪੰਜਾਬ ਦੇ ਦਰਜਨਾਂ ਅਫ਼ਸਰ ਅਜਿਹੇ ਹਨ, ਜਿਨ੍ਹਾਂ ਖ਼ੁਦ ਅਤੇ ਆਪਣੀ ਪਤਨੀ ਦੇ ਨਾਮ 'ਤੇ ਇਹ ਲਾਇਸੈਂਸ ਲਏ ਹਨ। ਵਿਜੀਲੈਂਸ ਦੀ ਬਠਿੰਡਾ ਰੇਂਜ ਦੇ ਸਾਬਕਾ ਐਸ.ਐਸ.ਪੀ. ਨੇ ਖ਼ੁਦ ਅਤੇ ਆਪਣੀ ਪਤਨੀ ਦੇ ਨਾਮ 'ਤੇ ਇਹ ਲਾਇਸੈਂਸ ਬਣਾਇਆ ਹੋਇਆ ਹੈ। ਇਨ੍ਹਾਂ ਅਧਿਕਾਰੀਆਂ ਦਾ ਤਰਕ ਹੈ ਕਿ ਉਹ ਆਪਣੇ ਘਰ ਆਉਣ ਵਾਲੇ ਮਹਿਮਾਨਾਂ ਖਾਤਰ ਅਜਿਹਾ ਲਾਇਸੈਂਸ ਲੈਂਦੇ ਹਨ ਤਾਂ ਜੋ ਕਾਨੂੰਨੀ ਦਾਇਰੇ ਵਿੱਚ ਹੀ ਰਿਹਾ ਜਾਵੇ। ਸਭ ਅਫ਼ਸਰਾਂ ਦਾ ਇਹੋ ਕਹਿਣਾ ਹੈ ਕਿ ਉਹ ਖ਼ੁਦ ਸ਼ਰਾਬ ਦਾ ਸੇਵਨ ਨਹੀਂ ਕਰਦੇ ਅਤੇ ਨਾ ਘਰਾਂ ਵਿੱਚ ਸ਼ਰਾਬ ਰੱਖਦੇ ਹਨ, ਸਿਰਫ਼ ਲਾਇਸੈਂਸ ਹੀ ਬਣਵਾਏ ਹੋਏ ਹਨ।

No comments:

Post a Comment