Thursday, March 19, 2015


                      ਸਿਆਸੀ ਮਦਾਰੀ 
           ਹੁਣ ਕੋਈ ਨਹੀਂ ਵੇਖਦਾ ਤਮਾਸ਼ਾ
                      ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿਧਾਨ ਸਭਾ ਦੇ ਸੈਸ਼ਨਾਂ ਮੌਕੇ ਹੁੰਦੇ ਕਾਟੋ ਕਲੇਸ਼ ਨੂੰ ਹੁਣ ਕੋਈ ਵੇਖਣ ਨੂੰ ਤਿਆਰ ਨਹੀਂ। ਤਾਹੀਓਂ ਵਿਧਾਨ ਸਭਾ ਦੀ ਵਿਜ਼ਟਰ ਗੈਲਰੀ ਖ਼ਾਲੀ ਖੜਕਣ ਲੱਗੀ ਹੈ। ਬਹਿਸ ਦੇ ਪੱਧਰ ਵਿੱਚ ਆਏ ਨੀਵੇਂਪਣ ਨੇ ਆਮ ਲੋਕਾਂ ਦੇ ਭਰੋਸੇ ਨੂੰ ਸੱਟ ਮਾਰੀ ਹੈ। ਕੋਈ ਵੇਲਾ ਸੀ ਜਦੋਂ ਵਿਜ਼ਟਰ ਗੈਲਰੀ ਲਈ ਉਡੀਕ ਕਰਨੀ ਪੈਂਦੀ ਸੀ ਅਤੇ ਹੁਣ ਇਹ ਨੌਬਤ ਕਦੇ ਆਉਂਦੀ ਹੀ ਨਹੀਂ। ਵਿਧਾਨ ਸਭਾ ਸਕੱਤਰੇਤ ਵੱਲੋਂ ਆਰ.ਟੀ.ਆਈ. ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਮੌਜੂਦਾ ਵਿਧਾਨ ਸਭਾ ਦੇ ਸਾਲ 2013 ਵਿੱਚ ਹੋਏ ਪੰਜਵੇਂ ਸੈਸ਼ਨ ਵਿੱਚ ਤਾਂ ਵਿਜ਼ਟਰ ਗੈਲਰੀ ਖਾਲੀ ਹੀ ਰਹੀ ਅਤੇ ਕੋਈ ਦਰਸ਼ਕ ਆਇਆ ਹੀ ਨਹੀਂ, ਜਦੋਂ ਕਿ 13ਵੀਂ ਵਿਧਾਨ ਸਭਾ ਦੇ ਬਾਰ੍ਹਵੇਂ ਸੈਸ਼ਨ ਵਿੱਚ ਸਿਰਫ਼ ਤਿੰਨ ਦਰਸ਼ਕ ਆਏ। ਵਿਧਾਨ ਸਭਾ ਸਕੱਤਰੇਤ ਨੇ ਦੱਸਿਆ ਕਿ ਪਹਿਲੀ ਅਪਰੈਲ 2002 ਤੋਂ ਸਾਲ 2006 ਤੱਕ ਦੀ ਵਿਜ਼ਟਰ ਗੈਲਰੀ ਦੀ ਸੂਚਨਾ ਉਪਲਬਧ ਨਹੀਂ ਹੈ। ਤੱਥਾਂ 'ਤੇ ਨਜ਼ਰ ਮਾਰੀਏ ਤਾਂ ਸਾਲ 2007 ਵਿੱਚ ਕੁੱਲ 974 ਦਰਸ਼ਕਾਂ ਨੇ ਸੈਸ਼ਨ ਵੇਖਿਆ, ਜਦੋਂ ਕਿ ਸਾਲ 2013 ਵਿੱਚ ਸਿਰਫ਼ 128 ਦਰਸ਼ਕ ਆਏ ਅਤੇ ਸਾਲ 2014 ਵਿੱਚ ਇਹ ਗਿਣਤੀ 186 ਰਹੀ।
                 ਬਜਟ ਸੈਸ਼ਨ 'ਤੇ ਨਜ਼ਰ ਮਾਰੀਏ ਤਾਂ ਸਾਲ 2007 ਦੇ ਬਜਟ ਸੈਸ਼ਨ ਵੇਖਣ ਵਾਲੇ 571 ਦਰਸ਼ਕ ਸਨ, ਜਦੋਂ ਕਿ ਸਾਲ 2013 ਵਿੱਚ ਸਿਰਫ਼ 21 ਦਰਸ਼ਕ ਸਨ। ਮਾਲੀ ਸਾਲ 2014 ਦੇ ਬਜਟ ਸੈਸ਼ਨ ਵਿੱਚ 164 ਦਰਸ਼ਕਾਂ ਦੀ ਹਾਜ਼ਰੀ ਵਿਜ਼ਟਰ ਗੈਲਰੀ ਵਿੱਚ ਰਹੀ। ਹੁਣ ਚੱਲ ਰਹੇ ਬਜਟ ਸੈਸ਼ਨ ਵਿੱਚ ਵੀ ਦਰਸ਼ਕਾਂ ਦੀ ਘਾਟ ਖੜਕ ਰਹੀ ਹੈ। ਪੰਜਾਬ ਵਿਧਾਨ ਸਭਾ ਦੇ ਬਿਹਤਰੀਨ ਵਿਧਾਨਕਾਰ ਰਹੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਦਾ ਕਹਿਣਾ ਹੈ ਕਿ ਵਿਧਾਨ ਸਭਾ ਵਿੱਚ ਜਾਣ ਵਾਲੇ ਲੋਕਾਂ ਨੇ ਹੁਣ ਬਹਿਸ ਦਾ ਪੱਧਰ ਏਨਾ ਨੀਵਾਂ ਕਰ ਦਿੱਤਾ ਹੈ ਕਿ ਲੋਕਾਂ ਨੂੰ ਵਿਧਾਨਕ ਅਦਾਰੇ ਪ੍ਰਤੀ ਕੋਈ ਰੁਚੀ ਹੀ ਨਹੀਂ ਰਹੀ। ਉਨ੍ਹਾਂ ਆਖਿਆ ਕਿ ਹੁਣ ਹਾਕਮ ਧਿਰ ਵੀ ਅਜਿਹਾ ਕੋਈ ਲੋਕ ਪੱਖੀ ਕਦਮ ਨਹੀਂ ਚੁੱਕਦੀ ਅਤੇ ਨਾ ਵਿਰੋਧੀ ਧਿਰ ਉਸਾਰੂ ਬਹਿਸ ਲਈ ਨਿੱਤਰਦੀ ਹੈ, ਜਿਸ ਕਰ ਕੇ ਦਰਸ਼ਕਾਂ ਨੂੰ ਉਮੀਦ ਦੀ ਕਿਰਨ ਨਹੀਂ ਬਚੀ। ਵਿਧਾਨ ਸਭਾ ਦੀ ਕਾਰਵਾਈ ਵੇਖਣ ਲਈ ਪਾਸ ਲੈਣ ਵਾਸਤੇ ਵਿਧਾਇਕ, ਮੰਤਰੀ ਜਾਂ ਵਿਧਾਨ ਸਭਾ ਦੇ ਉੱਚ ਅਧਿਕਾਰੀ ਦਾ ਜਾਣਕਾਰ ਹੋਣਾ ਜ਼ਰੂਰੀ ਹੈ ਅਤੇ ਉਨ੍ਹਾਂ ਤੋਂ ਇਸ ਬਾਰੇ ਮਾਨਤਾ ਮਿਲਣੀ ਵੀ ਜ਼ਰੂਰੀ ਹੈ। 
               ਸਰਕਾਰੀ ਤੱਥ ਵੇਖੀਏ ਤਾਂ 13ਵੀਂ ਵਿਧਾਨ ਸਭਾ ਦੇ ਪੰਜਵੇਂ ਸੈਸ਼ਨ ਵਿੱਚ 39 ਦਰਸ਼ਕ, ਅੱਠਵੇਂ ਵਿੱਚ 51 ਅਤੇ ਤੇਰ੍ਹਵੇਂ ਵਿੱਚ ਸਿਰਫ਼ 68 ਦਰਸ਼ਕ ਹੀ ਸੈਸ਼ਨ ਦੀ ਕਾਰਵਾਈ ਵੇਖਣ ਲਈ ਪੁੱਜੇ। ਸਾਬਕਾ ਮੰਤਰੀ ਜਸਵੀਰ ਸਿੰਘ ਸੰਗਰੂਰ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਸਿਆਸੀ ਕਾਰਕੁਨ ਵੀ ਅਸੈਂਬਲੀ ਦੀ ਕਾਰਵਾਈ ਵੇਖਣ ਲਈ ਦਿਲਚਸਪੀ ਲੈਂਦੇ ਸਨ, ਜੋ ਹੁਣ ਘੱਟ ਗਈ ਹੈ। ਉਨ੍ਹਾਂ ਆਖਿਆ ਕਿ ਹੁਣ ਬਹਿਸ ਦਾ ਕੋਈ ਮਿਆਰ ਤਾਂ ਰਿਹਾ ਨਹੀਂ, ਜਿਸ ਕਰ ਕੇ ਲੋਕ ਜਾਣੋਂ ਹੀ ਹਟ ਗਏ ਹਨ। ਐਸ.ਡੀ. ਕਾਲਜ ਬਰਨਾਲਾ ਦੇ ਰਾਜਨੀਤੀ ਸ਼ਾਸਤਰ ਦੇ ਲੈਕਚਰਾਰ ਸ਼ੋਇਬ ਜਫ਼ਰ ਦਾ ਪ੍ਰਤੀਕਰਮ ਸੀ ਕਿ ਹੁਣ ਕਾਨੂੰਨ ਘਾੜੇ ਆਮ ਲੋਕਾਂ ਨੂੰ ਪ੍ਰਭਾਵਿਤ ਕਰਨੋਂ ਹਟ ਗਏ ਹਨ ਅਤੇ ਪ੍ਰਤੀਬੱਧਤਾ ਦੀ ਕਮੀ ਕਰ ਕੇ ਅਸੈਂਬਲੀ ਸੈਸ਼ਨ ਵੀ ਹੁਣ ਉਸਾਰੂ ਨਹੀਂ ਰਹਿ ਗਏ ਹਨ, ਜਿਸ ਕਾਰਨ ਦਰਸ਼ਕ ਸੈਸ਼ਨ ਵੇਖਣੋਂ ਹਟ ਗਏ ਹਨ ਵਿਧਾਨ ਸਭਾ ਵਿੱਚ ਸਾਲ 2011 ਮਗਰੋਂ ਤਾਂ ਦਰਸ਼ਕਾਂ ਦੀ ਗਿਣਤੀ ਕਿਸੇ ਵੀ ਸਾਲ ਪੌਣੇ ਦੋ ਸੌ ਤੋਂ ਟੱਪੀ ਹੀ ਨਹੀਂ ਹੈ। ਬਜਟ ਸੈਸ਼ਨ ਦੌਰਾਨ ਤਾਂ ਗਿਣਤੀ ਹੋਰ ਵੀ ਘਟੀ ਹੈ। 
              ਪੰਜਾਬ ਵਿਧਾਨ ਸਭਾ ਦੇ ਵਾਚ ਐਂਡ ਵਾਰਡ ਅਫ਼ਸਰ ਜਸਜੀਤ ਸਿੰਘ ਦਾ ਕਹਿਣਾ ਹੈ ਕਿ ਅਸਲ ਵਿੱਚ ਹੁਣ ਵਿਧਾਨ ਸਭਾ ਸੈਸ਼ਨਾਂ ਦੀ ਕਾਰਵਾਈ ਟੈਲੀਵਿਜ਼ਨ 'ਤੇ ਲਾਈਵ ਦਿਖਾਈ ਜਾਣ ਲੱਗੀ ਹੈ, ਜਿਸ ਕਰ ਕੇ ਲੋਕ ਘਰਾਂ ਵਿੱਚ ਹੀ ਕਾਰਵਾਈ ਵੇਖਣ ਨੂੰ ਤਰਜੀਹ ਦੇਣ ਲੱਗੇ ਹਨ। ਉਨ੍ਹਾਂ ਮੰਨਿਆ ਕਿ ਕੁਝ ਸਮਾਂ ਪਹਿਲਾਂ ਵਿਜ਼ਟਰ ਗੈਲਰੀ ਵਿੱਚ ਥਾਂ ਨਹੀਂ ਮਿਲਦੀ ਸੀ ਅਤੇ ਹੁਣ ਦਰਸ਼ਕ ਘਟੇ ਹਨ।

No comments:

Post a Comment