Sunday, March 8, 2015

                                        ਔਲਖ ਨੂੰ ਸਲਾਮ
                            ਤੇਰਾ ਇੱਕ ਲਾਲੋ ਏਹ ਵੀ...
                                    ਚਰਨਜੀਤ ਭੁੱਲਰ
ਬਠਿੰਡਾ : ਬਾਬਾ, ਆ ਦੇਖ ਤੇਰੇ ਲਾਲੋ ਅੱਜ ਵੀ ਰੁਲਦੇ ਨੇ। ਸਮਾਂ ਬਦਲਿਆਂ ਹੈ,ਹਾਲਾਤ ਨਹੀਂ। ਅੱਸੀ ਵਰਿ•ਆਂ ਦਾ ਜੱਗਰ ਅੱਜ ਵੀ ਮਨਰੇਗਾ ਦੇ ਟੋਕਰੇ ਚੁੱਕਦਾ ਹੈ। ਪੈਲ਼ੀਆਂ ਦੇ ਵਾਰਸ ਲੇਬਰ ਚੌਂਕਾਂ ਵਿਚ ਮੂੰਹ ਲਕੋਈ ਖੜ•ੇ ਨੇ। ਕੈਲੇ ਸੀਰੀ ਦਾ ਮੁੰਡਾ ਅੱਜ ਵੀ ਸੀਰੀ ਹੀ ਹੈ। ਬਚਨੋ ਮਾਈ ਅੱਜ ਵੀ ਲੋਕਾਂ ਦੇ ਘਰਾਂ ਵਿਚ ਗੋਹਾ ਕੂੜਾ ਹੀ ਕਰਦੀ ਹੈ। ਵੱਡੇ ਦਰਵਾਜੇ ਵਾਲਿਆਂ ਦੀ ਨੂੰਹ ਹੁਣ ਲੋਕਾਂ ਦੇ ਘਰਾਂ ਵਿਚ ਪੋਚੇ ਲਾਉਂਦੀ ਹੈ। ਦਿਆਲੇ ਦੇ ਮੁੰਡੇ ਨੂੰ ਭੈਣ ਦੇ ਵਿਆਹ ਲਈ ਟਰੈਕਟਰ ਵੇਚਣਾ ਪਿਆ ਹੈ। ਬਾਬਾ, ਟੈਂਕੀਆਂ ਤੇ ਚੜਣਾ ਇਹਨਾਂ ਮੁੰਡਿਆਂ ਦਾ ਸ਼ੌਕ ਨਹੀਂ। ਮਲਕ ਭਾਗੋਆਂ ਨੂੰ ਉਚਾ ਸੁਣਨ ਲੱਗ ਪਿਆ ਹੈ। ਤਾਹੀਓਂ ਇਹ ਟੈਂਕੀਆਂ ਤੇ ਚੜੇ ਨੇ। ਇੱਧਰ ਵੇਖ, ਫੌਜੀ ਭਰਤੀ ਵਿਚ ਦਮੋਂ ਨਿਕਲੇ ਨੌਜਵਾਨਾਂ ਲਈ ਵੀ ਮਸਲਾ ਢਿੱਡ ਦਾ ਹੀ ਹੈ। ਬਾਬਾ, ਆ ਦੇਖ, ਬੇਬੇ ਦਾ ਸੰਦੂਕ ਹੁਣ ਬੈਂਕਾਂ ਦੇ ਨੋਟਿਸਾਂ ਨਾਲ ਭਰ ਗਿਆ ਹੈ। ਉਸ ਅੱਸੀ ਵਰਿ•ਆਂ ਦੀ ਕਿਸ਼ਨੋ ਬੁੜੀ ਦਾ ਜੇਰਾ ਵੇਖ, ਖੇਤਾਂ ਦੇ ਰੁਸੇਵੇਂ ਨੇ ਸਾਰਾ ਘਰ ਸੁੰਨਾ ਕਰ ਦਿੱਤਾ ਹੈ। ਔਹ, ਸੋਟੀ ਦੇ ਸਹਾਰੇ ਤੁਰੇ ਆਉਂਦੇ ਪਿਆਰਾ ਸਿਓ ਵੱਲ ਵੇਖ, ਜੋ ਢਾਈ ਸੌ ਰੁਪਏ ਦੀ ਬੁਢਾਪਾ ਪੈਨਸ਼ਨ ਦੀ ਗਰਜ਼ ਵਿਚ ਸਰਪੰਚਾਂ ਨਾਲ ਕਦੇ ਕਿਸੇ ਰੈਲੀ ਵਿਚ ਜਾਂਦਾ ਹੈ ਤੇ ਕਦੇ ਕਿਸੇ ਪੰਡਾਲ ਦੀ ਸੋਭਾ ਬਣਦਾ ਹੈ। ਔਹ ਵੇਖ, ਭੱਜੇ ਜਾਂਦੇ ਨੱਥਾ ਸਿਓ ਦੇ ਖੁੱਲ•ੇ ਵਾਲਾਂ ਚੋ ਵਹਿੰਦਾ ਲਹੂ, ਸੋਚਦਾ ਹੋਵੇਗਾ ਕਿ ਕੋਈ ਚੋਰੀ ਕਰਕੇ ਭੱਜਿਆ। ਨਹੀਂ ਬਾਬਾ, ਉਹ ਤਾਂ ਪ੍ਰਾਈਵੇਟ ਕੰਪਨੀ ਤੋਂ ਆਪਣੇ ਖੇਤ ਬਚਾਉਣ ਲਈ ਜਿੱਦ ਕਰ ਬੈਠਾ। ਜਿਨ•ਾਂ ਖੇਤਾਂ ਵਾਸਤੇ ਪਸੀਨਾ ਵਹਾਇਆ, ਉਨ•ਾਂ ਖੇਤਾਂ ਲਈ ਹੁਣ ਖੂਨ ਵਹਾਉਣਾ ਪਿਆ। ਬਾਬਾ, ਤੂੰ ਤਾਂ ਕਿਰਤ ਦਾ ਹੋਕਾ ਦਿੱਤਾ ਤੇ ਇਨ•ਾਂ ਨੇ ਉਸ ਤੇ ਪਹਿਰਾ ਦਿੱਤਾ।
                   ਆਹ ਖ਼ਬਰ ਦੀ ਸੁਰਖੀ ਵੀ ਪੜ•। ਤਿੰਨ ਮੋਟਰ ਸਾਈਕਲ ਸਵਾਰ ਮੰਗਤੇ ਦੀ ਆਟੇ ਵਾਲੀ ਪੋਟਲੀ ਖੋਹ ਕੇ ਫਰਾਰ। ਹੁਣ ਤਾਂ ਮੰਗਤੇ ਦੀ ਪੋਟਲੀ ਵੀ ਸੁਰੱਖਿਅਤ ਨਹੀਂ। ਹਾਕਮ ਕੋਈ ਭੋਲੇ ਨਹੀਂ ਹਨ। ਜਵਾਨੀ ਹੱਕਾਂ ਵਾਸਤੇ ਮੂੰਹ ਖੋਲ•ੇ, ਉਸ ਤੋਂ ਪਹਿਲਾਂ ਕਿਸੇ ਦੇ ਮੂੰਹ ਵਿਚ ਚਿੱਟਾ ਪਾ ਦਿੱਤਾ ਅਤੇ ਕਿਸੇ ਨੂੰ ਪੁੜੀ ਤੇ ਲਾ ਦਿੱਤਾ। ਬਾਬਾ, ਬਹੁਤੇ ਸਿਆਸੀ ਜਲਸਿਆਂ ਵਿਚ ਇਹ ਪੁੜੀਆਂ ਵਾਲੇ ਹੀ ਲੀਡਰਾਂ ਦੇ ਝੰਡੇ ਚੁੱਕਦੇ ਨੇ। ਕੁਝ ਨੂੰ ਹਾਲਾਤਾਂ ਨੇ ਮਾਰ ਦਿੱਤਾ ਅਤੇ ਕੁਝ ਲਈ ਹਾਲਾਤ ਪੈਦਾ ਕਰ ਦਿੱਤੇ ਗਏ ਹਨ। ਰਹਿੰਦੀ ਕਸਰ ਬਿਮਾਰੀ ਨੇ ਕੱਢ ਦਿੱਤੀ ਹੈ। ਸਰਕਾਰਾਂ ਨੂੰ ਕੈਂਸਰ ਪੀੜਤਾਂ ਚੋਂ ਵੋਟ ਹੀ ਦਿੱਖਦੀ ਹੈ। ਬਾਬਾ, ਤੂੰ ਹੀ ਦੱਸ, ਜਿਨ•ਾਂ ਲਾਲੋਆਂ ਨੂੰ ਰੋਟੀ ਲਈ ਲਾਲੇ ਪਏ ਨੇ, ਉਹ ਮਹਿੰਗੇ ਇਲਾਜ ਕਿਥੋਂ ਕਰਾਉਣ। ਬਾਬਾ, ਤੇਰਾ ਹੋਕਾ ਹਰ ਲਾਲੋ ਦੇ ਚੇਤੇ ਹੈ, ਮਲਕ ਭਾਗੋ ਭੁੱਲ ਗਏ ਨੇ। ਨਿਰਾਸ ਨਾ ਹੋ ਬਾਬਾ, ਹਾਲੇ ਵੀ ਬਹੁਤ ਨੇ ਤੇਰੀ ਰਬਾਬ ਦੇ ਸ਼ੁਦਾਈ।
                     ਬਾਬਾ ਔਹ ਵੇਖ, ਏਹ ਤੇਰੇ ਹੋਕੇ ਦਾ ਪਹਿਰੇਦਾਰ ਹੀ ਹੈ। ਜੋ ਪਿੰਡ ਪਿੰਡ ਅੱਜ ਦੇ ਲਾਲੋ ਦੀ ਜ਼ਿੰਦਗੀ ਨੂੰ ਆਪਣੇ ਨਾਟਕਾਂ ਚੋਂ ਦਿਖਾ ਰਿਹਾ ਹੈ। ਨਾਲੋ ਨਾਲ ਮਲਕ ਭਾਗੋ ਦੀ ਗੱਲ ਵੀ ਕਰਦਾ ਹੈ ਅਤੇ ਉਸ ਦੇ ਮਹਿਲਾਂ ਦੀ ਵੀ। ਪੂਰੀ ਜ਼ਿੰਦਗੀ ਪ੍ਰੋ. ਅਜਮੇਰ ਔਲਖ ਨੇ ਨਾਟਕ ਦੇ ਮਾਧਿਅਮ ਨਾਲ ਅੱਜ ਦੇ ਕਿਰਤੀ ਦੀਆਂ ਦੁਸ਼ਵਾਰੀਆਂ ਦੀ ਗੱਲ ਕੀਤੀ। ਨਾਟਕ ਕਲਾ ਨਾਲ ਉਸ ਨੇ ਹਰ ਦਿਲ ਨੂੰ ਝੰਜੋੜਿਆ ਹੈ ਅਤੇ ਜਗਾਇਆ ਵੀ ਹੈ ਤਾਂ ਜੋ ਉਹ ਅੱਜ ਦੇ ਮਲਕ ਭਾਗੋ ਤੋਂ ਖ਼ਬਰਦਾਰ ਰਹਿ ਸਕਣ। ਬਾਬਾ, ਉਂਝ ਤੇਰਾ ਹੋਕਾ ਦੇਣ ਵਾਲੇ ਅੱਜ ਵੀ ਮਲਕ ਭਾਗੋ ਨੂੰ ਰੜਕਦੇ ਨੇ। ਰੜਕਣਾ ਵੀ ਜਾਇਜ਼ ਹੈ, ਕਿਉਂਜੋ ਲੋਕ ਜਾਗ ਪਏ ਤਾਂ ਸਭ ਤੋਂ ਪਹਿਲਾਂ ਇਨ•ਾਂ ਦੇ ਬੂਹੇ ਹੀ ਖੜਕਣੇ ਨੇ। ਹਕੂਮਤ ਤੇਰੇ ਉਪਦੇਸ਼ ਨੂੰ ਮੰਨਦੀ ਹੁੰਦੀ ਤਾਂ ਇਨ•ਾਂ ਜਗਾਉਣ ਵਾਲਿਆਂ ਨੂੰ ਵੀ ਕਲਾ ਦੀ ਤਰੱਕੀ ਖਾਤਰ ਫੰਡਾਂ ਦੇ ਗੱਫੇ ਮਿਲਦੇ। ਬਾਬਾ, ਤੈਥੋਂ ਕੀ ਭੁੱਲਿਐ, ਲੋਕਾਂ ਦਾ ਜਾਗਣਾ ਗੱਦੀ ਨੂੰ ਵਾਰਾ ਨਹੀਂ ਖਾਂਦਾ, ਤਾਹੀਓ ਫੰਡਾਂ ਦੀ ਪੋਟਲੀ ਸਮਸ਼ਾਨਘਾਟਾਂ ਤੱਕ ਸਿਮਟ ਜਾਂਦੀ ਹੈ। ਬਾਬਾ ਪਤੈ, ਗੁਰਸ਼ਰਨ ਭਾਅ ਜੀ ਵੀ ਤੇਰੇ ਵੱਡੇ ਉਪਾਸ਼ਕ ਸਨ। ਪੂਰਾ ਜੀਵਨ ਤੇਰਾ ਸੰਦੇਸ਼ ਘਰ ਘਰ ਤੱਕ ਲਿਜਾਣ ਦੇ ਲੇਖੇ ਲਾ ਦਿੱਤਾ। ਹਾਕਮਾਂ ਨੂੰ ਤੇਰੇ ਵਚਨਾਂ ਦੀ ਕਦਰ ਹੁੰਦੀ ਤਾਂ ਕੁੱਸੇ ਪਿੰਡ ਵਿਚ ਆਮ ਲੋਕਾਂ ਨੂੰ ਭਾਅ ਜੀ ਨੂੰ ਸਨਮਾਨਿਤ ਨਾ ਕਰਨਾ ਪੈਂਦਾ। ਸਰਕਾਰ ਆਪਣੀ ਡਿਊਟੀ ਨਿਭਾਉਂਦੀ। ਅੱਜ ਉਹੀ ਲੋਕ ਬਰਨਾਲਾ ਵਿਚ ਤੇਰੇ ਇੱਕ ਹੋਰ ਉਪਾਸ਼ਕ ਦੀ ਕਿਰਤ ਨੂੰ ਸਨਮਾਨ ਰਹੇ ਹਨ।
                    ਗੁਰਸ਼ਰਨ ਸਿੰਘ ਲੋਕ ਕਲਾ ਸੰਗਰਾਮ ਕਾਫਲਾ ਤੁਰਿਆ ਹੈ ਜੋ ਤੇਰੇ ਹਰ ਲਾਲੋ ਨੂੰ ਨਤਮਸਤਕ ਹੋ ਰਿਹਾ ਹੈ। ਇਸੇ ਕਾਫਲੇ ਵਲੋਂ ਅੱਜ ਬਰਨਾਲਾ ਵਿਚ ਪ੍ਰੋ.ਅਜਮੇਰ ਔਲਖ ਨੂੰ ਭਾਈ ਲਾਲੋ ਕਲਾ ਸਨਮਾਨ ਦਿੱਤਾ ਜਾ ਰਿਹਾ ਹੈ। ਹੁਣ ਦੋ ਲਫਜ਼ ਔਲਖ ਵਾਰੇ। ਔਲਖ ਨੂੰ ਕੌਣ ਨਹੀਂ ਜਾਣਦਾ। ਪੂਰੀ ਜ਼ਿੰਦਗੀ ਕਿਰਤ ਦੇ ਵਿਹੜੇ ਅਲਖ ਜਗਾਈ। ਸਮਾਜ ਦੇ ਹਰ ਕਿਰਤੀ ਦਾ ਦਰਦ ਉਸ ਦੀ ਕਲਾ ਚੋਂ ਝਲਕਿਆ। ਪੇਂਡੂ ਪੰਜਾਬ ਦਾ ਕੋਈ ਵਿਹੜਾ ਔਲਖ ਨੂੰ ਭੁੱਲਿਆ ਨਹੀਂ। ਨਾਟਕ ਤਾਂ ਇੱਕ ਵਿਧਾ ਹੈ। ਹਰ ਕਿਰਤੀ ਨੂੰ ਔਲਖ ਦੀ ਇਸ ਵਿਧਾ ਚੋਂ ਆਪਣੇ ਘਰ ਦਾ ਝਉਲਾ ਪੈਂਦਾ ਹੈ। ਇਕੱਲੇ ਬੋਹਲ ਨਹੀਂ ਰੋਂਦੇ ਸਨ, ਔਲਖ ਦਾ ਅੰਦਰਲਾ ਵੀ ਤੜਫਦਾ ਹੈ। ਉਸ ਨੇ ਕਿਸਾਨਾਂ ਤੇ ਮਜ਼ਦੂਰਾਂ ਦੇ ਹਊਂਕਿਆਂ ਨੂੰ ਨੇੜਿਓਂ ਸੁਣਿਆ। ਪਿੰਡ ਪਿੰਡ ਹੋਕਾ ਵੀ ਦਿੱਤਾ ਅਤੇ ਹੇਕ ਵੀ ਲਾਈ ਕਿ ਜਾਗੋ, ਨਹੀਂ ਤਾਂ ਤੰਗਲ਼ੀ ਵੀ ਨਹੀਂ ਬਚਣੀ। ਅੱਜ ਦਾ ਭਾਈ ਲਾਲੋ ਕਲਾ ਸਨਮਾਨ ਸਮਾਜ ਵਿਚ ਅਲਖ ਜਗਾਉਣ ਵਾਲਿਆਂ ਨੂੰ ਦਿੱਲੀ ਦੂਰ ਨਹੀਂ, ਦਾ ਸੁਨੇਹਾ ਜਰੂਰ ਦੇਵੇਗਾ।
        

3 comments:

  1. ਸਲਾਮ ਚਰਨਜੀਤ ਜੀ ....ਅਜਮੇਰ ਔਲਖ ਜੀ ਦੇ ਸਨਮਾਨ ਲੲੀ ਤੁਸੀਂ ਜੋ ਸ਼ਬਦ ਲਿਖੇ ਨੇ ਸੱਚੀ ਸੋਚਣ ਲਈ ਮਜਬੂਰ ਕਰਦੇ ਨੇ ਕਿ ਸਾਡੇ ਸਮਾਜ ਦਾ ਹਾਲ ਇਹ ਹੈ ਕਿ ਮਲਕ ਭਾਗੋ ਅੱਜ ਵੀ ਮਹਿਲਾਂ ਚ ਰਹਿ ਕੇ ਸਾਡੇ ਸਮਾਜ ਦੀ ਰੱਤ ਚੂਸਦੇ ਨੇ ....ਤੇ ਸਾਡਾ ਅੰਨਦਾਤਾ ਅੱਜ ਹਲਾਤਾਂ ਦਾ ਸਤਾਇਆਂ ਖੁਦਕੁਸ਼ੀਆਂ ਕਰ ਰਿਹਾ ... ਪਰ ਅਜਮੇਰ ਔਲਖ ਜੀ ਨੇ ਸਾਰੀ ਉਮਰ ਭਾਈ ਲਾਲੋਆ ਦੀ ਬਾਤ ਪਾਈ ਆ ਤੇ ਮਲਕ ਭਾਗੋਆਂ ਦੇ ਝੂਠੇ ਚਿਹਰੇ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ....ਤੇ ਫਿਰ ਜੋ ਕਲਾਕਾਰ ਲੁਕਾਈ ਦੀ ਬਾਤ ਪਾਉਣਗੇ ਆਵਾਮ ਉਹਨਾਂ ਦੇ ਨਾਲ ਹਮੇਸਾ ਰਹੇਗਾ ....ਚਰਨਜੀਤ ਜੀ ਤੁਹਾਡੀ ਕਲਮ ਵੀ ਹਮੇਸਾ ਆਵਾਮ ਦਾ ਦੁੱਖ ਦਰਦ ਤੇ ਮਲਕ ਭਾਗੋਅਾਂ ਦੇ ਕਾਲੇ ਕਾਰਨਾਮੇ ਜੱਗ ਜਾਹਰ ਕਰਦੀ ਹੈ ...ਤੁਸੀਂ ਹਮੇਸਾ ਲੋਕਾਈ ਦੇ ਪੱਖ ਚ ਤੇ ਬਾਬਰ ,ਅੌਰੰਗੇ ,ਤੇ ਅੱਜ ਦੇ ਅੌਰੰਗਿਆ ਦੇ ਵਿਰੋਧ ਚ ਲਿਖਦੇ ਰਹੋ........ਸਲਾਮ ਹੈ ਜੀ ਤੂਹਾਨੂੰ ਤੇ ਤੁਹਾਡੀ ਕਲਮ ਨੂੰ .....

    ReplyDelete
  2. Great article and great blog bhullar sahib...tuhadi kalam nu slam.Rajinder Singh Sekhon from SEKHONNAMA.BLOGSPOT.COM

    ReplyDelete
  3. Great article and great blog bhullar sahib...tuhadi kalam nu slam.Rajinder Singh Sekhon from SEKHONNAMA.BLOGSPOT.COM

    ReplyDelete