Friday, July 17, 2015

                                                 ਪੇਂਡੂ ਅਦਾਲਤ    
                       ਹੁਣ ਪਿੰਡ ਵਾਲੇ ਥਾਣੇ ਕਚਹਿਰੀ ਨਹੀਂ ਜਾਂਦੇ…
                                             ਚਰਨਜੀਤ ਭੁੱਲਰ
ਬਠਿੰਡਾ  :  ਬਠਿੰਡਾ ਜ਼ਿਲ•ੇ ਦੀ ਇੱਕ ਮਹਿਲਾ ਸਰਪੰਚ ਨੇ ਪਿੰਡ ਦੇ ਲੋਕਾਂ ਦਾ ਥਾਣੇ ਕਚਹਿਰੀ ਤੋਂ ਖਹਿੜਾ ਛੁਡਵਾ ਦਿੱਤਾ ਹੈ। ਪਿੰਡ ਆਕਲੀਆ ਕਲਾਂ ਦੀ ਪੰਚਾਇਤ ਆਪਣੇ ਤਰੀਕੇ ਦੀ ਪੇਂਡੂ ਅਦਾਲਤ ਲਾਉਂਦੀ ਹੈ ਜਿਸ ਵਿਚ ਪਿੰਡ ਦੇ ਝਗੜੇ ਨਿਪਟਾਏ ਜਾਂਦੇ ਹਨ। ਭਾਵੇਂ ਇਸ ਪਿੰਡ ਵਿਚ ਸਭ ਸਿਆਸੀ ਧਿਰਾਂ ਹਨ ਪ੍ਰੰਤੂ ਕਿਤੇ ਸਿਆਸੀ ਲਕੀਰ ਨਜ਼ਰ ਨਹੀਂ ਆਉਂਦੀ ਹੈ। ਪਿੰਡ ਦੀ ਮਹਿਲਾ ਸਰਪੰਚ ਅਮਰਦੀਪ ਕੌਰ ਦੋ ਵਰਿ•ਆਂ ਤੋਂ ਪਿੰਡ ਚੋਂ ਕੁੜੱਤਣ ਘਟਾਉਣ ਦੇ ਮਿਸ਼ਨ ਵਿਚ ਲੱਗੀ ਹੋਈ ਹੈ। ਪੰਚਾਇਤ ਦੀ ਪੇਂਡੂ ਅਦਾਲਤ ਵਿਚ ਦੋ ਵਰਿ•ਆਂ ਵਿਚ 315 ਸਮਝੌਤੇ ਹੋ ਚੁੱਕੇ ਹਨ। ਇਸ ਦੌਰਾਨ ਜੋ ਪੰਜ ਸੱਤ ਕੇਸ ਥਾਣੇ ਪੁੱਜੇ ਵੀ ਹਨ, ਉਨ•ਾਂ ਦਾ ਸਮਝੌਤਾ ਵੀ ਪੰਚਾਇਤ ਨੇ ਹੀ ਕਰਾਇਆ ਹੈ। ਪਿੰਡ ਆਕਲੀਆ ਕਲਾਂ ਦੀ ਪੇਂਡੂ ਅਦਾਲਤ ਵਿਚ ਕੋਈ ਕੰਮ ਬਿਨ•ਾਂ ਰਿਕਾਰਡ ਤੋਂ ਨਹੀਂ ਹੁੰਦਾ। ਮਹਿਲਾ ਸਰਪੰਚ ਬਕਾਇਦਾ ਇਤਲਾਹ ਰਜਿਸਟਰ ਉਪਰ ਹਰ ਕੇਸ ਵਿਚ ਦੋਹਾਂ ਧਿਰਾਂ ਦੇ ਬਿਆਨ ਦਰਜ ਕਰਦੀ ਹੈ। ਉਸ ਮਗਰੋਂ ਪੇਂਡੂ ਅਦਾਲਤ ਦੇ ਫੈਸਲੇ ਨੂੰ ਸਭ ਮੰਨਣ ਲਈ ਪਾਬੰਦ ਬਣਦੇ ਹਨ। ਪੰਚਾਇਤ ਨੇ ਦੱਸਿਆ ਕਿ ਜਦੋਂ ਤੋਂ ਇਹ ਪੇਂਡੂ ਅਦਾਲਤ ਸ਼ੁਰੂ ਹੋਈ ਹੈ, ਉਦੋਂ ਤੋਂ ਪਿੰਡ ਦਾ ਕੋਈ ਬਹੁਤਾ ਮਸਲਾ ਥਾਣੇ ਜਾਂ ਕਚਹਿਰੀ ਨਹੀਂ ਗਿਆ। ਪੁਲੀਸ ਕੇਸ ਦਰਜ ਹੋਣਾ ਤਾਂ ਦੂਰ ਦੀ ਗੱਲ। ਸਿਆਸਤ ਦੇ ਵੰਡੇ ਪਿੰਡਾਂ ਨੂੰ ਇਸ ਪਿੰਡ ਦੀ ਏਕਤਾ ਰਾਹ ਦਿਖਾਉਂਦੀ ਹੈ। ਬਜ਼ੁਰਗਾਂ ਨੇ ਦੱਸਿਆ ਕਿ ਪਹਿਲਾਂ ਤਾਂ ਪਿੰਡ ਵਿਚ ਲੜਾਈ ਝਗੜੇ ਹੀ ਰਹਿੰਦੇ ਸਨ ਪ੍ਰੰਤੂ ਹੁਣ ਘਟੇ ਹਨ।
               ਬੇਔਲਾਦ ਮਹਿਲਾ ਸਰਪੰਚ ਨੇ ਪਹਿਲਾਂ ਖੁਦ ਲੜਕੀ ਗੋਦ ਲੈ ਕੇ ਧੀਆਂ ਦੇ ਸਤਿਕਾਰ ਦਾ ਸੁਨੇਹਾ ਦਿੱਤਾ ਹੈ। ਨਸ਼ਾ ਮੁਕਤ ਪਿੰਡ ਬਣਾਉਣ ਦਾ ਹੋਕਾ ਦੇਣ ਤੋਂ ਪਹਿਲਾਂ ਪੂਰੀ ਪੰਚਾਇਤ ਖੁਦ ਨਸ਼ਾ ਮੁਕਤ ਹੋਈ ਹੈ। ਪੰਚਾਇਤ ਨੇ ਸਭ ਤੋਂ ਪਹਿਲਾਂ ਪਿੰਡ ਚੋਂ ਸ਼ਰਾਬ ਦਾ ਠੇਕਾ ਚੁਕਵਾ ਕੇ ਪਿੰਡ ਤੋਂ ਇੱਕ ਕਿਲੋਮੀਟਰ ਦੂਰ ਕਰਾਇਆ ਹੈ। ਪੰਚਾਇਤ ਨੇ ਇਹ ਫੈਸਲਾ ਕੀਤਾ ਹੋਇਆ ਹੈ ਕਿ ਕਿਸੇ ਵੀ ਨਸ਼ੇ ਵਾਲੇ ਦੀ ਹਮਾਇਤ ਪੰਚਾਇਤ ਨਹੀਂ ਕਰੇਗੀ। ਸਰਪੰਚ ਅਮਰਦੀਪ ਕੌਰ ਦਾ ਕਹਿਣਾ ਸੀ ਕਿ ਪੰਚਾਇਤ ਦਾ ਇੱਕੋ ਨਿਸ਼ਾਨਾ ਹੈ ਕਿ ਲੋਕਾਂ ਦਾ ਕੋਈ ਝਗੜਾ ਪਿੰਡ ਦੀ ਜੂਹ ਤੋਂ ਬਾਹਰ ਨਾ ਜਾਵੇ। ਉਨ•ਾਂ ਆਖਿਆ ਕਿ ਪੂਰੇ ਪਿੰਡ ਦੇ ਲੋਕਾਂ ਦੇ ਸਹਿਯੋਗ ਸਦਕਾ ਉਨ•ਾਂ ਨੂੰ ਕਾਮਯਾਬੀ ਵੀ ਮਿਲ ਰਹੀ ਹੈ। ਜਦੋਂ ਪੰਚਾਇਤ ਦੋ ਧਿਰਾਂ ਦਾ ਸਮਝੌਤਾ ਕਰਾ ਦਿੰਦੀ ਹੈ ਤਾਂ ਦੋਹਾਂ ਧਿਰਾਂ ਵਲੋਂ ਦਸ ਦਸ ਰੁਪਏ ਪਿੰਡ ਦੇ ਚੌਂਕੀਦਾਰ ਨੂੰ ਦਿੱਤੇ ਜਾਂਦੇ ਹਨ। ਮਹਿਲਾ ਸਰਪੰਚ ਅਮਰਦੀਪ ਕੌਰ ਖੁਦ ਅੱਠ ਦਫਾ ਖੂਨਦਾਨ ਕਰ ਚੁੱਕੀ ਹੈ ਜਦੋਂ ਕਿ ਉਸ ਦਾ ਪਤੀ ਸਵਰਨ ਸਿੰਘ ਜੋ ਕਿ ਪੇਂਡੂ ਯੂਥ ਕਲੱਬਜ਼ ਦਾ ਮੋਹਰੀ ਆਗੂ ਹੈ,73 ਦਫਾ ਖੂਨਦਾਨ ਕਰ ਚੁੱਕਾ ਹੈ। ਪੰਚਾਇਤ ਅਤੇ ਕਲੱਬ ਵਲੋਂ ਸਾਂਝੇ ਤੌਰ ਤੇ ਹਰ ਵਰੇ• ਦੀ 19 ਮਈ ਨੂੰ ਖੂਨਦਾਨ ਕੈਂਪ ਲਾਇਆ ਜਾਂਦਾ ਹੈ ਜਿਸ ਵਿਚ 200 ਯੂਨਿਟ ਖੂਨਦਾਨ ਹੁੰਦਾ ਹੈ। ਨੌਂ ਮੈਂਬਰੀ ਪੰਚਾਇਤ ਦੀ ਮਹਿਲਾ ਸਰਪੰਚ ਅਕਾਲੀ ਦਲ ਨਾਲ ਸਬੰਧਿਤ ਹੈ ਪ੍ਰੰਤੂ ਉਸ ਨੇ ਕਦੇ ਸਿਆਸੀ ਰੰਗ ਦਾ ਪੰਚਾਇਤ ਤੇ ਪ੍ਰਛਾਵਾਂ ਨਹੀਂ ਪੈਣ ਦਿੱਤਾ।
              ਕਾਂਗਰਸੀ ਪੰਚਾਇਤ ਮੈਂਬਰ ਗੁਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਪੰਚਾਇਤ ਕਿਸੇ ਨੂੰ ਥਾਣੇ ਜਾਂ ਕਚਹਿਰੀ ਜਾਣ ਦੀ ਸਲਾਹ ਨਹੀਂ ਦਿੰਦੀ ਅਤੇ ਪਿੰਡ ਵਿਚ ਹੀ ਝਗੜੇ ਖਤਮ ਕਰਾ ਰਹੀ ਹੈ। ਜਾਣਕਾਰੀ ਅਨੁਸਾਰ ਪੰਚਾਇਤ ਵਲੋਂ ਸਾਲ ਵਿਚ ਦੋ ਦਫਾ ਗਰਾਮ ਸਭਾ ਦੇ ਇਜਲਾਸ ਕਰਾਏ ਜਾਂਦੇ ਹਨ ਅਤੇ ਮਨਰੇਗਾ ਮਜ਼ਦੂਰਾਂ ਨੂੰ ਪੰਜਾਹ ਪੰਜਾਹ ਦੇ ਗਰੁੱਪਾਂ ਵਿਚ ਵੰਡ ਕੇ ਵਾਰੀ ਸਿਰ ਕੰਮ ਦਿੱਤਾ ਜਾਂਦਾ ਹੈ। ਪੰਚਾਇਤੀ ਪ੍ਰਬੰਧ ਏਨਾ ਤਰਤੀਬ ਵਾਲਾ ਹੈ ਕਿ ਹਰ ਵਿਅਕਤੀ ਨੂੰ ਆਪਣੇ ਕੰਮ ਧੰਦੇ ਵਾਸਤੇ ਬਕਾਇਦਾ ਲਿਖਤੀ ਦਰਖਾਸਤ ਦੇਣੀ ਪੈਂਦੀ ਹੈ। ਪੰਚਾਇਤ ਦਾ ਫੈਸਲਾ ਹੈ ਕਿ ਜਦੋਂ ਕਿ ਕਿਸੇ ਕਿਸਾਨ ਦੇ ਕੰਮ ਤੋਂ ਕੋਈ ਸੀਰੀ (ਮਜ਼ਦੂਰ) ਹਟੇਗਾ ਤਾਂ ਉਸ ਨੂੰ ਕਿਸਾਨ ਐਨ.ਓ.ਸੀ ਦੇਵੇਗਾ ਤਾਂ ਹੀ ਕੋਈ ਦੂਸਰਾ ਕਿਸਾਨ ਉਸ ਮਜ਼ਦੂਰ ਨੂੰ ਕੰਮ ਤੇ ਰੱਖੇਗਾ। ਇਸ ਪਿੰਡ ਦੀ ਕਿਸੇ ਗਲੀ ਜਾਂ ਫਿਰਨੀ ਤੇ ਕੋਈ ਰੂੜੀ ਨਹੀਂ ਅਤੇ ਨਾ ਹੀ ਕੋਈ ਨਜ਼ਾਇਜ਼ ਕਬਜ਼ਾ ਹੈ। ਪਿੰਡ ਦੀ ਹਦੂਦ ਦੇ ਅੰਦਰ ਟਰੈਕਟਰ ਤੇ ਹੋਰ ਵਾਹਨ ਮਾਲਕਾਂ ਨੂੰ ਖੁੱਲ•ੇਆਮ ਸਪੀਕਰ ਵਜਾਉਣ ਤੇ ਪਾਬੰਦੀ ਹੈ ਅਤੇ ਵਿਆਹ ਸਾਹਿਆਂ ਦੇ ਮੌਕੇ ਵੀ ਰਾਤ ਨੂੰ 12 ਵਜੇ ਤੋਂ ਬਾਅਦ ਡੀ.ਜੇ ਤੇ ਪਾਬੰਦੀ ਲਗਾਈ ਹੋਈ ਹੈ। ਜਦੋਂ ਇੱਕ ਦਫਾ ਕਿਸੇ ਵਿਅਕਤੀ ਨੇ ਡੀ.ਜੀ ਦੇ ਮਾਮਲੇ ਵਿਚ ਕੋਤਾਹੀ ਕੀਤੀ ਤਾਂ ਉਸ ਨੂੰ ਪੰਚਾਇਤੀ ਹੁਕਮ ਤੇ ਪਿੰਡ ਦੀ ਸ਼ਮਸ਼ਾਨਘਾਟ ਸੁਧਾਰ ਕਮੇਟੀ ਨੂੰ ਪੰਜ ਹਜ਼ਾਰ ਰੁਪਏ ਜੁਰਮਾਨਾ ਤਾਰਨਾ ਪਿਆ। ਪੰਚਾਇਤ ਨੇ ਖੁਸਰਿਆ ਲਈ ਵੀ ਵਧਾਈ ਦੀ ਰਾਸ਼ੀ 1100 ਰੁਪਏ (ਜਨਰਲ ਵਰਗ) ਅਤੇ 500 ਰੁਪਏ (ਐਸ.ਸੀ ਵਰਗ) ਵੀ ਤੈਅ ਕੀਤੀ ਹੋਈ ਹੈ। 

              ਪੰਚਾਇਤੀ ਫੈਸਲੇ ਅਨੁਸਾਰ ਪਿੰਡ ਦੇ ਲੋਕ ਮਕਾਨ ਉਸਾਰਨ ਤੋਂ ਪਹਿਲਾਂ ਉਸਾਰੀ ਮਿਸਤਰੀ ਨਾਲ ਲਿਖਤੀ ਸ਼ਰਤਾਂ ਤੈਅ ਕਰਦੇ ਹਨ। ਪਿੰਡ ਦੇ ਕਾਂਗਰਸੀ ਆਗੂ ਅਤੇ ਨੰਬਰਦਾਰ ਬੂਟਾ ਸਿੰਘ ਦਾ ਪ੍ਰਤੀਕਰਮ ਸੀ ਕਿ ਪੰਚਾਇਤ ਬਿਨ•ਾਂ ਪੱਖਪਾਤ ਤੋਂ ਲੜਾਈ ਝਗੜੇ ਦਾ ਨਿਪਟਾਰਾ ਪਿੰਡ ਵਿਚ ਹੀ ਕਰਾ ਦਿੰਦੀ ਹੈ ਅਤੇ ਕਰੀਬ 70 ਫੀਸਦੀ ਲੋਕ ਪੰਚਾਇਤ ਦੀ ਗੱਲ ਮੰਨਦੇ ਹਨ। ਪਿੰਡ ਦੇ ਨੌ ਵਾਰਡ ਹਨ ਅਤੇ 3200 ਦੇ ਕਰੀਬ ਵੋਟਰ ਹਨ। ਹਲਕਾ ਭੁੱਚੋ ਦੇ ਡੀ.ਐਸ.ਪੀ ਗੁਰਮੀਤ ਸਿੰਘ ਕਿੰਗਰਾ ਦਾ ਕਹਿਣਾ ਸੀ ਕਿ ਉਨ•ਾਂ ਦੇ ਹਲਕੇ ਵਿਚ ਇਹੋ ਇਕਲੌਤਾ ਪਿੰਡ ਹੈ ਜਿਥੋਂ ਦਾ ਕਦੇ ਕੋਈ ਝਗੜਾ ਉਨ•ਾਂ ਤੱਕ ਨਹੀਂ ਪੁੱਜਾ ਹੈ। ਉਨ•ਾਂ ਆਖਿਆ ਕਿ ਦੂਸਰੇ ਪਿੰਡਾਂ ਨੂੰ ਵੀ ਇਸ ਪਿੰਡ ਤੋਂ ਸੇਧ ਲੈਣੀ ਚਾਹੀਦੀ ਹੈ। ਦੂਸਰੀ ਤਰਫ ਪਿੰਡ ਦੇ ਸਾਬਕਾ ਕਾਂਗਰਸੀ ਸਰਪੰਚ ਬਲਵੀਰ ਸਿੰਘ ਦਾ ਕਹਿਣਾ ਸੀ ਕਿ ਪਿੰਡ ਦੇ ਲੋਕ ਥਾਣੇ ਤਾਂ ਗਏ ਹਨ ਪ੍ਰੰਤੂ ਕਦੇ ਕੋਈ ਪਰਚਾ ਦਰਜ ਨਹੀਂ ਹੋਇਆ ਹੈ। ਉਨ•ਾਂ ਆਖਿਆ ਕਿ ਪੰਚਾਇਤ ਕਦੇ ਕਦੇ ਵਿਕਾਸ ਦੇ ਮਾਮਲੇ ਵਿਚ ਪੱਖਪਾਤ ਕਰਦੀ ਹੈ। ਪਿੰਡ ਸਫਾਈ ਦੇ ਮਾਮਲੇ ਵਿਚ ਮੋਹਰੀ ਹੈ। ਪਿੰਡ ਦੇ ਬਜ਼ੁਰਗਾਂ ਦੇ ਬੈਠਣ ਲਈ ਛੇ ਸੱਥਾਂ ਵੀ ਹਨ ਅਤੇ ਨੌਜਵਾਨਾਂ ਵਾਸਤੇ ਜਿੰਮ ਹੈ। ਪੰਚਾਇਤ ਨੇ ਪਿੰਡ ਦੇ ਗੁਰੂ ਘਰ ਵਿਚ ਮ੍ਰਿਤਕ ਦੇਹਾਂ ਸੰਭਾਲਣ ਵਾਸਤੇ ਫਰੀਜਰ ਵੀ ਰੱਖਿਆ ਹੋਇਆ ਹੈ। ਪੰਚਾਇਤ ਨੇ ਬਕਾਇਦਾ ਵਿਜਟਰ ਰਜਿਸਟਰ ਵੀ ਲਗਾਇਆ ਹੋਇਆ ਹੈ। 
                            ਮਹਿਲਾ ਸਰਪੰਚ ਰਾਹ ਦਸੇਰਾ : ਬੀ.ਡੀ.ਪੀ.ਓ
ਬਲਾਕ ਵਿਕਾਸ ਤੇ ਪੰਚਾਇਤ ਅਫਸਰ ਬਠਿੰਡਾ ਸ੍ਰੀ ਲੈਨਿਨ ਗਰਗ ਦਾ ਕਹਿਣਾ ਸੀ ਕਿ ਆਕਲੀਆ ਕਲਾਂ ਦੀ ਪੰਚਾਇਤ ਦੀ ਕਦੇ ਕੋਈ ਸ਼ਿਕਾਇਤ ਉਨ•ਾਂ ਤੱਕ ਪੁੱਜੀ ਨਹੀਂ ਹੈ ਅਤੇ ਪੰਚਾਇਤ ਵਲੋਂ ਵਿਕਾਸ ਤੇ ਭਾਈਚਾਰੇ ਦੀ ਮਜ਼ਬੂਤੀ ਲਈ ਚੰਗੀ ਭੂਮਿਕਾ ਨਿਭਾਈ ਜਾ ਰਹੀ ਹੈ। 
         

No comments:

Post a Comment