Wednesday, July 1, 2015

                                   ਅਫਸਰ ਭਾਰੂ
              ਵਿਧਾਇਕਾਂ ਨੂੰ ਹੋਣਾ ਪਿਆ ਜਲੀਲ
                                   ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਦੇ ਕਰੀਬ ਢਾਈ ਦਰਜਨ ਐਮ.ਐਲ.ਏਜ਼ ਨੂੰ ਰਾਜ ਦੇ ਵੱਡੇ ਅਫਸਰਾਂ ਕੋਲੋਂ ਜਲੀਲ ਹੋਣਾ ਪਿਆ ਹੈ। ਕਈ ਅਫਸਰ ਤਾਂ ਹਾਕਮ ਧਿਰ ਦੇ ਵਿਧਾਇਕਾਂ ਨੂੰ ਵੀ ਟਿੱਚ ਜਾਣਦੇ ਹਨ। ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਹੌਲਦਾਰ ਵੀ ਅੱਖਾਂ ਵਿਖਾ ਰਹੇ ਹਨ। ਇੰਂਝ ਜਾਪਦਾ ਹੈ ਕਿ ਜਿਵੇਂ ਨੌਕਰਸਾਹ ਭਾਰੂ ਹੋ ਗਏ ਹਨ। ਤਾਜ਼ਾ ਮਾਮਲਾ ਕੈਬਨਿਟ ਵਜ਼ੀਰ ਮਦਨ ਮੋਹਨ ਮਿੱਤਲ ਦਾ ਹੈ ਜਿਨ•ਾਂ ਦੇ ਸਮਾਗਮਾਂ ਵਿਚ ਪ੍ਰੋਟੋਕਾਲ ਮੁਤਾਬਿਕ ਕੋਈ ਉਚ ਅਧਿਕਾਰੀ ਹੀ ਨਹੀਂ ਪੁੱਜਾ। ਇਵੇਂ ਹੀ ਕੇਂਦਰੀ ਵਜ਼ੀਰ ਵਿਜੇ ਸਾਂਪਲਾ ਨੂੰ ਕਪੂਰਥਲਾ ਦਾ ਡਿਪਟੀ ਕਮਿਸ਼ਨਰ ਨਾ ਪੁੱਜਣ ਕਰਕੇ ਬੀਤੇ ਕੱਲ ਮੀਟਿੰਗ ਕੈਂਸਲ ਕਰਨੀ ਪਈ ਹੈ। ਆਰ.ਟੀ.ਆਈ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਸਾਲ 2007 ਤੋਂ ਹੁਣ ਤੱਕ 28 ਦੇ ਵਿਧਾਇਕਾਂ ਨੂੰ ਅਫਸਰਾਂ ਦੇ ਮਾੜੇ ਵਤੀਰੇ ਅਤੇ ਆਪਣੀ ਮਾਣ ਇੱਜ਼ਤ ਦੀ ਬਹਾਲੀ ਲਈ ਵਿਧਾਨ ਸਭਾ ਦੇ ਸਪੀਕਰ ਤੱਕ ਪਹੁੰਚ ਕਰਨੀ ਪਈ ਹੈ। ਪੰਜਾਬ ਦੇ ਕਰੀਬ 35 ਅਫਸਰਾਂ ਦੀ ਇਨ•ਾਂ ਵਿਧਾਇਕਾਂ ਨੇ ਸਪੀਕਰ ਕੋਲ ਲਿਖਤੀ ਸ਼ਿਕਾਇਤ ਕੀਤੀ ਹੈ। ਅਫਸਰਾਂ ਵਲੋਂ ਫੋਨ ਨਾ ਸੁਣਨ ਦੀਆਂ ਜਿਆਦਾ ਸ਼ਿਕਾਇਤਾਂ ਹਨ। ਸਪੀਕਰ ਵਲੋਂ ਕਰੀਬ ਪੰਜ ਵਿਧਾਇਕਾਂ ਦੀ ਸ਼ਿਕਾਇਤ ਨੂੰ ਵਿਧਾਨ ਸਭਾ ਦੀ ਮਰਿਯਾਦਾ ਕਮੇਟੀ ਅਤੇ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਵੀ ਸੌਂਪਿਆ ਹੈ।
                     ਸ੍ਰੋਮਣੀ ਅਕਾਲੀ ਦਲ ਦੇ 13 ਅਤੇ ਭਾਜਪਾ ਦੇ ਪੰਜ ਵਿਧਾਇਕਾਂ ,ਦੋ ਅਜ਼ਾਦ ਵਿਧਾਇਕਾਂ ਅਤੇ ਅੱਠ ਕਾਂਗਰਸੀ ਵਿਧਾਇਕਾਂ ਨੂੰ ਲੰਘੇ ਸੱਤ ਵਰਿ•ਆਂ ਦੌਰਾਨ ਕਈ ਅਫਸਰਾਂ ਦੇ ਭੈੜੇ ਰਵੱਈਏ ਦਾ ਸ਼ਿਕਾਰ ਹੋਣਾ ਪਿਆ ਹੈ। ਇੱਥੋਂ ਤੱਕ ਸਾਲ 2008 ਵਿਚ ਤਤਕਾਲੀ ਡਿਪਟੀ ਸਪੀਕਰ ਸਤਪਾਲ ਗੌਂਸਾਈ ਨੂੰ ਮੀਟਿੰਗ ਵਿਚ ਨਾ ਪੁੱਜਣ ਵਾਲੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਖਿਲਾਫ ਸ਼ਿਕਾਇਤ ਕਰਨੀ ਪਈ। ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੂੰ ਸਾਲ 2012 ਵਿਚ ਦੁਰਵਿਹਾਰ ਕਰਨ ਵਾਲੇ ਹੌਲਦਾਰ ਹਰਭਗਵਾਨ ਸਿੰਘ ਦੀ ਸ਼ਿਕਾਇਤ ਸਪੀਕਰ ਕੋਲ ਕੀਤੀ ਸੀ। ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਫੋਨ ਨਾ ਸੁਣਨ ਵਾਲੇ ਐਸ.ਐਸ.ਪੀ ਫਿਰੋਜਪੁਰ ਮਨਵਿੰਦਰ ਸਿੰਘ ਸਿੰਘ ਦੀ ਸ਼ਿਕਾਇਤ ਕੀਤੀ ਸੀ। ਇਸੇ ਤਰ•ਾਂ ਵਿਧਾਇਕ ਬੀਬੀ ਜਗੀਰ ਕੌਰ ਨੇ ਸਪੀਕਰ ਕੋਲ ਲਿਖਤੀ ਸ਼ਿਕਾਇਤ ਲਾਈ ਕਿ ਉਸ ਦਾ ਆਈ.ਏ.ਐਸ ਅਧਿਕਾਰੀ ਸਤਵੰਤ ਸਿੰਘ ਜੌਹਲ ਨੇ ਫੋਨ ਨਹੀਂ ਸੁਣਿਆ ਅਤੇ ਰੁੱਖਾ ਵਿਹਾਰ ਕੀਤਾ। ਜਦੋਂ ਮਾਮਲਾ ਮਰਿਯਾਦਾ ਕਮੇਟੀ ਕੋਲ ਪੁੱਜ ਗਿਆ ਤਾਂ ਸ੍ਰੀ ਜੌਹਲ ਨੂੰ ਬਿਨ•ਾਂ ਸ਼ਰਤ ਮੁਆਫੀ ਮੰਗਣੀ ਪਈ.
                   ਵਿਧਾਇਕਾ ਸੀਮਾ ਕੁਮਾਰੀ ਨੇ ਗਲਤ ਸ਼ਬਦਾਵਾਲੀ ਦੀ ਵਰਤੋਂ ਕਰਨ ਵਾਲੇ ਤਤਕਾਲੀ ਐਸ.ਐਸ.ਪੀ ਪਠਾਨਕੋਟ ਦੀ ਸ਼ਿਕਾਇਤ ਕੀਤੀ ਅਤੇ ਇਹ ਮਾਮਲਾ ਹਾਲੇ ਲੰਬਿਤ ਪਿਆ ਹੈ। ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋਂ ਪੰਜਾਬ ਯੂਨੀਵਰਸਿਟੀ ਦੇ ਡੀਨ ਸਟੂਡੈਂਟ ਵੈਲਫੇਅਰ ਨਵਦੀਪ ਗੋਇਲ ਖਿਲਾਫ ਕੀਤੀ ਸ਼ਿਕਾਇਤ ਵਿਸ਼ੇਸ਼ ਅਧਿਕਾਰੀ ਕਮੇਟੀ ਨੂੰ ਸੌਂਪ ਦਿੱਤੀ ਗਈ ਹੈ। ਵਿਧਾਇਕ ਮਨਜੀਤ ਸਿੰਘ ਨੇ ਫੋਨ ਤੇ ਬਦਸਲੂਕੀ ਕਰਨ ਵਾਲੇ ਆਈ.ਏ.ਐਸ ਅਧਿਕਾਰੀ ਐਸ.ਕਰੁਣਾ ਰਾਜੂ ਅਤੇ ਡੀਈਓ ਤਰਨਤਾਰਨ ਸ਼ਿੰਦਰ ਸਿੰਘ ਦੀ ਸ਼ਿਕਾਇਤ ਕੀਤੀ ਸੀ। ਮਗਰੋਂ ਸਮਝੌਤਾ ਹੋਣ ਕਰਕੇ ਮਾਮਲਾ ਨਿਪਟ ਗਿਆ ਅਜ਼ਾਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕੁੰਦਨਪੁਰੀ ਡਿਸਪੈਂਸਰੀ ਲੁਧਿਆਣਾ ਦੇ ਡਾ.ਰਾਜਕਰਨੀ ਦੀ ਸ਼ਿਕਾਇਤ ਕੀਤੀ ਕਿ ਉਸ ਨੇ ਫੋਨ ਤੇ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਇਵੇਂ ਹੀ ਬਲਵਿੰਦਰ ਸਿੰਘ ਬੈਂਸ ਨੇ ਡੀ.ਟੀ.ਓ ਲੁਧਿਆਣਾ ਅਤੇ ਏ.ਸੀ.ਪੀ ਟਰੈਫਿਕ ਲਿਧਆਣਾ ਡਾ.ਰਿਚਾ ਅਗਨੀਹੋਤਰੀ ਦੀ ਸ਼ਿਕਾਇਤ ਕੀਤੀ ਕਿ ਉਸ ਦੀ ਕਾਰ ਤੋਂ ਵਿਧਾਨ ਸਭਾ ਦਾ ਪਾਰਕਿੰਗ ਸਟਿੱਕਰ ਜਬਰੀ ਪਾੜ ਦਿੱਤਾ।
                   ਕਾਂਗਰਸੀ ਵਿਧਾਇਕ ਜੋਗਿੰਦਰ ਸਿੰਘ ਜੈਤੋ ਨੇ ਦੋ ਡੀ.ਐਸ.ਪੀਜ਼ ਦੀ ਸ਼ਿਕਾਇਤ ਕੀਤੀ ਕਿ ਪੁਲੀਸ ਅਫਸਰਾਂ ਨੇ ਉਸ ਦੀ ਬੇਇੱਜ਼ਤੀ ਕੀਤੀ। ਧੂਰੀ ਦੇ ਏ.ਆਰ ਹਰਮੋਹਨ ਸਿੰਘ ਨੂੰ ਮੁਆਫੀ ਮੰਗ ਕੇ ਵਿਧਾਇਕ ਇਕਬਾਲ ਸਿੰਘ ਝੂੰਦਾ ਤੋਂ ਖਹਿੜਾ ਛੁਡਾਉਣਾ ਪਿਆ। ਬੈਸਟ ਵਿਧਾਨਕਾਰ ਰਹਿ ਚੁੱਕੇ ਅਤੇ ਸੀ.ਪੀ.ਆਈ ਦੇ ਸਕੱਤਰ ਕਾਮਰੇਡ ਹਰਦੇਵ ਅਰਸ਼ੀ ਦਾ ਪ੍ਰਤੀਕਰਮ ਹੈ ਕਿ ਵਿਧਾਇਕ ਦਾ ਰੁਤਬਾ ਮੁੱਖ ਸਕੱਤਰ ਤੋਂ ਉਚਾ ਹੈ ਜਿਸ ਕਰਕੇ ਉਸ ਨੂੰ ਬਣਦਾ ਮਾਣ ਸਤਿਕਾਰ ਮਿਲਣਾ ਚਾਹੀਦਾ ਹੈ। ਉਨ•ਾਂ ਨਾਲ ਹੀ ਆਖਿਆ ਕਿ ਵਿਧਾਇਕਾਂ ਨੂੰ ਵੀ ਆਪਣੇ ਕੱਦ ਬੁੱਤ ਦੇ ਹਿਸਾਬ ਨਾਲ ਪ੍ਰਸ਼ਾਸਨਿਕ ਕੰਮਾਂ ਵਿਚ ਦਾਖਲ ਕਰਨਾ ਚਾਹੀਦਾ ਹੈ। ਦੋਹਾਂ ਧਿਰਾਂ ਨੂੰ ਪ੍ਰੋਟੋਕਾਲ ਦੇ ਦਾਇਰੇ ਵਿਚ ਰਹਿਣਾ ਚਾਹੀਦਾ ਹੈ। ਭਾਜਪਾ ਵਿਧਾਇਕ ਬਿਸੰਬਰ ਦਾਸ ਨੇ ਸਾਲ 2009 ਵਿਚ ਫੋਨ ਅਟੈਂਡ ਨਾ ਕਰਨ ਵਾਲੇ ਤਤਕਾਲੀ ਐਸ.ਐਸ.ਪੀ ਗੁਰਦਾਸਪੁਰ ਦੀ ਸ਼ਿਕਾਇਤ ਕੀਤੀ ਸੀ। ਸਾਲ 2009  ਵਿਚ ਹੀ ਮੁੱਖ ਸੰਸਦੀ ਸਕੱਤਰ ਮਹਿੰਦਰ ਕੌਰ ਜੋਸ਼ ਨੇ ਏਦਾ ਦੀ ਹੀ ਸ਼ਿਕਾਇਤ ਤਤਕਾਲੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਕਵਿਤਾ ਮੋਹਨ ਸਿੰਘ ਚੌਹਾਨ ਖਿਲਾਫ ਕੀਤੀ ਸੀ।
                   ਉੱਚ ਅਫਸਰਾਂ ਦਾ ਤਰਕ ਹੈ ਕਿ ਕਈ ਵਿਧਾਇਕ ਏਦਾ ਦਾ ਕੰਮ ਕਹਿ ਦਿੰਦੇ ਹਨ ਜੋ ਕਾਨੂੰਨ ਮੁਤਾਬਿਕ ਠੀਕ ਨਹੀਂ ਹੁੰਦਾ ਹੈ। ਇਸੇ ਕਰਕੇ ਉਹ ਨਰਾਜ਼ ਹੋ ਜਾਂਦੇ ਹਨ। ਅਫਸਰਾਂ ਦਾ ਕਹਿਣਾ ਹੈ ਕਿ ਕੰਮ ਕਾਰ ਜਿਆਦਾ ਹੋਣ ਕਰਕੇ ਕਈ ਦਫਾ ਅਣਜਾਣੇ ਵਿਚ ਫੋਨ ਅਟੈਂਡ ਹੋਣੋ ਰਹਿ ਜਾਂਦਾ ਹੈ ਜਿਸ ਨੂੰ ਵਿਧਾਇਕ ਆਪਣੇ ਵਕਾਰ ਦਾ ਸੁਆਲ ਬਣਾ ਲੈਂਦੇ ਹਨ ਪ੍ਰੰਤੂ ਉਹ ਕਦੇ ਮੰਦਭਾਵਨਾ ਨਾਲ ਕੰਮ ਨਹੀਂ ਕਰਦੇ।
                                        ਸ਼ਿਕਾਇਤਾਂ ਜਿਆਦਾ ਨਹੀਂ ਹਨ : ਸਪੀਕਰ
ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ.ਚਰਨਜੀਤ ਸਿੰਘ ਅਟਵਾਲ ਦਾ ਪ੍ਰਤੀਕਰਮ ਸੀ ਕਿ ਉਨ•ਾਂ ਕੋਲ ਦੋ ਤਿੰਨ ਵਿਧਾਇਕਾਂ ਦੀਆਂ ਸ਼ਿਕਾਇਤ ਪੈਂਡਿੰਗ ਪਈਆਂ ਹਨ। ਉਨ•ਾਂ ਦੱਸਿਆ ਕਿ ਉਹ ਦੋਹੇ ਧਿਰਾਂ ਨੂੰ ਬੁਲਾ ਕੇ ਗਲਤ ਫਹਿਮੀ ਵਗੈਰਾ ਦੂਰ ਕਰਾ ਦਿੰਦੇ ਹਨ ਅਤੇ ਮਾਮਲੇ ਨਿਪਟਾ ਦਿੱਤੇ ਜਾਂਦੇ ਹਨ। ਕਈ ਕੇਸਾਂ ਵਿਚ ਮਾਮਲੇ ਮਰਿਯਾਦਾ ਕਮੇਟੀ ਨੂੰ ਵੀ ਸੌਂਪ ਦਿੱਤੇ ਜਾਂਦੇ ਹਨ। ਉਨ•ਾਂ ਆਖਿਆ ਕਿ ਸ਼ਿਕਾਇਤਾਂ ਕੋਈ ਜਿਆਦਾ ਨਹੀਂ ਆਉਂਦੀਆਂ ਹਨ। ਸ਼ਿਕਾਇਤਾਂ ਦਾ ਸਬੰਧ ਵਿਧਾਇਕ ਦੇ ਮਾਣ ਸਨਮਾਨ ਨਾਲ ਹੀ ਜੁੜਿਆ ਹੁੰਦਾ ਹੈ। 

No comments:

Post a Comment