Thursday, July 2, 2015

                                      ਬਾਦਸ਼ਾਹੀ ਠਾਠ
                     ਭੱਤੇ ਲੈਣ ਵਿਚ ਕੈਪਟਨ ਫਾਡੀ
                                      ਚਰਨਜੀਤ ਭੁੱਲਰ
ਬਠਿੰਡਾ  : ਕੈਪਟਨ ਅਮਰਿੰਦਰ ਸਿੰਘ ਸਰਕਾਰੀ ਭੱਤੇ ਲੈਣ ਦੀ ਅੰਨੀ ਦੌੜ ਵਿਚੋਂ ਬਾਹਰ ਹਨ। ਉਨ•ਾਂ ਨੇ ਪੰਜ ਵਰੇ• ਕਦੇ ਕੋਈ ਸਫਰੀ ਭੱਤਾ ਨਹੀਂ ਲਿਆ ਹੈ। ਅਕਾਲੀ ਭਾਜਪਾ ਹਕੂਮਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਨਾ ਕਦੇ ਕੋਈ ਟੀ.ਏ ਲਿਆ ਅਤੇ ਨਾ ਹੀ ਕੋਈ ਡੀ.ਏ। ਇੱਥੋਂ ਤੱਕ ਕਿ ਹੁਣ ਬਤੌਰ ਮੈਂਬਰ ਪਾਰਲੀਮੈਂਟ, ਉਨ•ਾਂ ਨੇ 10 ਮਹੀਨਿਆਂ ਚੋਂ ਸਿਰਫ ਦੋ ਮਹੀਨੇ ਹੀ ਟੀ.ਏ,ਡੀ.ਏ ਲਿਆ ਹੈ। ਬਤੌਰ ਮੁੱਖ ਮੰਤਰੀ ,ਉਨ•ਾਂ ਦਾ ਖਰਚਾ ਕੋਈ ਬਹੁਤਾ ਘੱਟ ਨਹੀਂ ਸੀ ਲੇਕਿਨ ਸਾਲ 2007 ਤੋਂ ਹੁਣ ਤੱਕ ਉਨ•ਾਂ ਸਰਕਾਰੀ ਭੱਤੇ ਜਿਆਦਾ ਠੁਕਰਾਏ ਹੀ ਹਨ। ਆਰ.ਟੀ.ਆਈ ਦੇ ਵੇਰਵਿਆਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ 1 ਅਪਰੈਲ 2007 ਤੋਂ 30 ਜੂਨ 2012 ਤੱਕ ਕੋਈ ਟੀ.ਏ, ਡੀ.ਏ ਕਲੇਮ ਨਹੀਂ ਕੀਤਾ ਹੈ। ਇਸ ਸਮੇਂ ਦੌਰਾਨ ਉਸ ਨੇ ਤਿੰਨ ਵਰੇ• ਤਾਂ ਕੋਈ ਤੇਲ ਖਰਚਾ ਅਤੇ ਹਵਾਈ ਸਫਰ ਦਾ ਖਰਚ ਵੀ ਨਹੀਂ ਲਿਆ ਹੈ। ਸਿਰਫ ਸਾਲ 2007 08 ਵਿਚ 1.25 ਲੱਖ ਰੁਪਏ ਅਤੇ ਸਾਲ 2010 11 ਵਿਚ 1.57 ਲੱਖ ਰੁਪਏ ਤੇਲ ਖਰਚ ਲਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਬਤੌਰ ਐਮ.ਐਲ.ਏ ਮਿਲਣ ਵਾਲੀ ਤਨਖਾਹ ਜ਼ਰੂਰ ਲਈ ਹੈ। ਕੈਪਟਨ ਅਮਰਿੰਦਰ ਨੇ ਐਮ.ਪੀ ਬਣਨ ਮਗਰੋਂ ਸਤੰਬਰ ਤੇ ਨਵੰਬਰ ਮਹੀਨੇ ਵਿਚ ਸਿਰਫ 43,920 ਰੁਪਏ ਟੀ.ਏ,ਡੀ.ਏ ਲਿਆ ਹੈ। ਬਾਕੀ ਅੱਠ ਮਹੀਨੇ ਉਨ•ਾਂ ਨੇ ਕੋਈ ਕਲੇਮ ਨਹੀਂ ਕੀਤਾ ਹੈ।
                    ਪੰਜਾਬ ਦੇ ਸੰਸਦ ਮੈਂਬਰਾਂ ਚੋਂ ਟੀ.ਏ,ਡੀ.ਏ ਲੈਣ ਵਿਚ ਅਕਾਲੀ ਦਲ ਦੇ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਮੋਹਰੀ ਹਨ ਜਿਨ•ਾਂ ਨੇ ਮਈ 2014 ਤੋਂ ਮਾਰਚ 2015 ਤੱਕ 6.03 ਲੱਖ ਦੇ ਭੱਤੇ ਲਏ ਹਨ। ਦੂਸਰਾ ਨੰਬਰ ਵਿਨੋਦ ਖੰਨਾ ਦਾ ਹੈ ਜਿਨ•ਾਂ ਨੇ 5.59 ਲੱਖ ਰੁਪਏ ਟੀ.ਏ,ਡੀ.ਏ ਲਿਆ ਹੈ ਜਦੋਂ ਕਿ ਆਮ ਆਦਮੀ ਪਾਰਟੀ ਦੇ ਐਮ.ਪੀ ਹਰਿੰਦਰ ਸਿੰਘ ਖਾਲਸਾ ਨੇ 5.43 ਲੱਖ ਦੇ ਭੱਤੇ ਲੈ ਕੇ ਤੀਸਰਾ ਨੰਬਰ ਲਿਆ ਹੈ। ਸਭ ਤੋਂ ਘੱਟ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਐਮ.ਪੀ ਪ੍ਰੋ.ਸਾਧੂ ਸਿੰਘ ਨੇ 2.01 ਲੱਖ ਰੁਪਏ ਦੇ ਹੀ ਇਹ ਭੱਤੇ ਲਏ ਹਨ। ਐਮ.ਪੀ ਨੂੰ ਪੰਜਾਹ ਹਜ਼ਾਰ ਰੁਪਏ ਤਨਖਾਹ ਮਿਲਦੀ ਹੈ ਜਦੋਂ ਕਿ 45 ਹਜ਼ਾਰ ਰੁਪਏ ਹਲਕਾ ਭੱਤਾ ਮਿਲਦਾ ਹੈ। ਇਵੇਂ ਹੀ 15 ਹਜ਼ਾਰ ਰੁਪਏ ਦਫਤਰੀ ਖਰਚਾ ਅਤੇ 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਫਤਰੀ ਸਟਾਫ ਦੀ ਤਨਖਾਹ ਵਾਸਤੇ ਰਾਸ਼ੀ ਮਿਲਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਹ ਤਨਖਾਹ ਲਈ ਹੈ ਪ੍ਰੰਤੂ ਭੱਤੇ ਲੈਣ ਵਿਚ ਉਹ ਫਾਡੀ ਰਹੇ ਹਨ। ਐਮ.ਪੀ ਸ਼ੇਰ ਸਿੰਘ ਘੁਬਾਇਆ ਨੇ 4.54 ਲੱਖ ਅਤੇ ਡਾ.ਧਰਮਵੀਰ ਗਾਂਧੀ ਨੇ 2.60 ਲੱਖ ਰੁਪਏ ਦੇ ਭੱਤੇ ਲਏ ਹਨ। ਭਗਵੰਤ ਮਾਨ ਨੇ 2.88 ਲੱਖ ਰੁਪਏ ਟੀ.ਈ,ਡੀ.ਏ ਵਜੋਂ ਲਏ ਹਨ।
                    ਕੈਪਟਨ ਅਮਰਿੰਦਰ ਸਿੰਘ ਭਾਵੇਂ ਭੱਤੇ ਲੈਣ ਵਿਚ ਪਿਛੇ ਹਨ ਪ੍ਰੰਤੂ ਵਿਧਾਨ ਸਭਾ ਅਤੇ ਪਾਰਲੀਮੈਂਟ ਵਿਚ ਗੈਰਹਾਜ਼ਰੀ ਵਿਚ ਉਹ ਸਭ ਤੋਂ ਅੱਗੇ ਹਨ। ਉਹ 16 ਵੀਂ ਲੋਕ ਸਭਾ ਦੇ ਪਹਿਲੇ ਚਾਰ ਸੈਸ਼ਨਾਂ ਦੀਆਂ 71 ਬੈਠਕਾਂ ਚੋਂ ਸਿਰਫ 7 ਬੈਠਕਾਂ ਵਿਚ ਹੀ ਹਾਜ਼ਰ ਹੋਏ ਹਨ ਜਦੋਂ ਕਿ ਲੰਘੇ ਬਜਟ ਸੈਸ਼ਨ ਵਿਚ ਉਨ•ਾਂ ਨੇ 19 ਬੈਠਕਾਂ ਚੋਂ ਸਿਰਫ ਇੱਕ ਬੈਠਕ ਵਿਚ ਹੀ ਭਾਗ ਲਿਆ ਸੀ। ਇਸੇ ਤਰ•ਾਂ ਪੰਜਾਬ ਵਿਧਾਨ ਸਭਾ ਵਿਚ ਸਾਲ 2007 ਤੋਂ 2012 ਦੌਰਾਨ ਸਿਰਫ 13 ਦਿਨ ਹੀ ਹਾਜ਼ਰ ਰਹੇ ਸਨ। ਇਨ•ਾਂ ਪੰਜ ਵਰਿ•ਆਂ ਦੌਰਾਨ ਅਸੈਂਬਲੀ ਦੀਆਂ 88 ਬੈਠਕਾਂ ਹੋਈਆਂ ਸਨ। ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦੁਆਬੇ ਵਿਚ ਆਪਣੀ ਸੰਪਰਕ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਇਹ ਦੇਖਣਾ ਹੋਵੇਗਾ ਕਿ ਉਹ ਲੋਕਾਂ ਤੋਂ ਦੂਰ ਰਹਿਣ ਦੇ ਲੱਗੇ ਦਾਗ ਨੂੰ ਧੋ ਸਕਣਗੇ ਜਾਂ ਨਹੀਂ।
                                                  ਕਿਤਾਬਾਂ ਪੜਨ ਚ ਮੋਹਰੀ
ਕੈਪਟਨ ਅਮਰਿੰਦਰ ਸਿੰਘ ਬਤੌਰ ਮੁੱਖ ਮੰਤਰੀ ਕਿਤਾਬਾਂ ਪੜਨ ਵਿਚ ਵੀ ਮੋਹਰੀ ਰਹੇ ਹਨ। ਉਨ•ਾਂ ਆਪਣੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਵਿਧਾਨ ਸਭਾ ਦੀ ਲਾਇਬਰੇਰੀ ਚੋਂ 11 ਕਿਤਾਬਾਂ ਇਸੂ ਕਰਾਈਆਂ ਜਦੋਂ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਲ 2007 ਤੋਂ 2012 ਤੱਕ ਕੋਈ ਕਿਤਾਬ ਇਸੂ ਨਹੀਂ ਕਰਾਈ। ਰਜਿੰਦਰ ਕੌਰ ਭੱਠਲ ਨੇ ਬਤੌਰ ਮੁੱਖ ਮੰਤਰੀ ਕੋਈ ਕਿਤਾਬ ਇਸੂ ਨਹੀਂ ਕਰਾਈ ਸੀ।

No comments:

Post a Comment