Thursday, December 15, 2016

                                  ਬਾਦਲਾਂ ਦਾ ਚੋਗਾ
               ਪੁਲੀਸ ਦੇ ਲਾਈ 'ਸਿਆਸੀ ਫੀਤੀ'
                                 ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਚੋਣਾਂ ਤੋਂ ਪਹਿਲਾਂ ਕਰੀਬ ਅੱਠ ਹਜ਼ਾਰ ਸਿਪਾਹੀ 'ਸਿਆਸੀ ਫੀਤੀ' ਦਾ ਚੋਗਾ ਚੁਗਣਗੇ।  ਇਨ•ਾਂ ਦੇ ਮੋਢਿਆਂ ਤੇ ਫੀਤੀ ਤਾਂ ਹੌਲਦਾਰ ਵਾਲੀ ਸਜਾ ਦਿੱਤੀ ਹੈ ਪ੍ਰੰਤੂ ਇਨ•ਾਂ ਨੂੰ ਖ਼ਜ਼ਾਨੇ ਚੋਂ ਤਨਖਾਹ ਸਿਪਾਹੀ ਵਾਲੀ ਹੀ ਮਿਲੇਗੀ। ਮਤਲਬ ਹੈ ਕਿ ਸਰਕਾਰ ਨੇ ਇਨ•ਾਂ ਨੂੰ ਹੌਲਦਾਰ (ਲੋਕਲ ਰੈਂਕ) ਦੇਣਾ ਹੈ। ਹਾਕਮ ਧਿਰ ਨੇ ਵਿਧਾਨ ਸਭਾ ਚੋਣਾਂ 2012 ਤੋਂ ਐਨ ਪਹਿਲਾਂ ਵੀ ਥੋਕ ਵਿਚ ਏਦਾ ਹੀ ਲੋਕਲ ਰੈਂਕ ਦਿੱਤੇ ਸਨ। ਹੁਣ ਚੋਣ ਜ਼ਾਬਤੇ ਤੋਂ ਐਨ ਪਹਿਲਾਂ ਪੁਲੀਸ ਨੂੰ ਖੁਸ਼ ਕਰਨ ਖਾਤਰ ਫੀਤੀ ਦਾ ਚੋਗਾ ਪਾਇਆ ਹੈ। ਇਵੇਂ ਹੀ ਕਰੀਬ ਇੱਕ ਹਜ਼ਾਰ ਹੌਲਦਾਰਾਂ ਦੇ ਮੋਢੇ ਤੇ ਏ.ਐਸ.ਆਈ ਦਾ ਸਟਾਰ ਲਾਇਆ ਹੈ ਪਰ ਇਹ ਸਟਾਰ ਵਾਲੇ ਏ.ਐਸ.ਆਈ ਖ਼ਜ਼ਾਨੇ ਚੋਂ ਤਨਖਾਹ ਹੌਲਦਾਰ ਵਾਲੀ ਹੀ ਲੈਣਗੇ। ਵੇਰਵਿਆਂ ਅਨੁਸਾਰ ਬਠਿੰਡਾ, ਮਾਨਸਾ ਅਤੇ ਮੁਕਤਸਰ ਦੇ 1375 ਸਿਪਾਹੀਆਂ (16 ਸਾਲਾਂ ਵਾਲੇ) ਨੂੰ ਹੌਲਦਾਰ ਦੀ ਫੀਤੀ ਲਾਈ ਹੈ। ਇਨ•ਾਂ ਤੋਂ ਇਲਾਵਾ ਟਰੇਨਿੰਗ ਕਰ ਰਹੇ 313 ਸਿਪਾਹੀਆਂ ਨੂੰ ਵੀ ਪੱਕੇ ਹੌਲਦਾਰ ਬਣਾਇਆ ਹੈ। ਇਵੇਂ ਹੀ 150 ਹੌਲਦਾਰਾਂ ਨੂੰ ਪੱਕਾ ਏ.ਐਸ.ਆਈ ਅਤੇ 79 ਪੱਕੇ ਸਬ ਇੰਸਪੈਕਟਰ ਬਣਾਏ ਹਨ। ਚੋਣ ਜ਼ਾਬਤੇ ਦੇ ਡਰੋਂ ਹਾਕਮ ਧਿਰ ਹੁਣ ਨਿਯਮਾਂ ਨੂੰ ਵੀ ਦਾਅ ਤੇ ਲਾ ਰਹੀ ਹੈ।
                         ਟਰੇਨਿੰਗ ਕਰਨ ਵਾਲੇ ਇਨ•ਾਂ ਸਿਪਾਹੀਆਂ ਅਤੇ ਹੌਲਦਾਰਾਂ ਦੀ ਟਰੇਨਿੰਗ ਪੂਰੀ ਹੋਣ ਤੋਂ ਪਹਿਲਾਂ ਹੀ ਅਗਲੀ ਤਰੱਕੀ ਕਰ ਦਿੱਤੀ ਗਈ ਹੈ ਜਦੋਂ ਕਿ ਇਨ•ਾਂ ਦਾ ਸੀ-ਵਨ ਬਣੀ ਨਹੀਂ ਹੈ। ਸਰਕਾਰ ਨੇ ਕਾਹਲੀ ਨਾਲ ਐਲੋਕੇਸ਼ਨ ਕੀਤੀ ਹੈ ਸੂਤਰ ਦੱਸਦੇ ਹਨ ਕਿ ਨਿਯਮਾਂ ਅਨੁਸਾਰ ਜਦੋਂ ਵੀ ਕੋਈ ਸਿਪਾਹੀ ਜਾਂ ਹੌਲਦਾਰ ਆਦਿ ਆਪਣੀ ਟਰੇਨਿੰਗ ਮੁਕੰਮਲ ਕਰਦਾ ਹੈ ਤਾਂ ਉਸ ਦੀ ਸੀ-ਵਨ,ਡੀ-ਵਨ (ਸੀਨੀਆਰਤਾ ਲਿਸਟ) ਬਣਦੀ ਹੈ ਜਿਸ ਦੇ ਅਧਾਰ ਤੇ ਪੰਜਾਬ ਪੁਲੀਸ ਵਲੋਂ ਐਲੋਕੇਸ਼ਨ ਕੀਤੀ ਜਾਂਦੀ ਹੈ। ਇਸ ਐਲੋਕੇਸ਼ਨ ਮਗਰੋਂ ਵਿਭਾਗੀ ਤਰੱਕੀ ਕਮੇਟੀ ਵਲੋਂ ਇਨ•ਾਂ ਐਲੋਕੇਸ਼ਨ ਦੇ ਅਧਾਰ ਤੇ ਹੀ ਮੁਲਾਜ਼ਮਾਂ ਨੂੰ ਤਰੱਕੀ ਦਿੱਤੀ ਜਾਂਦੀ ਹੈ। ਹੁਣ ਇੰਜ ਹੋਇਆ ਹੈ ਕਿ ਟਰੇਨਿੰਗ ਮੁਕੰਮਲ ਹੋਣ ਤੋਂ ਪਹਿਲਾਂ ਹੀ ਐਲੋਕੇਸ਼ਨ ਕਰ ਦਿੱਤੀ ਗਈ ਹੈ। ਸਰਕਾਰੀ ਸੂਤਰ ਦੱਸਦੇ ਹਨ ਕਿ ਸਰਕਾਰ ਨੂੰ ਕਾਹਲੀ ਹੈ ਕਿ ਚੋਣ ਜ਼ਾਬਤੇ ਤੋਂ ਪਹਿਲਾਂ ਪਹਿਲਾਂ ਫੀਤੀਆਂ ਅਤੇ ਸਟਾਰ ਮੁਲਾਜ਼ਮਾਂ ਦੇ ਲਾਉਣੇ ਹਨ।
                       ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਕੁਝ ਵਰ•ੇ ਪਹਿਲਾਂ ਲੋਕਲ ਰੈਂਕ ਦੇਣਾ ਬੰਦ ਵੀ ਕਰ ਦਿੱਤਾ ਸੀ ਪਰ ਹੁਣ ਚੋਣਾਂ ਤੋਂ ਪਹਿਲਾਂ ਲੋਕਲ ਰੈਂਕ ਦੇਣਾ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਹੁਣ ਅੱਠ ਹਜ਼ਾਰ ਸਿਪਾਹੀਆਂ ਦੇ ਹੌਲਦਾਰੀ ਦੀ ਫੀਤੀ ਲਾਈ ਹੈ, ਉਨ•ਾਂ ਸਿਪਾਹੀਆਂ ਵਲੋਂ ਲੋੜੀਦਾ ਬੀ-ਵਨ ਟੈਸਟ ਪਾਸ ਨਹੀਂ ਕੀਤਾ ਹੋਇਆ ਹੈ। ਸੂਤਰ ਆਖਦੇ ਹਨ ਕਿ ਪਿਛਲੇ ਸਮੇਂ ਤੋਂ ਪੁਲੀਸ ਘੁੱਟਣ ਮਹਿਸੂਸ ਕਰਦੀ ਆ ਰਹੀ ਹੈ ਅਤੇ ਹਾਕਮ ਧਿਰ ਪ੍ਰਤੀ ਰੋਹ ਵੀ ਪੁਲੀਸ ਅੰਦਰ ਵਧਿਆ ਹੈ। ਹਾਕਮ ਧਿਰ ਨੇ ਇਸ ਰੋਹ ਨੂੰ ਠੰਢਾ ਕਰਨ ਵਾਸਤੇ ਅੱਜ ਜਲੰਧਰ ਵਿਚ 'ਫੀਤੀ ਵੰਡ ਸਮਾਗਮ' ਕੀਤਾ ਹੈ। ਏ.ਡੀ.ਜੀ.ਪੀ (ਪ੍ਰਸ਼ਾਸਨ) ਦਿਨਕਰ ਗੁਪਤਾ ਦਾ ਪੱਖ ਲੈਣ ਲਈ ਵਾਰ ਵਾਰ ਫੋਨ ਕੀਤਾ ਪਰ ਉਨ•ਾਂ ਫੋਨ ਅਟੈਂਡ ਨਹੀਂ ਕੀਤਾ।

2 comments: