Tuesday, December 20, 2016

                               'ਆਪ' ਦਾ ਪੈਂਤੜਾ  
          ਹਲਕਾ ਲੰਬੀ ਤੋਂ ਚੋਣ ਲੜੇਗਾ ਜਰਨੈਲ ?
                                 ਚਰਨਜੀਤ ਭੁੱਲਰ
ਬਠਿੰਡਾ  :  ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਹਲਕਾ ਲੰਬੀ ਤੋਂ ਚੋਣ ਲੜਨਗੇ ? ਵਿਧਾਇਕ ਜਰਨੈਲ ਸਿੰਘ ਨੂੰ ਲੰਬੀ ਦੇ ਚੋਣ ਮੈਦਾਨ ਵਿਚ ਉਤਾਰਨ ਦਾ ਫੈਸਲਾ ਲੱਗਭਗ ਹੋ ਚੁੱਕਾ ਹੈ। ਸੂਤਰਾਂ ਦੀ ਮੰਨੀਏ ਤਾਂ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ 28 ਦਸੰਬਰ ਜਰਨੈਲ ਸਿੰਘ ਦੇ ਨਾਮ ਦਾ ਐਲਾਨ ਕਰਨਗੇ। ਹਲਕਾ ਲੰਬੀ ਦੇ ਪਿੰਡ ਕੋਲਿਆਂ ਵਾਲੀ ਵਿਚ 'ਆਪ' ਦੀ 28 ਦਸੰਬਰ ਨੂੰ ਰੈਲੀ ਹੋ ਰਹੀ ਹੈ ਜਿਸ ਵਿਚ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੁੱਜ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਵਿਧਾਇਕ ਜਰਨੈਲ ਸਿੰਘ ਵਲੋਂ ਮਾਲਵਾ ਖਿੱਤੇ ਵਿਚ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਹੋਈ ਸੀ। 'ਆਪ' ਆਗੂ ਜਰਨੈਲ ਸਿੰਘ ਪੱਛਮੀ ਦਿੱਲੀ ਤੋਂ ਵਿਧਾਇਕ ਹਨ ਅਤੇ ਅਪਰੈਲ 2009 ਵਿਚ ਤਤਕਾਲੀ ਕੇਂਦਰੀ ਗ੍ਰਹਿ ਮੰਤਰੀ ਪੀ.ਚਿੰਦਬਮਰ ਤੇ ਜੁੱਤੀ ਸੁੱਟੇ ਜਾਣ ਮਗਰੋਂ ਉਹ ਚਰਚਾ ਵਿਚ ਆਏ ਸਨ। ਜਰਨੈਲ ਸਿੰਘ ਨੇ ਦਿੱਲੀ ਦੰਗਿਆ ਦੇ ਰੋਸ ਵਜੋਂ ਇਹ ਕਦਮ ਚੁੱਕਿਆ ਸੀ।
                     'ਆਪ' ਦੇ ਲੀਡਰਸ਼ਿਪ ਵਲੋਂ ਸਿੱਖ ਚਿਹਰਾ ਲੰਬੀ ਵਿਚ ਉਤਾਰੇ ਜਾਣ ਤੋਂ ਪਿਛਲੇ ਕੁਝ ਦਿਨਾਂ ਤੋਂ ਵਿਚਾਰ ਵਟਾਂਦਰਾ ਹੋ ਰਿਹਾ ਸੀ। ਪਿਛਲੇ ਦਿਨਾਂ ਵਿਚ ਮਜੀਠਾ ਹਲਕੇ ਤੋਂ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਨੂੰ ਉਮੀਦਵਾਰ ਵਜੋਂ ਐਲਾਨਣ ਲਈ ਖੁਦ ਅਰਵਿੰਦ ਕੇਜਰੀਵਾਲ ਮਜੀਠਾ ਆਏ ਸਨ। ਸੂਤਰ ਦੱਸਦੇ ਹਨ ਕਿ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਲੰਬੀ ਹਲਕੇ ਤੋਂ ਜਰਨੈਲ ਸਿੰਘ ਨੂੰ ਉਮੀਦਵਾਰ ਐਲਾਨਣ ਦੀ ਸੰਭਾਵਨਾ ਹੈ। ਸੂਤਰ ਆਖਦੇ ਹਨ ਕਿ ਅਗਰ ਲੰਬੀ ਤੋਂ ਜਰਨੈਲ ਸਿੰਘ ਮੈਦਾਨ ਵਿਚ ਉਤਰਦੇ ਹਨ ਤਾਂ ਮੁਕਾਬਲਾ ਕਾਫੀ ਦਿਲਚਸਪ ਬਣ ਜਾਣਾ ਹੈ। ਕਾਂਗਰਸ ਪਾਰਟੀ ਤਰਫੋਂ ਵੀ ਹਾਲੇ ਤੱਕ ਹਲਕਾ ਲੰਬੀ ਤੋਂ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹੈ ਅਤੇ ਕਾਂਗਰਸ ਨੇ ਗੁਰਮੀਤ ਸਿੰਘ ਖੁਡੀਆਂ ਅਤੇ ਰਾਜਾ ਵੜਿੰਗ ਨੂੰ ਆਪਣਾ ਉਮੀਦਵਾਰ ਬਣਾਉਣ ਦਾ ਮੂਡ ਬਣਾਇਆ ਹੈ। ਉਂਜ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ ਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੀ ਇਸ ਹਲਕੇ ਤੋਂ ਉਮੀਦਵਾਰ ਹੋਣਗੇ।
                       'ਆਪ' ਦੇ ਕਨਵੀਨਰ ਗੁਰਪ੍ਰੀਤ ਘੁੱਗੀ ਅਤੇ ਜਰਨੈਲ ਸਿੰਘ ਨੇ ਫੋਨ ਨਹੀਂ ਚੁੱਕਿਆ  ਜਦੋਂ ਕਿ ਇੱਕ ਸੀਨੀਅਰ ਆਗੂ ਨੇ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਜਰਨੈਲ ਸਿੰਘ ਦੀ ਲੰਬੀ ਤੋਂ ਉਮੀਦਵਾਰੀ ਦੀ ਪੁਸ਼ਟੀ ਕੀਤੀ। 'ਆਪ' ਵਲੋਂ 28 ਦਸੰਬਰ ਨੂੰ ਪਿੰਡ ਕੋਲਿਆਂ ਵਾਲੀ ਵਿਚ ਮਹਾਂ ਰੈਲੀ ਕੀਤੀ ਜਾ ਰਹੀ ਹੈ ਜਿਸ ਦੀ ਤਿਆਰੀ ਮੌਕੇ ਹੀ ਰੱਫੜ ਪੈ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ•ਾ ਪ੍ਰਧਾਨ ਦਿਆਲ ਸਿੰਘ ਕੋਲਿਆਂ ਵਾਲੀ ਤੇ 'ਆਪ' ਆਗੂਆਂ ਨੇ ਇਲਜ਼ਾਮ ਲਾਏ ਹਨ ਕਿ ਉਸ ਵਲੋਂ ਰੈਲੀ ਵਿਚ ਅੜਿੱਕੇ ਖੜ•ੇ ਕੀਤੇ ਜਾ ਰਹੇ ਹਨ ਅਤੇ 'ਆਪ' ਆਗੂਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਕੋਲਿਆਂ ਵਾਲੀ ਇਸ ਗੱਲੋਂ ਇਨਕਾਰ ਕਰਦੇ ਹਨ। ਉਨ•ਾਂ ਦਾ ਕਹਿਣਾ ਹੈ ਕਿ ਉਨ•ਾਂ ਨੇ ਸਿਰਫ ਏਨਾ ਆਖਿਆ ਸੀ ਕਿ ਰੈਲੀ ਸਟੇਡੀਅਮ ਵਿਚ ਕਰਨ ਦੀ ਥਾਂ ਕਿਤੇ ਹੋਰ ਜਗ•ਾ ਕਰ ਲਵੋ ਕਿਉਂਕਿ ਸਟੇਡੀਅਮ ਵਿਚ ਉਸਾਰੀ ਦਾ ਕੰਮ ਚੱਲ ਰਿਹਾ ਹੈ। ਸੂਤਰ ਦੱਸਦੇ ਹਨ ਕਿ 'ਆਪ' ਵਲੋਂ ਪਿੰਡ ਕੋਲਿਆਂ ਵਾਲੀ ਵਿਚ ਵੱਡਾ ਇਕੱਠ ਕਰਕੇ ਪੂਰੇ ਮਾਲਵੇ ਨੂੰ ਹਲੂਣਾ ਦੇਣ ਦੀ ਰਣਨੀਤੀ ਬਣਾਈ ਹੈ। 

No comments:

Post a Comment