Saturday, December 31, 2016

                          ਮਕਾਨ ਘੱਟ, ਚੈੱਕ ਵੱਧ
           ਲੰਬੀ ਹਲਕੇ ਵਿਚ 'ਹੋਮ ਸਕੈਂਡਲ'
                              ਚਰਨਜੀਤ ਭੁੱਲਰ
ਬਠਿੰਡਾ : ਮੁੱਖ ਮੰਤਰੀ ਪੰਜਾਬ ਦੇ ਹਲਕਾ ਲੰਬੀ ਵਿਚ ਐਨ ਚੋਣਾਂ ਤੋਂ ਪਹਿਲਾਂ 'ਹੋਮ ਸਕੈਂਡਲ' ਹੋ ਰਿਹਾ ਹੈ। ਹਲਕੇ ਦੇ ਕਈ ਪਿੰਡਾਂ ਵਿਚ ਉਨੇ ਮਕਾਨ ਨਹੀਂ ਹਨ ਜਿੰਨੇ ਮਕਾਨਾਂ ਨੂੰ ਮੁਰੰਮਤ ਲਈ ਪੈਸੇ ਵੰਡ ਦਿੱਤੇ ਹਨ। ਇੱਕ ਇੱਕ ਘਰ ਨੂੰ ਤਿੰਨ ਤਿੰਨ ਚੈੱਕ ਵੰਡੇ ਗਏ ਹਨ। ਪੰਜਾਬ ਦਾ ਇਹ ਇਕਲੌਤਾ ਹਲਕਾ ਹੈ ਜਿਥੇ ਘਰਾਂ ਦੀ ਮੁਰੰਮਤ ਲਈ ਪੰਦਰਾਂ ਪੰਦਰਾਂ ਹਜ਼ਾਰ ਦੇ ਚੈੱਕ ਵੰਡੇ ਗਏ ਹਨ। ਮੁੱਖ ਮੰਤਰੀ ਦੇ ਅਖ਼ਤਿਆਰੀ ਕੋਟੇ ਅਤੇ ਛੋਟੀਆਂ ਬੱਚਤਾਂ ਚੋਂ ਇਹ ਪੈਸਾ ਖ਼ਰਚਿਆ ਜਾ ਰਿਹਾ ਹੈ। ਕਰੀਬ 45 ਕਰੋੜ ਰੁਪਏ ਹਲਕਾ ਲੰਬੀ ਵਿਚ ਮਕਾਨਾਂ ਦੀ ਮੁਰੰਮਤ ਅਤੇ ਉਸਾਰੀ ਲਈ ਵੰਡੇ ਗਏ ਹਨ ਜਿਨ•ਾਂ ਚੋਂ ਕਰੀਬ 22 ਕਰੋੜ ਰੁਪਏ ਸੇਮ ਦਾ ਬਹਾਨਾ ਘੜ ਕੇ ਮੁਰੰਮਤ ਲਈ ਵੰਡੇ ਗਏ ਹਨ। ਆਰ.ਟੀ.ਆਈ ਸੂਚਨਾ ਅਨੁਸਾਰ ਲੰਬੀ ਦੇ ਪਿੰਡ ਸਿੰਘੇਵਾਲਾ ਵਿਚ 564 ਮਕਾਨਾਂ ਨੂੰ ਮੁਰੰਮਤ ਲਈ 15-15 ਹਜ਼ਾਰ ਦਿੱਤੇ ਗਏ ਹਨ ਜਦੋਂ ਕਿ ਤਾਜ਼ਾ ਵੋਟਰ ਸੂਚੀ ਅਨੁਸਾਰ ਇਸ ਪਿੰਡ ਵਿਚ ਕੁੱਲ ਘਰਾਂ ਦੀ ਗਿਣਤੀ 372 ਹੈ। ਇਸ ਪਿੰਡ ਦੇ ਕਿਸਾਨ ਆਗੂ ਗੁਰਪਾਸ ਸਿੰਘ ਦਾ ਪ੍ਰਤੀਕਰਮ ਸੀ ਕਿ ਪਿੰਡ ਦੇ ਲੋੜਵੰਦ ਰਹਿ ਗਏ ਜਦੋਂ ਕਿ ਸਰਦੇ ਪੁੱਜਦੇ ਚੈੱਕ ਲੈ ਗਏ ਹਨ। ਸਰਕਾਰੀ ਤੱਥਾਂ ਅਨੁਸਾਰ ਪਿੰਡ ਮਿੱਡੂਖੇੜਾ ਵਿਚ ਕੁੱਲ 407 ਮਕਾਨ ਹਨ ਜਦੋਂ ਕਿ ਮੁਰੰਮਤ ਵਾਸਤੇ ਪੈਸੇ 448 ਘਰਾਂ ਨੂੰ ਦਿੱਤਾ ਗਿਆ ਹੈ।
                         ਬਹਾਨਾ ਇਹੋ ਕਿ ਸੇਮ ਕਾਰਨ ਲੋਕਾਂ ਦੇ ਮਕਾਨ ਤਿੜਕ ਗਏ ਹਨ ਤੇ ਮੁਰੰਮਤ ਦੀ ਲੋੜ ਹੈ। ਡਰੇਨੇਜ਼ ਮਹਿਕਮੇ ਦੇ ਤੱਥ ਆਖਦੇ ਹਨ ਕਿ ਪਿੰਡ ਮਿਡੂਖੇੜਾ ਵਿਚ 2901 ਏਕੜ ਰਕਬੇ ਚੋਂ ਹੁਣ ਸਿਰਫ਼ 220 ਏਕੜ ਵਿਚ ਸੇਮ ਦੀ ਸਮੱਸਿਆ ਹੈ ਇਵੇਂ ਪਿੰਡ ਮਹਿਣਾ ਵਿਚ ਕੁੱਲ ਮਕਾਨਾਂ ਦੀ ਗਿਣਤੀ 758 ਹੈ ਜਦੋਂ ਕਿ ਖ਼ਜ਼ਾਨੇ ਚੋਂ ਮੁਰੰਮਤ ਲਈ ਪੈਸਾ 850 ਘਰਾਂ ਲਈ 1.27 ਕਰੋੜ ਜਾਰੀ ਕੀਤਾ ਗਿਆ ਹੈ। ਪਿੰਡ ਹਾਕੂਵਾਲਾ ਵਿਚ 353 ਮਕਾਨ ਹਨ ਅਤੇ ਸਾਰੇ ਮਕਾਨਾਂ ਦੀ ਮੁਰੰਮਤ ਖਾਤਰ ਪੈਸਾ ਦੇ ਦਿੱਤਾ ਗਿਆ ਹੈ। ਸੂਤਰ ਦੱਸਦੇ ਹਨ ਕਿ ਇਸ ਪਿੰਡ ਵਿਚ ਇੱਕ ਧਨਾਢ ਪਰਿਵਾਰ ਦੀ ਕੋਠੀ ਦੀ ਮੁਰੰਮਤ ਲਈ ਤਿੰਨ ਚੈੱਕ ਦਿੱਤੇ ਗਏ ਹਨ। ਪਿੰਡ ਵਣਾਂਵਾਲਾ ਅਨੂੰ ਵਿਚ 388 ਘਰ ਹਨ ਜਦੋਂ ਕਿ ਮੁਰੰਮਤ ਦਾ ਪੈਸਾ 498 ਘਰਾਂ ਨੂੰ ਦਿੱਤਾ ਗਿਆ ਹੈ। ਪਿੰਡ ਮਿਠੜੀ ਵਿਚ ਕੋਠੀਆਂ ਵਾਲੇ ਦੋ ਭਰਾਵਾਂ ਨੂੰ ਪੰਦਰਾਂ ਪੰਦਰਾਂ ਹਜ਼ਾਰ ਦੇ ਚੈੱਕ ਦਿੱਤੇ ਗਏ ਹਨ ਜਦੋਂ ਕਿ ਮਜ਼ਦੂਰ ਇਨ•ਾਂ ਤੋਂ ਵਾਂਝੇ ਹਨ। ਏਦਾ ਡੇਢ ਦਰਜਨ ਪਿੰਡਾਂ ਵਿਚ ਹੋਇਆ ਹੈ। ਸਰਕਾਰੀ ਸੂਚਨਾ ਅਨੁਸਾਰ ਬਲਾਕ ਲੰਬੀ ਦੇ 55 ਪਿੰਡਾਂ ਦੇ 17494 ਘਰਾਂ ਨੂੰ ਪੈਸਾ ਵੰਡਿਆ ਗਿਆ ਹੈ। ਏਦਾ ਜਾਪਦਾ ਹੈ ਕਿ ਜਿਵੇਂ ਪੂਰੇ ਬਲਾਕ ਦੇ ਘਰਾਂ ਦੀ ਖਸਤਾ ਹਾਲਤ ਹੋਵੇ। ਬਾਕੀ ਪੰਜਾਬ ਦੇ ਪਿੰਡਾਂ ਵਿਚ ਮੁਰੰਮਤ ਵਾਸਤੇ ਪੈਸਾ ਨਹੀਂ ਮਿਲ ਰਿਹਾ ਹੈ।
                       ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ 7 ਨਵੰਬਰ ਨੂੰ ਇੱਕੋ ਦਿਨ ਵਿਚ 9.50 ਕਰੋੜ ਰੁਪਏ ਭੇਜੇ ਸਨ ਜਦੋਂ ਕਿ 13 ਪਿੰਡਾਂ ਦੇ 2312 ਘਰਾਂ ਨੂੰ 3.72 ਕਰੋੜ ਰੁਪਏ 30 ਸਤੰਬਰ ਨੂੰ ਭੇਜੇ ਗਏ ਸਨ। ਹੁਣ ਐਨ ਚੋਣਾਂ ਤੋਂ ਪਹਿਲਾਂ ਇਹ ਚੈੱਕ ਵੰਡੇ ਗਏ ਹਨ ਅਤੇ ਕਈ ਪਿੰਡਾਂ ਵਿਚ ਗਰੀਬ ਲੋਕਾਂ ਨੇ ਰੌਲਾ ਰੱਪਾ ਵੀ ਪਾਇਆ ਹੈ।  ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਪ੍ਰਤੀਕਰਮ ਸੀ ਕਿ ਹਲਕਾ ਲੰਬੀ ਵਿਚ ਗਰੀਬਾਂ ਦੇ ਬਹਾਨੇ ਹਾਕਮ ਧਿਰ ਨੇ 'ਆਪਣਿਆਂ' ਨੂੰ ਚੈੱਕ ਦੇ ਦਿੱਤੇ ਹਨ ਜਿਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਉਨ•ਾਂ ਆਖਿਆ ਕਿ ਮਕਾਨ ਮੁਰੰਮਤ ਦੇ ਨਾਂਅ ਹੇਠ ਵੋਟਾਂ ਦੀ ਖਰੀਦੋ ਫਰੋਖਤ ਹੋ ਰਹੀ ਹੈ।
                                  ਗਲਤ ਚੈੱਕ ਵਾਪਸ ਲਏ ਜਾਣਗੇ : ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਮੁਕਤਸਰ ਸ੍ਰੀ ਸੁਮੀਤ ਜਾਰੰਗਲ ਦਾ ਕਹਿਣਾ ਸੀ ਕਿ ਸੇਮ ਪ੍ਰਭਾਵਿਤ ਪਿੰਡਾਂ ਵਾਸਤੇ ਜ਼ਿਲ•ੇ ਨੂੰ 45 ਕਰੋੜ ਰੁਪਏ ਮਕਾਨਾਂ ਦੀ ਮੁਰੰਮਤ ਵਾਸਤੇ ਮਿਲੇ ਹਨ ਜੋ ਲੋੜਵੰਦ ਪਰਿਵਾਰਾਂ ਨੂੰ ਦਿੱਤੇ ਜਾ ਰਹੇ ਹਨ। ਉਨ•ਾਂ ਤਰਕ ਦਿੱਤਾ ਕਿ ਕਈ ਵਾਰੀ ਇੱਕੋ ਮਕਾਨ ਦੇ ਵੱਖੋ ਵੱਖਰੇ ਕਮਰੇ ਵਿਚ ਦੋ ਦੋ ਪਰਿਵਾਰ ਰਹਿ ਰਹੇ ਹੁੰਦੇ ਹਨ ਜਿਸ ਕਰਕੇ ਮੁਰੰਮਤ ਵਾਲੇ ਮਕਾਨਾਂ ਦੀ ਗਿਣਤੀ ਵਧੀ ਹੈ। ਅਗਰ ਕਿਤੇ ਨਿਯਮਾਂ ਤੋਂ ਉਲਟ ਕਿਸੇ ਨੂੰ ਪੈਸਾ ਚਲਾ ਗਿਆ ਹੈ ਤਾਂ ਉਹ ਵਾਪਸ ਲਿਆ ਜਾਵੇਗਾ।

No comments:

Post a Comment