Sunday, February 4, 2018

                                                            ਗੁੰਡਾ ਟੈਕਸ
                              ਕੈਪਟਨ ਦੇ ਚੌਧਰੀਆਂ ਵਲੋਂ ‘ਘੁਰਕੀ ਤੇ ਬੁਰਕੀ’ 
                                                           ਚਰਨਜੀਤ ਭੁੱਲਰ
ਬਠਿੰਡਾ : ਕੈਪਟਨ ਸਰਕਾਰ ਦੇ ਚੌਧਰੀਆਂ ਵਲੋਂ ਗੁੰਡਾ ਟੈਕਸ ਦੀ ਵਸੂਲੀ ਲਈ ‘ਘੁਰਕੀ ਤੇ ਬੁਰਕੀ’ ਦਾ ਪੈਂਤੜਾ ਲਿਆ ਹੈ। ਭਿਸੀਆਣਾ ਹਵਾਈ ਅੱਡੇ ਤੋਂ ‘ਗੁੰਡਾ ਟੈਕਸ’ ਵਸੂਲੀ ਦੇ ਖ਼ਿਲਾਫ਼ ਜਦੋਂ ਟਰੱਕ ਅਪਰੇਟਰਾਂ ਨੇ ਤੇਵਰ ਦਿਖਾਏ ਤਾਂ ਕਾਂਗਰਸੀ ਚੌਧਰੀਆਂ ਨੇ ਪਹਿਲਾਂ ਸਖ਼ਤੀ ਦਾ ਰੌਂਅ ਦਿਖਾਇਆ। ਮਗਰੋਂ ਠੇਕੇਦਾਰਾਂ ਤੇ ਅਪਰੇਟਰਾਂ ਨਾਲ ‘ਦੋਸਤਾਨਾ ਮੈਚ’ ਖੇਡਣ ਦਾ ਫੈਸਲਾ ਕਰ ਲਿਆ। ਇਵੇਂ ਬਠਿੰਡਾ ਰਿਫਾਈਨਰੀ ਦੇ ‘ਗੁੰਡਾ ਟੈਕਸ’ ਖ਼ਿਲਾਫ਼ ਜਦੋਂ ਬੀਤੇ ਕੱਲ ਠੇਕੇਦਾਰ ਆਪੇ ਤੋਂ ਬਾਹਰ ਹੋ ਗਏ ਤਾਂ ਅੱਜ ਸਰਕਾਰੀ ਦਰਬਾਰ ਦਾ ਮੋਹਾਲੀ ਤੋਂ ਇੱਕ ‘ਏਲਚੀ’ ਰਿਫਾਈਨਰੀ ਸਾਈਟ ਤੇ ਪੁੱਜ ਗਿਆ। ਕਾਂਗਰਸੀ ਏਲਚੀ ਨੇ ਇਕੱਲੇ ਇਕੱਲੇ ਠੇਕੇਦਾਰ ਨੂੰ ਬੁਲਾ ਕੇ ਇੱਕ ਕੰਕਰੀਟ ਪਲਾਂਟ ਤੇ ਮੀਟਿੰਗ ਕੀਤੀ। ਇਸ ਏਲਚੀ ਨੇ ‘ਗੁੰਡਾ ਟੈਕਸ’ ’ਚ 10 ਫੀਸਦੀ ਛੋਟ ਦੇਣ ਦੀ ਪੇਸ਼ਕਸ਼ ਕੀਤੀ। ਦੱਸਣਯੋਗ ਹੈ ਕਿ ਪੰਜਾਬੀ ਟ੍ਰਿਬਿਊਨ ਵਲੋਂ ਕਾਂਗਰਸੀ ਲੀਡਰਾਂ ਵਲੋਂ ਰਿਫਾਈਨਰੀ ’ਤੇ ਹੁੰਦੀ ‘ਗੁੰਡਾ ਟੈਕਸ’ ਦੀ ਵਸੂਲੀ ਦੇ ਮਾਮਲੇ ਨੂੰ ਪ੍ਰਮੁਖਤਾ ਨਾਲ ਛਾਪਿਆ ਗਿਆ। ਉਸ ਮਗਰੋਂ ਉਪਰੋਂ ਆਏ ‘ਏਲਚੀ’ ਨੇ ਅੱਜ ਭਿਸੀਆਣਾ ਵਾਂਗ ‘ਦੋਸਤਾਨਾ ਮੈਚ’ ਖੇਡਣ ਦਾ ਫਾਰਮੂਲਾ ਰੱਖਿਆ। ਇੱਕ ਠੇਕੇਦਾਰ ਨੇ ਦੱਸਿਆ ਕਿ ‘ਗੁੰਡਾ ਟੈਕਸ’ ਵਿਚ ਛੋਟ ਦੇਣ ਦੀ ਗੱਲ ਆਖੀ ਗਈ ਪ੍ਰੰਤੂ ਉਨ੍ਹਾਂ ਨੂੰ ਮਨਜ਼ੂਰ ਨਹੀਂ।
                  ਠੇਕੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਰਿਫਾਈਨਰੀ ਦੀ ਸਬੰਧਿਤ ਮੈਨੇਜਮੈਂਟ ਨੂੰ ਸੂਚਿਤ ਕਰ ਦਿੱਤਾ ਹੈ ਜਿਸ ਕਰਕੇ ਹੁਣ ਰਿਫਾਈਨਰੀ ਪ੍ਰਬੰਧਕ ਸੋਚਣ। ਸੂਤਰ ਆਖਦੇ ਹਨ ਕਿ ਅਗਰ ਠੇਕੇਦਾਰ ਅੜ ਗਏ ਤਾਂ ਰਿਫਾਈਨਰੀ ’ਚ ਪੈਟਰੋ ਕੈਮੀਕਲ ਯੂਨਿਟ ਦੀ ਉਸਾਰੀ ਨੂੰ ਧੱਕਾ ਲੱਗ ਸਕਦਾ ਹੈ। ਡਿਪਟੀ ਕਮਿਸ਼ਨਰ ਆਖ ਚੁੱਕੇ ਹਨ ਕਿ ਉਹ ਜ਼ਿਲ੍ਹਾ ਪੁਲੀਸ ਮੁਖੀ ਨੂੰ ਆਖ ਚੁੱਕੇ ਹਨ ਜਦੋਂ ਕਿ ਬਠਿੰਡਾ ਜ਼ੋਨ ਦੇ ਆਈ.ਜੀ ਅਤੇ ਐਸ.ਐਸ.ਪੀ ਬਠਿੰਡਾ ਨੇ ਫੋਨ ਨਹੀਂ ਚੁੱਕਿਆ।ਸੂਤਰ ਦੱਸਦੇ ਹਨ ਕਿ ਰਿਫਾਈਨਰੀ ਸਾਈਟ ’ਤੇ ਇੱਕ ਕਾਂਗਰਸੀ ਨੇਤਾ ਦੇ ਰਿਸ਼ਤੇਦਾਰਾਂ ਵਲੋਂ ਤਾਂ ਬਕਾਇਦਾ ਫਰਮਾਂ ਬਣਾ ਕੇ ਕੰਮ ਸ਼ੁਰੂ ਕੀਤਾ ਹੋਇਆ ਹੈ। ਅੱਜ ਪੰਜਾਬੀ ਟ੍ਰਿਬਿਊਨ ਨੂੰ ਭਿਸੀਆਣਾ ਹਵਾਈ ਅੱਡੇ ਅਤੇ ਬਠਿੰਡਾ ਕੈਂਟ ’ਚ ਉਸਾਰੀ ਦਾ ਕੰਮ ਕਰਦੀਆਂ ਫਰਮਾਂ ਦੇ ਕੁਝ ਦਸਤਾਵੇਜ਼ ਵੀ ਹੱਥ ਲੱਗੇ ਹਨ। ਐਮ.ਈ.ਐਸ ਬਿਲਡਰਜ਼ ਐਸੋਸੀਏਸ਼ਨ ਬਠਿੰਡਾ ਦੇ ਚੇਅਰਮੈਨ ਸੁਰਿੰਦਰ ਵਾਲੀਆ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਗੱਡੀਆਂ ਰੋਕ ਲਈਆਂ ਜਾਂਦੀਆਂ ਸਨ ਜਿਸ ਬਾਰੇ ਉਨ੍ਹਾਂ ਨੇ ਐਸ.ਐਸ.ਪੀ ਨੂੰ ਪੱਤਰ ਵੀ ਲਿਖਿਆ ਸੀ ਪ੍ਰੰਤੂ ਹੁਣ ਬੈਠ ਕੇ ਉਨ੍ਹਾਂ ਦਾ ਮਸਲਾ ਹੱਲ ਹੋ ਗਿਆ ਹੈ।
                 ਇਵੇਂ ਮੱਖਣ ਇੰਟਰਪ੍ਰਾਈਜਜ ਦੇ ਸ੍ਰੀ ਮੱਖਣ ਨੇ ਦੱਸਿਆ ਕਿ ਦੋ ਤਿੰਨ ਮਹੀਨੇ ਤੋਂ ਟਰੱਕ ਰੋਕਣੇ ਬੰਦ ਕਰ ਦਿੱਤੇ ਗਏ ਹਨ। ਮਾਮਲਾ ਹੱਲ ਹੋ ਗਿਆ ਹੈ। ਬਠਿੰਡਾ ਕੈਂਟ ਦੇ ਇੱਕ ਹੋਰ ਬਿਲਡਰ ਨੇ ਦੱਸਿਆ ਕਿ ਟਰੱਕਾਂ ਤੋਂ ਪ੍ਰਤੀ ਫੁੱਟ ਦੋ ਰੁਪਏ ‘ਗੁੰਡਾ ਟੈਕਸ’ ਲਿਆ ਜਾਂਦਾ ਹੈ। ਸੂਤਰ ਦੱਸਦੇ ਹਨ ਕਿ ਬਠਿੰਡਾ ਕੈਂਟ ਵਿਚ ਤਾਂ ਹੁਣ ਉਸਾਰੀ ਦਾ ਕੰਮ ਮੱਠਾ ਪੈ ਗਿਆ ਹੈ ਜਦੋਂ ਕਿ ਭਿਸੀਆਣਾ ਹਵਾਈ ਅੱਡੇ ਅੰਦਰ ਕਈ ਪ੍ਰੋਜੈਕਟ ਚੱਲ ਰਹੇ ਹਨ। ਕਾਂਗਰਸੀ ਲੀਡਰਾਂ ਨੇ ਹਵਾਈ ਅੱਡਾ ਸਾਈਟ ’ਤੇ ‘ਗੁੰਡਾ ਟੈਕਸ’ ਵਸੂਲੀ ਲਈ ਟਰੱਕ ਯੂਨੀਅਨ ਦੇ ਇੱਕ ਸਾਬਕਾ ਅਕਾਲੀ ਪ੍ਰਧਾਨ ਦੀਆਂ ਸੇਵਾਵਾਂ ਲਈਆਂ ਹਨ। ਵੇਰਵਿਆਂ ਅਨੁਸਾਰ ਕਰੀਬ ਇੱਕ ਮਹੀਨਾ ਪਹਿਲਾਂ ਜਦੋਂ ਇੱਕ ਟਰਾਂਸਪੋਰਟਰ ਦੀਆਂ ਗੱਡੀਆਂ ਨੂੰ ਬਿਨ੍ਹਾਂ ਗੁੰਡਾ ਟੈਕਸ ਦਿੱਤੇ ਹਵਾਈ ਅੱਡੇ ਵਿਚ ਦਾਖਲ ਨਾ ਦਿੱਤਾ ਤਾਂ ਰੌਲਾ ਪੈ ਗਿਆ ਸੀ। ਉਦੋਂ ਕੁਝ ਟਰਾਂਸਪੋਰਟਰ ਇਕੱਠੇ ਹੋ ਕੇ ਆਈ.ਜੀ ਨੂੰ ਮਿਲੇ ਸਨ ਜਿਨ੍ਹਾਂ ਥਾਣਾ ਸਦਰ ਦੇ ਥਾਣੇਦਾਰ ਨੂੰ ਮਾਮਲਾ ਹੱਲ ਕਰਨ ਵਾਸਤੇ ਆਖ ਦਿੱਤਾ ਸੀ। ਥਾਣਾ ਸਦਰ ਦੇ ਮੁੱਖ ਥਾਣਾ ਅਫਸਰ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਭਿਸੀਆਣਾ ਵਿਚ ਰੇਤਾ ਬਜਰੀ ਦੀ ਸਪਲਾਈ ਦੇ ਮਾਮਲੇ ਵਿਚ ਇੱਕ ਟਰਾਂਸਪੋਰਟਰ ਦਾ ਮਾਮਲਾ ਸੀ ਅਤੇ ਉਨ੍ਹਾਂ ਨੇ ਦੂਸਰੇ ਟਰਾਂਸਪੋਰਟਰਾਂ ਨੂੰ ਬੁਲਾ ਕੇ ਮਸਲਾ ਹੱਲ ਕਰ ਦਿੱਤਾ ਸੀ।
                 ਉਨ੍ਹਾਂ ਦੱਸਿਆ ਕਿ ਯੂਨੀਅਨ ਰੇਟ ਤੇ ਸਪਲਾਈ ਦੇਣ ਤੇ ਸਹਿਮਤੀ ਹੋ ਗਈ ਸੀ। ਸੂਤਰ ਦੱਸਦੇ ਹਨ ਕਿ ਭਿਸੀਆਣਾ ਹਵਾਈ ਅੱਡੇ ਤੇ ਰੇਤਾ ਬਜਰੀ ਪ੍ਰਤੀ ਫੁੱਟ ਪਹਿਲਾਂ 5 ਰੁਪਏ ‘ਗੁੰਡਾ ਟੈਕਸ’ ਸੀ ਅਤੇ ਰੌਲਾ ਪੈਣ ਮਗਰੋਂ ਇਹ ਰੇਟ ਤਿੰਨ ਤੋਂ ਚਾਰ ਰੁਪਏ ਪ੍ਰਤੀ ਫੁੱਟ ਨਿਸ਼ਚਿਤ ਹੋ ਗਿਆ ਸੀ। ਰਿਫਾਈਨਰੀ ’ਚ ਪੈਟਰੋ ਕੈਮੀਕਲ ਯੂਨਿਟ ਦੀ ਉਸਾਰੀ ਕੰਮ ਆਰਐਸਬੀ ਦੇ ਮੁਲਾਜ਼ਮ ਹੁਕਮ ਸਿੰਘ ਨੇ ਆਖਿਆ ਕਿ ਏਦਾ ਦੇ ਮਾਹੌਲ ਵਿਚ ਕੰਮ ਕਰਨਾ ਮੁਸ਼ਕਲ ਹੈ, 10 ਦਿਨਾਂ ਤੋਂ ਗੱਡੀਆਂ ਬੰਦ ਹੋਣ ਕਰਕੇ ਲੇਬਰ ਵਿਹਲੀ ਬੈਠੀ ਹੈ। ਉਨ੍ਹਾਂ ਆਖਿਆ ਕਿ ਕੁਝ ਲੋਕ ਰੇਤਾ ਬਜਰੀ ਦੇ ਨਾਰਮਲ ਰੇਟ ਤੋਂ ਜਿਆਦਾ ਦੀ ਮੰਗ ਕਰ ਰਹੇ ਹਨ।
                   ਫੌਰੀ ਬੰਦ ਹੋਵੇ ‘ਗੁੰਡਾ ਟੈਕਸ’ : ਖਹਿਰਾ
ਵਿਰੋਧੀ ਧਿਰ ਦੇ ਨੇਤਾ ਤੇ ‘ਆਪ’ ਵਿਧਾਇਕ ਸੁਖਪਾਲ ਖਹਿਰਾ ਦਾ ਕਹਿਣਾ ਸੀ ਕਿ ਕਾਂਗਰਸ ਲੀਡਰ ਵੀ ਅਕਾਲੀ ਤਰਜ਼ ਤੇ ਗੁੰਡਾ ਟੈਕਸ ਵਸੂਲਣ ਲੱਗੇ ਹਨ ਜੋ ਫੌਰੀ ਬੰਦ ਹੋਣਾ ਚਾਹੀਦਾ ਹੈ। ਪਹਿਲੋਂ ਪਠਾਨਕੋਟ ਵਿਚ ਏਦਾ ਹੁੰਦਾ ਰਿਹਾ ਹੈ ਅਤੇ ਗੁੰਡਾ ਟੈਕਸ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ,ਜਿਵੇਂ ਅਕਾਲੀ ਦਲ ਨੇ ਭੁਗਤਿਆ ਹੈ। ਉਨ੍ਹਾਂ ਆਖਿਆ ਗੁੰਡਾ ਟੈਕਸ ਵਸੂਲੀ ਦੇ ਮਾਮਲੇ ’ਚ ਅਕਾਲੀ ਕਾਂਗਰਸੀ ਇੱਕੋ ਜੇਹੇ ਹਨ।
                   ਗੁੰਡਾਗਰਦੀ ਨਹੀਂ ਚੱਲਣ ਦਿਆਂਗੇ : ਜਾਖੜ
ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ‘ਗੁੰਡਾ ਟੈਕਸ’ ਦਾ ਸਖਤ ਨੋਟਿਸ ਲੈਂਦਿਆਂ ਆਖਿਆ ਕਿ ਉਹ ਗੁੰਡਾ ਟੈਕਸ ਨਹੀਂ ਚੱਲਣ ਦੇਣਗੇ ਅਤੇ ਉਹ ਇਹ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿਚ ਲਿਆ ਕੇ ਇਸ ਦੀ ਪੜਚੋਲ ਕਰਨਗੇ। ਕਾਂਗਰਸ ਸਰਕਾਰ ਨੇ ਹੀ ਟਰੱਕ ਯੂਨੀਅਨਾਂ ਖਤਮ ਕਰਕੇ ‘ਗੁੰਡਾ ਟੈਕਸ’ ਦੀ ਪਿਰਤ ਨੂੰ ਖਤਮ ਕਰਨ ਵਿਚ ਪਹਿਲ ਕੀਤੀ ਹੈ। ਜਾਖੜ ਨੇ ਆਖਿਆ ਕਿ ਭਾਵੇਂ ਕੋਈ ਵੀ ਹੋਵੇ, ਗੁੰਡਾਗਰਦੀ ਨਹੀਂ ਚੱਲਣ ਦਿੱਤੀ ਜਾਵੇਗੀ।
                       
No comments:

Post a Comment