Sunday, February 11, 2018

                             ਗੁੰਡਾ ਟੈਕਸ 
          ਹੁਣ ਪ੍ਰਗਟ ਹੋਈ ‘ਬੰਬੂਕਾਟ ਬ੍ਰਿਗੇਡ’
                            ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਰਿਫਾਈਨਰੀ ਦੇ ਕੋਲ ਹੁਣ ‘ਬੰਬੂਕਾਟ ਬ੍ਰਿਗੇਡ’ ਪ੍ਰਗਟ ਹੋ ਗਈ ਹੈ ਜਿਨ੍ਹਾਂ ਦੇ ਪਹਿਲਾ ਤੰਬੂ ਲੱਗੇ ਹੋਏ ਸਨ। ਨਵੀਂ ਬ੍ਰਿਗੇਡ ਦਾ ਉਦੋਂ ਪਤਾ ਲੱਗਾ ਜਦੋਂ ਬਜਰੀ ਦੇ ਭਰੇ ਇੱਕ ਟਰਾਲੇ ਨੂੰ ਅੱਜ ਕਰੀਬ 9.30 ਵਜੇ ਸਵੇਰੇ ਦੋ ਮੋਟਰ ਸਾਈਕਲ ਸਵਾਰਾਂ ਨੇ ਰਿਫਾਈਨਰੀ ਰੋਡ ਤੇ ਰੋਕ ਲਿਆ। ਜਦੋਂ ਟਰਾਲਾ ਨੰਬਰ ਆਰਜੇ 13 ਏਜੇ 0189 ਦੇ ਡਰਾਈਵਰ ਜਗਤਾਰ ਸਿੰਘ ਨੇ ਇਸ ਜੋੜੀ ਤੋਂ ਰੋਕਣ ਦੀ ਵਜਾ ਪੁੱਛੀ ਤਾਂ ਉਨ੍ਹਾਂ ਨੇ ਕਾਗ਼ਜ਼ਾਤ ਮੰਗਣੇ ਸ਼ੁਰੂ ਕਰ ਦਿੱਤੇ। ਡਰਾਈਵਰ ਨੇ ਮੌਕੇ ਤੇ ਟਰਾਲਾ ਮਾਲਕ ਨਾਲ ਮੋਬਾਇਲ ਤੇ ਗੱਲ ਕਰਾ ਦਿੱਤੀ। ਮਾਲਕ ਦੀ ਹਦਾਇਤ ਤੇ ਜਦੋਂ ਡਰਾਇਵਰ ਨੇ ਟਰਾਲਾ ਤੋਰ ਲਿਆ ਤਾਂ ਇਸ ਜੋੜੀ ਨੇ ਫੋਨ ਖੜਕਾ ਦਿੱਤੇ। ਥੋੜੀ ਦੂਰ ਅੱਗੇ ਚਾਰ ਪੰਜ ਮੋਟਰ ਸਾਈਕਲ ਆ ਗਏ ਜਿਨ੍ਹਾਂ ਤੇ ਸਵਾਰ ਨੌਜਵਾਨਾਂ ਨੇ ਟਰਾਲਾ ਡਰਾਇਵਰ ਤੋਂ ਬਿੱਲ ਬਿਲਟੀ ਤੇ ਕਾਗ਼ਜ਼ਾਤ ਵਗੈਰਾ ਖੋਹ ਲਏ। ਨਿਊਜ ਪੀਜੀਆਰ ਟਰਾਂਸਪੋਰਟ ਕੰਪਨੀ ਦੇ ਮਾਲਕ ਧਰਮ ਸਿੰਘ ਨੇ ਉਦੋਂ ਹੀ ਪੁਲੀਸ ਦੇ 181 ਨੰਬਰ ਤੇ ਫੋਨ ਖੜਕਾ ਕੇ ਸੂਚਨਾ ਦੇ ਦਿੱਤੀ। ਉਸ ਮਗਰੋਂ ਟਰਾਲਾ ਮਾਲਕ ਨੇ ਐਸ.ਐਸ.ਪੀ ਬਠਿੰਡਾ ਨੂੰ ਫੋਨ ਕਰਕੇ ਸਾਰੀ ਸੂਚਨਾ ਦੇ ਦਿੱਤੀ। ਉਸ ਮੌਕੇ ਪੁਲੀਸ ਦਾ ਫੋਨ ਵੀ ਟਰਾਲਾ ਡਰਾਇਵਰ ਨੂੰ ਚਲਾ ਗਿਆ ਸੀ।
                    ਸ਼ਾਮ ਵਕਤ ਜਦੋਂ ਟਰਾਲਾ ਮਾਲਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਹ ਆਖ ਕੇ ਫੋਨ ਕੱਟ ਦਿੱਤਾ ਕਿ ਟਰਾਲੇ ਦਾ ਪੁਲੀਸ ਨੇ ਚਲਾਨ ਕੱਟ ਦਿੱਤਾ ਹੈ। ਸੂਤਰ ਦੱਸਦੇ ਹਨ ਕਿ ਟਰਾਂਸਪੋਰਟ ਕੰਪਨੀ ‘ਬੰਬੂਕਾਟ ਬ੍ਰਿਗੇਡ’ ਦੀ ਤਾਕਤ ਅੱਗੇ ਫਿੱਕੀ ਪੈ ਗਈ ਹੈ। ਦੱਸਣਯੋਗ ਹੈ ਕਿ ਹੁਣ ਕੈਪਟਨ ਦੇ ਚੌਧਰੀਆਂ ਨੇ ਤਰੀਕਾ ਬਦਲ ਲਿਆ ਹੈ ਅਤੇ ਤੰਬੂ ਦੀ ਥਾਂ ‘ਬੰਬੂਕਾਟ ਬ੍ਰਿਗੇਡ’ ਬਣਾ ਦਿੱਤੀ ਹੈ। ਡੀ.ਐਸ.ਪੀ ਤਲਵੰਡੀ ਸਾਬੋ ਬਰਿੰਦਰ ਸਿੰਘ ਦਾ ਕਹਿਣਾ ਸੀ ਕਿ ਅੱਜ ਰਿਫਾਈਨਰੀ ਰੋਡ ਤੇ ਇੱਕ ਓਵਰਲੋਡ ਟਰਾਲੇ ਦਾ ਚਲਾਨ ਕੱਟਿਆ ਹੈ ਅਤੇ ਹੋਰ ਕੋਈ ਮਾਮਲਾ ਧਿਆਨ ਵਿਚ ਨਹੀਂ ਆਇਆ ਹੈ। ਉਨ੍ਹਾਂ ਨੇ ਅੱਜ ਖੁਦ ਵੀ ਰਿਫਾਈਨਰੀ ਇਲਾਕੇ ਵਿਚ ਗੇੜਾ ਮਾਰਿਆ ਸੀ ਪ੍ਰੰਤੂ ਕੋਈ ਬੰਦਾ ਲੱਭਿਆ ਨਹੀਂ ਹੈ। ਦੂਸਰੀ ਤਰਫ਼ ‘ਨੌਰਦਨ ਲੌਜਿਸਟਿਕ’ ਕੰਪਨੀ ਦੇ ਡਾਇਰੈਕਟਰ ਗੌਰਵ ਗਰਗ ਦਾ ਕਹਿਣਾ ਸੀ ਕਿ ਉਨ੍ਹਾਂ ਨਾਲ ਦੋ ਦਿਨ ਪਹਿਲਾਂ ਧੱਕੇਸ਼ਾਹੀ ਹੋਈ ਹੈ ਅਤੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਵੀ ਕੀਤੀ ਹੈ ਪ੍ਰੰਤੂ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਉਨ੍ਹਾਂ ਨੇ ਆਪਣੀ ਸ਼ਿਕਾਇਤ ਵਿਚ ਰਿਫਾਈਨਰੀ ਕੋਲ ਧੱਕਾ ਕਰਨ ਵਾਲਿਆਂ ਦੇ ਨਾਮ ਵੀ ਲਿਖੇ ਹਨ।
                  ਬਠਿੰਡਾ ਖ਼ਿੱਤੇ ਦੇ ਪੁਲੀਸ ਅਫਸਰਾਂ ਨੇ ਇਸ ਮਾਮਲੇ ਤੇ ਪੂਰੀ ਤਰ੍ਹਾਂ ਚੁੱਪ ਧਾਰੀ ਹੋਈ ਹੈ। ਕੋਈ ਵੀ ਪੁਲੀਸ ਅਫਸਰ ‘ਗੁੰਡਾ ਟੈਕਸ’ ਖ਼ਿਲਾਫ਼ ਕੋਈ ਕਦਮ ਚੁੱਕਣ ਲਈ ਤਿਆਰ ਨਹੀਂ ਹੈ। ਹਾਲਾਂਕਿ ਰਿਫਾਈਨਰੀ ਕੋਲ ਪੁਲੀਸ ਚੌਂਕੀ ਵੀ ਬਣਾਈ ਗਈ ਹੈ ਪ੍ਰੰਤੂ ਫਿਰ ਵੀ ਧੱਕੇਸ਼ਾਹੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਕੋਲ ਹੁਣ ਇੱਕ ਹੋਰ ਈਮੇਲ ਵੀ ਭੇਜੀ ਗਈ ਹੈ ਜਿਸ ਵਿਚ ਰਿਫਾਈਨਰੀ ਕੋਲ ‘ਗੁੰਡਾ ਟੈਕਸ’ ਵਸੂਲਣ ਵਾਲਿਆਂ ਦਾ ਜ਼ਿਕਰ ਕੀਤਾ ਗਿਆ ਹੈ। ਟਰਾਂਸਪੋਰਟ ਕੰਪਨੀ ਦੇ ਡਾਇਰੈਕਟਰ ਗੌਰਵ ਗਰਗ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਕੰਮ ਲੁਧਿਆਣਾ ਅਤੇ ਜੀਰਕਪੁਰ ਵਿਚ ਵੀ ਹੈ ਪ੍ਰੰਤੂ ਉਥੇ ਏਦਾ ਦੀ ਦਿੱਕਤ ਨਹੀਂ ਹੈ।
                 ਬਠਿੰਡਾ ਪ੍ਰਸ਼ਾਸਨ ਕੋਲ ਇੱਕ ਕਾਂਗਰਸੀ ਨੇਤਾ ਨੇ ਵੀ ਪਹੁੰਚ ਕੀਤੀ ਹੈ ਪ੍ਰੰਤੂ ਸਿਵਲ ਅਫਸਰਾਂ ਦੀ ਪੁਲੀਸ ਵਾਲੇ ਸੁਣਨ ਨੂੰ ਤਿਆਰ ਨਹੀਂ ਹਨ। ਆਮ ਲੋਕਾਂ ਵਿਚ ਹੁਣ ਪੁਲੀਸ ਅਫਸਰਾਂ ’ਤੇ ਵੀ ਉਂਗਲ ਉੱਠਣ ਲੱਗੀ ਹੈ। ਇੱਕ ਟਰਾਂਸਪੋਰਟ ਕੰਪਨੀ ਨੇ ਦੱਸਿਆ ਕਿ ਅਗਰ ਪਾਣੀ ਸਿਰੋਂ ਲੰਘ ਗਿਆ ਤਾਂ ਉਹ ਸਬੂਤਾਂ ਸਮੇਤ ਪ੍ਰੈਸ ਕਾਨਫਰੰਸ ਕਰਕੇ ਸਭ ਕੁਝ ਜੱਗ ਜ਼ਾਹਰ ਕਰ ਦੇਣਗੇ। ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ’ ਨੇ ਗੁੰਡਾ ਟੈਕਸ ਖ਼ਿਲਾਫ਼ ਬੋਲਣਾ ਸ਼ੁਰੂ ਕੀਤਾ ਹੈ।


No comments:

Post a Comment