Sunday, April 1, 2018

                          ਦਰਦਾਂ ਦੀ ਪੰਡ
 ‘ ਮਹਿਲਾਂ ਵਾਲਿ਼ਓਂ, ਅਸੀਂ ਜਿਉਂਦੇ ਕਿਉਂ ਹਾਂ ’ 
                         ਚਰਨਜੀਤ ਭੁੱਲਰ
ਬਠਿੰਡਾ  : ‘ਅਸੀਂ ਜਿਉਂਦੇ ਹੀ ਕਿਉਂ ਹਾਂ’ , ਇਹ ਵੱਡਾ ਸੁਆਲ ਵਿਧਵਾ ਜਸਪਾਲ ਕੌਰ ਦਾ ਹੈ। ਉਸ ਦੇ ਘਰ ਦਾ ਦੁੱਖ ਇਸ ਤੋਂ ਵੀ ਵੱਡਾ ਹੈ। ਖੇਤ ਰੱੁਸ ਗਏ ਤਾਂ ਪਤੀ ਚਲਾ ਗਿਆ। ਖ਼ਾਲੀ ਜੇਬ ਨੇ ਬੱਚੀ ਲਈ ਸਕੂਲ ਨਦੀਦ ਬਣਾ ਦਿੱਤਾ। ਉਸ ਦਾ ਤਪ ਤੇਜ਼ ਹੁੰਦਾ ਤਾਂ ਉਸ ਨੂੰ ਪੋਚਾ ਮਾਰਨ ਦੇ ਕੰਮ ਤੋਂ ਜੁਆਬ ਨਾ ਮਿਲਦਾ। ਜਦੋਂ ਆਪਣੇ ਬਿਗਾਨੇ ਹੋ ਗਏ ਤਾਂ ਜ਼ਿੰਦਗੀ ਨੇ ਵੀ ਬੂਹੇ  ਭੇੜ ਲਏ। ਕੋਈ ਹੱਥ ਮਦਦ ਲਈ ਉੱਠੇ, ਹਰ ਦਰ ਤੇ ਵਿਲਕੀ। ਹਰ ਚੋਣ ’ਚ ਵੋਟ ਪਾਉਣੋਂ ਵੀ ਨਹੀਂ ਖੁੰਝੀ, ਫਿਰ ਵੀ ਕਿਸੇ ਭਾਵਨਾ ਦਾ ਮੋਨ ਨਾ ਟੁੱਟਿਆ। ਅਖੀਰ ’ਚ ਪਿੰਡ ਜੀਦਾ ਦੀ ਇਸ ਵਿਧਵਾ ਨੇ ਜਨਤਿਕ ਸੰਵਾਦ ’ਚ ਸਰਕਾਰਾਂ ਨੂੰ ਸੁਆਲ ਕੀਤਾ , ‘ ਸਮਝ ਨਹੀਂ ਲੱਗ ਰਹੀ, ਜਦੋਂ ਸਰਕਾਰਾਂ ਨੇ ਕੰਨਾਂ ’ਚ ਰੰੂ ਹੀ ਪਾ ਲਈ ਹੈ ਤਾਂ ਅਸੀਂ ਜਿਉਂਦੇ ਹੀ ਕਿਉਂ ਹਾਂ’। ਕਿਸਾਨ ਮਜ਼ਦੂਰ ਖ਼ੁਦਕੁਸ਼ੀ ਪੀੜਤ ਪਰਿਵਾਰ ਕਮੇਟੀ ਦੇ ਅੱਜ ਬਠਿੰਡਾ ’ਚ ਹੋਏ ਚੌਥੇ ਜਨਤਿਕ ਸੰਵਾਦ ’ਚ ਹਰ ਵਿਧਵਾ ਅੌਰਤ ਦੇ ਚਿਹਰੇ ਤੋਂ ਬੰਜਰ ਹੋਏ ਘਰ ਦਿੱਖ ਰਹੇ ਸਨ। ਏਦਾਂ ਦਾ ਸੁਆਲ ਖੇਮੂਆਣਾ ਦੀ ਵਿਧਵਾ ਦਾ ਸੀ ਜਿਸ ਦੇ ਦਿਲ ਦੇ ਹੰਝੂ ਅੱਖਾਂ ਤੋਂ ਵਗ ਰਹੇ ਸਨ। ਉਸ ਨੇ ਕਿਹਾ ‘ਤੁਸੀਂ ਦੱਸੋਂ ਬੱਚਿਆਂ ਨੂੰ ਲੈ ਕੇ ਮੈਂ ਕਿਹੜਾ ਖੂਹ ਭਾਲਾਂ’।
                   ਵਿਧਵਾ ਨੇ ਦੱਸਿਆ ਕਿ ਛੇ ਲੱਖ ਦਾ ਕਰਜ਼ਾ ਹੈ, ਗੋਹਾ ਕੂੜਾ ਕਰਨਾ ਪੈ ਰਿਹਾ ਹੈ, 14 ਸਾਲ ਦੀ ਬੱਚੀ ਹੈ, ਇਸ ਨੂੰ ਕਿਵੇਂ ਪੜਾਵਾਂ, ਕਿਵੇਂ ਸਮਝਾਵਾਂ ਕਿ ਸਰਕਾਰ ਇਕੱਲੀ ਅੰਨ੍ਹੀ ਨਹੀਂ, ਗੁੰਗੀ ਤੇ ਬੋਲੀ ਵੀ ਹੈ। ਪਿੰਡ ਮਾੜੀ (ਮੌੜ) ਦੇ ਧਰਮ ਸਿੰਘ ਨੇ ਗੱਲ ਸ਼ੁਰੂ ਕੀਤੀ, ‘ਜਦੋਂ ਕੋਈ ਨਹੀਂ ਝੱਲਦਾ ਤਾਂ ਫਿਰ ਗੱਡੀ ਦੀ ਲਾਈਨ ’ਤੇ ਸਿਰ ਧਰਨਾ ਪੈਂਦਾ।’  ਜਨਤਿਕ ਸੰਵਾਦ ’ਚ ਅਕਾਲੀ ਵਿਧਾਇਕ ਦਿਲਰਾਜ ਭੂੰਦੜ ਅਤੇ ‘ਆਪ’ ਵਿਧਾਇਕ ਜਗਦੇਵ ਕਮਾਲੂ ਤੋਂ ਇਲਾਵਾ ਸੀ.ਪੀ.ਆਈ ਦੇ ਸਕੱਤਰ ਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਮੌਜੂਦ ਸਨ। ਕਮੇਟੀ ਆਗੂ ਕਰਨੈਲ ਸਿੰਘ ਜਖੇਪਲ ਨੇ ਸੰਵਾਦ ਦੀ ਰੂਪ ਰੇਖਾ ਅਤੇ ਭਵਿੱਖ ਦੇ ਪ੍ਰੋਗਰਾਮ ਦੱਸੇ। ਧਰਮ ਸਿੰਘ ਨੇ ਅੱਗੇ ਆਖਿਆ , ‘ਨੀਂਦ ਦੀਆਂ ਗੋਲੀਆਂ ਲੈ ਕੇ ਸੌਂਦੇ ਨੇ ਕਿਸਾਨ, ਬਦਲੀਆਂ ਰੱੁਤਾਂ ਨੇ ਲੀਡਰਾਂ ਦੀ ਤਕਦੀਰ ਬਦਲੀ ਹੈ, ਕਿਰਤੀ ਤਾਂ ਅੱਜ ਵੀ ਰੋਹੀ ਦੀ ਕਿੱਕਰ ਵਾਂਗੂ ਇਕੱਲਾ ਹੈ’। ਕਰਜ਼ਾ ਮਾਫ਼ੀ ਬਾਰੇ ਆਖਿਆ , ‘ਕਿਤੇ ਇਹ ਕਰਜ਼ਾ ਮਾਫ਼ੀ ਕੱਤੇ ਦੀ ਬਿਮਾਰੀ ਬਣ ਜਾਵੇ।’
            ਅੱਜ ਵਿਧਵਾਵਾਂ ਦੇ ਚਿਹਰੇ ਇਹੋ ਪੁੱਛ ਰਹੇ ਸਨ ਕਿ ‘ ਕੱਲਾ ਕਿਰਤੀ ਹੀ ਖ਼ੁਦਕੁਸ਼ੀ ਕਿਉਂ ਕਰਦਾ ਹੈ।’ ਨਮੋਸ਼ੇ ਚਿਹਰਿਆਂ ਵਿਚ ਅੱਜ ਘਿਰਿਆ ਪੰਜ ਵਰ੍ਹਿਆਂ ਦਾ ਬੱਚਾ ਬਲਰਾਜ ਨਹੀਂ ਜਾਣਦਾ ਸੀ ਕਿ ਚੁੱਪ ਕਿਉਂ ਪਸਰੀ ਹੈ। ਉਸ ਦੀ ਮਾਂ ਬਲਜੀਤ ਕੌਰ ਨੇ ਦੱਸਿਆ ਕਿ ਪੌਣੇ ਦੋ ਏਕੜ ਜ਼ਮੀਨ ਬਚੀ ਹੈ ਤੇ ਜਦੋਂ ਆੜ੍ਹਤੀਏ ਨੇ ਕੁਰਕੀ ਦੇ ਹੁਕਮ ਲੈ ਲਏ, ਉਸ ਦਾ ਪਤੀ ਖੇਤਾਂ ’ਚ ਹੀ ਢੇਰ ਹੋ ਗਿਆ। ਹੁਣ ਕਿੱਲੇ ਬੱਝੀ ਇੱਕ ਮੱਝ ਦਾ ਦੁੱਧ ਹੀ ਸਹਾਰਾ ਹੈ। ਅੰਗਹੀਣ ਵਿਧਵਾ ਅੌਰਤ ਰਣਜੀਤ ਕੌਰ ਦਾ ਪਤੀ ਖ਼ੁਦਕੁਸ਼ੀ ਕਰ ਗਿਆ ਤੇ 9 ਸਾਲ ਦਾ ਬੱਚਾ ਉਸ ਕੋਲ ਬਚਿਆ ਹੈ।  ਸੀਨੀਅਰ ਪੱਤਰਕਾਰ ਸ੍ਰੀ ਐਸ.ਪੀ ਸਿੰਘ ਨੇ ਸੰਵਾਦ ’ਚ ਕੜੀ ਬਣਦੇ ਹੋਏ ਮੌਜੂਦਾ ਵਿਵਸਥਾ ਵੱਲੋਂ ਕਿਰਤੀ ਲੋਕਾਂ ਦੇ ਮਾਨਸਿਕ ਪੱਧਰ ਨੂੰ ਮਾਰੀ ਸੱਟ ਦੀ ਗੱਲ ਕੀਤੀ। ਸਰਕਾਰਾਂ ਨੇ ਕਾਮਿਆਂ ਨੂੰ ਏਨਾ ਥਕਾ ਦਿੱਤਾ ਹੈ ਕਿ ਉਨ੍ਹਾਂ ਨੂੰ ਮਾਮੂਲੀ ਮੰਗਾਂ ਲਈ ਦਰ ਦਰ ਭਟਕਣਾ ਪੈਂਦਾ ਹੈ। ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਵੀ ਚੌਤਰਫਾ ਸੰਕਟ ਦੀ ਗੱਲ ਕੀਤੀ ਅਤੇ ਆਖਿਆ ਕਿ ਕਿਸਾਨਾਂ ਤੇ ਮਜ਼ਦੂਰਾਂ ਨੂੰ ਮੌਜੂਦਾ ਅਲਾਮਤਾਂ ਨਾਲ ਕਈ ਪੜਾਵਾਂ ਤੇ ਲੜਨਾ ਪੈ ਰਿਹਾ ਹੈ।
                  ‘ਇਲਾਜ ਨਾਲੋਂ ਤਾਂ ਮੌਤ ਸਸਤੀ ਹੈ’, ਕਿਸੇ ਵਿਧਵਾ ਨੇ ਇਹ ਗੱਲ ਵੀ ਰੱਖੀ। ਸਰਕਾਰ ਜਰਵਾਣੀ ਹੈ, ਅਸੀਂ ਕਿਥੇ ਫ਼ਰਿਆਦ ਕਰੀਏ।  ਬਠਿੰਡਾ ਖ਼ਿੱਤੇ ਚੋਂ ਪੁੱਜੀ ਹਰ ਵਿਧਵਾ ਤਰਫ਼ੋਂ ਨੌਜਵਾਨ ਲੜਕੀ ਕਿਰਨਜੀਤ ਕੌਰ ਝੁਨੀਰ  ਅਤੇ ਜਸਪ੍ਰੀਤ ਸਿੰਘ ਨੇ ਲੀਡਰਾਂ ਨੂੰ ਨਸੀਹਤ ਦਿੱਤੀ ਕਿ ਉਹ ਹੁਣ ਦੂਸ਼ਣਬਾਜ਼ੀ ਛੱਡ ਦੇਣ, ਖੇਤਾਂ ਦੇ ਕਾਮਿਆਂ ਦੇ ਦੁੱਖ ਸਮਝਣ ਜੋ ਪਹਿਲਾਂ ਹੀ ਲੁੱਟੇ ਜਾ ਚੁੱਕੇ ਹਨ। ਸੀਪੀਆਈ ਦੇ ਸਕੱਤਰ ਹਰਦੇਵ ਅਰਸ਼ੀ ਨੇ ਆਖਿਆ ਕਿ ਮੌਜੂਦਾ ਸਿਸਟਮ ਨੂੰ ਕਟਹਿਰੇ ਵਿਚ ਖੜ੍ਹੇ ਕੀਤੇ ਬਿਨਾਂ ਪੱਕਾ ਇਲਾਜ ਸੰਭਵ ਨਹੀਂ ਹੈ। ਉਨ੍ਹਾਂ ਆਖਿਆ ਕਿ ਪਿੰਡਾਂ ਦੇ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਇਨ੍ਹਾਂ ਪਰਵਾਰਾਂ ਦੀ ਬਾਂਹ ਫੜਨ ਲਈ ਅੱਗੇ ਆਉਣਾ ਚਾਹੀਦਾ ਹੈ।
          ਵਿਧਾਇਕ ਦਿਲਰਾਜ ਭੂੰਦੜ ਨੇ ਆਗੂਆਂ ਨੂੰ ਹੁਣ ਦੂਸ਼ਣਬਾਜ਼ੀ ਛੱਡ ਕੇ ਇਲਾਜ ਲਈ ਸੋਚਣਾ ਵਾਸਤੇ ਆਖਿਆ ਜਦੋਂ ਕਿ ‘ਆਪ’ ਵਿਧਾਇਕ ਜਗਦੇਵ ਕਮਾਲੂ ਨੇ ਆਖਿਆ ਅੱਜ ਦਾ ਨੇਤਾ ਹੁਣ ਲੋਕਾਂ ਨੂੰ ਹੱਕ ਕਰਕੇ ਨਹੀਂ, ਅਹਿਸਾਨ ਦੇ ਤੌਰ ਤੇ ਦਿੰਦੇ ਹਨ। ਡਾ.ਗੁਰਮੇਲ ਮੌਜੀ ਨੇ ਸਭਨਾਂ ਨੂੰ ਇੱਕਮੱੁਠ ਅਤੇ ਜਾਗਣ ਦਾ ਸੱਦਾ ਦਿੱਤਾ। ਜਨਤਿਕ ਸੰਵਾਦ ਵਿਚ ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ, ਮਾਸਟਰ ਖੇਤਾ ਸਿੰਘ, ਦਰਸ਼ਨ ਧਨੇਠਾ, ਨਵਦੀਪ ਜਖੇਪਲ, ਚਰਨਜੀਤ ਕੌਰ ਲੁਬਾਣਾ,ਮਨਜੀਤ ਕੌਰ,ਪ੍ਰਗਟ ਸਿੰਘ ਹਾਜ਼ਰ ਸਨ।
1 comment:

 1. ਜੇ ਮੋਦੀ ਇੱਕ ਦੁਕਾਨਦਾਰ ਨੂ 2 ਕਰੋੜ ਬਿਨਾ ਕਿਸੇ ਚੀਜ ਦੇ ਗਿਰਵੀ, ਕੋਈ collateral, ਕੋਈ security ਨਹੀ ਰਖਨੀ ਦੇ ਸਕਦਾ ਹੈ, total 4 ਲਖ ਕਰੋੜ ਦੇ ਸਕਦਾ ਹੈ, ਜੋ ਆਪਾ ਨੂ ਪਤਾ ਹੈ ਕਿਸੇ ਨਹੀ ਮੋੜਨਾ, ਇਹ ਸਭ ਵੋਟਾ ਦੀ ਖਰੀਦ ਹੈ ਜੋ ਪ੍ਰਧਾਨ ਮੰਤਰੀ ਮੁਦ੍ਰਾ loan ਸਕੀਮ ਦੇ ਥਲੇ ਇੱਕ ਬਹੁਤ ਵਡੀ ਲੁਟ ਹੈ, ਤੇ ਫਿਰ ਇਹ ਵਿਚਾਰੇ ਲੋਕ ਲੋਕ 6 ਲਖ ਕਰਕੇ ਹੀ ਮਰ ਰਹੇ ਹਨ. ਸਿਖਾ ਦੇ ਆਗੂ ਨੇ ਮਹਾਰਾਜਾ ਰਣਜੀਤ ਸਿੰਘ ਵੇਲੇ ਤੋ ਲੈ ਕੇ ਅੱਜ ਡਿਗਦੇ ਡਿਗਦੇ ਸਾਰਾ ਕੁਝ ਵੇਚ ਦਿਤਾ ਪਰ ਇੱਕ ਬਾਦਲ ਤੇ ਅਮਰਿੰਦਰ ਰਾਜੇ ਬਣ ਗਏ ਬਾਕੀ ਸਭ ਨੂ ਦਾਅ ਤੇ ਲੈ ਦਿਤਾ

  ਲਿੰਕ ਇਹ ਹੈ ਮੋਦੀ ਨੇ ਆਪ ਕਹਿਆ ਕਿ ਇਨਾ ਕਰਜਾ ਦਿਤਾ ਹੈ
  Under the Mudra scheme, over Rs 4 lakh crore guarantee-less loans have been given to about 9.75 lakh youth for business, leading to 3 crore new entrepreneurs being created since launch, he said.

  Published Date: Dec 13, 2017

  http://www.firstpost.com/business/at-ficci-event-narendra-modi-trains-guns-on-congress-for-bad-loan-mess-calls-it-big-scam-4257059.html

  ReplyDelete