Tuesday, April 24, 2018

                           ਨਵੇਂ ਵਜ਼ੀਰਾਂ ਲਈ 
       ਸ਼ਿੰਗਾਰੀਆਂ ਪੁਰਾਣੀਆਂ ਕੈਮਰੀ ਗੱਡੀਆਂ
                           ਚਰਨਜੀਤ ਭੁੱਲਰ
ਬਠਿੰਡਾ : ਕੈਪਟਨ ਸਰਕਾਰ ਨੇ ਨਵੇਂ ਵਜ਼ੀਰਾਂ ਨੂੰ ਲਿਪਾਪੋਚੀ ਕਰਕੇ ਪੁਰਾਣੀਆਂ ਕੈਮਰੀ ਗੱਡੀਆਂ ਦੇ ਦਿੱਤੀਆਂ ਹਨ। ਝੰਡੀ ਵਾਲੀ ਕਾਰ ਦੇ ਚਾਅ ’ਚ ਵਜ਼ੀਰਾਂ ਨੇ ਪੁਰਾਣੀਆਂ ਕੈਮਰੀਆਂ ਨੂੰ ਹੀ ਹੱਥੋਂ ਹੱਥ ਪ੍ਰਵਾਨ ਕਰ ਲਿਆ ਹੈ। ਇਨ੍ਹਾਂ ਕੈਮਰੀ ਵਾਹਨਾਂ ਦੀ ਮਿਆਦ ਲਗਭਗ ਪੂਰੀ ਹੋਣ ਕਿਨਾਰੇ ਹੈ। ਕੈਪਟਨ ਵਜ਼ਾਰਤ ਦੇ ਪੁਰਾਣੇ ਵਜ਼ੀਰਾਂ ਨੇ ਵੀ ਸਹੁੰ ਚੁੱਕਣ ਮਗਰੋਂ ਪੁਰਾਣੀਆਂ ਕੈਮਰੀ ਪ੍ਰਵਾਨ ਕਰ ਲਈਆ ਸਨ ਪ੍ਰੰਤੂ ਮਗਰੋਂ ਇੱਕ ਵਜ਼ੀਰ ਨੂੰ ਛੱਡ ਕੇ ਬਾਕੀ ਸਭ ਨੇ ਕੈਮਰੀ ਵਾਪਸ ਕਰ ਦਿੱਤੀਆਂ ਸਨ। ਹੁਣ ਨਵੇਂ ਵਜ਼ੀਰਾਂ ਨੇ ਸਭ ਗੱਡੀਆਂ ਹੱਥੋਂ ਹੱਥ ਲੈ ਲਈਆਂ ਹਨ। ਸੂਤਰ ਆਖਦੇ ਹਨ ਕਿ ਜਲਦੀ ਇਹ ਕੈਮਰੀ ਵਾਪਸ ਮੁੜ ਆਉਣੀਆਂ ਹਨ। ਵੇਰਵਿਆਂ ਅਨੁਸਾਰ ਨਵੇਂ ਬਣੇ ਨੌ ਵਜ਼ੀਰਾਂ ਨੂੰ ਨੌ ਕੈਮਰੀ ਗੱਡੀਆਂ ਦਿੱਤੀਆਂ ਗਈਆਂ ਹਨ ਜਦੋਂ ਕਿ ਏਨੇ ਹੀ ਸੁਰੱਖਿਆ ਵਾਹਨ ਦਿੱਤੇ ਗਏ ਹਨ। ਟਰਾਂਸਪੋਰਟ ਵਿਭਾਗ ਕੋਲ ਇਸ ਵੇਲੇ ਜਿਪਸੀਆਂ ਦੀ ਘਾਟ ਹੈ ਜਿਸ ਕਰਕੇ ਸੁਰੱਖਿਆ ਵਾਹਨ ਵਜੋਂ ਨਵੇਂ ਬਣੇ ਵਜ਼ੀਰ ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸੁਖ ਸਰਕਾਰੀਆ,ਬਲਵੀਰ ਸਿੰਘ ਸਿੱਧੂ ਅਤੇ ਭਾਰਤ ਭੂਸ਼ਨ ਆਸੂ ਨੂੰ ਇਨੋਵਾ ਦਿੱਤੀਆਂ ਗਈਆਂ ਹਨ।
                    ਨਵੇਂ ਵਜ਼ੀਰ ਵਿਜੇ ਇੰਦਰ ਸਿੰਗਲਾ ਨੇ ਤਾਂ ਸੁਰੱਖਿਆ ਵਾਹਨ ਵਜੋਂ ਮੰਗ ਕੇ ਇਨੋਵਾ ਗੱਡੀ ਲਈ ਹੈ ਅਤੇ ਉਸ ਨੇ ਜਿਪਸੀ ਲੈਣ ਨੂੰ ਤਰਜੀਹ ਨਹੀਂ ਦਿੱਤੀ ਹੈ। ਨਵੇਂ ਵਜ਼ੀਰ ਗੁਰਪ੍ਰੀਤ ਸਿੰਘ ਕਾਂਗੜ, ਰਾਣਾ ਗੁਰਮੀਤ ਸਿੰਘ ਸੋਢੀ ਅਤੇ ਓਮ ਪ੍ਰਕਾਸ਼ ਸੋਨੀ ਕੋਲ ਪਹਿਲਾਂ ਹੀ ਜਿਪਸੀਆਂ ਚੱਲ ਰਹੀਆਂ ਸਨ। ਅਹਿਮ ਸੂਤਰਾਂ ਅਨੁਸਾਰ ਜਦੋਂ ਵਜ਼ਾਰਤ ਵਿਚ ਵਾਧੇ ਦੀ ਪੁਸ਼ਟੀ ਹੋਈ ਤਾਂ ਟਰਾਂਸਪੋਰਟ ਵਿਭਾਗ ਸ਼ੱੁਕਰਵਾਰ ਦੀ ਪੂਰੀ ਰਾਤ ਇਨ੍ਹਾਂ ਨੌ ਕੈਮਰੀ ਗੱਡੀਆਂ ਦੀ ਲਿਪਾਪੋਚੀ ਕਰਨ ਵਿਚ ਜੁਟਿਆ ਰਿਹਾ। ਇਸ ਤੋਂ ਪਹਿਲਾਂ ਜਦੋਂ ਵਜ਼ਾਰਤ ਵਿਚ ਪਹਿਲਾਂ ਦੋ ਵਾਰੀ ਵਾਧੇ ਦੀ ਗੱਲ ਚੱਲੀ ਸੀ ਤਾਂ ਉਦੋਂ ਮਹਿਕਮੇ ਨੇ ਜਨਵਰੀ ਮਹੀਨੇ ਵਿਚ ਦੋ ਵਾਰੀ ਇਨ੍ਹਾਂ ਕੈਮਰੀ ਗੱਡੀਆਂ ਦੀ ਮੁਰੰਮਤ ਕਰਾਈ ਸੀ। ਹੁਣ ਸ਼ੱੁਕਰਵਾਰ ਦੀ ਰਾਤ ਨੂੰ ਇਨ੍ਹਾਂ ਕੈਮਰੀ ਗੱਡੀਆਂ ਨੂੰ ਸੰਵਾਰਿਆ ਗਿਆ ਅਤੇ ਇਨ੍ਹਾਂ ਦੀ ਪੂਰੀ ਇੰਸਪੈਕਸ਼ਨ ਕੀਤੀ ਗਈ। ਸੂਤਰਾਂ ਨੇ ਦੱਸਿਆ ਕਿ ਇਹ ਕੈਮਰੀ ਪੁਰਾਣੀਆਂ ਹਨ ਜਿਸ ਕਰਕੇ ਇਨ੍ਹਾਂ ਦੀ ਮਿਆਦ ਵੀ ਤਕਰੀਬਨ ਪੂਰੀ ਹੋਣ ਵਾਲੀ ਹੈ।
                  ਭਾਵੇਂ ਪੰਜਾਬ ਸਰਕਾਰ ਦੇ ਖ਼ਜ਼ਾਨੇ ਦੇ ਸੰਕਟ ਦੇ ਮੱਦੇਨਜ਼ਰ ਇਹ ਕੈਮਰੀ ਵੀ ਕੋਈ ਮਾੜਾ ਸੌਦਾ ਨਹੀਂ ਹੈ ਪ੍ਰੰਤੂ ਨਵੇਂ ਵਜ਼ੀਰਾਂ ਨੇ ਝੰਡੀ ਦੇ ਚਾਅ ਵਿਚ ਪੁਰਾਣੀਆਂ ਕੈਮਰੀਆਂ ਲੈਣ ਤੋਂ ਇੱਕ ਵਾਰ ਵੀ ਨਾਂਹ ਨੁੱਕਰ ਨਹੀਂ ਕੀਤੀ। ਕੈਪਟਨ ਵਜ਼ਾਰਤ ਦੇ ਪੁਰਾਣੇ ਵਜ਼ੀਰ ਫਾਰਚੂਨਰ ਦੇ ਸ਼ੌਕੀਨ ਹਨ ਜਿਨ੍ਹਾਂ ਚੋਂ ਸਿਰਫ਼ ਸਾਧੂ ਸਿੰਘ ਧਰਮਸੋਤ ਹੀ ਕੈਮਰੀ ਗੱਡੀ ਵਰਤ ਰਹੇ ਹਨ। ਬਾਕੀ ਤਕਰੀਬਨ ਵਜ਼ੀਰ ਪ੍ਰਾਈਵੇਟ ਵਾਹਨ ਵਰਤ ਰਹੇ ਹਨ। ਵਜ਼ੀਰ ਨਵਜੋਤ ਸਿੱਧੂ ਇਸ ਵੇਲੇ ਲੈਂਡ ਕਰੂਜਰ (ਡੀਐਲ 8 ਸੀਬੀਐਲ 0001) ਵਰਤਦੇ ਹਨ। ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸਿੱਖਿਆ ਮੰਤਰੀ ਅਰੁਨਾ ਚੌਧਰੀ ਵਲੋਂ ਪ੍ਰਾਈਵੇਟ ‘ਇਨੋਵਾ’ ਗੱਡੀ ਵਰਤੀ ਜਾ ਰਹੇ ਹਨ।
                 ਪੰਜਾਬ ਸਰਕਾਰ ਵਲੋਂ 20 ਅਪਰੈਲ 2016 ਨੂੰ ਪ੍ਰਾਈਵੇਟ ਗੱਡੀ ਦਾ ਪ੍ਰਤੀ ਕਿਲੋਮੀਟਰ 15 ਰੁਪਏ ਦਿੱਤਾ ਜਾਂਦਾ ਹੈ ਜੋ ਪਹਿਲਾਂ ਪ੍ਰਤੀ ਕਿਲੋਮੀਟਰ 18 ਰੁਪਏ ਦਿੱਤਾ ਜਾਂਦਾ ਸੀ। ਇਸ ਤੋਂ ਇਲਾਵਾ 10 ਹਜ਼ਾਰ ਰੁਪਏ ਡਰਾਈਵਰ ਦੀ ਤਨਖ਼ਾਹ ਸਮੇਤ ਮੁਰੰਮਤ ਆਦਿ ਦੇ ਪ੍ਰਤੀ ਮਹੀਨਾ ਦਿੱਤੇ ਜਾਂਦੇ ਹਨ। ਦੱਸਣਯੋਗ ਹੈ ਕਿ ਕੈਪਟਨ ਸਰਕਾਰ ਦੇ ਸਾਲ 2002-2007 ਦੌਰਾਨ 13.70 ਕਰੋੜ ’ਚ ਕੁੱਲ 266 ਗੱਡੀਆਂ ਖ਼ਰੀਦ ਕੀਤੀਆਂ ਸਨ ਜਿਨ੍ਹਾਂ ’ਚ ਵਜ਼ੀਰਾਂ ਲਈ 18 ਕੈਮਰੀ ਗੱਡੀਆਂ ਵੀ ਸ਼ਾਮਲ ਸਨ। ਅਕਾਲੀ ਵਜ਼ਾਰਤ (2007-12) ਦੌਰਾਨ 9.69 ਕਰੋੜ ਵਿਚ ਕੁੱਲ 120 ਗੱਡੀਆਂ ਖ਼ਰੀਦੀਆਂ ਸਨ ਜਿਨ੍ਹਾਂ ’ਚ 21 ਕੈਮਰੀ ਗੱਡੀਆਂ ਸ਼ਾਮਲ ਹਨ।
                            ਸਟਾਫ਼ ਤੇ ਦਫ਼ਤਰਾਂ ਦੇ ਪ੍ਰਬੰਧ ਕੀਤੇ : ਪ੍ਰਮੁੱਖ ਸਕੱਤਰ
ਆਮ ਰਾਜ ਪ੍ਰਬੰਧ ਤੇ ਤਾਲਮੇਲ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਪਾ ਸ਼ੰਕਰ ਸਿਰੋਜ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਨਵੇਂ ਵਜ਼ੀਰਾਂ ਲਈ ਸਟਾਫ਼ ਤੇ ਦਫ਼ਤਰ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ ਜਦੋਂ ਕਿ ਰਿਹਾਇਸ਼ ਲਈ ਫਾਈਲ ਮੁੱਖ ਮੰਤਰੀ ਕੋਲ ਅਲਾਟਮੈਂਟ ਵਾਸਤੇ ਭੇਜ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵਾਹਨਾਂ ਦਾ ਪ੍ਰਬੰਧ ਟਰਾਂਸਪੋਰਟ ਵਿਭਾਗ ਨੇ ਕਰਨਾ ਹੈ। ਸਟੇਟ ਟਰਾਂਸਪੋਰਟ ਕਮਿਸ਼ਨਰ ਨੇ ਸੰਪਰਕ ਕਰਨ ’ਤੇ ਫ਼ੋਨ ਚੁੱਕਿਆ ਨਹੀਂ।


No comments:

Post a Comment