Monday, April 9, 2018

                      ਬਾਦਲਾਂ ਦੇ ਹਲਕੇ ’ਚ  
   ਸਿਆਸੀ ਕਿੱਕਲੀ ਪਾਵੇਗਾ ਭਗਵੰਤ ਮਾਨ
                         ਚਰਨਜੀਤ ਭੁੱਲਰ
ਬਠਿੰਡਾ : ਮੈਂਬਰ ਪਾਰਲੀਮੈਂਟ ਤੇ ‘ਆਪ’ ਆਗੂ ਭਗਵੰਤ ਮਾਨ ਨੇ ਅਗਲੀ ਚੋਣ ਬਾਦਲਾਂ ਦੇ ਹਲਕੇ ਤੋਂ ਲੜਨ ਦੀ ਤਿਆਰੀ ਖਿੱਚ ਲਈ ਹੈ। ਬਸ਼ਰਤੇ ਕੋਈ ਵੱਡਾ ਅੜਿੱਕਾ ਨਾ ਖੜ੍ਹਾ ਹੋਵੇ। ਅੰਦਰਲੇ ਭੇਤੀ ’ਤੇ ਯਕੀਨ ਬੰਨ੍ਹੀਏ ਤਾਂ ਭਗਵੰਤ ਮਾਨ ‘ਮਿਸ਼ਨ-2019’ ’ਚ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਖ਼ਿਲਾਫ਼ ਉੱਤਰਨ ਦਾ ਮਨ ਬਣਾਈ ਬੈਠੇ ਹਨ। ਅੰਦਰੋਂ ਅੰਦਰੀਂ ਉਨ੍ਹਾਂ ਨੇ ਜ਼ਮੀਨੀ ਤਿਆਰੀ ਵਿੱਢ ਦਿੱਤੀ ਹੈ। ਭਾਵੇਂ ਇਹ ਵਕਤੋਂ ਪਹਿਲੀ ਗੱਲ ਹੈ ਪ੍ਰੰਤੂ ਭਗਵੰਤ ਮਾਨ ਬਠਿੰਡਾ ਤੋਂ ਦਾਅ ਖੇਡਣ ਦੇ ਇੱਛੁਕ ਹਨ। ਇੱਧਰ ਬਠਿੰਡਾ ਦੇ ‘ਆਪ’ ਵਿਧਾਇਕ ਵੀ ਭਗਵੰਤ ਮਾਨ ’ਤੇ ਬਠਿੰਡਾ ਤੋਂ ਚੋਣ ਲੜਨ ਦਾ ਦਬਾਓ ਅੰਦਰੋਂ ਅੰਦਰੀਂ ਪਾ ਰਹੇ ਹਨ।ਵੇਰਵਿਆਂ ਅਨੁਸਾਰ ਐਮ.ਪੀ ਭਗਵੰਤ ਮਾਨ ਵੱਲੋਂ ਪਿਛਲੇ ਸਮੇਂ ਤੋਂ ਬਠਿੰਡਾ ਸੰਸਦੀ ਹਲਕੇ ਦੇ ਗੰਭੀਰ ਰੋਗਾਂ ਤੋਂ ਪੀੜਤ ਮਰੀਜ਼ਾਂ ਨੂੰ ਅੰਦਰਖਾਤੇ ‘ਪ੍ਰਧਾਨ ਮੰਤਰੀ ਰਾਹਤ ਫ਼ੰਡ’ ਚੋਂ ਮਾਲੀ ਇਮਦਾਦ ਦਿਵਾਉਣ ਦੀ ਮੁਹਿੰਮ ਵਿੱਢੀ ਹੋਈ ਹੈ। ਆਉਂਦੇ ਦਿਨਾਂ ਵਿਚ ਉਹ ਇਨ੍ਹਾਂ ਜ਼ਿਲ੍ਹਿਆਂ ਵਿਚ ਪ੍ਰੋਗਰਾਮ ਵੀ ਰੱਖ ਰਹੇ ਹਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਫ਼ਿਰੋਜ਼ਪੁਰ ਤੋਂ ਚੋਣ ਲੜਣ ਦੀ ਚਰਚਾ ਹੈ। ਫ਼ਾਜ਼ਿਲਕਾ ਤੋਂ ਮਰਹੂਮ ਗੈਂਗਸਟਰ ਰੌਕੀ ਦੀ ਭੈਣ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਕਰਨਾ ਵੀ ਇਹੋ ਸੰਕੇਤ ਕਰਦਾ ਹੈ।
            ਸੂਤਰ ਦੱਸਦੇ ਹਨ ਕਿ ਅਕਾਲੀ ਦਲ ਬਠਿੰਡ ਤੋਂ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਦੇ ਹਿਸਾਬ ਨਾਲ ਫ਼ੈਸਲਾ ਲਵੇਗਾ। ਹਰਸਿਮਰਤ ਨੇ ਪਿਛਲੇ ਦਿਨੀਂ ਬੁਢਲਾਡਾ ਦੇ ਇੱਕ ਜਨਤਿਕ ਸਮਾਗਮ ਵਿਚ ਆਖਿਆ ਕਿ ਉਹ ਬਠਿੰਡਾ ਹਲਕੇ ਤੋਂ ਹੀ ਚੋਣ ਲੜਨਗੇ। ਉਹ ਇਹ ਇਸ਼ਾਰਾ ਵੀ ਕਰ ਗਏ ਕਿ ‘ਬਾਕੀ ਵਾਹਿਗੁਰੂ ਨੇ ਜਿੱਥੋਂ ਦਾ ਦਾਣਾ ਪਾਣੀ ਲਿਖਿਆ, ਉੱਥੇ ਜਾਣਾ ਪੈਣਾ।’ ਬਠਿੰਡਾ ਦੇ ਨੌ ਅਸੈਂਬਲੀ ਹਲਕਿਆਂ ਚੋਂ ਪੰਜ ਤੇ ‘ਆਪ’ ਦੇ ਵਿਧਾਇਕ ਕਾਬਜ਼ ਹਨ। ਇਵੇਂ ਸੰਗਰੂਰ ਸੀਟ ਦੇ 9 ਅਸੈਂਬਲੀ ਹਲਕਿਆਂ ਚੋਂ 5 ਹਲਕੇ ‘ਆਪ’ ਕੋਲ ਹਨ। ਹੁਣ ਤੱਕ ਭਗਵੰਤ ਮਾਨ ਵੱਲੋਂ ਸੁਖਬੀਰ ਬਾਦਲ, ਸੁਖਦੇਵ ਸਿੰਘ ਢੀਂਡਸਾ ਅਤੇ ਬੀਬੀ ਰਜਿੰਦਰ ਕੌਰ ਭੱਠਲ ਖ਼ਿਲਾਫ਼ ਚੋਣ ਲੜੀ ਜਾ ਚੁੱਕੀ ਹੈ। ਹੁਣ ਅਗਲੀ ਚੋਣ ਹਰਸਿਮਰਤ ਖ਼ਿਲਾਫ਼ ਲੜਨਾ ਚਾਹੁੰਦੇ ਹਨ। ਭਗਵੰਤ ਮਾਨ ਦਾ ਨਵਾਂ ਫੈਸਲਾ ਬਾਦਲਾਂ ਲਈ ਘਬਰਾਹਟ ਵਾਲਾ ਵੀ ਹੋ ਸਕਦਾ ਹੈ। ਸਿਆਸੀ ਮਾਹਿਰ ਆਖਦੇ ਹਨ ਕਿ ਤਿਕੋਣਾ ਮੁਕਾਬਲਾ ਅਕਾਲੀ ਉਮੀਦਵਾਰ ਲਈ ਰਾਹ ਪੱਧਰਾ ਕਰੇਗਾ।
         ਅਹਿਮ ਸੂਤਰਾਂ ਨੇ ਦੱਸਿਆ ਕਿ ਭਗਵੰਤ ਮਾਨ ਨਵੇਂ ਹਾਲਾਤਾਂ ਵਿਚ ਦੋ ਹਲਕਿਆਂ ਤੋਂ ਵੀ ਕਾਗ਼ਜ਼ ਦਾਖਲ ਕਰ ਸਕਦੇ ਹਨ। ਬਠਿੰਡਾ ਮਾਨਸਾ ਦੇ ਲੋਕ ਭਾਵੁਕ ਸੁਭਾਅ ਅਤੇ ਇਨਕਲਾਬੀ ਸੁਰ ਵਾਲੇ ਹਨ ਜਿਸ ਦਾ ਫ਼ਾਇਦਾ ਭਗਵੰਤ ਮਾਨ ਲੈਣਾ ਚਾਹੁੰਦਾ ਹੈ। ਭਗਵੰਤ ਦੇ ਪਿਛਲੀ ਚੋਣ ਵਿਚ ਵੱਡੇ ਇਕੱਠ ਇਨ੍ਹਾਂ ਜ਼ਿਲ੍ਹਿਆਂ ਵਿਚ ਹੁੰਦੇ ਰਹੇ ਹਨ। ਸੂਤਰ ਆਖਦੇ ਹਨ ਕਿ ਉਹ ਅਗਲੀ ਚੋਣ ‘ਆਪ’ ਤਰਫ਼ੋਂ ਹੀ ਲੜਨਗੇ। ਪਿਛਲੇ ਕੱੁਝ ਸਮੇਂ ਤੋਂ ਭਗਵੰਤ ਮਾਨ ਸਿਆਸੀ ਤੌਰ ਤੇ ਠੰਢੇ ਚੱਲ ਰਹੇ ਹਨ ਅਤੇ ਉਹ ਇਕਦਮ ਨਵੀਂ ਪਹਿਲਕਦਮੀ ਨਾਲ ਮੋੜਾ ਦੇਣ ਦੇ ਰੌਂਅ ਵਿਚ ਹਨ। ਮੌੜ ਤੋਂ ‘ਆਪ’ ਵਿਧਾਇਕ ਜਗਦੇਵ ਕਮਾਲੂ ਨੇ ਨਿੱਜੀ ਰਾਇ ਦਿੰਦੇ ਹੋਏ ਆਖਿਆ ਕਿ ਬਾਦਲਾਂ ਨੂੰ ਸਭ ਤੋਂ ਸਖ਼ਤ ਟੱਕਰ ਭਗਵੰਤ ਮਾਨ ਦੇ ਸਕਦਾ ਹੈ। ਅਗਰ ਉਹ ਬਠਿੰਡਾ ਤੋਂ ਚੋਣ ਲੜਨ ਲਈ ਮੰਨ ਜਾਵੇ ਤਾਂ ‘ਆਪ’ ਦੀ ਝੋਲੀ ਇਹ ਸੀਟ ਆਸਾਨੀ ਨਾਲ ਪੈ ਜਾਵੇਗੀ। ਉਨ੍ਹਾਂ ਆਖਿਆ ਕਿ ਉਹ ਭਗਵੰਤ ਮਾਨ ਨੂੰ ਇਸ ਬਾਰੇ ਬੇਨਤੀ ਵੀ ਕਰ ਚੁੱਕੇ ਹਨ।
                 ਇਸੇ ਤਰ੍ਹਾਂ ਬੁਢਲਾਡਾ ਹਲਕੇ ਤੋਂ ‘ਆਪ’ ਵਿਧਾਇਕ ਬੁੱਧ ਰਾਮ ਨੇ ਨਿੱਜੀ ਰਾਇ ਰੱਖੀ ਕਿ ਲੋਕ ਭਗਵੰਤ ਮਾਨ ਨੂੰ ਚਾਹੁੰਦੇ ਹਨ ਅਤੇ ਪਿਛਲੇ ਦਿਨੀਂ ਬੁਢਲਾਡਾ ਵਿਚ ਰੱਖੀਆਂ ਮੀਟਿੰਗਾਂ ਵਿਚ ਲੋਕਾਂ ਨੇ ਭਗਵੰਤ ਨੂੰ ਬਠਿੰਡਾ ਤੋਂ ਚੋਣ ਲੜਨ ਲਈ ਆਖਿਆ ਸੀ। ਉਨ੍ਹਾਂ ਆਖਿਆ ਕਿ ਜੇ ਭਗਵੰਤ ਮਾਨ ਅਗਲੀ ਚੋਣ ਵਿਚ ਬਠਿੰਡਾ ਹਲਕੇ ਤੋਂ ਲੜੇ ਤਾਂ ‘ਆਪ’ ਨੂੰ ਸੀਟ ਸੌਖੇ ਹੀ ਮਿਲ ਜਾਵੇਗੀ।  ਬਠਿੰਡਾ (ਦਿਹਾਤੀ) ਤੋਂ ‘ਆਪ’ ਵਿਧਾਇਕ ਰੁਪਿੰਦਰ ਰੂਬੀ ਦਾ ਪ੍ਰਤੀਕਰਮ ਸੀ ਕਿ ਪਾਰਟੀ ਜਿਸ ਨੂੰ ਵੀ ਬਠਿੰਡਾ ਤੋਂ ਉਤਾਰੇਗੀ, ਉਸ ਦੀ ਡਟ ਕੇ ਹਮਾਇਤ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਭਗਵੰਤ ਨੇ ਅੰਦਰੋਂ ਅੰਦਰੀਂ ਬਠਿੰਡਾ ਚੋਂ ਸਿਆਸੀ ਸੂਹ ਲੈਣੀ ਸ਼ੁਰੂ ਕੀਤੀ ਹੋਈ ਹੈ।
                                             ਦਾਣੇ ਪਾਣੀ ਦੀ ਗੱਲ ਆ: ਭਗਵੰਤ ਮਾਨ
ਐਮ.ਪੀ ਭਗਵੰਤ ਮਾਨ ਦਾ ਪ੍ਰਤੀਕਰਮ ਸੀ ਕਿ ਉਸ ਨੇ ਸੰਗਰੂਰ ਸੰਸਦੀ ਹਲਕੇ ਵਿਚ ਰਿਕਾਰਡ ਕੰਮ ਕੀਤੇ ਹਨ ਅਤੇ ਪੇਂਡੂ ਸ਼ਹਿਰੀ ਵਿਕਾਸ ਲਈ ਖੁੱਲ੍ਹੇ ਫ਼ੰਡ ਵੰਡੇ ਹਨ। ਖ਼ਰਚ ਕੀਤਾ ਪੈਸਾ ਹੁਣ ਨਜ਼ਰ ਵੀ ਪੈਣ ਲੱਗਾ ਹੈ ਅਤੇ ਹਲਕੇ ਦੇ ਲੋਕਾਂ ਦਾ ਉਸ ਤੇ ਪੂਰਨ ਭਰੋਸਾ ਹੈ। ਉਨ੍ਹਾਂ ਆਖਿਆ ਕਿ ‘ ਸੰਗਰੂਰ ਹਲਕੇ ਨਾਲ ਚੰਗਾ ਪਿਆਰ ਬਣਿਆ ਹੋਇਆ ਹੈ ਤੇ ਉਹ ਸੰਗਰੂਰ ਤੋਂ ਹੀ ਅਗਲੀ ਚੋਣ ਲੜਨਗੇ, ਬਾਕੀ ਦਾਣੇ ਪਾਣੀ ਦੀ ਵੀ ਗੱਲ ਹੁੰਦੀ ਹੈ।’


No comments:

Post a Comment