Monday, April 23, 2018

                       ਸਿਆਸੀ ਸੁੰਨਮਸਾਨ
   ਹੁਣ ਨਹੀਂਓ ਵੱਜਦੇ ਪਿੰਡ ਬਾਦਲ ਦੇ ਗੇੜੇ.. 
                        ਚਰਨਜੀਤ ਭੁੱਲਰ
ਬਠਿੰਡਾ : ਕਾਲਝਰਾਨੀ ਦਾ ਹੈਲੀਪੈਡ ਸੁੰਨਾ ਹੈ, ਸੜਕਾਂ ਭਾਂਅ ਭਾਂਅ ਕਰਦੀਆਂ ਹਨ, ਨਾ ਕਿਧਰੇ ਹੂਟਰ ਵੱਜਦੇ ਹਨ ਤੇ ਨਾ ਹੀ ਬਾਦਲ ਪਿੰਡ ਵਾਲੀ ਜਰਨੈਲੀ ਸੜਕ ਤੇ ਭੀੜਾਂ ਦਿੱਖਦੀਆਂ ਹਨ। ਹਕੂਮਤ ਬਦਲੀ ਦੇ ਇੱਕ ਵਰੇ੍ਹ ਮਗਰੋਂ ਵੀ ਪਿੰਡ ਬਾਦਲ ਨੂੰ ਜਾਂਦੀ ਸੜਕ ਹੁੰਗਾਰੇ ਨਹੀਂ ਭਰਨ ਲੱਗੀ। ਨਵੀਂ ਹਕੂਮਤ ਨੇ ਬਾਦਲਾਂ ਦੀ ਸਹੂਲਤ ਲਈ ਹੈਲੀਪੈਡ ਦੀ ਚਮਕ ਦਮਕ ਕਾਇਮ ਰੱਖੀ ਹੋਈ ਹੈ। ਕਾਲਝਰਾਨੀ ਦੇ ਜਿਸ ਹੈਲੀਪੈਡ ’ਤੇ ਆਏ ਦਿਨ ਉੱਡਣ ਖਟੋਲਾ ਮੇਲਦਾ ਸੀ, ਉਹ ਹੈਲੀਪੈਡ ਹੁਣ ਸੁੰਨਾ ਪਿਆ ਹੈ। ਬਠਿੰਡਾ ਪੁਲੀਸ ਇਸ ਸੁੰਨੇ ਪਏ ਹੈਲੀਪੈਡ ਦੀ ਪਹਿਰੇਦਾਰੀ ਕਰ ਰਹੀ ਹੈ। ਜ਼ਿਲ੍ਹਾ ਪੁਲੀਸ ਨੇ ਤਿੰਨ ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਹੈ ਜਿਨ੍ਹਾਂ ਦਾ ਇੰਚਾਰਜ ਹੌਲਦਾਰ ਪਰਮਿੰਦਰ ਸਿੰਘ ਹੈ।  ਜਦੋਂ ਅਕਾਲੀ ਵਜ਼ਾਰਤ ਸੀ, ਉਦੋਂ ਕਾਲਝਰਾਨੀ ਹੈਲੀਪੈਡ ’ਤੇ ਪੂਰੀ ਗਾਰਦ ਲੱਗੀ ਹੋਈ ਸੀ। ਕੈਪਟਨ ਹਕੂਮਤ ਨੇ ਕੱੁਝ ਮੁਲਾਜ਼ਮ ਤਾਂ ਵਾਪਸ ਬੁਲਾ ਲਏ ਸਨ ਪ੍ਰੰਤੂ ਬਾਦਲ ਪਰਿਵਾਰ ਦੀ ਸੁਵਿਧਾ ਲਈ ਹਾਲੇ ਵੀ ਕੱੁਝ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਹੋਈ ਹੈ।
                    ਪਿੰਡ ਕਾਲਝਰਾਨੀ ਦੇ ਲੋਕ ਦੱਸਦੇ ਹਨ ਕਿ ਹੁਣ ਕਦੇ ਹੈਲੀਕਾਪਟਰ ਨਹੀਂ ਉੱਤਰਿਆ ਹੈ। ਕਾਂਗਰਸ ਸਰਕਾਰ ਬਣਨ ਮਗਰੋਂ ਇੱਕ ਦੋ ਵਾਰ ਅੌਰਬਿਟ ਕੰਪਨੀ ਦਾ ਹੈਲੀਕਾਪਟਰ ਉੱਤਰਿਆ ਸੀ ਪ੍ਰੰਤੂ ਹੁਣ ਲੰਮੇ ਅਰਸੇ ਤੋਂ ਸੁੰਨ ਹੀ ਵਰਤੀ ਹੋਈ ਹੈ। ਹੈਲੀਪੈਡ ਦੇ ਨੇੜਲੀ ਮਾਰਕੀਟ ਦੇ ਦੁਕਾਨਦਾਰ ਦੱਸਦੇ ਹਨ ਕਿ ਗੱਠਜੋੜ ਸਰਕਾਰ ਦੇ 10 ਵਰ੍ਹਿਆਂ ਦੌਰਾਨ ਹੈਲੀਪੈਡ ਵਾਲੀ ਥਾਂ ’ਤੇ ਮੇਲਾ ਹੀ ਲੱਗਦਾ ਰਹਿੰਦਾ ਸੀ। ਕਾਲਝਰਾਨੀ ਪਿੰਡ ਦੇ ਲੋਕ ਇਸ ਗੱਲੋਂ ਹੈਰਾਨ ਹਨ ਕਿ ਪੁਲੀਸ ਹੁਣ ਸੁੰਨੇ ਹੈਲੀਪੈਡ ਦੀ ਹੀ ਸੁਰੱਖਿਆ ਕਰ ਰਹੀ ਹੈ।  ਨੰਦਗੜ੍ਹ ਦੇ ਮੁੱਖ ਥਾਣਾ ਅਫ਼ਸਰ ਪਰਮਿੰਦਰ ਸਿੰਘ ਦਾ ਤਰਕ ਸੀ ਕਿ ਕਾਲਝਰਾਨੀ ਪਿੰਡ ਕੋਲ ਜ਼ਿਲ੍ਹੇ ਦੀ ਸੀਮਾ ਪੈਂਦੀ ਹੈ ਜਿਸ ਕਰਕੇ ਸੁਰੱਖਿਆ ਦੀ ਨਜ਼ਰ ਤੋਂ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਹੋਈ ਹੈ। ਸੂਤਰ ਆਖਦੇ ਹਨ ਕਿ ਹੈਲੀਪੈਡ ’ਤੇ ਬਣੇ ਦੋ ਕਮਰਿਆਂ ਵਿਚ ਪੁਲੀਸ ਮੁਲਾਜ਼ਮ ਬੈਠੇ ਹਨ ਜਿਨ੍ਹਾਂ ਦੀ ਡਿਊਟੀ ਪੁਲੀਸ ਲਾਈਨ ਚੋਂ ਲਗਾਈ ਹੋਈ ਹੈ। ਇੱਕ ਏ.ਸੀ ਕਮਰਾ ਵੀ ਹੈ।
                     ਹੈਲੀਪੈਡ ਦੀ ਬਿਜਲੀ ਦਾ ਬਿੱਲ ਪਹਿਲਾਂ ਤੋਂ ਮੰਡੀ ਬੋਰਡ ਭਰ ਰਿਹਾ ਹੈ। ਬਠਿੰਡਾ ਤੋਂ ਪਿੰਡ ਬਾਦਲ ਤੱਕ ਜੋ ਕੇਂਦਰੀ ਸੜਕ ਫ਼ੰਡ ਦੇ ਪੈਸੇ ਨਾਲ ਸ਼ਾਨਦਾਰ ਸੜਕ ਬਣਾਈ ਹੋਈ ਹੈ, ਉਸ ਤੇ ਹੀ ਪਿੰਡ ਕਾਲਝਰਾਨੀ ਪੈਂਦਾ ਹੈ ਅਤੇ ਇਹ ਸੜਕ ਨੂੰ ਹੂਟਰਾਂ ਤੋਂ ਤਰਸੀ ਪਈ ਹੈ। ਬਠਿੰਡਾ ਪ੍ਰਸ਼ਾਸਨ ਤਰਫ਼ੋਂ ਜੋ ਵੇਰਵੇ ਦਿੱਤੇ ਗਏ ਹਨ, ਉਨ੍ਹਾਂ ਅਨੁਸਾਰ ਬਾਦਲ ਪਰਿਵਾਰ ਨੇ ਸਾਲ 2012-17 ਦੀ ਵਜ਼ਾਰਤ ਦੌਰਾਨ ਹਰ ਚੌਥੇ ਦਿਨ ਹੈਲੀਕਾਪਟਰ ਤੇ ਪਿੰਡ ਬਾਦਲ ਦਾ ਗੇੜਾ ਮਾਰਿਆ ਹੈ। ਮਤਲਬ ਕਿ ਕਾਲਝਰਾਨੀ ਦੇ ਹੈਲੀਪੈਡ ’ਤੇ ਅੌਸਤਨ ਹਰ ਚੌਥੇ ਦਿਨ ਹੈਲੀਕਾਪਟਰ ਉੱਤਰਦਾ ਰਿਹਾ ਹੈ। ਪੰਜ ਵਰ੍ਹਿਆਂ ਵਿਚ ਬਾਦਲ ਪਰਿਵਾਰ ਨੇ ਹੈਲੀਕਾਪਟਰ ’ਤੇ ਪਿੰਡ ਬਾਦਲ ਦੇ 426 ਗੇੜੇ ਲਾਏ ਹਨ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਨ੍ਹਾਂ ਪੰਜ ਵਰ੍ਹਿਆਂ ਵਿਚ ਪਿੰਡ ਬਾਦਲ ਆਉਣ ਜਾਣ ਲਈ 227 ਦਿਨ ਹੈਲੀਕਾਪਟਰ ਦੀ ਵਰਤੋਂ ਕੀਤੀ ਜਦੋਂ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 189 ਦਿਨ ਹੈਲੀਕਾਪਟਰ ਵਰਤਿਆ।
                    ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਹੈਲੀਕਾਪਟਰ ਦੀ ਸਿਰਫ਼ 10 ਦਿਨ ਵਰਤੋਂ ਕੀਤੀ ਹੈ। ਅਕਸਰ ਉਹ ਛੋਟੇ ਜਾਂ ਵੱਡੇ ਬਾਦਲ ਨਾਲ ਹੀ ਪਿੰਡ ਆਉਂਦੇ ਰਹੇ ਹਨ।  ਜਦੋਂ ਕਾਲਝਰਾਨੀ ਦੇ ਹੈਲੀਪੈਡ ਤੇ ਹੈਲੀਕਾਪਟਰ ਉੱਤਰਦਾ ਹੁੰਦਾ ਸੀ ਤਾਂ ਉਦੋਂ ਮੁਕਤਸਰ ਤੇ ਬਠਿੰਡਾ ਦੇ ਐਸ.ਐਸ.ਪੀ ਹਾਜ਼ਰ ਹੁੰਦੇ ਸਨ। ਪਹਿਲਾਂ ਤਾਂ ਹੈਲੀਪੈਡ ਤੇ ਬਿਜਲੀ ਚੋਰੀ ਹੁੰਦੀ ਰਹੀ ਹੈ ਪ੍ਰੰਤੂ ਫਰਵਰੀ 2014 ਵਿਚ ਮੰਡੀ ਬੋਰਡ ਨੇ ਕੁਨੈਕਸ਼ਨ ਲੈ ਕੇ ਹੈਲੀਪੈਡ ਤੇ ਮੀਟਰ ਲਵਾ ਦਿੱਤਾ ਸੀ। ਇਹ ਹੈਲੀਪੈਡ ਪਿੰਡ ਕਾਲਝਰਾਨੀ ਦੀ ਦਾਣਾ ਮੰਡੀ ਵਿਚ ਬਣਿਆ ਹੋਇਆ ਹੈ ਜਿਸ ਕਰਕੇ ਪਿੰਡ ਵਾਸਤੇ ਹੋਰ ਨਵੀਂ ਦਾਣਾ ਮੰਡੀ ਬਣਾਈ ਗਈ ਹੈ। ਸੂਤਰ ਆਖਦੇ ਹਨ ਕਿ ਹੁਣ ਇਕੱਲੇ ਹੈਲੀਪੈਡ ਤੇ ਸੁੰਨ ਨਹੀਂ ਵਰਤੀ ,ਪਿੰਡ ਬਾਦਲ ਦੀਆਂ ਗਲੀਆਂ ਵੀ ਵੱਢ ਖਾਣ ਨੂੰ ਪੈਂਦੀਆਂ ਹਨ। ਸਮਝੋਂ ਇਹੋ ਗੱਲ ਬਾਹਰ ਹੈ ਕਿ ਬਠਿੰਡਾ ਪੁਲੀਸ ਸੁੰਨੇ ਹੈਲੀਪੈਡ ਦੀ ਰਾਖੀ ਲਈ ਏਨੀ ਫ਼ਿਕਰਮੰਦ ਕਿਉਂ ਹੈ।
               

No comments:

Post a Comment