Sunday, April 22, 2018

                  ਰਸੂਖਵਾਨਾਂ ਨੇ ਦੱਬੀ 
  20 ਹਜ਼ਾਰ ਏਕੜ ਪੰਚਾਇਤੀ ਜ਼ਮੀਨ
                    ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਦੇ ਪੇਂਡੂ ਚੌਧਰੀ ਕਰੀਬ ਤਿੰਨ ਹਜ਼ਾਰ ਕਰੋੜ ਦੀ ਪੰਚਾਇਤੀ ਜ਼ਮੀਨ ਦੱਬੀ ਬੈਠੇ ਹਨ ਜਿਨ੍ਹਾਂ ਨੂੰ ਕੋਈ ਹੱਥ ਪਾਉਣ ਨੂੰ ਤਿਆਰ ਨਹੀਂ ਹੈ। ਵਰ੍ਹਿਆਂ ਤੋਂ ਇਨ੍ਹਾਂ ਰਸੂਖਵਾਨਾਂ ਨੇ ਪੰਚਾਇਤਾਂ ਦੀ ਜ਼ਮੀਨ ’ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਜਿਸ ਦੇ ਵਜੋਂ ਪੰਚਾਇਤੀ ਕਮਾਈ ਨੂੰ ਸਿੱਧੀ ਸੱਟ ਵੱਜ ਰਹੀ ਹੈ। ਪੰਚਾਇਤਾਂ ਨੂੰ ਨਜਾਇਜ਼ ਕਬਜ਼ਿਆਂ ਕਾਰਨ ਹਰ ਵਰੇ੍ਹ ਕਰੀਬ 43 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਕੈਪਟਨ ਹਕੂਮਤ ਨੇ ਹੁਣ ਨਜਾਇਜ਼ ਕਬਜ਼ੇ ਹਟਾਉਣ ਲਈ ਕਾਰਵਾਈ ਵਿੱਢੀ ਹੈ ਅਤੇ ਵਜ਼ਾਰਤ ਦੀ ਸਬ ਕਮੇਟੀ ਨੇ ਇਸ ਬਾਰੇ 3 ਮਈ ਨੂੰ ਮੀਟਿੰਗ ਵੀ ਸੱਦੀ ਹੈ। ਬਹੁਤੇ ਕਬਜ਼ਿਆਂ ਦੇ ਵੱਖ ਵੱਖ ਅਦਾਲਤਾਂ ਵਿਚ ਕੇਸ ਵੀ ਚੱਲ ਰਹੇ ਹਨ।  ਵੇਰਵਿਆਂ ਅਨੁਸਾਰ ਪੰਜਾਬ ਭਰ ਵਿਚ ਪੰਚਾਇਤਾਂ ਦੀ ਕਰੀਬ 20,282 ਏਕੜ ਜ਼ਮੀਨ ’ਤੇ ਰਸੂਖਵਾਨਾਂ ਦੇ ਨਜਾਇਜ਼ ਕਬਜ਼ੇ ਹਨ ਜਿਸ ਦੀ ਮਾਰਕੀਟ ਕੀਮਤ ਕਰੀਬ ਤਿੰਨ ਹਜ਼ਾਰ ਕਰੋੜ ਰੁਪਏ ਬਣਦੀ ਹੈ। ਪੰਜਾਬ ਵਿਚ ਪੰਚਾਇਤਾਂ ਦੀ ਕਰੀਬ 1.70 ਲੱਖ ਏਕੜ ਜ਼ਮੀਨ ਹੈ ਜਿਸ ਚੋਂ 1.42 ਲੱਖ ਏਕੜ ਜ਼ਮੀਨ ਨੂੰ ਠੇਕੇ ਤੇ ਦਿੱਤਾ ਜਾਂਦਾ ਹੈ।
                    ਪੰਜਾਬ ਦਾ ਪੰਚਾਇਤੀ ਜ਼ਮੀਨ ਦਾ ਅੌਸਤਨ ਠੇਕਾ ਕਰੀਬ 21 ਹਜ਼ਾਰ ਦੇ ਪ੍ਰਤੀ ਏਕੜ ਹੈ ਜਿਸ ਦੇ ਹਿਸਾਬ ਨਾਲ ਨਜਾਇਜ਼ ਕਬਜ਼ੇ ਹੇਠਲੀ ਜ਼ਮੀਨ ਦੀ 43 ਕਰੋੜ ਦੀ ਸਲਾਨਾ ਆਮਦਨੀ ਤੋਂ ਪੰਚਾਇਤ ਮਹਿਕਮਾ ਵਿਰਵਾ ਹੈ। ਪੰਚਾਇਤ ਵਿਭਾਗ ਦੇ ਕੱੁਝ ਅਫ਼ਸਰਾਂ ਦਾ ਵੀ ਇਨ੍ਹਾਂ ਕਬਜ਼ਾਕਾਰਾਂ ਨੂੰ ਥਾਪੜਾ ਹੈ।  ਤੱਥਾਂ ਅਨੁਸਾਰ ਪੰਜਾਬ ਵਿਚ ਸਭ ਤੋਂ ਵੱਧ ਪੰਚਾਇਤੀ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਜ਼ਿਲ੍ਹਾ ਪਟਿਆਲਾ ਵਿਚ ਹਨ ਜਿੱਥੇ 4541 ਏਕੜ ਜ਼ਮੀਨ ਰਸੂਖਵਾਨਾਂ ਦੇ ਕਬਜ਼ੇ ਹੇਠ ਹੈ। ਇਸ ਜ਼ਿਲ੍ਹੇ ਵਿਚ ਪੰਚਾਇਤਾਂ ਕੋਲ ਕੁੱਲ 26472 ਏਕੜ ਜ਼ਮੀਨ ਹੈ। ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਪਟਿਆਲਾ ਸ੍ਰੀ ਸੁਰਿੰਦਰ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਨਜਾਇਜ਼ ਕਬਜ਼ੇ ਛੁਡਾਉਣ ਲਈ ਮੁਹਿੰਮ ਵਿੱਢੀ ਹੋਈ ਹੈ ਜਿਸ ਦੇ ਤਹਿਤ ਇੱਕੋ ਪਿੰਡ ਚੋਂ ਕਰੀਬ 90 ਏਕੜ ਰਕਬੇ ਤੋਂ ਨਜਾਇਜ਼ ਕਬਜ਼ਾ ਹਟਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੋਰਨਾਂ ਕਈ ਪਿੰਡਾਂ ਵਿਚ ਇਹੋ ਕਾਰਵਾਈ ਚੱਲ ਰਹੀ ਹੈ। ਪੰਜਾਬ ਚੋਂ ਦੂਸਰੇ ਨੰਬਰ ਤੇ ਜ਼ਿਲ੍ਹਾ ਕਪੂਰਥਲਾ ਹੈ ਜਿਸ ਵਿਚ 3364 ਏਕੜ ਪੰਚਾਇਤੀ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਹਨ। ਤੀਜੇ ਨੰਬਰ ਤੇ ਜ਼ਿਲ੍ਹਾ ਫਤਹਿਗੜ ਸਾਹਿਬ ਹੈ।
              ਭਾਵੇਂ ਫ਼ਤਿਹਗੜ੍ਹ ਸਾਹਿਬ ਛੋਟਾ ਜ਼ਿਲ੍ਹਾ ਹੈ ਪ੍ਰੰਤੂ ਇਸ ਜ਼ਿਲ੍ਹੇ ਵਿਚ 2435 ਏਕੜ ਜ਼ਮੀਨ ’ਤੇ ਨਜਾਇਜ਼ ਕਬਜ਼ੇ ਹਨ। ਇਸ ਜ਼ਿਲ੍ਹੇ ਵਿਚ ਪੰਚਾਇਤਾਂ ਕੋਲ ਕਰੀਬ 10852 ਏਕੜ ਜ਼ਮੀਨ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕਾ ਲੰਬੀ ਦੇ ਚੰਨੂੰ ਪਿੰਡ ਵਿਚ ਕਰੀਬ 50 ਏਕੜ ਜ਼ਮੀਨ ਤੇ ਵਰ੍ਹਿਆਂ ਤੋਂ ਲੋਕਾਂ ਦੇ ਨਜਾਇਜ਼ ਕਬਜ਼ੇ ਹਨ। ਪੰਜਾਬ ਦਾ ਜ਼ਿਲ੍ਹਾ ਫ਼ਰੀਦਕੋਟ ਇਕਲੌਤਾ ਜ਼ਿਲ੍ਹੇ ਹੈ ਜਿੱਥੇ ਪੰਚਾਇਤੀ ਜ਼ਮੀਨ ਤੇ ਕੋਈ ਨਜਾਇਜ਼ ਕਬਜ਼ਾ ਨਹੀਂ ਹੈ। ਇਸ ਜ਼ਿਲ੍ਹੇ ਵਿਚ ਪੰਚਾਇਤਾਂ ਕੋਲ 742 ਏਕੜ ਜ਼ਮੀਨ ਹੈ ਜੋ ਕਬਜ਼ਿਆਂ ਤੋਂ ਮੁਕਤ ਹੈ। ਜ਼ਿਲ੍ਹਾ ਮੋਗਾ ਦੀਆਂ ਪੰਚਾਇਤਾਂ ਕੋਲ 3201 ਏਕੜ ਜ਼ਮੀਨ ਹੈ ਅਤੇ ਇਸ ਜ਼ਿਲ੍ਹੇ ਵਿਚ ਸਿਰਫ਼ 6 ਏਕੜ ਜ਼ਮੀਨ ਤੇ ਨਜਾਇਜ਼ ਕਬਜ਼ਾ ਹੈ। ਬਠਿੰਡਾ ਜ਼ਿਲ੍ਹੇ ਵਿਚ 3865 ਏਕੜ ਪੰਚਾਇਤੀ ਜ਼ਮੀਨ ਹੈ ਜਿਸ ਚੋਂ 97 ਏਕੜ ਜ਼ਮੀਨ ਨਜਾਇਜ਼ ਕਬਜ਼ੇ ਹੇਠ ਹੈ ਜਦੋਂ ਕਿ ਮਾਨਸਾ ਜ਼ਿਲ੍ਹੇ ਵਿਚ 5164 ਏਕੜ ਪੰਚਾਇਤੀ ਜ਼ਮੀਨ ਚੋਂ ਸਿਰਫ਼ 35 ਏਕੜ ਜ਼ਮੀਨ ਤੇ ਨਜਾਇਜ਼ ਕਬਜ਼ਾ ਹੈ।
                     ਇਸੇ ਤਰ੍ਹਾਂ ਜ਼ਿਲ੍ਹਾ ਜਲੰਧਰ ਵਿਚ 1967 ਏਕੜ,ਗੁਰਦਾਸਪੁਰ ਵਿਚ 606 ਏਕੜ,ਅੰਮ੍ਰਿਤਸਰ ਵਿਚ 886 ਏਕੜ,ਮੋਹਾਲੀ ਜ਼ਿਲ੍ਹੇ ਵਿਚ 819 ਏਕੜ,ਫ਼ਿਰੋਜ਼ਪੁਰ ਵਿਚ 544 ਏਕੜ ਅਤੇ ਸੰਗਰੂਰ ਜ਼ਿਲ੍ਹੇ ਵਿਚ 349 ਏਕੜ ਪੰਚਾਇਤੀ ਜ਼ਮੀਨ ਤੇ ਨਜਾਇਜ਼ ਕਬਜ਼ੇ ਹਨ।  ਸੰਗਰੂਰ ਦੇ ਪਿੰਡ ਫ਼ਤਿਹਗੜ੍ਹ ਭਾਦਸੋਂ ਵਿਚ ਕਾਫ਼ੀ ਜ਼ਮੀਨ ਤੇ ਨਜਾਇਜ਼ ਕਬਜ਼ਾ ਹੈ। ਪੰਚਾਇਤ ਯੂਨੀਅਨ ਦੇ ਪ੍ਰਧਾਨ ਹਰਦੇਵ ਸਿੰਘ ਸਿਆਲੂ ਦਾ ਕਹਿਣਾ ਸੀ ਕਿ ਅਫ਼ਸਰਾਂ ਵੀ ਰਸੂਖਵਾਨਾਂ ਨਾਲ ਮਿਲੇ ਹੋਏ ਹਨ ਜਿਸ ਕਰਕੇ ਨਜਾਇਜ਼ ਕਬਜ਼ਾਕਾਰਾਂ ਨੂੰ ਖੁੱਲ੍ਹ ਮਿਲੀ ਹੋਈ ਹੈ। ਉਨ੍ਹਾਂ ਆਖਿਆ ਕਿ ਪੰਚਾਇਤੀ ਆਮਦਨ ਨੂੰ ਇਹ ਕਬਜ਼ੇ ਵੱਡੀ ਸੱਟ ਮਾਰ ਰਹੇ ਹਨ।
                          ਵਿਸ਼ੇਸ਼ ਮੁਹਿੰਮ ਚੱਲ ਰਹੀ ਹੈ : ਬਾਜਵਾ
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਕਹਿਣਾ ਸੀ ਕਿ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾਉਣ ਲਈ ਮੁਹਿੰਮ ਚਲਾਈ ਹੋਈ ਹੈ ਅਤੇ ਰੈਗੂਲਰ ਵੀ ਇਹ ਕਬਜ਼ੇ ਹਟਾਉਣ ਲਈ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਪੰਚਾਇਤ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਦਾ ਕਹਿਣਾ ਸੀ ਕਿ ਉਹ ਅਫ਼ਸਰਾਂ ਤੋਂ ਹਰ ਮਹੀਨੇ ਨਜਾਇਜ਼ ਕਬਜ਼ੇ ਹਟਾਏ ਜਾਣ ਦੀ ਰਿਪੋਰਟ ਲੈਂਦੇ ਹਨ।





No comments:

Post a Comment