Sunday, February 3, 2019

                                                              ਵਿਚਲੀ ਗੱਲ   
                                      ਕੰਧ ਉੱਤੇ ਮੋਦੀ ਬੈਠਾ, ਦੀਵੇ ਥੱਲੇ ਟਰੰਪ.!
                                                            ਚਰਨਜੀਤ ਭੁੱਲਰ
ਬਠਿੰਡਾ  :  ਹੁਣ ਡੋਨਲਡ ਟਰੰਪ ਨੂੰ ਉਲਾਂਭਾ ਕੌਣ ਦੇਵੇ। ਜਿਵੇਂ ਪਿੰਡ ਦੇ ਕਿਸੇ ਵੈਲੀ ਵੱਲ ਝਾਕਣਾ ਅੌਖਾ ਹੁੰਦੇ, ਉਵੇਂ ਕੌਣ ਟਰੰਪ ਨੂੰ ਆਖੇ ਕਿ ‘ਤੂੰ ਹੁੰਦਾ ਕੌਣ ਐ, ਮੋਦੀ ਨੂੰ ਮਖੌਲਾਂ ਕਰਨ ਵਾਲਾ’। ਤਿੰਨ ਬਿਲੀਅਨ ਡਾਲਰ ਦੀ ਰਾਸ਼ੀ ਕੋਈ ਛੋਟੀ ਨਹੀਂ ਹੁੰਦੀ। ਜੰਗ ਦੇ ਝੰਬੇ ਮੁਲਕ ’ਚ ‘ਅਫ਼ਗ਼ਾਨੀ ਲਾਇਬੇ੍ਰਰੀ’ ਖੁੱਲ੍ਹ ਜਾਊ, ਇਸ ਤੋਂ ਟਰੰਪ ਦੇ ਢਿੱਡ ਕਿਉਂ ਪੀੜ ਹੋਈ। ਅਖੇ ਅਫ਼ਗ਼ਾਨਿਸਤਾਨ ’ਚ ਵਰ੍ਹਦੀ ਅੱਗ ’ਚ ਕਿਹੜਾ ਜਾਊ ਲਾਇਬਰੇਰੀ, ਨਾਲੇ ਜਿੰਨੇ ਕੁ ਪੈਸੇ ਭਾਰਤ ਨੇ ਦਿੱਤੇ ਨੇ, ਅਮਰੀਕਾ ਪੰਜ ਘੰਟੇ ’ਚ ਉੱਨੇ ਖ਼ਰਚ ਦਿੰਦੈਂ। ਜਸ਼ੋਦਾ ਬੇਨ ਦਾ ਕਿਤੇ ਵੱਸ ਚੱਲਦਾ ਤਾਂ ਮਿਲੇਨੀਆ ਟਰੰਪ ਨੂੰ ਜ਼ਰੂਰ ਪੁੱਛਦੀ  ‘ਭੈਣੇ, ਤੇਰੇ ਆਲ਼ੇ ਨੂੰ ਕੀ ਸੱਪ ਸੁੰਘ ਗਿਆ, ਕਾਹਤੋਂ ਛਿੰਗੜੀਆਂ ਛੇੜਦੈ ’। ਟਰੰਪ-ਮੋਦੀ ਪਹਿਲੀ ਮਿਲਣੀ ਮੌਕੇ ਤਾਂ ਬੜੇ ਹੱਸ ਹੱਸ ਕੇ ਦੂਹਰੇ ਹੋਏ ਸਨ, ਪਤਾ ਨਹੀਂ ਕਿਉਂ। ਸ਼ਾਇਦ ਟਰੰਪ ਨੇ ਗੁੱਝੀ ਹੁੱਝ ਮਾਰੀ ਹੋਊ ਕਿ ‘ਮੇਰੇ ਆਲ਼ੀ ਲਈ ਕਸ਼ਮੀਰੀ ਸ਼ਾਲ ਚੁੱਕੀ ਫਿਰਦੈ, ਉਹਦੀ ਵੀ ਕਦੇ ਬਾਤ ਪੁੱਛ ਲੈ’। ਮੋਦੀ ਦੇ ਮਨ ’ਚ ਲਾਇਬਰੇਰੀ ਦਾ ਫੁਰਨਾ ਤਾਂ ਫੁਰਿਆ, ਚਾਹੇ ਬਿਗਾਨੇ ਮੁਲਕ ਲਈ ਸਹੀ। ਵਰਨਾ, ਗੱਲਾਂ ਦਾ ਕੜਾਹ ਕਿੰਨਾ ਕੁ ਖਾਦਾ ਜਾ ਸਕਦੇ। ਇੱਕ ਸਮਰੱਥਾ ਹੁੰਦੀ ਹੈ ‘ਮਨ ਕੀ ਬਾਤ’ ਸੁਣਨ ਦੀ ਵੀ। ਜੋ ਮਰਜ਼ੀ ਟਿੱਚਰਾਂ ਟਰੰਪ ਕਰੀ ਜਾਵੇ, ‘ਅਫਗਾਨੀ ਲਾਇਬਰੇਰੀ’ ਤਾਂ ਚੱਲੂ ਹੀ।
               ‘ਅਕਲ ਦਾੜ੍ਹ’ ਵਾਲੇ ਲੀਡਰ ਲੋਕਾਂ ਦੇ ਚਿਹਰੇ ਪੜ੍ਹਦੇ ਨੇ, ਕਿਤਾਬਾਂ ਨਹੀਂ। ਕਿਤਾਬਾਂ ਤੇ ਪੁਸਤਕ ਮੇਲੇ ਲੋਕਾਂ ਦਾ ਅੰਦਰਲਾ  ਜਗਾਉਂਦੇ ਨੇ। ਪ੍ਰਗਤੀ ਮੈਦਾਨ ’ਚ ਭੀੜਾਂ ਜੁੜਨ ਲੱਗੀਆਂ ਤਾਂ ਫਿਰ ਕੁੰਭ ਦੇ ਮੇਲੇ ’ਤੇ ਕੌਣ ਜਾਊ। ਨਾਲੇ ਅਯੱੁਧਿਆ ਵੀ ਜ਼ਰੂਰੀ ਹੈ। ਦੱਖਣੀ ਤੇ ਬੰਗਾਲੀ ਲੋਕਾਂ ਦਾ ਕਿਤਾਬਾਂ ਬਿਨਾਂ ਸਰਦਾ ਨਹੀਂ। ਪੰਜਾਬ ਦੇ ਹਾਕਮ ਬਿਨਾਂ ਕਿਤਾਬਾਂ ਤੋਂ ਢੋਲੇ ਦੀਆਂ ਲਾ ਰਹੇ ਨੇ। ‘ਜੇਹੋ ਜਿਹੀ ਕੋਕੋ, ਉਹੋਂ ਜਿਹੇ ਬੱਚੇ’। ਨਾ ਖੁਦ ਪੜ੍ਹਦੇ ਨੇ, ਨਾ ਪੰਜਾਬ ਨੂੰ ਅੱਖਾਂ ਖੋਲ੍ਹਣ ਦਿੰਦੇ ਨੇ। ਹਕੂਮਤ ਲੋਕਾਂ ਦੇ ਹੱਥਾਂ ਵਿਚ ਕਿਤਾਬਾਂ ਨਹੀਂ, ਠੂਠੇ ਫੜਾਉਂਦੀ ਹੈ। ਇਨ੍ਹਾਂ ਠੂਠਿਆਂ ਵਿਚ ਫਿਰ ਕੋਈ ਚਾਹ ਪੱਤੀ ਪਾਉਂਦੇ, ਕੋਈ ਆਟਾ ਦਾਲ। ਜਾਗਣ ਵਾਲੇ ਕਦੇ ਜੁਮਲੇ ਨਹੀਂ ਸੁਣਦੇ। ਸਰਕਾਰਾਂ ਨੇ ਤਾਂ ਵੱਡਾ ਘੁੰਡ ਕਿਤਾਬਾਂ ਤੋਂ ਹੀ ਕੱਢਿਆ, ‘ਘੁੰਡ ਚੁਕਾਈ’ ਤਾਂ ਵਿਖਾਵਾ ਹੈ। ਨਾਲੇ ਨੇਤਾ ਆਪਣੇ ਪੈਰ ਕਿਉਂ ਕੁਹਾੜਾ ਮਾਰਨਗੇ ਜਿਨ੍ਹਾਂ ਨੇ ਨਿਵੇਸ਼ ਹੀ ਸਿਆਸਤ ’ਚ ਕੀਤਾ। ਸਿਆਸੀ ਵਪਾਰੀ ਪੜ੍ਹਦੇ ਤਾਂ ਪੂਰਾ ਪੰਜਾਬ ਪੜ੍ਹਨੇ ਨਾ ਪੈਂਦਾ। ਨਵਾਬ ਬਣਨ ਲਈ ਪੜਾਈ ਦੀ ਲੋੜ ਨਹੀਂ। ‘ਕਿਤਾਬ ਘਪਲਾ’ ਕਰਨਾ ਕੋਈ ਇਨ੍ਹਾਂ ਤੋਂ ਸਿੱਖੇ। ਇਤਿਹਾਸ ’ਚ ਵਿਗਾੜ ਦਾ ਫੋਕਾ ਹੇਜ ਜਿਤਾਉਂਦੇ ਨੇ, ਧਰਨੇ ਲਾਉਂਦੇ ਨੇ ਪਰ ਕਿਤਾਬਾਂ ਲਈ ਫ਼ੰਡ ਫਿਰ ਵੀ ਨਹੀਂ ਦਿੰਦੇ।
                 75 ਫ਼ੀਸਦੀ ਮੌਜੂਦਾ ਲੋਕ ਸਭਾ ਮੈਂਬਰ ਗਰੈਜੂਏਟ ਜਾਂ ਵੱਧ ਪੜ੍ਹੇ ਲਿਖੇ ਨੇ। ਪਾਰਲੀਮੈਂਟ ਲਾਇਬਰੇਰੀ ’ਚ ਤਿੰਨ ਲੱਖ ਕਿਤਾਬਾਂ ਪਈਆਂ ਨੇ। ਸੈਂਟਰਲ ਹਾਲ ਦੀ ਕੰਟੀਨ ’ਚ ਐਮ.ਪੀ ਦਿੱਖਦੇ ਨੇ, ਲਾਇਬਰੇਰੀ ’ਚ ਨਹੀਂ। ਦੱਸਦੇ ਹਨ ਕਿ 800 ਪਾਰਲੀਮੈਂਟ ਮੈਂਬਰਾਂ ਚੋਂ ਮਸਾਂ 50 ਮੈਂਬਰਾਂ ਨੇ ਪਾਰਲੀਮੈਂਟ ਲਾਇਬਰੇਰੀ ਚੋਂ ਕਿਤਾਬਾਂ ਲਈਆਂ ਹਨ। ਇਵੇਂ ਪੰਜਾਬ ਦੇ 70 ਫ਼ੀਸਦੀ ਐਮ.ਐਲ.ਏ ਵਿਧਾਨ ਸਭਾ ਲਾਇਬਰੇਰੀ ਕੋਲੋਂ ਘੁੰਡ ਕੱਢ ਕੇ ਲੰਘਦੇ ਨੇ। ਲਾਇਬਰੇਰੀ ਕਮੇਟੀ ਦਾ  ਕਿਤਾਬਾਂ ਦੇ ਖ਼ਰੀਦ ਬਜਟ ਨਾਲੋਂ ਵੱਧ ਖ਼ਰਚਾ ਹੈ। ਕੇਂਦਰੀ ਕਲਚਰ ਮੰਤਰਾਲਾ ਦਾ ‘ਪਬਲਿਕ ਲਾਇਬਰੇਰੀ ਬਜਟ’  ਸਲਾਨਾ 53 ਕਰੋੜ ਤੋਂ ਘੱਟ ਕੇ 20 ਕਰੋੜ ਰਹਿ ਗਿਆ। ਪੰਜਾਬ ਨੂੰ ਇਹ ਵੀ ਨਸੀਬ ਨਹੀਂ। ਤਾਹੀਓਂ ਬਠਿੰਡਾ ਦੀ ਪਬਲਿਕ ਲਾਇਬਰੇਰੀ ਨੂੰ ਇੱਕ ਚੌਕੀਦਾਰ ਚਲਾ ਰਿਹਾ ਹੈ।ਲੀਡਰਾਂ ਲਈ ਦੌਲਤ ਹੱਥਾਂ ਦੀ ਮੈਲ ਨਹੀਂ। ਹਰ ਕੋਈ ਬਿੱਲ ਗੇਟਸ ਤੇ ਕਾਰੂ ਨੂੰ ਪਿੱਛੇ ਛੱਡਣਾ ਚਾਹੁੰਦਾ। ਬਿਲ ਗੇਟਸ ਤੋਂ ਕਿਤਾਬਾਂ ਪੜ੍ਹਨਾ ਨਹੀਂ ਸਿੱਖਦੇ। ਚੇਤਨਾ ਵਾਲੇ ਸਤੀਸ਼ ਗੁਲ੍ਹਾਟੀ ਆਖਦੇ ਨੇ ਕਿ ਪੁਸਤਕਾਂ ਦੀ ਵਿੱਕਰੀ ਘਟੀ ਜ਼ਰੂਰ ਹੈ ਪਰ ਪਾਠਕਾਂ ਦੇ ਪੈਰ ਰੁਕੇ ਨਹੀਂ। ਸਟੱਡੀ ਵੀਜ਼ੇ ਤੇ ਜੀ.ਐੱਸ.ਟੀ ਨੇ ਸਭ ਕੱੁਝ ਹੂੰਝ ਦਿੱਤਾ। ਕਿਤਾਬੀ ਸ਼ੌਕ ਵਾਲਿਆਂ ਵਿਚ ਅਮਰਿੰਦਰ ਸਿੰਘ, ਮਨਪ੍ਰੀਤ ਬਾਦਲ, ਬੀਰਦਵਿੰਦਰ ਸਿੰਘ, ਜਗਮੀਤ ਬਰਾੜ, ਚਰਨਜੀਤ ਅਟਵਾਲ, ਜਸਵੀਰ ਸੰਗਰੂਰ ਆਦਿ ਦਾ ਨਾਮ ਬੋਲਦਾ ਹੈ।
                ਮਰਹੂਮ ਐਮ.ਪੀ ਜਗਦੇਵ ਖੁੱਡੀਆਂ ਤਾਂ ਕਾਰ ’ਚ ਕਿਤਾਬਾਂ ਰੱਖ ਕੇ ਤੁਰਦੇ ਸਨ। ਮਰਹੂਮ ਪ੍ਰਤਾਪ ਸਿੰਘ ਕੈਰੋਂ,ਜਸਦੇਵ ਸੰਧੂ ਤੇ ਆਤਮਾ ਸਿੰਘ ਵਰਗੇ ਵੀ ਕਿਤਾਬਾਂ ਵਾਲੇ ਲਾਣੇ ਚੋਂ ਸਨ। ਵੱਡੇ ਤੇ ਛੋਟੇ ਬਾਦਲ ਨੇ ਲੰਘੇ ਦਸ ਵਰ੍ਹਿਆਂ ਦੌਰਾਨ ਵਿਧਾਨ ਸਭਾ ਲਾਇਬਰੇਰੀ ਚੋਂ ਕੋਈ ਪੁਸਤਕ ਨਹੀਂ ਲਈ ਜਦੋਂ ਕਿ ਵੱਡੇ ਬਾਦਲ ਨੇ 1977 ਵੇਲੇ 33 ਅਤੇ 1997 ਵੇਲੇ ਪੰਜ ਕਿਤਾਬਾਂ ਇਸ਼ੂ ਕਰਾਈਆਂ ਸਨ। ਅਮਰਿੰਦਰ ਨੇ ਪਹਿਲੀ ਪਾਰੀ ਦੌਰਾਨ 7 ਕਿਤਾਬਾਂ ਇਸੂ ਕਰਾਈਆਂ ਜਦੋਂ ਕਿ ਬੀਬੀ ਭੱਠਲ ਦਾ ਖਾਤਾ ਖ਼ਾਲੀ ਰਿਹਾ। ਇਵੇਂ ਹੀ ਹਰਚਰਨ ਬਰਾੜ ਨੇ ਇੱਕ, ਬੇਅੰਤ ਸਿੰਘ ਨੇ 7,ਸੁਰਜੀਤ ਸਿੰਘ ਬਰਨਾਲਾ ਨੇ 9,ਦਰਬਾਰਾ ਸਿੰਘ ਨੇ 10 ਅਤੇ ਗਿਆਨੀ ਜ਼ੈਲ ਸਿੰਘ ਨੇ 9 ਕਿਤਾਬਾਂ ਬਤੌਰ ਮੁੱਖ ਮੰਤਰੀ ਲਾਇਬਰੇਰੀ ਚੋਂ ਲਈਆਂ ਸਨ। ਬਾਦਲ ’ਚ ਸਿਵਾਏ ਲਾਇਬਰੇਰੀ ਤੋਂ ਹਰ ਸਹੂਲਤ ਹੈ। ਅਮਰਿੰਦਰ ਨੇ ਹੁਣੇ ਪਿੰਡ ਮਹਿਰਾਜ ਨੂੰ 28 ਕਰੋੜ ਦਿੱਤੇ ਹਨ, ਲਾਇਬਰੇਰੀ ਲਈ ਇੱਕ ਧੇਲਾ ਨਹੀਂ ਦਿੱਤਾ। ਰਣਜੀਤ ਸਿੰਘ ਬ੍ਰਹਮਪੁਰਾ ਨੇ ਲਾਇਬਰੇਰੀ ਲਈ ਡੇਢ ਲੱਖ, ਗਲੀਆਂ ਨਾਲੀਆਂ/ਸੜਕਾਂ ਲਈ 12.22 ਕਰੋੜ ਵੰਡੇ ਹਨ।
                ਭਗਵੰਤ ਮਾਨ ਨੇ ਜ਼ਰੂਰ 50 ਲੱਖ ਲਾਇਬਰੇਰੀਆਂ ਨੂੰ ਦਿੱਤੇ ਹਨ। ਭਾਸ਼ਾ ਵਿਭਾਗ ਨੂੰ ਤਾਂ ਫ਼ੰਡਾਂ ਲਈ ਲੇਲ੍ਹੜੀਆਂ ਕੱਢਣੀਆਂ ਪੈਂਦੀਆਂ ਹਨ। ਬਹੁਤੇ ਪਿੰਡਾਂ ’ਚ ਆਖ਼ਰ ਨੌਜਵਾਨਾਂ ਨੇ ਖੁਦ ਹੀ ਪੁਸਤਕ ਘਰ ਬਣਾਏ ਹਨ। ਸੀਕਰ ਦੇ ਮਾਸਟਰ ਧਰਮਪਾਲ ਨੇ ਬੇਟੀ ਦੇ ਵਿਆਹ ’ਚ ਕੁੜਮਾਂ ਨੂੰ ਕਿਤਾਬਾਂ ਦਾ ਦਾਜ ਦਿੱਤਾ। ਪੱਛਮੀ ਬੰਗਾਲ ਵਾਲੇ ਤੋਹਫ਼ੇ ’ਚ ਪੁਸਤਕਾਂ ਦਿੰਦੇ ਹਨ। ਜਾਂਦੇ ਜਾਂਦੇ, ਇੱਕ ਲਤੀਫ਼ਾ ਵੀ। ਕਾਮੇਡੀਅਨ  ਕਪਿਲ ਸ਼ਰਮਾ ਨੂੰ ਕਿਸੇ ਪੁੱਛਿਆ ‘ਪੰਡਤ ਜੀ, ਤੁਸੀਂ ਤਾਂ ਗਾ ਵੀ ਚੰਗੇ ਲੈਂਦੇ ਹੋ, ਗਾਉਣ ਕਿਉਂ ਨਹੀਂ ਲੱਗ ਜਾਂਦੇ’, ਅੱਗਿਓਂ ਕਪਿਲ ਨੇ ਆਖਿਆ ‘ਜਦੋਂ ਗੱਲਾਂ ਬਾਤਾਂ ਨਾਲ ਸਰੀ ਜਾਂਦੈ, ਤਾਂ ਜ਼ਰੂਰ ਸੰਘ ਪੜਾਉਣਾ।’ ਇਕੱਲੇ ਨਰਿੰਦਰ ਮੋਦੀ ਨਹੀਂ, ਸਭਨਾਂ ਲੀਡਰਾਂ ਦੇ ਮਨਾਂ ’ਚ ਇਹੋ ਫਿਰਕੀ ਹੈ। ਲੋਕਾਂ ਨੇ ਠੂਠੇ ਆਪਣੇ ਆਪ ਨਹੀਂ ਫੜੇ। ਮੱਥਾ ਠਣਕਿਆ, ਕਿ ਜੇ ਕਿਤੇ ਕਿਰਤੀ ਹੱਥਾਂ ਵਿਚ ਕਿਤਾਬਾਂ ਆ ਗਈਆਂ ਤਾਂ ਠੂਠੇ ਲੀਡਰਾਂ ਨੂੰ ਵੀ ਫੜਨੇ ਪੈ ਸਕਦੇ ਨੇ। ਟਰੰਪ ਜੀ, ਕਲਮਾਂ ’ਚ ਵੀ ਬਰੂਦ ਹੁੰਦੇ ਜੋ ਕੰਧਾਂ ਢਾਹੁਣ ਲਈ ਕਾਫ਼ੀ ਹੈ।

   
       
         




1 comment: