Wednesday, February 13, 2019

                                                           ਵਿਚਲੀ ਗੱਲ
                       ਬੇਖ਼ਬਰ ਹੋਈ ਤੂੰ ਸੱਸੀਏ, ਤੇਰਾ ਲੁੱਟਿਆ ਸ਼ਹਿਰ ਭੰਬੋਰ... 
                                                          ਚਰਨਜੀਤ ਭੁੱਲਰ
ਬਠਿੰਡਾ : ਮੁਗਲ ਗਾਰਡਨ ਦੇ ਵਿਹੜੇ ’ਚ ਹੁਣ ਫੁੱਲ ਖਿੜੇ ਹਨ। ਡਿਜੀਟਲ ਪ੍ਰੇਮੀ ਵੀ ਇਨ੍ਹਾਂ ਦਿਨਾਂ ’ਚ ਹੀ ਖਿੜਦੇ ਹਨ। ਇਜ਼ਹਾਰ-ਏ-ਮੁਹੱਬਤ ਦੇ ਇਸ ਹਫਤੇ ’ਚ ਸਭ ਤੋਂ ਵੱਧ ਪ੍ਰੇਮੀ ਹੀ ਰੁਝੇ ਹੁੰਦੇ ਹਨ। ਕੋਈ ਤਾਰੇ ਤੋੜ ਰਿਹਾ ਹੁੰਦਾ ਹੈ ਤੇ ਕੋਈ ਜਾਨ ਵਾਰ ਰਿਹਾ ਹੁੰਦਾ ਹੈ। ਪ੍ਰੇਮਿਕਾ ਦੇ ਨਾਮ ਪੂਰੇ ਬਾਗ ਦਾ ਇੰਤਕਾਲ ਕਰਨ ਲਈ ਇਸ਼ਕ ਦੇ ਭੌਰੇ ਇਸੇ ਹਫਤੇ ਨੂੰ ਸ਼ੁੱਭ ਮੰਨਦੇ ਹਨ। ਗਰੀਬ ਤੋਂ ਗਰੀਬ ਆਸ਼ਕ ਵੀ 14 ਫਰਵਰੀ ਨੂੰ ਕੋਈ ਗਿਣਤੀ ਮਿਣਤੀ ਨਹੀਂ ਕਰਦਾ। ਆਧੁਨਿਕ ਪ੍ਰੇਮੀ ਇਸ ਦਿਨ ਨੂੰ ‘ਪ੍ਰੇਮ ਦਿਵਸ’ ਵਜੋਂ ਮਨਾਉਂਦੇ ਨੇ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਮੁਗਲ ਗਾਰਡਨ ਦੀ ਹਰ ਕਿਆਰੀ ਚੋਂ ਸਤਰੰਗਾ ਭਾਰਤ ਦਿਖਦਾ ਹੈ। ਜਿਨਾਂ ਨੂੰ ਇਸ਼ਕੇ ਦੀ ਸੱਟ ਲੱਗੀ ਹੈ, ਉਹ ਵੱਖਰਾ ਮਤ ਰੱਖਦੇ ਹਨ। ਜਿੱਧਰ ਦੇਖਾਂ ਤੂੰ ਹੀ ਤੂੰ...। ਉਨ੍ਹਾਂ ਨੂੰ ਹਰ ਪਾਸੇ ਪਿਆਰਾ ਹੀ ਦਿਖਦਾ ਹੈ। ਜਵਾਨੀ ਨੂੰ ਇਸ ਪਹਿਰ ਰੱਬ ਚੇਤੇ ਨਹੀਂ ਰਹਿੰਦਾ। ਹੱਥਾਂ ਪੈਰਾਂ ’ਚ ਆਏ ਆਸ਼ਕ ਰੱਬ ਨੂੰ ਵੀ ਫੁੱਫੜ ਦੱਸਦੇ ਹਨ। ਤੋਹਫਿਆਂ ਦਾ ਹੜ ਆਉਂਦਾ ਹੈ। ਕਦੇ ਕਦੇ ਲੁਕ ਲੁਕ ਲਾਈਆਂ ਦੇ ਢੋਲ ਵੀ ਵੱਜਦੇ ਨੇ । ਜਦੋਂ ਨੇਤਾ ਉਦਾਰ ਚਿੱਤ ਹੋਏ ਤਾਂ ਬਾਹਰੋਂ ਨਿਵੇਸ਼ ਨਾਲ , ‘ਪ੍ਰੇਮ ਦਿਵਸ’ ਵੀ ਦਬੇ ਪੈਰ ਨਾਲ ਹੀ ਆ ਗਿਆ।ਕਈ ਅਰਬ ਮੁਲਕਾਂ ’ਚ ਵੈਲੇਨਟਾਈਨ ਡੇਅ ’ਤੇ ਪਾਬੰਦੀ ਹੈ। ਪਾਕਿਸਤਾਨ ਦੀ ਫ਼ੈਸਲਾਬਾਦ ਖੇਤੀ ਯੂਨੀਵਰਸਿਟੀ ਨੇ ਐਤਕੀਂ ਇਹ ਦਿਨ ‘ਭੈਣ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ। ਰੋਮ ਦਾ ਪਾਦਰੀ ਵੈਲੇਨਟਾਈਨ ਪ੍ਰੇਮੀਆਂ ਦਾ ਸੰਤ ਹੈ।
                ਹੁਣ ਹੈਦਰਾਬਾਦ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਇਸ ਪਾਦਰੀ ਨੂੰ ‘ਰੋਮ ਦਾ ਗੱਦਾਰ’ ਦੱਸਿਆ। ਜਨ ਸੰਘੀ ‘ਪ੍ਰੇਮ ਦਿਵਸ’ ਨੂੰ ਪੱਛਮ ਦਾ ਭਾਰਤੀ ਸੰਸਕ੍ਰਿਤੀ ’ਤੇ ਹੱਲਾ ਦੱਸਦੇ ਹਨ। ਪਾਰਕਾਂ ’ਚ ਇਨ੍ਹਾਂ ਭਗਤਾਂ ਦੇ ਥੱਪੜ ਖਾਣ ਵਾਲਿਆਂ ਨੂੰ ਇਸ ਲਾਣੇ ਚੋਂ ਸ਼ਮੀਰਾਂ ਦਾ ਭੁਲੇਖਾ ਪੈਂਦਾ ਹੈ। ‘ਪ੍ਰੇਮ ਦਿਵਸ ’ ਤੇ ਵੀ ਪੁਲੀਸ ਪਹਿਰਾ ਲੱਗਦਾ ਹੈ ਤਾਂ ਜੋ ਕਿਸੇ ‘ਦਾਨਾਬਾਦ’ ’ਚ ਕੋਈ ਅਣਹੋਣੀ ਨਾ ਵਾਪਰ ਜਾਵੇ। ਜ਼ਮਾਨਾ ਆਪਣੀ ਤੋਰ ਤੁਰਦਾ ਹੈ। ਜਵਾਨੀ ਨੂੰ ਹੁਣ ਹਾਸ਼ਿਮ ਦੀ ਸੱਸੀ, ਵਾਰਿਸ ਦੀ ਹੀਰ ਤੇ ਪੀਲੂ ਦਾ ਮਿਰਜ਼ਾ ਚੱਲੇ ਕਾਰਤੂਸ ਲੱਗਦੇ ਨੇ। ਅੱਲੜ ਉਮਰੇ ਹਰ ਕਿਸੇ ਦੇ ਅੰਦਰਲਾ ਧੀਦੋ ਜਾਗਦਾ ਹੈ। ਹਰ ਮੁਟਿਆਰ ਨੂੰ ਆਪਣੇ ’ਚੋਂ ਗੜ ਮੁਗਲਾਣੇ ਦੀ ਮਲਕੀ ਦਾ ਝਾਉਲਾ ਪੈਂਦਾ ਹੈ। ਇਸ਼ਕ ਦੀ ਬਾਜ਼ੀ ਹਾਰਨ ਵਾਲਿਆਂ ਦੇ ਹੱਡਾਂ ਲਈ ਪ੍ਰੇਮ ਦੀ ਹਵਾ ਪੱਛੋਂ ਬਣਦੀ ਹੈ। ਜਿਨ੍ਹਾਂ ਦਾ ਸ਼ਹਿਰ ਭੰਬੋਰ ਲੁੱਟਿਆ ਜਾਂਦਾ ਹੈ, ਉਨ੍ਹਾਂ ਨੂੰ ਭਮੱਕੜ ਬਣਨਾ ਪੈਂਦਾ। ਜਦੋਂ ਲਾਲਚ ਭਾਰੂ ਹੋਵੇ ਤਾਂ ਫਿਰ ਇੰਦਰ ਦੀ ਹੱਟੀ ’ਚ ਵਣਜ ਇਸ਼ਕ ਦਾ ਨਹੀਂ ਹੁੰਦਾ। ਨਾ ਸੱਚੇ ਇਸ਼ਕ ਲਈ ਢਾਈ ਅੱਖਰ ਪੜ੍ਹਨ ਦੀ ਲੋੜ ਪੈਂਦੀ ਹੈ। ਐਤਕੀਂ ਫਿਰ ਪ੍ਰੇਮੀ ਕੈਦੋਆਂ ਤੋਂ ਡਰੇ ਹੋਏ ਹਨ। ਕੈਦੋਂ ਆਖਦੇ ਹਨ ਕਿ ਉਹ ਪਿਆਰ ਦੇ ਨਹੀਂ, ਪੱਛਮੀ ਹੱਲੇ ਦੇ ਖ਼ਿਲਾਫ਼ ਹਨ। ਵੈਸੇ ਪ੍ਰੇਮੀਆਂ ਦੀ ਰਾਖੀ ਲਈ ‘ਲਵ ਕਮਾਂਡੋਜ਼’ ਵੀ ਹਨ। ‘ਲਵ ਜਹਾਦ’ ਦਾ ਰੌਲਾ ਪਹਿਲਾਂ ਹੀ ਬਹੁਤ ਹੈ।
                ਜਗਰਾਓਂ ਦਾ ਸੁਖਵਿੰਦਰ ਮਿੱਠੂ ਐਤਕੀਂ ‘ਪ੍ਰੇਮ ਦਿਵਸ’ ਮੌਕੇ 18 ਵਰ੍ਹੇ ਪਹਿਲਾਂ ਵਿਛੜੀ ਰੂਹ ਨੂੰ ਜ਼ਰੂਰ ਫੁੱਲ ਅਰਪਿਤ ਕਰੇਗਾ। ਵਿਦੇਸ਼ੋਂ ਆ ਕੇ ਮਿੱਠੂ ਨਾਲ ਪ੍ਰੇਮ ਵਿਆਹ ਕਰਾਉਣ ਵਾਲੀ ਜੱਸੀ ਨੂੰ ਮਾਂ ਤੇ ਮਾਮੇ ਨੇ ਕਤਲ ਕਰਾਇਆ ਜੋ ਹੁਣ ਸਲਾਖਾਂ ਪਿਛੇ ਗਏ ਹਨ। ਜਿਸ ਤਨ ਲੱਗੇ , ਸੋ ਹੀ ਜਾਣੇ..। ਮਿੱਠੂ ਦੀ ਮੁਹੱਬਤ ਜਿੱਤੀ ਹੈ। ਬਹੁਤੇ ਇਸ਼ਕ ’ਚ ਦੇਵਦਾਸ ਵੀ ਬਣਦੇ ਹਨ। ਬਠਿੰਡਾ ’ਚ ਪੱਕੀ ਉਮਰ ਦੇ ਇੱਕ ਆਸ਼ਕ ਨੇ ਪ੍ਰੇਮਿਕਾ ਤੋਂ ਉੱਲੂ ਹੀ ਵਾਰ ਦਿੱਤੇ। ਪ੍ਰੇਮਿਕਾ ਦੀ ਖ਼ੁਸ਼ੀ ਤੋਂ ਉੱਲੂ ਛੋਟੇ ਜਾਪੇ। ਸਰਕਾਰ ਚੋਰੀ ਹੋਏ ਉੱਲੂ ਲੱਭ ਰਹੀ ਹੈ। ਬੰਗਾਲ ’ਚ ਲੰਘੇ ਨਵੰਬਰ ਮਮਤਾ ਬੈਨਰਜੀ ਨੇ ਆਪਣੇ ਵਜ਼ੀਰ ਸੋਵਨ ਚੈਟਰਜੀ ਦੋ ਟੁੱਕ ਲਫ਼ਜਾਂ ’ਚ ਆਖਿਆ, ‘ਪ੍ਰੇਮਿਕਾ ਛੱਡ ਜਾਂ ਵਜ਼ੀਰੀ’। ਬੰਗਾਲੀ ਬਾਬੂ ਨੇ ਵਜ਼ੀਰੀ ਨੂੰ ਲੱਤ ਮਾਰ ਦਿੱਤੀ।ਅਸੀਂ ਆਧੁਨਿਕ ਹੋ ਗਏ ਹਾਂ ਪਰ ਸੋਚ ਨਹੀਂ। ਤਾਹੀਓਂ ਰਿਸ਼ਤਿਆਂ ‘ਚੋਂ ਜ਼ਿੰਦਗੀ ਧੜਕਣੋਂ ਹਟੀ ਹੈ। ਲੋੜ ਤਾਂ ਪੂਰੇ ਭਾਰਤ ਨੂੰ ਹੀ ਮੁਗਲ ਗਾਰਡਨ ਬਣਾਉਣ ਦੀ ਹੈ। ਹਰ ਦਿਨ ਹੀ ਮੁਹੱਬਤ ਵਾਲਾ ਹੋਵੇ। ਗੱਦੀ ‘ਤੇ ਬੈਠੇ ਹਾਕਮਾਂ ਦੀ ਅੱਖ ਨੂੰ ‘ਭੰਬੋਰ’ ਚੁਭਦਾ ਹੈ। ਨਫਰਤ ਦੇ ਇੰਦਰ ਵਪਾਰੀ ਵੋਟਾਂ ਖਾਤਰ ਕਿਤੇ ਵੀ ਛਾਲ ਮਾਰ ਸਕਦੇ ਹਨ। ਜਦੋਂ ਮੁਲਕ ਦੇ ਬਗੀਚੇ ‘ਚ ਨਫਰਤ ਦੇ ਤਣੇ ਫੈਲਦੇ ਹਨ ਉਦੋਂ ਫਿਰ ਹਰਿਆਣਾ ਦੀ ਖਾਪ ਪੰਚਾਇਤ ਦਾ ਫੈਸਲਾ ਦੈਵੀ ਬਣਦਾ ਹੈ। ਹਉਮੈ ਫੱਟੜ ਹੁੰਦੀ ਹੈ ਤਾਂ ਉਦੋਂ ਬੋਹਾ ਇਲਾਕੇ ਦੀ 80 ਫੀਸਦੀ ਅੰਕ ਲੈਣ ਵਾਲੇ ਧੀਅ ਦੇ ਟੋਟੇ ਕਰ ਦਿੱਤੇ ਜਾਂਦੇ ਹਨ।
                ਮੁਲਕ ਵਿਚ ਲੰਘੇ ਚਾਰ ਵਰ੍ਹਿਆਂ ਵਿਚ 600 ਕਤਲ ਸਿਰਫ ਅਣਖ ਕਰਕੇ ਹੋਏ ਹਨ। ਉੱਤਰ ਪ੍ਰਦੇਸ਼,ਮੱਧ ਪ੍ਰਦੇਸ਼ ,ਹਰਿਆਣਾ  ਅਤੇ   ਪੰਜਾਬ ਦੀ ਅਣਖ ਨੇ ਸਭ ਤੋਂ ਵੱਧ ਲਹੂ ਡੋਲਿਆ। ਕਿਸੇ ਵੇਲੇ ਮਿਰਜ਼ਾ ਸਾਹਿਬਾਂ ਤੇ ਸੋਹਣੀ ਮਹੀਂਵਾਲ ਵੀ ਅਣਖ ਦੀ ਬਲੀ ਚੜ੍ਹੇ ਸਨ। ਸਭ ਕੁਝ ਬਦਲ ਗਿਆ, ਅਣਖ ਦੇ ਮੁਖੌਟੇ ਨਹੀਂ ਬਦਲੇ। ਲੋੜ ਤਾਂ ਨਫਰਤ ਦੇ ਖੇਤਾਂ ਨੂੰ ਮੁਹੱਬਤ ਦਾ ਪਾਣੀ ਲਾਉਣ ਦੀ ਹੈ। ਚੋਣਾਂ ਮੌਕੇ ਤਾਂ ਕੋਈ ‘ਦੀਦੀ’ ਸਕੀ ਨਹੀਂ ਰਹਿੰਦੀ। ਨਫਰਤ ਚੋਂ ਕੀ ਖੱਟਿਆ। ਜਿਨਾਂ ਦੇ ਕਮਾਊ ਦੰਗਾਬਾਜ਼ੀ ਦੀ ਭੇਟ ਚੜ੍ਹ ਗਏ, ਉਨ੍ਹਾਂ ਨੂੰ ਪੁੱਛ ਕੇ ਦੇਖੋ, ਕੀ ਕੀ ਗੁਆਇਆ। ਤਿੰਨ ਵਰ੍ਹਿਆਂ ਵਿਚ ਦੰਗਿਆਂ ਦੀਆਂ 2276 ਘਟਨਾਵਾਂ ਹੋਈਆਂ ਜਿਨ੍ਹਾਂ ‘‘ਚ 294 ਲੋਕ ਮਾਰੇ ਗਏ, 6969 ਲੋਕ ਜ਼ਖਮੀ ਹੋਏ। ਇਕੱਲੇ ਯੂ.ਪੀ ‘‘ਚ 95 ਘਰਾਂ ਵਿਚ ਸੱਥਰ ਵਿਛੇ। ਲਾਲੂ ਯਾਦਵ ਨੇ ਕੇਰਾਂ ਰਾਬੜੀ ਨੂੰ ਫੁੱਲ ਦੇ ਕੇ ਆਖਿਆ ‘ ਅਭੀ ਤੋਂ ਮੈਂ ਜਵਾਨ ਹੂੰ’। ਅਖਿਲੇਸ਼ ਯਾਦਵ ਨੇ ਵੀ ਡਿੰਪਲ ਨਾਲ ਪ੍ਰੇਮ ਵਿਆਹ ਕਰਵਾਇਆ। ਪ੍ਰੇਮ ਪ੍ਰਸੰਗ ਦਾ ਪੱਥਰ ਆਗੂ ਦਿਗਵਿਜੈ ਸਿੰਘ, ਚੰਦਰ ਮੋਹਨ, ਸ਼ਸ਼ੀ ਥਰੂਰ ਨੇ ਵੀ ਚੱਟਿਆ ਹੈ। ਅਰੂਸਾ ਤਾਂ ਸਾਡੇ ਗੁਆਂਢ ‘ਚੋਂ ਹੀ ਹੈ। ਇਹ ਸਿਆਸੀ ਪ੍ਰੇਮੀ ਮੋਦੀ ਨੂੰ ਟਿੱਚਰਾਂ ਕਰਦੇ ਹਨ । ਕਿਸੇ ਨੇ ਕਿਹਾ ‘‘ ਛੜਾ ਕੀ ਜਾਣੇ ..ਅਦਰਕ ਦਾ ਸੁਆਦ। ਹਰਿਆਣਾ ਵਾਲੇ ਮਨੋਹਰ ਲਾਲ ਖੱਟਰ,ਯੂ.ਪੀ ਵਾਲੇ ਯੋਗੀ ਆਦਿੱਤਿਆ ਨਾਥ,ਉੜੀਸਾ ਵਾਲੇ ਨਵੀਨ ਪਟਨਾਇਕ, ਬੰਗਾਲ ਵਾਲੀ ਬੀਬੀ ਮਮਤਾ ਬੈਨਰਜੀ, ਉਮਾ ਭਾਰਤੀ ਇਸੇ ਕਤਾਰ ’ਚੋਂ ਹਨ। ਪਿੰਡ ਨਰਿੰਦਰਪੁਰਾ (ਮਾਨਸਾ) ਦੇ ਛੜੇ ਬਾਬੇ ਭੰਗੇ ਦੀ ਟਿੱਪਣੀ ਸੁਣੋ ‘ਛੜਿਆਂ ਨੂੰ ਤਾਂ ਕੋਈ ਪਾਣੀ ਦਾ ਗਿਲਾਸ ਨਹੀਂ ਦਿੰਦਾ, ਪਤਾ ਨਹੀਂ ਲੋਕ ਕਿਵੇਂ ਇਨ੍ਹਾਂ ਨੂੰ ਵੋਟਾਂ ਪਾਈ ਜਾਂਦੇ ਨੇ’।     

No comments:

Post a Comment