Sunday, February 17, 2019

                                                             ਵਿਚਲੀ ਗੱਲ 
         ਕੌਣ ਸੁਣੇ ਮਮਟੀ ਦੀਆਂ ਹੂਕਾਂ, ਸਭ ਮਿੱਟੀ ਦੇ ਬਾਵੇ..!
                                                            ਚਰਨਜੀਤ ਭੁੱਲਰ
ਬਠਿੰਡਾ : ਬਾਪ ਦੇ ਕੰਧਾੜੇ ਚੜ੍ਹਨ ਤੋਂ ਜੋ ਧੀ ਡਰਦੀ ਸੀ। ਹੁਣ ਉਹ ਛੇਵੀਂ ਮੰਜ਼ਲ ਦੀ ਮਮਟੀ ’ਤੇ ਚੜ੍ਹੀ ਹੈ, ਜਿਥੋਂ ਮੋਤੀ ਮਹਿਲ ਦਿੱਖਦਾ ਹੈ। ਸਟਾਫ ਨਰਸ ਕਰਮਜੀਤ ਕੌਰ ਅੌਲਖ ਨੂੰ ਅਖੀਰ ਜ਼ਿੰਦਗੀ ਨਾਲ ਆਢਾ ਲਾਉਣਾ ਪਿਆ। ਪਾਣੀ ਦਾ ਡਰ ਏਨਾ ਕਿ ਕਦੇ ਸੂਏ ਦੀ ਪਟੜੀ ’ਤੇ ਨਹੀਂ ਤੁਰੀ ਸੀ। ਜਦੋਂ ਸਿਹਤ ਮੰਤਰੀ ਨੇ ਬਾਂਹ ਨਾ ਫੜੀ ਤਾਂ ਭਾਖੜਾ ’ਚ ਛਾਲ ਮਾਰ ਦਿੱਤੀ। ਕਿਸੇ ਰਾਹਗੀਰ ਨੇ ਕਿਹਾ, ਏਸ ਕੁੜੀ ਨੇ ਮੌਤ ਨੂੰ ਮਾਖੌਲ ਬਣਾ ਰੱਖਿਐ। ਪਹਿਲੋਂ ਮਰਨ ਵਰਤ ’ਤੇ ਜਦੋਂ ਇਹ ਬੈਠੀ ਤਾਂ ਮਾਂ ਨੇ ਸੁੱਖ ਮੰਗੀ ‘ਵਾਹਿਗੁਰੂ, ਧੀ ਨੂੰ ਤੱਤੀ ਵਾ ਤੋਂ ਬਚਾਈ’। ਨੌ ਸੌ ਸਟਾਫ ਨਰਸਾਂ ਤੇ ਦਰਜਾ ਚਾਰ ਮੁਲਾਜ਼ਮਾਂ ਦੀ, ਮੌਜੂਦਾ ਦਿਹਾੜੀ ’ਤੇ ਹੀ ਰੈਗੂਲਰ ਹੋਣ ਦੀ ਮੰਗ ਹੈ, ਪੂਰੇ 13 ਵਰ੍ਹਿਆਂ ਤੋਂ। ਰਜਿੰਦਰਾ ਹਸਪਤਾਲ ਪਟਿਆਲਾ ਦੀ ਮਮਟੀ ਦਾ ਵੀ ਤ੍ਰਾਹ ਨਿਕਲਿਐ। ਕਰਮਜੀਤ ਤੇ ਉਸ ਦਾ ਮੋਢਾ ਬਣੀ ਬਲਜੀਤ ਕੌਰ ਨੇ ਸਭ ਪਰਖੇ ਨੇ, ਨੀਲੇ ਵੀ ਤੇ ਚਿੱਟੇ ਵੀ। ਕੁੜੀਓ, ਦੇਖਿਓ ਕਿਤੇ ਛਾਲ ਮਾਰ ਦਿਓ, ਵਿਧਾਨ ਸਭਾ ਦੇ ਪਵਿੱਤਰ ਸੈਸ਼ਨ ’ਚ ਭੰਗ ਪੈ ਜਾਊ, ਬੱਸ ਥੋੜਾ ਮਿਹਣੋ ਮਿਹਣੀ ਹੋ ਲੈਣ, ਥੋਡੀ ਵੀ ਗੱਲ ਕਰਨਗੇ। ਸੈਸ਼ਨ ਛੋਟਾ ਹੈ ਪਰ ਚੱਲ ਤਾਂ ਰਿਹੈ।
                  ਅਧਿਆਪਕ ਸਰਬਜੀਤ ਥੋੜਾ ਸਬਰ ਕਰਦਾ ਤਾਂ ਕੰਨ ਦਾ ਪਰਦਾ ਨਾ ਪਾਟਦਾ। ਪੀ.ਐਚ.ਡੀ ਕਰ ਰਿਹਾ ਹੈ। ਦੋ ਵਿਸ਼ਿਆਂ ’ਚ ਐਮ.ਏ ਹੈ। ਪਰਸ਼ੀਅਨ ਭਾਸ਼ਾ ਵੀ ਜਾਣਦਾ ਹੈ ਪਰ ਬੁਛਾੜਾਂ ਦੀ ਭਾਸ਼ਾ ਸਮਝਣੋਂ ਅਣਜਾਣ ਰਿਹਾ। ਪੁਲੀਸ ਦੀ ਡਾਂਗ ਵਿਤਕਰਾ ਕਰਦੀ ਤਾਂ ਅਧਿਆਪਕ ਕਰਮਜੀਤ ਨਿਦਾਮਪੁਰ ਦੇ ਸਿਰ ’ਚ ਛੇ ਟਾਂਕੇ ਨਾ ਲੱਗਦੇ। ਸਕੂਲ ’ਚ ਬੱਚੇ ਪੁੱਛਦੇ ਨੇ ‘ਮਾਸਟਰ ਜੀ, ਪੁਲੀਸ ਤਾਂ ਚੋਰਾਂ ਨੂੰ ਕੁੱਟਦੀ ਹੈ, ਤੁਸੀਂ ਵੀ...’। ਲੱਦ ਗਏ ਦਿਨਾਂ ਨੂੰ ਆਲ਼ੇ ਭੋਲੇ ਕੀ ਜਾਣਨ। ਅਧਿਆਪਕਾ ਮਨਪ੍ਰੀਤ ਕੌਰ ਦਾ ਪੁਲੀਸ ਨੇ ਇਕੱਲਾ ਪੈਰ ਨਹੀਂ ਤੋੜਿਆ, ਅਰਮਾਨ ਵੀ ਝੰਬ ਸੁੱਟੇੇ। ਹੁਣ ਪੈਰ ਤੇ ਪਲੱਸਤਰ ਹੈ, ਸੱਧਰਾਂ ਜ਼ਖ਼ਮੀ। ਅਧਿਆਪਕ ਸੰਘਰਸ਼ ਕਮੇਟੀ ਅੱਗੇ ਲੱਗੀ ਤਾਂ ਸਭ ਮੋਤੀ ਮਹਿਲ ਵੱਲ ਹੋ ਤੁਰੇ। ਇਹ ਦੱਸਣ ਲਈ ਕਿ ਹੁਣ ਸੱਤ ਹਜ਼ਾਰ ਨਾਲ ਘਰ ਨਹੀਂ ਚੱਲਦਾ। ਅੱਗਿਓਂ ਪੁਲੀਸ ਸ਼ਰੀਕਾਂ ਵਾਂਗੂ ਟੱਕਰੀ। ਦਿਖਾ ਦਿੱਤੇ ਹਕੂਮਤੀ ਹੱਥ। ਅਧਿਆਪਕ ਸਾਥਿਓ, ਕਾਹਲ ਨਾ ਕਰੋ, ਸਦਨ ’ਚ ਪ੍ਰਸ਼ਨ ਕਾਲ ਚੱਲ ਰਿਹੈ, ਥੋੜਾ ਜੂਤ ਪਤਾਣ ਕਰ ਲੈਣ, ਥੋਡਾ ਮਸਲਾ ਵੀ ਚੁੱਕਣਗੇ। ਨਾਲੇ ਥੋਡੇ ਟਾਂਕੇ ਆਠਰ ਜਾਣਗੇ। ਖਾਮੋਸ਼, ਸੈਸ਼ਨ ਚੱਲ ਰਿਹੈ ਤੇ ਬਹਿਸ ਭਖੀ ਹੈ।
         ਸੰਧੂ ਖੁਰਦ (ਬਰਨਾਲਾ) ਦਾ ਕਿਸਾਨ ਸਾਧੂ ਸਿੰਘ ਨਹੀਂ ਰਿਹਾ। ਪਹਿਲਾਂ ਪਤਨੀ ਨਹੀਂ ਰਹੀ। ਕਰਜ਼ ਵੀ ਕੈਂਸਰ ਅੱਗੇ ਛੋਟਾ ਪੈ ਗਿਆ। ਸਵਾ ਲੱਖ ਰਿਸ਼ਵਤ ਦੇ ਕੇ ਪੈਲੀ ’ਚ ਲਾਈ ਮੋਟਰ ਜਾਅਲੀ ਨਿਕਲੀ। ਕਰਜ਼ ਚੁੱਕ ਕੇ ਪੁੱਤ ਮਲੇਸ਼ੀਆ ਭੇਜਿਆ। ਕੋਈ ਅੱਕ ਚੱਭਿਆ ਰਾਸ ਨਾ ਆਇਆ। ਜ਼ਮੀਨ ਗਈ ਤੇ ਖੁਦ ਖੇਤਾਂ ਦਾ ਰਾਖਾ ਵੀ। ਜ਼ਿੰਦਗੀ ਦੀ ਵੱਟ ਤੇ ਬੈਠੇ ਕਿੰਨੇ ਹੀ ਕਿਸਾਨ ਮੌਤ ਉਡੀਕ ਰਹੇ ਹਨ। ਕੋਈ ਉਠਾਉਣ ਵਾਲਾ ਨਹੀਂ। ਤਾਹੀਂ ਪਾਤਰ ਲਿਖਦੈ ‘ਚੋਣ ਨਿਸ਼ਾਨ ਸਿਵਾ ਹੈ ਸਾਡਾ, ਇਸਨੂੰ ਬੁੱਝਣ ਨਾ ਦੇਈਏ’। ਹਰ ਪੁੱਤ ਚਾਹੁੰਦਾ ਹਾਂ ਕਿ ਮਾਂ ਲੱਕੜਾਂ ਨੂੰ ਘੱਲੇ। ਹਰ ਕਿਸਾਨ ਮਜ਼ਦੂਰ ਦੀ ਇੱਕੋ ਕਹਾਣੀ ਹੈ, ਉਲਝੀ ਤੰਦ ਪੁਰਾਣੀ ਹੈ। ਕਿਸਾਨ ਵੀਰੋਂ ,ਬੱਸ ਸਦਨ ’ਚ ਕੁਝ ਵਿਧਾਇਕਾਂ ਦੇ ਨਗ ਲੁਹਾ ਦੇਖੀਏ, ਫਿਰ ਥੋਡੇ ਦੁੱਖਾਂ ਦੀ ਗੱਲ ਵੀ ਕਰਾਂਗੇ। ਥੋੜਾ ਵਕਤ ਦਿਓ, ਕੱਲ ਨੂੰ ਨਾਲੇ ਬਜਟ ਸੁਣਿਓ, ਨਾਲੇ ਸ਼ਾਇਰੋ ਸ਼ਾਇਰੀ। ਸੈਸ਼ਨ ਛੋਟਾ ਹੈ ਪਰ ਜਾਰੀ ਹੈ। ਸਮੂਹਿਕ ਜਬਰ ਜ਼ਿਨਾਹ ਨੇ ਈਸੇਵਾਲ (ਲੁਧਿਆਣਾ) ਦੇ ਪਰਮਵੀਰ ਚੱਕਰ ਵਿਜੇਤਾ ਸ਼ਹੀਦ ਨਿਰਮਲਜੀਤ ਸਿੰਘ ਦੀ ਰੂਹ ਝੰਜੋੜੀ ਹੈ। ਕਦੇ ਪਿੰਡ ਦੇ ਨੇੜੇ ਕੋਈ ਖੰਘਿਆ ਨਹੀਂ ਸੀ, ਕਿਸੇ ਧੀ ਦੀ ਇੱਜ਼ਤ ਨੂੰ ਹੱਥ ਪੈਣਾ ਪਿੰਡ ਦੀ ਅੱਖ ’ਚ ਰੜਕਣ ਲੱਗਾ ਹੈ। ਸਿਆਸੀ ਰਾਖੇ ਪੱਟੀ ਬੰਨ੍ਹ ਲੈਣ ਤਾਂ ਪੰਜਾਬ ਦੀ ਪੱਤ ਕੌਣ ਬਚਾ ਸਕਦੈ।
                  ਲਹਿਰਾ ਬੇਗਾ ਦੇ ਧੀ ਨੂੰ ਕੋਈ ਰਾਹ ਨਹੀਂ ਲੱਭਦਾ। ਅੱਜ ਦੇ ਜੱਗਿਆ ਨੇ ਜ਼ਿੰਦਗੀ ਘੁਲਾੜ ਵਿਚ ਪੀੜ ਦਿੱਤੀ। ਅਣਚਾਹੀ ਅੌਲਾਦ ਨੂੰ ਲੈ ਕੇ ਕਿਧਰ ਜਾਏ। ਜਦੋਂ ਤਖਤਾਂ ’ਚ ਮੜਕ ਨਾ ਰਹੇ, ਉਦੋਂ ਧੀਆਂ ਦੀ ਜ਼ਿੰਦਗੀ ਸੁੰਨੇ ਘਰਾਂ ਵਾਂਗ ਹੋ ਜਾਂਦੀ ਹੈ। ਬੱਚੀਓ, ਦਿਲ ਛੋਟਾ ਨਾ ਕਰੋ, ਸੈਸ਼ਨ ’ਚ ਹਾਲੇ ਸਿਫ਼ਰ ਕਾਲ ਵੀ ਚੱਲਣਾ ਹੈ, ਪਹਿਲਾਂ ਵਾਕ ਆਊਟ ਕਰ ਲਈਏ, ਥੋਡੇ ਦਰਦ ਵੀ ਫਲੋਰ ’ਤੇ ਰੱਖਾਂਗੇ। ਸੈਸ਼ਨ ਚੱਲ ਰਿਹੈ, ਮੁੱਕਿਆ ਨਹੀਂ। ਜਵਾਨੀ ਨੂੰ ਨਾ ਸਮਾਰਟ ਫੋਨ ਮਿਲਿਆ ਤੇ ਨਾ ਬੇਕਾਰੀ ਭੱਤਾ। ਕਈ ‘ਨੌਕਰੀ ਮੇਲੇ’ ਵੇਖਣ ਲਈ ਰੁਕ ਗਏ। ਜੋ ਭੇਤੀ ਸਨ, ਉਨ੍ਹਾਂ ਨੇ ਸਟੱਡੀ ਵੀਜ਼ੇ ਲੈ ਲਏ। ਪਿੰਡ ਕੈਰੋਂ (ਤਰਨਤਾਰਨ) ਦੀ ਕੁੜੀ ਸੁਖਜੀਵਨ ਦੇ ਜਦੋਂ ਪੰਜ ਬੈਂਡ ਆਏ ਤਾਂ ਖੁਦਕੁਸ਼ੀ ਕਰ ਗਈ। ਪਹਿਲਾਂ ਚਿੱਟੇ ਨੇ ਚਿੱਟੀਆਂ ਚੁੰਨੀਆਂ ਦਾ ਹੜ੍ਹ ਵਗਾਇਆ। ਹੁਣ ਸਟੱਡੀ ਵੀਜ਼ੇ ਨੇ ਜ਼ਮੀਨ ਵਿਕਾ ਦਿੱਤੀਆਂ ਹਨ। ਕਿੰਨੀਆਂ ਮਾਂਵਾਂ ਨੂੰ ਅਰਮਾਨ ਗਹਿਣੇ ਕਰਨੇ ਪਏ। ਜਵਾਨੀ ਦਾ ਨਛੱਤਰ ਹੀ ਮਾੜਾ ਲੱਗਦੈ। ਘਬਰਾਓ ਨਾ ਪੁੱਤਰੋਂ, ਸਦਨ ਮੁੜ ਜੁੜ ਗਿਆ ਹੈ, ਪਹਿਲਾਂ ਆਪਣੇ ਭੱਤੇ ਵਧਾ ਲੈਣ, ਫਿਰ ਥੋਡਾ ਬਜਟ ਪਾਸ ਕਰਨਗੇ। ਸੈਸ਼ਨ ਛੋਟਾ ਹੈ ਪਰ ਹੈ ਤਾਂ ਹੰਗਾਮੇਦਾਰ।
        ਵਿਧਾਨ ਸਭਾ ਦਾ ਸਭ ਤੋਂ ਪਹਿਲਾ ਸਪੀਕਰ ਸ਼ਹਾਬ-ਉਦ-ਦੀਨ (1937-1945) ਸਦਨ ’ਚ ਪੱਗਾਂ ਉੱਛਲਦੀਆਂ ਦੇਖ ਕੇ ਧਰਮਰਾਜ ਦੀ ਕਚਹਿਰੀ ’ਚ ਬੈਠਾ ਕਚੀਚੀਆਂ ਵੱਟਦਾ ਹੋਊ। ਸੋਚਦਾ ਇਹ ਵੀ ਹੋਊ ਕਿ ਵਿਧਾਇਕਾਂ ਦੀ ਕਮਾਈ ਵੱਡੀ ਹੋ ਰਹੀ ਹੈ, ਵਿਧਾਨ ਸਭਾ ਦੇ ਸੈਸ਼ਨ ਛੋਟੇ। ਗਿਆਨੀ ਜੈਲ ਸਿੰਘ ਦੀ ਸਰਕਾਰ ਵੇਲੇ ਵਿਧਾਨ ਸਭਾ ਦੀਆਂ 148 ਬੈਠਕਾਂ ਹੋਈਆਂ। ਲੰਘੇ ਦਸ ਵਰ੍ਹਿਆਂ ਵਿਚ ਸਿਰਫ਼ 159 ਬੈਠਕਾਂ। ਪੰਜਾਹ ਫੀਸਦੀ ਵਿਧਾਇਕ ਤਾਂ ਸੈਸ਼ਨ ਚੋਂ ਸੁੱਚੇ ਮੂੰਹ ਹੀ ਮੁੜਦੇ ਹਨ।ਵਿਧਾਨ ਸਭਾ ਦਾ ਪਿਛਲੇ ਗਿਆਰਾਂ ਵਰ੍ਹਿਆਂ ਦਾ ਖਰਚਾ 300 ਕਰੋੜ ਰਿਹਾ ਹੈ। ਲੋਕ ਮਸਲਿਆਂ ਲਈ ਸਦਨ ਹੀ ਸੱਚਾ ਦਰਬਾਰ ਹੁੰਦਾ ਹੈ। ਹੁਣ ਬਹਿਸ ਦਾ ਮਿਆਰ ਡਿੱਗਿਆ ਹੈ ਪਰ ਨੇਤਾ ਉੱਠੇ ਹਨ। 27 ਮਾਰਚ 2012 ਨੂੰ ਸਦਨ ’ਚ ਵੱਡੇ ਬਾਦਲ ਨੇ ਵਿਰੋਧੀਆਂ ਵੱਲ ਮੂੰਹ ਕਰਕੇ ਇੰਝ ਫਰਮਾਇਆ ‘ਘਰੇ ਜਦੋਂ ਮਰਜ਼ੀ ਆਓ, ਰੋਟੀ ਵਧੀਆ ਮੁਰਗੇ ਨਾਲ ਖੁਆਵਾਂਗੇ, ਮੈਂ ਤਾਂ ਹੁਣ ਮੁਰਗਾ ਖਾਂਦਾ ਨਹੀਂ, ਥੋਨੂੰ ਖਾਣ ਦੀ ਆਦਤ ਐ’। ਵਿਧਾਇਕਾਂ ਨੂੰ ਲੋਕ ਅਸੈਂਬਲੀ ’ਚ ਟਿੱਚਰਾਂ ਵਾਸਤੇ ਨਹੀਂ ਭੇਜਦੇ। ਨੇਤਾਵਾਂ ਨੇ ਝੋਕੇ ਲਾਉਣੇ ਬੰਦ ਨਾ ਕੀਤੇ ਤਾਂ ਇੱਕ ਦਿਨ ਜਰਵਾਣੇ ਪੁੱਤ ਉਬਾਲ ਖਾਣਗੇ। ਫਿਰ ਕੋਈ ਸੁੱਕਾ ਨਹੀਂ ਬਚਣਾ। ਮਮਟੀ ’ਤੇ ਚੜ੍ਹਨਾ ਕਿਸੇ ਦਾ ਸ਼ੌਕ ਨਹੀਂ, ਨਾ ਮਾਪਿਆਂ ਨੇ ਪੁੱਤ ਬੁਛਾੜਾਂ ਖਾਣ ਨੂੰ ਜੰਮੇ ਨੇ।



No comments:

Post a Comment