Tuesday, February 5, 2019

                             ਤੋਰਾ ਫੇਰਾ
       ਭਾਜਪਾ ਪ੍ਰਧਾਨ ਦੇ ਆਏ ‘ਅੱਛੇ ਦਿਨ’ 
                         ਚਰਨਜੀਤ ਭੁੱਲਰ
ਬਠਿੰਡਾ :  ਭਾਜਪਾ ਪ੍ਰਧਾਨ ਤੇ ਐਮ.ਪੀ ਸ਼ਵੇਤ ਮਲਿਕ ਦੇ ‘ਅੱਛੇ ਦਿਨ’ ਦਿਨ ਆ ਗਏ ਹਨ ਜਿਨ੍ਹਾਂ ਦਾ ਤੋਰਾ ਫੇਰਾ (ਟੀ.ਏ/ਡੀ.ਏ) ਕਰੀਬ 45 ਲੱਖ ਰੁਪਏ ’ਚ ਪਿਆ ਹੈ। ਐਮ.ਪੀ ਮਲਿਕ ਨੇ ਭੱਤੇ ਲੈਣ ’ਚ ਤਾਂ ਪੁਰਾਣੇ ਰਾਜ ਸਭਾ ਮੈਂਬਰ ਵੀ ਪਿੱਛੇ ਛੱਡ ਦਿੱਤੇ ਹਨ। ਢਾਈ ਵਰ੍ਹਿਆਂ ਦੌਰਾਨ ਸ਼ਵੇਤ ਮਲਿਕ ਨੇ ਬਤੌਰ ਰਾਜ ਸਭਾ ਮੈਂਬਰ ਅੌਸਤਨ ਰੋਜ਼ਾਨਾ 4775 ਰੁਪਏ ਟੀ.ਏ/ਡੀ.ਏ ਵਜੋਂ ਵਸੂਲੇ ਹਨ ਜਦੋਂ ਕਿ ਵਰ੍ਹਾ 2016-17 ਦੌਰਾਨ ਉਨ੍ਹਾਂ ਦਾ ਅੌਸਤਨ ਰੋਜ਼ਾਨਾ ਦਾ ਟੀ.ਏ/ਡੀ.ਏ ਖਰਚਾ 7216 ਰੁਪਏ ਰਿਹਾ ਹੈ।  2017 ਦੇ ਸਤੰਬਰ ਮਹੀਨੇ ’ਚ ਉਨ੍ਹਾਂ ਨੇ ਇੱਕੋ ਮਹੀਨੇ ਦਾ 6.02 ਲੱਖ ਰੁਪਏ ਟੀ.ਏ/ਡੀ.ਏ ਵਸੂਲ ਕੀਤਾ ਹੈ। ਐਮ.ਪੀ ਮਲਿਕ ਨੇ ਬਤੌਰ ਰਾਜ ਸਭਾ ਮੈਂਬਰ ਨਵੇਂ ਰਿਕਾਰਡ ਕਾਇਮ ਕੀਤੇ ਹਨ। ਵੇਰਵਿਆਂ ਅਨੁਸਾਰ ਰਾਜ ਸਭਾ ਮੈਂਬਰ ਨੂੰ ਇਸ ਵੇਲੇ ਪ੍ਰਤੀ ਮਹੀਨਾ ਇੱਕ ਲੱਖ ਰੁਪਏ ਤਨਖ਼ਾਹ, 70 ਹਜ਼ਾਰ ਰੁਪਏ ਹਲਕਾ ਭੱਤਾ, 20 ਹਜ਼ਾਰ ਰੁਪਏ ਦਫ਼ਤਰੀ ਖਰਚਾ ਅਤੇ 40 ਹਜ਼ਾਰ ਰੁਪਏ ਪੀ.ਏ ਦੀ ਤਨਖ਼ਾਹ ਮਿਲਦੀ ਹੈ। ਐਮ.ਪੀ ਸ਼ਵੇਤ ਮਲਿਕ ਨੇ ਢਾਈ ਵਰ੍ਹਿਆਂ ਦੌਰਾਨ ਹੁਣ ਤੱਕ ਤਨਖ਼ਾਹ ਤੇ ਭੱਤਿਆਂ ਵਜੋਂ 82.69 ਲੱਖ ਰੁਪਏ ਵਸੂਲੇ ਹਨ ਜਿਸ ਦਾ ਮਤਲਬ ਹੈ ਕਿ ਉਨ੍ਹਾਂ ਨੇ ਅੌਸਤਨ ਪ੍ਰਤੀ ਦਿਨ ਖ਼ਜ਼ਾਨੇ ਚੋਂ 8891 ਰੁਪਏ ਵਸੂਲ ਪਾਏ ਹਨ।
                   ਐਮ. ਪੀ ਮਲਿਕ ਜੁਲਾਈ 2016 ਤੋਂ ਭੱਤੇ ਲੈ ਰਹੇ ਹਨ। ਮਲਿਕ ਨੇ ਸਾਲ 2016-17 ਦੌਰਾਨ 8.80 ਲੱਖ ਰੁਪਏ, ਸਾਲ 2017-18 ਵਿਚ 26.34 ਲੱਖ ਅਤੇ ਸਾਲ 2018-19 (ਜਨਵਰੀ 2019 ਤੱਕ) ਵਿਚ 9.26 ਲੱਖ ਰੁਪਏ ਟੀ.ਏ/ਡੀ.ਏ ਵਜੋਂ ਮਿਲੇ ਹਨ। ਭਾਜਪਾ ਪ੍ਰਧਾਨ ਨੇ ਅਪਰੈਲ 2017 ਦੇ ਇੱਕੋ ਮਹੀਨੇ ਵਿਚ 4.27 ਲੱਖ ਰੁਪਏ ਅਤੇ ਨਵੰਬਰ 2017 ਦੇ ਇੱਕ ਮਹੀਨੇ ਵਿਚ 3.27 ਲੱਖ ਰੁਪਏ ਟੀ.ਏ/ਡੀ.ਏ ਵਜੋਂ ਪ੍ਰਾਪਤ ਕੀਤੇ ਹਨ। ਪੰਜਾਬ ਤੋਂ ਰਾਜ ਸਭਾ ਦੇ ਸੱਤ ਐਮ.ਪੀ ਹਨ ਜਿਨ੍ਹਾਂ ਚੋਂ ਸਭ ਤੋਂ ਨਵੇਂ ਐਮ.ਪੀ ਸ਼ਵੇਤ ਮਲਿਕ ਹੀ ਹਨ। ਪੁਰਾਣੇ ਰਾਜ ਸਭਾ ਮੈਂਬਰਾਂ ਚੋਂ ਸਭ ਤੋਂ ਵੱਡਾ ਸਰਕਾਰੀ ਮੇਵਾ ਦਾ ਗੱਫਾ ਐਮ.ਪੀ ਨਰੇਸ਼ ਗੁਜਰਾਲ ਨੂੰ ਮਿਲਿਆ ਹੈ ਜਿਨ੍ਹਾਂ ਨੇ ਪੁਰਾਣੇ ਛੇ ਐਮ.ਪੀਜ਼ ਚੋਂ ਸਭ ਤੋਂ ਵੱਧ ਭੱਤੇ ਹਾਸਲ ਕੀਤੇ ਹਨ। ਕਰੀਬ ਪੌਣੇ ਛੇ ਵਰ੍ਹਿਆਂ ਦੌਰਾਨ ਐਮ.ਪੀ ਨਰੇਸ਼ ਗੁਜਰਾਲ ਨੇ 49.90 ਲੱਖ ਰੁਪਏ ਦਾ ਟੀ.ਏ/ਡੀ.ਏ ਲਿਆ ਹੈ ਜਿਸ ਦਾ ਮਤਲਬ ਹੈ ਕਿ ਉਨ੍ਹਾਂ ਨੇ ਅੌਸਤਨ ਹਰ ਮਹੀਨੇ 76,782 ਰੁਪਏ ਦਾ ਭੱਤਾ ਲਿਆ। ਨਰੇਸ਼ ਗੁਜਰਾਲ ਅਗਸਤ 2013 ਵਿਚ ਐਮ.ਪੀ ਬਣੇ ਸਨ। ਨਰੇਸ਼ ਗੁਜਰਾਲ ਨੇ ਆਪਣੇ ਸੰਸਦੀ ਕੋਟੇ ਦੇ ਫ਼ੰਡਾਂ ਦਾ ਵੱਡਾ ਗੱਫਾ ਬਾਦਲਾਂ ਦੇ ਹਲਕੇ ਵਿਚ ਵੰਡਿਆ ਹੈ ਜਦੋਂ ਕਿ ਇੱਧਰ ਭੱਤੇ ਵਸੂਲਣ ਵਿਚ ਝੰਡੀ ਲੈ ਲਈ।
                ਐਮ.ਪੀ ਨਰੇਸ਼ ਗੁਜਰਾਲ ਨੇ ਇਨ੍ਹਾਂ ਵਰ੍ਹਿਆਂ ਦੌਰਾਨ ਸਾਲ 2016-17 ਦੌਰਾਨ ਸਭ ਤੋਂ ਵੱਧ ਭੱਤੇ 10.52 ਲੱਖ ਰੁਪਏ ਦੇ ਵਸੂਲ ਕੀਤੇ। ਜੋ ਤਨਖ਼ਾਹ ਅਤੇ ਹੋਰ ਭੱਤੇ ਹਨ, ਉਹ ਵੱਖਰੇ ਹਨ। ਕਾਂਗਰਸੀ  ਐਮ.ਪੀ ਅੰਬਿਕਾ ਸੋਨੀ ਦੇ ਟੀ.ਏ/ਡੀ.ਏ ਦਾ ਖਰਚਾ 45.71 ਲੱਖ ਰੁਪਏ ਹੈ। ਅੰਬਿਕਾ ਸੋਨੀ ਨੇ ਸਭ ਤੋਂ ਵੱਧ ਭੱਤੇ ਸਾਲ 2015-16 ਦੌਰਾਨ ਵਸੂਲੇ ਜੋ ਕਿ ਇੱਕੋ ਵਰੇ੍ਹ ਦੇ 12.81 ਲੱਖ ਰੁਪਏ ਬਣਦੇ ਹਨ। ਉਨ੍ਹਾਂ ਦੇ ਟੀ.ਏ/ਡੀ.ਏ ਦੀ ਅੌਸਤਨ ਪ੍ਰਤੀ ਮਹੀਨਾ 70,327 ਰੁਪਏ ਰਹੀ ਹੈ। ਲੋਕ ਸਭਾ ਮੈਂਬਰਾਂ ਚੋਂ ਸਭ ਤੋਂ ਵੱਧ ਝੰਡੀ ਐਮ.ਪੀ ਹਰਿੰਦਰ ਖ਼ਾਲਸਾ ਦੀ ਹੁਣ ਤੱਕ ਰਹੀ ਹੈ ਜਿਨ੍ਹਾਂ ਨੇ 47.65 ਲੱਖ ਰੁਪਏ ਟੀ.ਏ/ਡੀ.ਏ ਦੇ ਲਏ ਹਨ। ਨਰੇਸ਼ ਗੁਜਰਾਲ ਨੇ ਉਨ੍ਹਾਂ ਨੂੰ ਵੀ ਪਿਛਾਂਹ ਛੱਡ ਦਿੱਤਾ ਹੈ। ਟਕਸਾਲੀ ਅਕਾਲੀ ਆਗੂ ਅਤੇ ਐਮ.ਪੀ ਸੁਖਦੇਵ ਸਿੰਘ ਢੀਂਡਸਾ ਨੇ ਟੀ.ਏ/ਡੀ.ਏ ਵਜੋਂ 43.14 ਲੱਖ ਰੁਪਏ ਵਸੂਲ ਕੀਤੇ ਹਨ ਜਿਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਪ੍ਰਤੀ ਮਹੀਨਾ 66,373 ਰੁਪਏ ਇਕੱਲੇ ਟੀ.ਏ/ਡੀ.ਏ ਦੇ ਮਿਲੇ।
                ਢੀਂਡਸਾ ਨੇ ਸਾਲ 2015-16 ਦੌਰਾਨ ਸਭ ਤੋਂ ਵੱਧ 15.31 ਲੱਖ ਟੀ.ਏ/ਡੀ.ਏ ਵਸੂਲ ਕੀਤਾ। ਐਮ.ਪੀ ਬਲਵਿੰਦਰ ਸਿੰਘ  ਭੂੰਦੜ ਨੇ ਵੀ ਅਗਸਤ 2013 ਤੋਂ ਹੁਣ ਤੱਕ 23.92 ਲੱਖ ਰੁਪਏ ਟੀ.ਏ /ਡੀ.ਏ ਵਜੋਂ ਵਸੂਲ ਕੀਤੇ ਹਨ। ਰਾਜ ਸਭਾ ਮੈਂਬਰ ਨੂੰ ਪਾਰਲੀਮੈਂਟ ਸੈਸ਼ਨ ਅਤੇ ਪਾਰਲੀਮੈਂਟ ਦੀਆਂ ਕਮੇਟੀਆਂ ਦੀਆਂ ਮੀਟਿੰਗਾਂ ਵਿਚ ਸ਼ਾਮਿਲ ਹੋਣ ਮੌਕੇ ਟੀ.ਏ/ਡੀ.ਏ ਦਿੱਤਾ ਜਾਂਦਾ ਹੈ ਜਿਸ ਵਿਚ ਹਵਾਈ ਸਫ਼ਰ ਦੀਆਂ ਟਿਕਟਾਂ ਵੀ ਸ਼ਾਮਿਲ ਹਨ। ਕਾਂਗਰਸੀ ਐਮ.ਪੀ ਅਤੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ 34 ਮਹੀਨਿਆਂ ਦੌਰਾਨ 17.85 ਲੱਖ ਰੁਪਏ ਟੀ.ਏ/ਡੀ.ਏ ਦੇ ਤੌਰ ਤੇ ਪ੍ਰਾਪਤ ਕੀਤੇ ਹਨ ਜਦੋਂ ਕਿ ਸ਼ਮਸ਼ੇਰ ਸਿੰਘ ਦੂਲੋ ਨੇ ਇਹੋ ਭੱਤੇ 24.64 ਲੱਖ ਦੇ ਵਸੂਲੇ ਹਨ। ਪੰਜਾਬ ਦੇ ਇਨ੍ਹਾਂ ਸੱਤ ਐਮ.ਪੀਜ਼ ਦੇ ਇਕੱਲੇ ਟੀ.ਏ/ਡੀ.ਏ ਦਾ ਖਰਚਾ ਕਰੀਬ ਢਾਈ ਕਰੋੜ ਰੁਪਏ ਰਿਹਾ ਹੈ। ਐਮ.ਪੀ ਤਰਕ ਦਿੰਦੇ ਹਨ ਕਿ ਉਨ੍ਹਾਂ ਨੇ ਜ਼ਿਆਦਾ ਕੰਮ ਕੀਤਾ ਹੈ ਜਿਸ ਕਰਕੇ ਉਨ੍ਹਾਂ ਦੇ ਭੱਤੇ ਜ਼ਿਆਦਾ ਬਣੇ ਹਨ। ਪੱਖ ਜਾਣਨਾ ਚਾਹਿਆ ਪਰ ਐਮ.ਪੀ ਸ਼ਵੈਤ ਮਲਿਕ ਦਾ ਫੋਨ ਲਗਾਤਾਰ ਬੰਦ ਆ ਰਿਹਾ ਸੀ।
                                       ਪੰਜ ਵਰ੍ਹਿਆਂ ਮਗਰੋਂ ਵਧਣਗੇ ਭੱਤੇ
ਕੇਂਦਰ ਸਰਕਾਰ ਨੇ ਪਹਿਲੀ ਅਪਰੈਲ 2018 ਤੋਂ ਹੀ ਰਾਜ ਸਭਾ ਮੈਂਬਰਾਂ ਦੀ ਤਨਖ਼ਾਹ ਅਤੇ ਭੱਤਿਆਂ ਤੋਂ ਇਲਾਵਾ ਪੈਨਸ਼ਨ ਵਿਚ ਵਾਧਾ ਕੀਤਾ ਹੈ। ਤਨਖ਼ਾਹ 50 ਹਜ਼ਾਰ ਤੋਂ ਵਧਾ ਕੇ ਇੱਕ ਲੱਖ ਰੁਪਏ, ਹਲਕਾ ਭੱਤਾ 45 ਹਜ਼ਾਰ ਤੋਂ ਵਧਾ ਕੇ 70 ਹਜ਼ਾਰ ਰੁਪਏ, ਦਫ਼ਤਰੀ ਖਰਚਾ 15 ਹਜ਼ਾਰ ਤੋਂ ਵਧਾ ਕੇ 20 ਹਜ਼ਾਰ ਰੁਪਏ ਅਤੇ ਪੀ.ਏ ਦੀ ਤਨਖ਼ਾਹ 30 ਹਜ਼ਾਰ ਤੋਂ ਵਧਾ ਕੇ 40 ਹਜ਼ਾਰ ਰੁਪਏ ਕੀਤੀ ਗਈ ਹੈ। ਇਹ ਵੀ ਨਿਸ਼ਚਿਤ ਕੀਤਾ ਹੈ ਕਿ ਹੁਣ ਤਨਖ਼ਾਹਾਂ ਵਿਚ ਅਗਲਾ ਵਾਧਾ 2023 ਵਿਚ ਹੋਵੇਗਾ।



No comments:

Post a Comment