Tuesday, February 19, 2019

                            ‘ਉੱਡਤਾ ਪੰਜਾਬ’ 
      ਪੁਲੀਸ ਜਾਲ ਚੋਂ ਉੱਡੇ ਛੇ ਹਜ਼ਾਰ ਤਸਕਰ 
                              ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਪੁਲੀਸ ਦੇ ‘ਨਸ਼ਾ ਮੁਕਤ ਪੰਜਾਬ’ ਦੇ ਜਾਲ ਚੋਂ ਕਰੀਬ ਛੇ ਹਜ਼ਾਰ ਨਸ਼ਾ ਤਸਕਰ ਬਚ ਨਿਕਲੇ ਹਨ ਜੋ ਲੰਘੇ ਪੰਜ ਵਰ੍ਹਿਆਂ ਦੌਰਾਨ ਅਦਾਲਤਾਂ ਚੋਂ ਸਾਫ ਬਰੀ ਹੋ ਗਏ ਹਨ। ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਕਾਮਯਾਬੀ ਦੇ ਖੰਭ ਲਾਉਣ ਲਈ ਪੁਲੀਸ ਨੇ ਧੜਾਧੜ ਨਸ਼ਾ ਤਸਕਰਾਂ ਖ਼ਿਲਾਫ਼ ਕੇਸ ਦਰਜ ਕੀਤੇ। ਮਗਰੋਂ ਪੁਲੀਸ ਨੇ ਲੰਮੇ ਹੱਥ ਢਿੱਲੇ ਕਰ ਦਿੱਤੇ। ਫਾਇਦਾ ਨਸ਼ਾ ਤਸਕਰਾਂ ਨੂੰ ਮਿਲਿਆ ਹੈ। ਉੱਡਤਾ ਪੰਜਾਬ ਦੇ ਨਾਇਕ ਤਸਕਰ ਢਿੱਲੀ ਪੁਲੀਸ ਨੂੰ ਝਕਾਨੀ ਦੇਣ ਵਿਚ ਸਫਲ ਰਹੇ ਹਨ। ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਇਸ ਮਾਮਲੇ ’ਤੇ ਪੰਜਾਬ ਸਰਕਾਰ ਨੂੰ ਵਿਧਾਨ ਸਭਾ ਵਿਚ ਘੇਰਿਆ ਹੈ। ਗ੍ਰਹਿ ਵਿਭਾਗ ਪੰਜਾਬ ਵੱਲੋਂ ਦਿੱਤੇ ਵੇਰਵਿਆਂ ਅਨੁਸਾਰ ਪੰਜਾਬ ਵਿਚ 1 ਜਨਵਰੀ 2014 ਤੋਂ 31 ਦਸੰਬਰ 2018 ਤੱਕ ਨਸ਼ਾ ਤਸਕਰੀ ਦੇ 52,742 ਪੁਲੀਸ ਕੇਸ ਦਰਜ ਕੀਤੇ ਗਏ ਹਨ ਜਿਨ੍ਹਾਂ ਚੋਂ 23,572 ਕੇਸਾਂ ਦਾ ਅਦਾਲਤਾਂ ਚੋਂ ਨਿਪਟਾਰਾ ਹੋ ਚੁੱਕਾ ਹੈ। ਇਨ੍ਹਾਂ ਕੇਸਾਂ ਚੋਂ 5858 ਕੇਸਾਂ (24.85 ਫੀਸਦੀ) ਵਿਚ ਨਸ਼ਾ ਤਸਕਰ ਅਦਾਲਤਾਂ ਚੋਂ ਬਰੀ ਹੋ ਗਏ ਹਨ ਜਦੋਂ ਕਿ 17,714 ਕੇਸਾਂ ਵਿਚ ਤਸਕਰਾਂ ਨੂੰ ਸਜ਼ਾ ਹੋਈ ਹੈ। ਕੈਪਟਨ ਸਰਕਾਰ ਦੌਰਾਨ ਨਸ਼ਾ ਤਸਕਰੀ ਦੇ 23,410 ਕੇਸ ਦਰਜ ਹੋਏ ਹਨ ਅਤੇ ਕਾਂਗਰਸ ਸਰਕਾਰ ਦੌਰਾਨ 7489 ਕੇਸਾਂ ਦਾ ਅਦਾਲਤਾਂ ਚੋਂ ਫੈਸਲਾ ਹੋਇਆ ਹੈ।
           ਕਾਂਗਰਸ ਸਰਕਾਰ ਦੇ ਦੋ ਵਰ੍ਹਿਆਂ ਦੌਰਾਨ 1941 ਕੇਸਾਂ (25.91 ਫੀਸਦੀ) ਵਿਚ ਤਸਕਰ ਬਰੀ ਹੋਏ ਹਨ ਜਦੋਂ ਕਿ 5548 ਕੇਸਾਂ ਵਿਚ ਸਜ਼ਾ ਹੋਈ ਹੈ। ਸੂਤਰ ਦੱਸਦੇ ਹਨ ਕਿ ਸਰਕਾਰਾਂ ਵੱਲੋਂ ਅੰਕੜਾ ਦਿਖਾਉਣ ਲਈ ਗੈਰ ਵਪਾਰਿਕ ਮਾਤਰਾ ਵਾਲੇ ਕੇਸ ਜਿਆਦਾ ਦਰਜ ਕੀਤੇ ਹਨ ਜੋ ਅਦਾਲਤਾਂ ਵਿਚ ਟਿਕਦੇ ਨਹੀਂ ਹਨ। ਪਹਿਲਾਂ ਗੱਠਜੋੜ ਸਰਕਾਰ ਸਮੇਂ ਬਿਨਾਂ ਨਸ਼ਾ ਬਰਾਮਦ ਕੀਤੇ ਹੀ ਕੇਸ ਦਰਜ ਕਰ ਦਿੱਤੇ ਗਏ ਸਨ। ਇਵੇਂ ਹੁਣ ਨਸ਼ਾ ਤਸਕਰਾਂ ਨੂੰ ਬਿਨਾਂ ਦੇਰੀ ਤੋਂ ਜ਼ਮਾਨਤਾਂ ਮਿਲ ਗਈਆਂ ਹਨ। ਬਹੁਤੇ ਕੇਸਾਂ ਵਿਚ ਪੁਲੀਸ ਨੇ ਵੇਲੇ ਸਿਰ ਚਲਾਨ ਹੀ ਪੇਸ਼ ਨਹੀਂ ਕੀਤਾ। ਵੇਰਵਿਆਂ ਅਨੁਸਾਰ ਪੰਜ ਵਰ੍ਹਿਆਂ ਦੌਰਾਨ ਪੁਲੀਸ ਨੇ ਨਸ਼ਾ ਤਸਕਰੀ ਦੇ 1268 ਕੇਸ ਕੈਂਸਲ ਕੀਤੇ ਹਨ ਜਦੋਂ ਕਿ ਕੈਪਟਨ ਸਰਕਾਰ ਦੋ ਵਰ੍ਹਿਆਂ ਦੌਰਾਨ 516 ਕੇਸ ਕੈਂਸਲ ਕੀਤੇ ਗਏ ਹਨ। ਕੈਂਸਲ ਦਾ ਸਿੱਧਾ ਮਤਲਬ ਇਹੋ ਨਿਕਲਦਾ ਹੈ ਕਿ ਪੁਲੀਸ ਨੇ ਗਲਤ ਕੇਸ ਦਰਜ ਕੀਤੇ ਸਨ।
                  ਦਿਲਚਸਪ ਤੱਥ ਹਨ ਕਿ ਵਰ੍ਹਾ 2018 ਦੌਰਾਨ ਪੁਲੀਸ ਨੇ ਨਸ਼ਾ ਤਸਕਰੀ ਦੇ ਜੋ 11352 ਨਵੇਂ ਕੇਸ ਦਰਜ ਕੀਤੇ ,ਉਨ੍ਹਾਂ ਚੋਂ 195 ਕੇਸ ਅਣਟਰੇਸ ਹਨ ਜਦੋਂ ਕਿ 110 ਕੇਸ ਕੈਂਸਲ ਕੀਤੇ ਗਏ ਹਨ। ਕਾਂਗਰਸ ਸਰਕਾਰ ਨੇ 2017 ਦੇ ਪੁਰਾਣੇ ਕੇਸਾਂ ਚੋਂ 222 ਨਸ਼ਾ ਤਸਕਰੀ ਦੇ ਕੇਸ ਕੈਂਸਲ ਕਰ ਦਿੱਤੇ ਹਨ ਜਦੋਂ ਕਿ 299 ਅਣਟਰੇਸ ਪਾਏ ਗਏ ਹਨ। ਸਾਲ 2018 ਦੇ ਨਵੇਂ ਕੇਸਾਂ ਚੋਂ 1822 ਕੇਸਾਂ ਦਾ ਅਦਾਲਤਾਂ ਚੋਂ ਨਿਪਟਾਰਾ ਹੋਇਆ ਜਿਨ੍ਹਾਂ ਚੋਂ 568 ਕੇਸਾਂ ਮਤਲਬ ਕਿ 31.27 ਫੀਸਦੀ ਕੇਸਾਂ ਵਿਚ ਨਸ਼ਾ ਤਸਕਰ ਅਦਾਲਤਾਂ ਚੋਂ ਬਰੀ ਹੋਣ ਵਿਚ ਕਾਮਯਾਬ ਹੋਏ ਹਨ। ‘ਆਪ’ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਦੀ ‘ਨਸ਼ਾ ਮੁਕਤ ਪੰਜਾਬ’ ਦੀ ਮੁਹਿੰਮ ਗੱਠਜੋੜ ਸਰਕਾਰ ਵਾਂਗ ਮਹਿਜ ਖਾਨਾਪੂਰਤੀ ਹੈ। ਸਿਰਫ਼ ਵਿਖਾਵੇ ਲਈ ਕੇਸ ਦਰਜ ਹੁੰਦੇ ਹਨ ਅਤੇ ਉਸ ਮਗਰੋਂ ਪੁਲੀਸ ਦਾ ਹੱਥ ਤਸਕਰਾਂ ’ਤੇ ਢਿੱਲਾ ਹੋ ਜਾਂਦਾ ਹੈ। ਜੋ ਸਰਕਾਰ ਨੇ ਖੁਦ ਅੰਕੜੇ ਦਿੱਤੇ ਹਨ, ਉਹ ਇਸ ਦਾ ਪ੍ਰਤੱਖ ਗਵਾਹ ਹਨ। ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕ ਅੰਕੜਾ ਨਹੀਂ ਚਾਹੁੰਦੇ, ਹਕੀਕਤ ਵਿਚ ਨਸ਼ੇ ਦਾ ਖਾਤਮਾ ਚਾਹੁੰਦੇ ਹਨ।


No comments:

Post a Comment