Wednesday, August 14, 2024

                                                        ਬਿਜਲੀ ਸਬਸਿਡੀ
                              ਮੋਟਰਾਂ ਦੀ ‘ਸਪੀਡ’ ਨੇ ਖਜ਼ਾਨਾ ਭੁੰਜੇ ਲਾਹਿਆ ! 
                                                         ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ’ਚ ਖੇਤੀ ਮੋਟਰਾਂ ਦੀ ‘ਸਪੀਡ’ ਨੇ ਸਰਕਾਰੀ ਖਜ਼ਾਨੇ ਨੂੰ ਪਸੀਨਾ ਲਿਆ ਦਿੱਤਾ ਹੈ। ਐਤਕੀਂ ਜਿੰਨੀ ਤੇਜੀ ਨਾਲ ਖੇਤੀ ਸੈਕਟਰ ’ਚ ਬਿਜਲੀ ਦੀ ਖਪਤ ਵਧੀ ਹੈ, ਉਨ੍ਹੀ ਰਫਤਾਰ ਨਾਲ ਬਿਜਲੀ ਸਬਸਿਡੀ ਦਾ ਬਿੱਲ ਵੀ ਵਧਿਆ ਹੈ। ਵਿੱਤੀ ਤੰਗੀ ਝੱਲ ਰਹੇ ਖਜ਼ਾਨੇ ਦਾ ਇਹ ਬਿਜਲੀ ਸਬਸਿਡੀ ਦਾ ਵਾਧੂ ਭਾਰ ਹੋਰ ਤ੍ਰਾਹ ਕੱਢੇਗਾ। ਹਾਲਾਂਕਿ ਸੂਬਾ ਸਰਕਾਰ ਨੇ ਕਿਸਾਨਾਂ ਨੂੰ ਜ਼ਮੀਨੀ ਪਾਣੀ ਦੇ ਬਚਾਓ ਅਤੇ ਨਹਿਰੀ ਪਾਣੀ ਦੀ ਵਰਤੋਂ ਵਾਸਤੇ ਬਹੁਤ ਹਾਲ ਦੁਹਾਈ ਪਾਈ ਜੋ ਕਿਸੇ ਕੰਮ ਨਹੀਂ ਆਈ ਜਾਪਦੀ ਹੈ। ਪੰਜਾਬ ਵਿਚ ਇਸ ਵਾਰ ਝੋਨੇ ਹੇਠ ਰਕਬਾ 32 ਲੱਖ ਹੈਕਟੇਅਰ ਨੂੰ ਪਾਰ ਕਰ ਗਿਆ ਹੈ ਜਦੋਂ ਕਿ ਪਿਛਲੇ ਵਰ੍ਹੇ ਇਹੋ ਰਕਬਾ 31.93 ਲੱਖ ਹੈਕਟੇਅਰ ਸੀ। ਸੂਬੇ ਵਿਚ ਇਸ ਵਾਰ ਬਾਰਸ਼ ਘੱਟ ਹੋਈ ਹੈ ਜਿਸ ਕਰਕੇ ਖੇਤੀ ਮੋਟਰਾਂ ਨੂੰ ਸਾਹ ਨਹੀਂ ਆਇਆ ਹੈ। ਪਹਿਲੀ ਵਾਰ ਹੈ ਕਿ ਖੇਤੀ ਸੈਕਟਰ ਵਿਚ ਅਪਰੈਲ ਤੋਂ ਜੁਲਾਈ ਤੱਕ ਬਿਜਲੀ ਦੀ ਖਪਤ ਵਿਚ 37 ਫੀਸਦੀ ਦਾ ਵਾਧਾ ਹੋਇਆ ਹੈ। 

        ਅਪਰੈਲ 2024 ਦੇ ਮਹੀਨੇ ’ਚ ਸਿਰਫ ਪੰਜ ਫੀਸਦੀ ਬਿਜਲੀ ਦੀ ਖਪਤ ਵਧੀ ਅਤੇ ਮਈ ਮਹੀਨੇ ਵਿਚ 91 ਫੀਸਦੀ ਦੀ ਬੜੌਤਰੀ ਹੋਈ। ਜੂਨ ਮਹੀਨੇ ਵਿਚ ਸੂਬੇ ਵਿਚ ਝੋਨੇ ਦੀ ਲੁਆਈ ਸ਼ੁਰੂ ਹੋ ਗਈ ਸੀ ਅਤੇ ਜੂਨ ਵਿਚ ਬਿਜਲੀ ਦੀ ਖਪਤ ਵਿਚ 28 ਫੀਸਦੀ ਦਾ ਵਾਧਾ ਹੋਇਆ ਜਦੋਂ ਕਿ ਜੁਲਾਈ ਮਹੀਨੇ ਵਿਚ ਬਿਜਲੀ ਦੀ ਖਪਤ ਖੇਤੀ ਸੈਕਟਰ ਵਿਚ 34 ਫੀਸਦੀ ਵਧੀ ਹੈ। ਇਨ੍ਹਾਂ ਚਾਰ ਮਹੀਨਿਆਂ ਵਿਚ ਪਿਛਲੇ ਸਾਲ ਦੇ ਮੁਕਾਬਲੇ 1681 ਮਿਲੀਅਨ ਯੂਨਿਟਾਂ ਦੀ ਵੱਧ ਖਪਤ ਹੋਈ ਹੈ। ਖੇਤੀ ਸੈਕਟਰ ਦੀ ਬਿਜਲੀ 6.70 ਰੁਪਏ ਪ੍ਰਤੀ ਯੂਨਿਟ ਪੈਂਦੀ ਹੈ। ਇਸ ਲਿਹਾਜ ਨਾਲ ਇਨ੍ਹਾਂ ਚਾਰੋ ਮਹੀਨਿਆਂ ਵਿਚ ਬਿਜਲੀ ਸਬਸਿਡੀ ਦਾ ਵਾਧੂ ਭਾਰ 1125 ਕਰੋੜ ਰੁਪਏ ਹੋ ਗਿਆ ਹੈ। ਪਾਵਰਕੌਮ ਵੱਲੋਂ ਸਾਲ 2024-25 ਦੀ ਬਿਜਲੀ ਸਬਸਿਡੀ ਕੁੱਲ 21,909 ਕਰੋੜ ਹੋਣ ਦਾ ਅਨੁਮਾਨ ਲਾਇਆ ਸੀ ਜਿਸ ’ਚ 10,175 ਕਰੋੜ ਖੇਤੀ ਸੈਕਟਰ ਦੀ ਬਿਜਲੀ ਸਬਸਿਡੀ ਸ਼ਾਮਲ ਹੈ। ਇਸੇ ਤਰ੍ਹਾਂ ਘਰੇਲੂ ਬਿਜਲੀ ਦੀ ਸਬਸਿਡੀ ਦਾ ਬਿੱਲ 7384 ਕਰੋੜ ਹੋਣ ਦਾ ਅਨੁਮਾਨ ਹੈ। 

         ਹੁਣ ਜਦੋਂ ਬਿਜਲੀ ਦੀ ਖਪਤ ਵਧ ਗਈ ਹੈ ਤਾਂ ਬਿਜਲੀ ਸਬਸਿਡੀ ਦਾ ਬਿੱਲ ਵੀ ਅਨੁਮਾਨ ਨਾਲੋਂ ਜਿਆਦਾ ਹੋਣ ਦੀ ਸੰਭਾਵਨਾ ਹੈ। ਘਰੇਲੂ ਬਿਜਲੀ ਦੀ ਖਪਤ ਵੀ ਵਧੀ ਹੈ ਜਿਸ ਨਾਲ ਅਪਰੈਲ ਤੋਂ ਜੁਲਾਈ ਮਹੀਨੇ ਤੱਕ ਦਾ 366 ਕਰੋੜ ਰੁਪਏ ਬਿਜਲੀ ਸਬਸਿਡੀ ਦਾ ਵਾਧੂ ਬਿੱਲ ਬਣੇਗਾ। ਘਰੇਲੂ ਬਿਜਲੀ ਦੀ ਸਬਸਿਡੀ ਸਾਲ 2023 ਵਿਚ ਅਪਰੈਲ ਤੋਂ ਜੁਲਾਈ ਤੱਕ ਦੀ 2318 ਕਰੋੜ ਰੁਪਏ ਬਣੀ ਸੀ ਜੋ ਕਿ ਐਤਕੀਂ ਇਨ੍ਹਾਂ ਚਾਰ ਮਹੀਨਿਆਂ ਵਿਚ 2684 ਕਰੋੜ ਹੋ ਗਈ ਹੈ। ਪਹਿਲੋ ਚਾਰ ਮਹੀਨਿਆਂ ਵਿਚ ਹੀ ਪੰਜਾਬ ਸਰਕਾਰ ਨੂੰ ਬਿਜਲੀ ਸਬਸਿਡੀ ਦਾ ਕਰੀਬ 1500 ਕਰੋੜ ਦਾ ਵਾਧੂ ਭਾਰ ਚੁੱਕਣਾ ਪਵੇਗਾ ਜਦੋਂ ਕਿ ਪੰਜਾਬ ਦੀ ਵਿੱਤੀ ਸਿਹਤ ਪਹਿਲਾਂ ਹੀ ਕਾਫੀ ਮੰਦੇ ਹਾਲ ਵਿਚ ਹੈ। ਪਾਵਰਕੌਮ ਨੂੰ ਬਿਜਲੀ ਦੀ ਮੰਗ ਦੀ ਪੂਰਤੀ ਲਈ ਇਸ ਵਾਰ ਕਾਫੀ ਤਰੱਦਦ ਕਰਨਾ ਪਿਆ ਹੈ। ਇੱਕ ਨਜ਼ਰ ਮਾਰੀਏ ਤਾਂ ਲਹਿਰਾ ਅਤੇ ਰੋਪੜ ਤਾਪ ਬਿਜਲੀ ਘਰ ਤੋਂ ਪਿਛਲੇ ਸਾਲ (ਅਪਰੈਲ ਤੋਂ ਜੁਲਾਈ) ਦੇ ਮੁਕਾਬਲੇ 41 ਫੀਸਦੀ ਫੀਸਦੀ ਵੱਧ ਪੈਦਾਵਾਰ ਹੋਈ ਹੈ। 

         ਪੰਜਾਬ ਸਰਕਾਰ ਵੱਲੋਂ ਖਰੀਦ ਕੀਤੇ ਨਵੇਂ ਗੋਇੰਦਵਾਲ ਤਾਪ ਬਿਜਲੀ ਘਰ ਤੋਂ 50 ਫੀਸਦੀ ਵੱਧ ਉਤਪਾਦਨ ਹੋਇਆ ਹੈ ਅਤੇ ਹਾਈਡਰੋ ਪ੍ਰੋਜੈਕਟਾਂ ਤੋਂ 4 ਫੀਸਦੀ ਜ਼ਿਆਦਾ ਉਤਪਾਦਨ ਹੋਇਆ ਹੈ। ਪ੍ਰਾਈਵੇਟ ਸੈਕਟਰ ਦੇ ਰਾਜਪੁਰਾ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਤੋਂ 9 ਫੀਸਦੀ ਵੱਧ ਉਤਪਾਦਨ ਹੋਇਆ ਹੈ। ਬੇਸ਼ੱਕ ਵਿਰੋਧੀ ਧਿਰਾਂ ਵੱਲੋਂ ਬਿਜਲੀ ਦੀ ਤੋਟ ਦਾ ਰੌਲਾ ਪਾਇਆ ਗਿਆ ਹੈ ਪ੍ਰੰਤੂ ਪਾਵਰਕੌਮ ਨੇ ਖੇਤੀ ਸੈਕਟਰ ਨੂੰ ਬਿਜਲੀ ਦੀ ਟੋਟਾ ਨਹੀਂ ਪੈਣ ਦਿੱਤਾ ਹੈ। 

ਖੇਤੀ ਸੈਕਟਰ ’ਚ ਬਿਜਲੀ ਦੀ ਖਪਤ 

ਮਹੀਨਾ (2024) ਖਪਤ ’ਚ ਵਾਧਾ

ਅਪਰੈਲ 5 ਫੀਸਦੀ

ਮਈ         91 ਫੀਸਦੀ

ਜੂਨ         28 ਫੀਸਦੀ

ਜੁਲਾਈ 34 ਫੀਸਦੀੋ

ਕੁੱਲ          37 ਫੀਸਦੀ

      ਘਰੇਲੂ ਬਿਜਲੀ ਦੀ ਸਬਸਿਡੀ ’ਚ ਵਾਧਾ

ਮਹੀਨਾ        2023 ’ਚ ਸਬਸਿਡੀ     2024 ’ਚ ਸਬਸਿਡੀ

ਅਪਰੈਲ         422 ਕਰੋੜ 511 ਕਰੋੜ

ਮਈ         548 ਕਰੋੜ         631 ਕਰੋੜ

ਜੂਨ          626 ਕਰੋੜ 712 ਕਰੋੜ

ਜੁਲਾਈ 722 ਕਰੋੜ          830 ਕਰੋੜ

ਕੁੱਲ          2318 ਕਰੋੜ 2684 ਕਰੋੜ


No comments:

Post a Comment