Monday, August 19, 2024

                                                             ਬੈਂਡ ਗਰਲਜ਼
                                                 ਚਾਰ ਦਿਨਾਂ ਦੀ ਚਾਂਦਨੀ..! 
                                                             ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ਵਿਚ ਹੁਣ ‘ਬੈਂਡ ਗਰਲਜ਼’ ਦੀ ਵੁੱਕਤ ਘਟੀ ਹੈ ਜਿਨ੍ਹਾਂ ਦਾ ਲੜ ਫੜ ਕੇ ਨੌਜਵਾਨ ਵਿਦੇਸ਼ ਪੱਕਾ ਹੋਣ ਦਾ ਅਰਮਾਨ ਪਾਲਦੇ ਸਨ। ਵਕਤ ਨੂੰ ਹੁਣ ਮੋੜਾ ਪਿਆ ਹੈ। ਜਿਨ੍ਹਾਂ ਬਾਰ੍ਹਵੀਂ ਪਾਸ ਲੜਕੀਆਂ ਦੇ ਪੱਲੇ ਆਇਲਸ (ਆਇਲੈਟਸ) ਦੇ ਬੈਂਡ ਵੀ ਹਨ, ਪਰ ਉਨ੍ਹਾਂ ਨੂੰ ਵਿਦੇਸ਼ ਪੜ੍ਹਾਈ ਦਾ ਕੋਈ ਖਰਚਾ ਚੁੱਕਣ ਵਾਲਾ ਲੜਕਾ ਨਹੀਂ ਲੱਭ ਰਿਹਾ ਹੈ। ਕੈਨੇਡਾ ਨੇ ਨਿਯਮਾਂ ’ਚ ਸਖ਼ਤੀ ਕਰਕੇ ਵਿਦੇਸ਼ ਉਡਾਰੀ ਦੀਆਂ ਸੱਧਰਾਂ ਨੂੰ ਮਧੋਲਿਆ ਹੈ। ਕੋਈ ਸਮਾਂ ਸੀ ਜਦੋਂ ਬਾਰ੍ਹਵੀਂ ਪਾਸ ਆਇਲਸ ਬੈਂਡ ਪ੍ਰਾਪਤ ਲੜਕੀ ਲਈ ਕਤਾਰ ਲੱਗ ਜਾਂਦੀ ਸੀ। ਸਮੁੱਚੇ ਪੰਜਾਬ ’ਚ ਇਹ ਰੁਝਾਨ ਰਿਹਾ ਹੈ ਕਿ ਆਇਲਸ ਬੈਂਡ ਵਾਲੀਆਂ ਲੜਕੀਆਂ ਦੇ ਮਾਪੇ ਓਦਾਂ ਦਾ ਵਰ ਤਲਾਸ਼ਦੇ ਸਨ ਜਿਹੜੇ ਲੜਕੀ ਦੀ ਵਿਦੇਸ਼ ਪੜ੍ਹਾਈ ਦਾ ਖਰਚਾ ਚੁੱਕਣ ਨੂੰ ਤਿਆਰ ਹੁੰਦੇ ਸਨ। ਕੈਨੇਡਾ ਨੇ ਹੁਣ ਇਹ ਲਾਜ਼ਮੀ ਕਰ ਦਿੱਤਾ ਹੈ ਕਿ ਵਿਦੇਸ਼ ਪੜ੍ਹਾਈ ਕਰਨ ਵਾਲੀ ਗਰੈਜੂਏਟ ਲੜਕੀ ਹੀ ਆਪਣੇ ਜੀਵਨ ਸਾਥੀ ਨੂੰ ਵਿਦੇਸ਼ ਬੁਲਾ ਸਕੇਗੀ। ਨਤੀਜਾ ਇਹ ਨਿਕਲਿਆ ਹੈ ਕਿ ਬੈਂਡਾਂ ਵਾਲੀਆਂ ਬਾਰ੍ਹਵੀਂ ਪਾਸ ਲੜਕੀਆਂ ਨੂੰ ਅਜਿਹੇ ਵਰ ਨਹੀਂ ਮਿਲ ਰਹੇ ਹਨ। ਹੁਣ ਗਰੈਜੂਏਟ ਲੜਕੀਆਂ ਦੀ ਪੁੱਛ ਵਧੀ ਹੈ।

          ਮੋਗਾ ਦੇ ਪਿੰਡ ਸੈਦੋਕੇ ਦਾ ਮੈਰਿਜ ਬਿਊਰੋ ਚਾਲਕ ਮਨਦੀਪ ਕੁਮਾਰ ਦੱਸਦਾ ਹੈ ਕਿ ਹੁਣ ਉਹ ਬੈਂਡ ਵਾਲੀਆਂ ਬਾਰ੍ਹਵੀਂ ਪਾਸ ਲੜਕੀਆਂ ਦੇ ਕੇਸ ਲੈਣੋਂ ਹਟ ਗਏ ਹਨ ਕਿਉਂਕਿ ਲੜਕਿਆਂ ਦੀ ਦਿਲਚਸਪੀ ਹੁਣ ਗਰੈਜੂਏਟ ਲੜਕੀਆਂ ਵੱਲ ਹੋ ਗਈ ਹੈ। ਆਸਟਰੇਲੀਆ ਦੀਆਂ ਫਾਈਲਾਂ ਬੰਦ ਹਨ ਜਦੋਂ ਕਿ ਕੈਨੇਡਾ ’ਚ ਸਪਾਊਸ ਵੀਜ਼ੇ ਲਈ ਲੜਕੀ ਦੀ ਗਰੈਜੂਏਸ਼ਨ ਹੋਣੀ ਲਾਜ਼ਮੀ ਹੈ। ਉਹ ਹੁਣ ਜ਼ਿਆਦਾ ਪੀਆਰ ਰਿਸ਼ਤੇ ਹੀ ਕਰਾਉਂਦੇ ਹਨ। ਚੇਤੇ ਰਹੇ ਕਿ ਮਾਲਵੇ ’ਚ ਇਹ ਰੁਝਾਨ ਸਭ ਤੋਂ ਵੱਧ ਰਿਹਾ ਹੈ। ਲੜਕੇ ਵਾਲਿਆਂ ਨੇ ਜ਼ਮੀਨਾਂ ਵੇਚ ਕੇ ਬੈਂਡਾਂ ਵਾਲੀਆਂ ਕੁੜੀਆਂ ਨੂੰ ਸਟੱਡੀ ਲਈ ਵਿਦੇਸ਼ ਭੇਜਿਆ ਸੀ।ਅਸਲ ’ਚ ਇਹ ‘ਸਮਝੌਤਾ ਵਿਆਹ’ ਸਨ ਤੇ ਜਿਨ੍ਹਾਂ ਲੋੜਵੰਦ ਘਰਾਂ ਦੀਆਂ ਕੁੜੀਆਂ ਦੇ ਆਇਲਸ ’ਚੋਂ ਚੰਗੇ ਬੈਂਡ ਆ ਜਾਂਦੇ ਸਨ, ਉਨ੍ਹਾਂ ਨਾਲ ਸਮਝੌਤੇ ਤਹਿਤ ਮੁੰਡੇ ਵਾਲਾ ਪਰਿਵਾਰ ਕੁੜੀ ਦੀ ਪੜ੍ਹਾਈ ਦਾ ਸਮੁੱਚਾ ਖਰਚਾ ਚੁੱਕਦਾ ਅਤੇ ਬਦਲੇ ਵਿਚ ਲੜਕੀ ਵਿਆਹ ਕਰਾ ਕੇ ਲੜਕੇ ਨੂੰ ਵਿਦੇਸ਼ ਵਿਚ ਪੱਕਾ ਕਰਾਉਂਦੀ ਸੀ। 

        ਬਠਿੰਡਾ ਦੇ ਪਿੰਡ ਮੰਡੀ ਕਲਾਂ ਦਾ ਹਰਦੀਪ ਸਿੰਘ ਦੀਪਾ, ਜੋ ਵਿਚੋਲੇ ਦਾ ਕੰਮ ਕਰਦਾ ਹੈ, ਦਾ ਕਹਿਣਾ ਹੈ ਕਿ ਉਸ ਕੋਲ ਬਾਰ੍ਹਵੀਂ ਪਾਸ ਆਇਲਸ ’ਚੋਂ ਪੂਰੇ ਬੈਂਡ ਲੈਣ ਵਾਲੀਆਂ ਕੁੜੀਆਂ ਦੇ ਰਿਸ਼ਤੇ ਹਨ ਜਿਨ੍ਹਾਂ ਲਈ ਸੱਤ ਮਹੀਨੇ ਤੋਂ ਕੋਈ ਖਰਚਾ ਚੁੱਕਣ ਵਾਲਾ ਰਿਸ਼ਤਾ ਨਹੀਂ ਮਿਲਿਆ। ਉਹ ਦੱਸਦਾ ਹੈ ਕਿ ਹੁਣ ਪੀਆਰ ਵਾਲੀਆਂ ਕੁੜੀਆਂ ਤੇ ਮੁੰਡਿਆਂ ਦੀ ਜ਼ਿਆਦਾ ਮੰਗ ਵਧੀ ਹੈ। ਇਸੇ ਤਰ੍ਹਾਂ ਬਰਨਾਲਾ ਦੇ ਪਿੰਡ ਪੱਖੋ ਕਲਾਂ ਦਾ ਮੈਰਿਜ ਬਿਊਰੋ ਇੰਚਾਰਜ ਬੇਅੰਤ ਸਿੰਘ ਸਿੱਧੂ ਦੋ ਵਰ੍ਹਿਆਂ ਵਿਚ ਬੈਂਡਾਂ ਵਾਲੇ 33 ਰਿਸ਼ਤੇ ਕਰਾ ਚੁੱਕਾ ਹੈ। ਉਸ ਦਾ ਕਹਿਣਾ ਹੈ ਕਿ ਹੁਣ ਆਇਲਸ ਬੈਂਡ ਲੈਣ ਵਾਲੀਆਂ ਗਰੈਜੂਏਟ ਕੁੜੀਆਂ ਦੀ ਮੰਗ ਹੈ ਕਿਉਂਕਿ ਸਪਾਊਸ ਵੀਜ਼ੇ ਲਈ ਕੈਨੇਡਾ ਨੇ ਗਰੈਜੂਏਸ਼ਨ ਲਾਜ਼ਮੀ ਕਰ ਦਿੱਤੀ ਹੈ। ਉਹ ਦੱਸਦਾ ਹੈ ਕਿ ਉਸ ਕੋਲ ਦੋ ਤਿੰਨ ਅਜਿਹੇ ਰਿਸ਼ਤੇ ਆਏ ਹਨ ਜਿਨ੍ਹਾਂ ਲਈ ਕੋਈ ਲੜਕਾ ਮਿਲ ਨਹੀਂ ਰਿਹਾ ਹੈ। ‘ਸਮਝੌਤਾ ਵਿਆਹਾਂ’ ਵਿਚ ਲੰਘੇ ਵਰ੍ਹਿਆਂ ਵਿਚ ਫਰਾਡ ਕੇਸ ਵੀ ਕਾਫ਼ੀ ਹੋਏ ਹਨ। ਕੁੜੀਆਂ ਖਰਚਾ ਲੈ ਕੇ ਵਿਦੇਸ਼ ਜਾਣ ਮਗਰੋਂ ਮੁੱਕਰ ਜਾਂਦੀਆਂ ਸਨ।

          ਪੰਜਾਬ ਵਿਚ ਲੰਘੇ ਅੱਠ ਵਰ੍ਹਿਆਂ ਵਿਚ ਅਜਿਹੇ ਕਰੀਬ 300 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ’ਚ ਲੜਕੇ ਵਾਲਿਆਂ ਨੇ ਐੱਨਆਰਆਈ ਥਾਣਿਆਂ ਵਿਚ ਲੜਕੀਆਂ ਖ਼ਿਲਾਫ਼ ਸ਼ਿਕਾਇਤਾਂ ਦਰਜ ਕਰਾਈਆਂ ਹਨ। ਇਨ੍ਹਾਂ ਚੱਕਰਾਂ ’ਚ ਕਈ ਲੜਕੇ ਇੱਥੇ ਖ਼ੁਦਕੁਸ਼ੀ ਵੀ ਕਰ ਚੁੱਕੇ ਹਨ। ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗਾ ਦਾ ਸੰਧੂ ਮੈਰਿਜ ਬਿਊਰੋ ਵਾਲਾ ਰਾਜਵਿੰਦਰ ਸਿੰਘ ਦੱਸਦਾ ਹੈ ਕਿ ਪਹਿਲਾਂ ਤਾਂ ਬੈਂਡਾਂ ਵਾਲੀ ਇੱਕ ਇੱਕ ਕੁੜੀ ਵਾਸਤੇ ਕਈ ਕਈ ਰਿਸ਼ਤੇ ਤਿਆਰ ਹੁੰਦੇ ਸਨ। ਪਿੰਡ ਚੱਕ ਬਖਤੂ ਦਾ ਗੁਰਪ੍ਰੀਤ ਸਿੰਘ ਦੱਸਦਾ ਹੈ ਕਿ ਹੁਣ ਤਾਂ ਬਾਰ੍ਹਵੀਂ ਪਾਸ ਆਇਲਸ ਬੈਂਡ ਲੈਣ ਵਾਲੀ ਕੁੜੀ ਦੇ ਮਾਪੇ ਇਹ ਪੇਸ਼ਕਸ਼ ਵੀ ਕਰ ਰਹੇ ਹਨ ਕਿ ਉਹ ਅੱਧਾ ਖਰਚਾ ਪੱਲਿਓਂ ਚੁੱਕ ਲੈਣਗੇ ਤੇ ਬਾਕੀ ਲੜਕੇ ਵਾਲੇ ਖਰਚਾ ਕਰ ਦੇਣ। ਆਇਲਸ ਕੋਚਿੰਗ ਸੈਂਟਰ ਵਾਲੇ ਇੱਕ ਮਾਲਕ ਦਾ ਪ੍ਰਤੀਕਰਮ ਸੀ ਕਿ ਪਹਿਲਾਂ ਬਾਰ੍ਹਵੀਂ ਪਾਸ ਆਇਲਸ ਪਾਸ ਲੜਕੀਆਂ ਦੀ ਪੁੱਛ ਪੜਤਾਲ ਲਈ ਬਹੁਤ ਮਾਪੇ ਕੇਂਦਰਾਂ ਵਿਚ ਆਉਂਦੇ ਸਨ ਪਰ ਹੁਣ ਬਦਲੇ ਨਿਯਮਾਂ ਨੇ ਸਮਾਜਿਕ ਤਾਣਾ ਬਾਣਾ ਵੀ ਬਦਲ ਦਿੱਤਾ ਹੈ।

          ਅਖ਼ਬਾਰਾਂ ਵਿਚ ਵੀ ਮਾਪਿਆਂ ਨੂੰ ਬੈਂਡ ਵਾਲੀਆਂ ਕੁੜੀਆਂ ਦੇ ਇਸ਼ਤਿਹਾਰ ਹੁਣ ਵਾਰ ਵਾਰ ਦੇਣੇ ਪੈ ਰਹੇ ਹਨ। ਇਹ ਸਾਰਾ ਵਰਤਾਰਾ ਮਜਬੂਰੀ ਅਤੇ ਵਿਦੇਸ਼ ਜਾਣ ਦੀ ਲਾਲਸਾ ਦਾ ਪ੍ਰਗਟਾਵਾ ਕਰਦਾ ਹੈ। ਅਹਿਮਦਗੜ੍ਹ ਮੰਡੀ ਦੇ ਮੈਰਿਜ ਬਿਊਰੋ ਵਾਲੇ ਮਹਿੰਦਰ ਪਾਲ ਸੂਦ ਦਾ ਕਹਿਣਾ ਸੀ ਕਿ ਇਸ ਵੇਲੇ ਬਾਰ੍ਹਵੀਂ ਪਾਸ ਬੈਂਡਾਂ ਵਾਲੀਆਂ ਕੁੜੀਆਂ ਰੁਲ ਰਹੀਆਂ ਹਨ ਅਤੇ ਰੋਜ਼ਾਨਾ ਉਹ ਅਜਿਹੇ ਰਿਸ਼ਤੇ ਮੋੜ ਰਹੇ ਹਨ। ਉਨ੍ਹਾਂ ਦੱਸਿਆ ਕਿ ਬਹੁਤੇ ਮਾਪਿਆਂ ਨੇ ਤਾਂ ਆਪਣੀਆਂ ਲੜਕੀਆਂ ਨੂੰ ਹੁਣ ਉਚੇਰੀ ਸਿੱਖਿਆ ਲਈ ਇੱਥੇ ਹੀ ਕਾਲਜਾਂ ਵਿਚ ਦਾਖ਼ਲੇ ਦਿਵਾ ਦਿੱਤੇ ਹਨ। ਹੁਣ ਦੌਰ ਸਿਰਫ਼ ਗਰੈਜੂਏਟ ਲੜਕੀਆਂ ਦਾ ਹੈ।

No comments:

Post a Comment