ਨਾਮ ਗੁੰਮ ਜਾਏਗਾ..
ਚਰਨਜੀਤ ਭੁੱਲਰ
ਚੰਡੀਗੜ੍ਹ : ਸ਼ੇਕਸਪੀਅਰ, ਅੰਗਰੇਜ਼ਾਂ ਦਾ ਬਾਬਾ ਬਖਤੌਰਾ ਸੀ, ਕਲਪਦਾ ਜਹਾਨੋਂ ਚਲਾ ਗਿਆ ਕਿ ਬਈ! ਨਾਂ ’ਚ ਕੀ ਪਿਐ। ਬਾਬਿਓ! ਅਕਲ ਨੂੰ ਹੱਥ ਮਾਰੋ, ਇੱਥੇ ਤਾਂ ਸਾਰੇ ਪੁਆੜੇ ਹੀ ਨਾਂ ਦੇ ਨੇ। ਬਾਬਾ ਆਖਦਾ ਪਿਐ, ਨਾਂ ’ਚ ਨਹੀਂ, ਕੰਮ ’ਚ ਦਮ ਹੋਣਾ ਚਾਹੀਦੈ। ਹੋਰ ਕਿੰਨਾ ਕੁ ਦਮ ਦਿਖਾਈਏ, ਅਸਾਡੇ ਪ੍ਰਧਾਨ ਸੇਵਕ ਨੇ ਅੰਗਰੇਜ਼ਾਂ ਦੇ ਬਣਾਏ ਕਾਨੂੰਨ ਅੱਖ ਦੇ ਫੋਰੇ ਤਾਂ ਬਦਲ’ਤੇ। ਥੋੜ੍ਹਾ ਧੀਰਜ ਤਾਂ ਰੱਖੋ, ਲੋਕਾਈ ਦੇ ਹਾਲਾਤ ਵੀ ਬਦਲਣਗੇ। ਖ਼ੈਰ ਘਾਹੀਆਂ ਦੇ ਪੁੱਤਾਂ ਨੇ ਤਾਂ ਘਾਹ ਹੀ ਖੋਤਣੈ, ਚਾਹੇ ਉਨ੍ਹਾਂ ਨੂੰ ਧਨੀ ਰਾਮ ਆਖ ਲਵੋ ਤੇ ਚਾਹੇ ਦੌਲਤ ਮੱਲ। ਸ਼ਿਵ ਬਟਾਲਵੀ ਗਾਉਂਦਾ ਮਰ ਗਿਆ, ‘ਇੱਕ ਕੁੜੀ ਜੀਹਦਾ ਨਾਮ ਮੁਹੱਬਤ..।’
ਪਾਰਲੀਮੈਂਟ ’ਚ ਜਗਦੀਪ ਧਨਖੜ ਨੂੰ ਜਯਾ ਬੱਚਨ ਟੁੱਟ ਕੇ ਪੈ ਗਈ। ‘ਤੁਸੀਂ ਹੁੰਦੇ ਕੌਣ ਹੋ ਮੈਨੂੰ ਜਯਾ ਅਮਿਤਾਭ ਬੱਚਨ ਕਹਿਣ ਵਾਲੇ।’ ਕੀ ਔਰਤ ਆਪਣੇ ਪਤੀ ਦੇ ਨਾਂ ’ਤੇ ਜਾਣੀ ਜਾਵੇਗੀ। ਗੋਰੇ ਬਾਬੇ ਤੂੰ ਦੇਖਦਾ ਜਾਹ, ਇੱਥੇ ਸਾਰੇ ਟੰਟੇ ਹੀ ਨਾਮ ਦੇ ਨੇ। ਸੱਤਾ ਦੇ ਨਸ਼ੇ ’ਚ ਟੱਲੀ ਨੇਤਾ ਕਹਿਣੋਂ ਨਹੀਂ ਟਲਦੇ ਕਿ ‘ਤੂੰ ਜਾਣਦਾ ਨ੍ਹੀਂ, ਮੈਂ ਕੌਣ ਹਾਂ।’ ਸਾਡੇ ਲੋਕ ਤਾਂ ਦੇਸੀ ਕਲੰਡਰ ਵਰਗੇ ਨੇ, ਜਿਨ੍ਹਾਂ ਦਾ ਚੇਤਾ ਤਾਂ ਚੋਣਾਂ ਦੀ ਮੱਸਿਆ ’ਤੇ ਹੀ ਆਉਂਦੈ। ਹਰਿਆਣਾ ਸਰਕਾਰ ਦਾ ਨਵਾਂ ਫ਼ਰਮਾਨ ਹੈ, ਕੋਈ ਬੱਚਾ ਹੁਣ ਅੰਗਰੇਜ਼ਾਂ ਵਾਲੀ ‘ਗੁੱਡ ਮਾਰਨਿੰਗ’ ਨਹੀਂ ਬੋਲੇਗਾ। ‘ਨਾ ਰਹੇਗਾ ਬਾਂਸ, ਨਾ ਵਜੇਗੀ ਬੰਸਰੀ।’
ਦੇਸ਼ ’ਚ ਨਾਮਯੁੱਗ ਚੱਲ ਰਿਹੈ। ਦੇਖਦੇ ਦੇਖਦੇ ਸੜਕਾਂ, ਸ਼ਹਿਰਾਂ, ਪਾਰਕਾਂ, ਸਟੇਸ਼ਨਾਂ, ਸਕੀਮਾਂ ਤੇ ਪੁਰਸਕਾਰਾਂ ਦੇ ਨਾਂ ਬਦਲ ਸੁੱਟੇ। ਕੇਰਲਾ ਸਰਕਾਰ ਆਖਦੀ ਪਈ ਐ ਕਿ ਕੇਰਲਾ ਦਾ ਨਾਂ ‘ਕੇਰਲਮ’ ਰੱਖੋ। ਇੰਡੀਆ ਹੁਣ ਭਾਰਤ ਬਣਿਐ। ਫ਼ੈਜ਼ਾਬਾਦ ਹੁਣ ਅਯੁੱਧਿਆ, ਅਲਾਹਾਬਾਦ ਹੁਣ ਪ੍ਰਯਾਗਰਾਜ ਬਣਿਐ। ਸਿਆਸਤ ’ਚ ਬਹੁਤ ਕੁਝ ਰੱਖਿਐ। ਗੁਲਜ਼ਾਰ ਦਾ ਆਪਣਾ ਰੰਗ ਹੈ, ‘ਨਾਮ ਗੁਮ ਜਾਏਗਾ, ਚਿਹਰਾ ਯੇ ਬਦਲ ਜਾਏਗਾ।’ ਪੰਜਾਬ ਆਲਿਆਂ ਨੇ ‘ਆਮ ਆਦਮੀ ਕਲੀਨਿਕ’ ਨਾਂ ਕੀ ਰੱਖਿਆ, ਕੇਂਦਰ ਨੇ ਚੂੜੀ ਕਸ ਦਿੱਤੀ, ਸਾਰਾ ਪੈਸਾ ਟਕਾ ਹੀ ਰੋਕ ਦਿੱਤਾ। ‘ਛੱਜਾਂ ਵਾਲਿਆਂ ਨੂੰ ਤੀਲ੍ਹੀਆਂ ਵਾਲੇ ਮਿਲ ਹੀ ਜਾਂਦੇ ਨੇ।’
ਨੇਤਾ ਬੇਲਗਾਮ ਨੇ, ਪਰਜਾਤੰਤਰ ਰੁੱਸਿਆ ਫਿਰਦੈ। ਸੋਚਾਂ ਦਾ ਖੇਤਰਫਲ ਸੁੰਗੜਿਐ, ਗੋਗੜਾਂ ਦਾ ਫੈਲਿਆ। ‘ਖਰਾ ਬੰਦਾ ਸੌ ਵਰਗਾ ਹੁੰਦਾ ਹੈ।’ ਅੰਗਰੇਜ਼ ਬਾਬਾ ਲੱਖ ਪਿਆ ਆਖੇ ਪਰ ਅਸਾਂ ਦੇ ਨਗਰ ਖੇੜੇ ਤਾਂ ਨਾਂ ਹੀ ਚੱਲਦੈ, ਚਾਹੇ ਹਰਜੀਤ ਹਰਮਨ ਨੂੰ ਪੁੱਛ ਕੇ ਦੇਖ ਲਓ ਜਿਹੜਾ ਗਾਉਣੋਂ ਨ੍ਹੀਂ ਹਟਦਾ, ‘ਮਿੱਤਰਾਂ ਦਾ ਨਾਂ ਚੱਲਦੈ..।’ ਭਾਵੇਂ ਕਿਸੇ ਜੱਟ ਨੂੰ ਪੁੱਛ ਦੇਖਣਾ.. ਪਟਵਾਰੀ ਕੌਣ ਹੁੰਦੈ। ਕੇਰਾਂ ਪੰਜਾਬ ’ਚ ਹੜ੍ਹ ਆਏ ਤਾਂ ਸਰਕਾਰੀ ਬਾਬੂ ਜਾਇਜ਼ਾ ਲੈਣ ਪੁੱਜੇ। ਪਾਣੀ ’ਚੋਂ ਲੰਘਣ ਲੱਗੇ ਤਾਂ ਇੱਕ ਬਾਬੂ ਨੂੰ ਜੱਟ ਨੇ ਕੰਧਾੜੇ ਚੁੱਕ ਲਿਆ। ਧੰਨਭਾਗੀ ਹੋਏ ਬਾਬੂ ਤੋਂ ਰਿਹਾ ਨਾ ਗਿਆ, ‘ਤੁਹਾਡਾ ਧੰਨਵਾਦ, ਕੋਈ ਕੰਮ ਹੋਵੇ ਤਾਂ ਦੱਸਣਾ, ਮੈਂ ਜ਼ਿਲ੍ਹੇ ਦਾ ਡੀਸੀ ਹਾਂ।’ ਜੱਟ ਨੇ ਬਾਬੂ ਪਾਣੀ ’ਚ ਵਗਾਹ ਮਾਰਿਆ,‘ ਭਲਿਆ ਲੋਕਾਂ, ਮੈਂ ਸੋਚਿਆ ਕਿਤੇ ਪਟਵਾਰੀ ਐ।’
ਜ਼ਿਲ੍ਹਾ ਸੰਗਰੂਰ ’ਚ ਦੋ ਪਟਵਾਰੀ ਨੇ, ਇੱਕ ਦਾ ਨਾਂ ਭਗਵਾਨ ਐ ਤੇ ਦੂਜੇ ਦਾ ਧਰਮਰਾਜ। ਦੋਵੇਂ ਵਿਜੀਲੈਂਸ ਦੇ ਅੜਿੱਕੇ ਆ ਗਏ। ਮਾਮਿਓਂ, ਭਲਾ ਕੋਈ ਭਰਿੰਡਾਂ ਦੇ ਖੱਖਰ ਨੂੰ ਵੀ ਹੱਥ ਪਾਉਂਦਾ ਹੁੰਦੈ। ‘ਨਾਂ ਮੀਆਂ ਦਾ ਮਿਸ਼ਰੀ ਖ਼ਾਂ।’ ਇੱਕ ਵਾਰੀ ਡਰਾਈਵਰਾਂ ਨੇ ਹੜਤਾਲ ਕੀਤੀ ਕਿ ਅਖੇ ਸਾਨੂੰ ‘ਪਾਈਲਟ’ ਕਹੋ। ਰੇਲਵੇ ਗਾਰਡਾਂ ਨੇ ਮੰਗ ਕੀਤੀ, ਸਾਨੂੰ ਟਰੇਨ ਮੈਨੇਜਰ ਆਖੋ। ਨਾਵਾਂ ’ਚ ਵਾਹਵਾ ਕੁਝ ਰੱਖਿਐ। ਵਿਜੀਲੈਂਸ ਨੇ ਹੁਣੇ ਮਹਿਲਾ ਡੀਐਸਪੀ ਫੜੀ ਹੈ, ਨਾਂ ਹੈ ਨਿਰਦੋਸ਼ ਕੌਰ। ਪੰਜਾਬ ਪੁਲੀਸ ਦਾ ਇੱਕ ਵੱਡਾ ਅਫ਼ਸਰ, ਜੀਹਦਾ ਨਾਂ ਸੁਣ ਕੇ ਜੀਅ ਕਰਦੈ ਕਿ ਕਿਰਤ ਕਰਾਂ ਤੇ ਵੰਡ ਛਕਾਂ। ਓਸ ਭਲੇਮਾਣਸ ਦੇ ਕੰਮ ਦੇਖ ਲੱਗਦੈ ਕਿ ਉਹਨੇ ਤਾਂ ਪਵਿੱਤਰ ਨਾਂ ਦੀ ਲੱਜ ਵੀ ਨਹੀਂ ਰੱਖੀ।
ਸਦੀਆਂ ਤੋਂ ਪ੍ਰਚਲੱਤ ਹੈ, ‘ਮਾਇਆ ਤੇਰੇ ਤੀਨ ਨਾਮ; ਪਰਸੂ, ਪਰਸਾ, ਪਰਸ ਰਾਮ।’ ਪੁਰਾਣੇ ਵੇਲਿਆਂ ’ਚ ਨਾਂ ਹੁੰਦੇ ਸਨ, ਪਿੱਪਲ ਸਿਓਂ, ਬੋਹੜ ਸਿੰਘ, ਵਿਸਾਖਾ ਸਿੰਘ, ਮਾਘੀ ਰਾਮ। ਨਾਂ ਰੱਖਣ ’ਚ ਵੀ ਅਮੀਰੀ ਹਿੱਸੇ ਨਹੀਂ ਆਈ। ਪਿੰਡਾਂ ਦੇ ਨਾਂ ਵੀ ਅਵੱਲੇ; ਕੁੱਤਿਾਂ ਵਾਲੀ, ਕੱਟਿਆਂ ਵਾਲੀ, ਬੋਤਿਆਂ ਵਾਲੀ ਤੇ ਝੋਟਿਆਂ ਵਾਲੀ। ਆਸ਼ਕ ਲੋਕ ਵੱਖਰੀ ਪੱਤਰੀ ਦੇਖ ਨਾਂ ਕਢਾਉਂਦੇ ਨੇ, ਆਹ ਫ਼ਿਲਮ ਵਾਂਗੂੰ, ‘ਦੀਵਾਨਾ, ਤੇਰਾ ਨਾਮ ਰਖ ਦੀਆ...।’
ਅੰਗਰੇਜ਼ ਬਾਬੇ ਤੂੰ ਆਖਦਾ ਪਿਐ ਕਿ ਨਾਂ ’ਚ ਕੀ ਰੱਖਿਐ। ਆ ਦਿਖਾਈਏ, ਕਿੰਨਾ ਕੁਝ ਰੱਖਿਐ। ਬਠਿੰਡੇ ਦਾ ਇੱਕ ਕਾਰੋਬਾਰੀ ਹੈ ‘ਬਿਧੀ ਸਿੰਘ ਯੂ.ਕੇ.’। ਉਹ ਇੰਗਲੈਂਡ ਰਿਟਰਨ ਨਹੀਂ, ਉਹਦੇ ਪਿੰਡ ਦਾ ਨਾਂ ਹੈ ‘ਉਦੈ ਕਰਨ’। ਅਨਪੜ੍ਹ ਗੰਵਾਰ ਹੈ ‘ਭਮੱਕੜ ਪ੍ਰਸ਼ਾਦ ਐਮ.ਏ.’, ਆਖਣ ਲੱਗਾ ਭਾਈ ਇਹ ਤਾਂ ਮੇਰੇ ਪਿੰਡ ਦਾ ਨਾਂ ਹੈ ‘ਮਹਿਮਾ ਅਬਲੂ।’ ਕਮਜ਼ੋਰੀ ਲਾਲ ਭਲਵਾਨ ਆਪਣੇ ਨਾਂ ਨਾਲ ਐਮ.ਪੀ. ਲਿਖਦੈ। ਕਦੇ ਪੰਚੀ ਤਾਂ ਜਿੱਤੀ ਨ੍ਹੀਂ, ਐਮਪੀ ਕਦੋਂ ਤੋਂ ਹੋ ਗਏ ਭਲਵਾਨ ਜੀ। ਆਖਣ ਲੱਗਾ ਕਿ ਅਸਾਂ ਤਾਂ ‘ਮੈਟ੍ਰਿਕ ਪਾਸ’ ਲਿਖਿਐ। ਨੈਣਾਂ ’ਚ ਨਾਂ ਵਸਾਉਣ ਵਾਲੇ ਇੰਜ ਗਾਉਂਦੇ ਨੇ, ‘ਸੰਦਲੀ, ਸੰਦਲੀ ! ਨੈਣਾਂ ’ਚ ਤੇਰਾ ਨਾਂ ਵੇ ਮੁੰਡਿਆਂ।’
‘ਲਾਲ ਸਿੰਘ ਕਮਲਾ ਅਕਾਲੀ’ ਨੂੰ ਕੌਣ ਭੁੱਲਿਐ। ਅਸਲ ਵਿਚ ਲਾਲ ਸਿੰਘ ਦੀ ਕਹਾਣੀ ਦਾ ਨਾਂ ਸੀ ‘ਕਮਲਾ ਅਕਾਲੀ’। ਕਈ ਉਨ੍ਹਾਂ ਨੂੰ ਟਿੱਚਰ ਕਰਦੇ ਕਿ ’ਕੱਲਾ ਅਕਾਲੀ ਲਿਖ ਦਿੰਦੇ, ਭਾਵੇਂ ਬਾਕੀ ਲਿਖਣ ਦੀ ਖੇਚਲ ਨਾ ਹੀ ਕਰਦੇ। ‘ਗੁੱਝੀ ਰਹੇ ਨਾ ਹੀਰ ਹਜ਼ਾਰ ਵਿੱਚੋਂ।’ ਕੇਰਾਂ ਗਾਣਾ ਗੂੰਜਿਆ ਸੀ, ‘ਮੁੰਨੀ ਬਦਨਾਮ ਹੁਈ, ਡਾਰਲਿੰਗ ਤੇਰੇ ਲੀਏ... ਲੇ ਜੰਡੂ ਬਾਮ ਹੁਈ’, ਜੰਡੂ ਬਾਮ ਕੰਪਨੀ ਨੇ ਮੁਕੱਦਮਾ ਕਰ’ਤਾ, ਅਖੇ ਸਾਡਾ ਨਾਂ ਬਦਨਾਮ ਕੀਤੈ। ਕਾਮਰੇਡ ਆਖਦੇ ਨੇ, ‘ਤਖ਼ਤ ਬਦਲ ਦਿਓ, ਤਾਜ ਬਦਲ ਦਿਓ..।’ ਬੰਗਲਾਦੇਸ਼ ਵਾਲਿਆਂ ਨੇ ਕਾਮਰੇਡਾਂ ਦੇ ਬੋਲਾਂ ’ਤੇ ਫੁੱਲ ਚੜ੍ਹਾ’ਤੇ।
ਇੱਕ ਜ਼ਮਾਨਾ ਨਹਿਰੂ ਦਾ ਸੀ ਤੇ ਇੱਕ ਯੁੱਗ ਇੰਦਰਾ ਦਾ। ਨਾਅਰੇ ਗੂੰਜਦੇ ਹੁੰਦੇ ਸਨ, ‘ਇੰਦਰਾ ਤੇਰੀ ਸੁਬ੍ਹਾ ਦੀ ਜੈ, ਤੇਰੀ ਸ਼ਾਮ ਦੀ ਜੈ, ਤੇਰੇ ਨਾਮ ਦੀ ਜੈ।’ ਹੁਣ ਮੋਦੀ-ਮੋਦੀ ਹੁੰਦੀ ਪਈ ਐ। ‘ਹੱਥ ’ਚ ਹਥੌੜੀ ਰੱਖਣ ਵਾਲੇ ਨੂੰ ਹਰ ਮਸਲਾ ਮੇਖ਼ ਲੱਗਦਾ ਹੈ।’ ਨੇਤਾ ਗਣ ਲੋਕ ਰਾਜ ਨੂੰ ‘ਚਾਚਾ ਚੌਧਰੀ’ ਦਾ ਕਾਰਟੂਨ ਸਮਝਦੇ ਨੇ। ਵੈਦ ਮਰੀਜ਼ ਦਾਸ ਆਖਦਾ ਪਿਐ, ਇਨ੍ਹਾਂ ਦਾ ਸਿਰ ਝੱਸਣਾ ਪਊ ਤੇ ਮਗਰੋਂ ਪੰਜਾਬ ਪੁਲੀਸ ਦੀ ਬੰਬੀ ਹੇਠ ਕੇਸੀ ਇਸ਼ਨਾਨ ਵੀ ਕਰਾਉਣਾ ਪਊ। ਚੋਣਾਂ ਪਿੱਛੋਂ ਮਹਾਂ ਦੇ ਆਟੇ ਵਾਂਗੂ ਆਕੜ ਜਾਂਦੇ ਨੇ ਤੇ ਚੋਣਾਂ ਮੌਕੇ ਨਿਰੀ ਲੇਵੀ ਬਣਦੇ ਨੇ। ਸੰਤ ਰਾਮ ਉਦਾਸੀ ਠੀਕ ਫ਼ਰਮਾ ਰਿਹੈ, ‘ਵਾਅਦੇ ਕਰਕੇ ਕੱਚੀ ਮਹਿਬੂਬ ਵਾਂਗੂੰ, ਆਪੇ ਥੁੱਕ ਕੇ ਆਪੇ ਹੀ ਚੱਟ ਜਾਂਦੇ।’
ਮਹਾਰਾਜਾ ਰਣਜੀਤ ਸਿੰਘ ਹਰ ਸ਼ਾਮ ਸ਼ੀਸ਼ੇ ਮੂਹਰੇ ਖੜ੍ਹਦਾ ਸੀ। ਨਿੱਤ ਦੇ ਗੁਨਾਹਾਂ ਨੂੰ ਚੇਤੇ ਕਰ ਆਪਣੇ ਮੂੰਹ ’ਤੇ ਚਪੇੜਾਂ ਮਾਰਦਾ ਸੀ, ‘ਬੰਦਿਆਂ ਤੈਨੂੰ ਇਹ ਕਰਦਿਆਂ ਸ਼ਰਮ ਨ੍ਹੀਂ ਆਈ।’ ਅੱਜ ਦੇ ਨੇਤਾ ਕਿਤੇ ਨਿੱਤ ਦਿਨ ਆਪਣੇ ਕੰਮਾਂ ਦੀ ਏਦਾਂ ਪੜਚੋਲ ਕਰਨ ਤਾਂ ਉਨ੍ਹਾਂ ਦੇ ਮੂੰਹ ਤਾਂ ਮਰਾਸੀਆਂ ਦੇ ਗੁਲਗੁਲਿਆਂ ਵਰਗੇ ਹੋ ਜਾਣ। ਅੱਜ ਨੇਤਾ ਤਾਂ ਬਣਨਾ ਸੌਖੈ, ਮਹਾਰਾਜਾ ਰਣਜੀਤ ਸਿੰਘ ਬਣਨਾ ਔਖੈ, ਉਸ ਤੋਂ ਕਿਤੇ ਵੱਧ ਔਖਾ ਹੈ ਬੁੱਲ੍ਹਾ ਬਣਨਾ। ‘ਨਾ ਹਿੰਦੂ ਨਾ ਤੁਰਕ ਪਸ਼ੌਰੀ, ਨਾ ਮੈਂ ਰਹਿੰਦਾ ਵਿੱਚ ਨਦੌਣ, ਬੁੱਲ੍ਹਾ ਕੀ ਜਾਣਾ ਮੈਂ ਕੌਣ।’
ਆਖ਼ਰ ’ਚ ਉਸ ਬੀਬੀ ਦੀ ਕਥਾ ਜਿਹੜੀ ਆਪਣੇ ਪਤੀ ‘ਟੂਟਣ ਦਾਸ’ ਦੇ ਨਾਂ ਤੋਂ ਤੰਗ ਆ ਕੇ ਤੋੜ ਵਿਛੋੜਾ ਕਰਕੇ ਪੇਕਿਆਂ ਦੇ ਰਾਹ ਪਈ ਸੀ। ਬੀਬੀ ਨੇ ਰਸਤੇ ’ਚ ਜਦ ਇੱਕ ਭੱਠੀ ਵਾਲੀ ਦਾ ਨਾਂ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਲੱਛਮੀ ਦੇਵੀ ਦੱਸਿਆ। ਅੱਗੇ ਗਈ ਤਾਂ ਇੱਕ ਘਾਹ ਖੋਤਣ ਵਾਲੇ ਨੇ ਬੀਬੀ ਨੂੰ ਆਪਣਾ ਨਾਂ ਲਖਪਤੀ ਦੱਸਿਆ। ਕਿਸੇ ਪਿੰਡ ਵਿੱਚੋਂ ਲੰਘੀ ਤਾਂ ਅੱਗਿਓਂ ਅਰਥੀ ਜਾਵੇ, ਲੋਕਾਂ ਨੇ ਦੱਸਿਆ ਕਿ ਜਿਊਣ ਸਿਓਂ ਮਰ ਗਿਆ। ਏਨੇ ਕੁ ਸਫ਼ਰ ਨੇ ਬੀਬੀ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਕਿ ਨਾਂ ’ਚ ਕੀ ਪਿਐ। ਆਖ਼ਰ ਪਤੀ ਦੇ ਗਲ ਲੱਗ ਗੁਣਗੁਣਾਉਣ ਲੱਗ ਪਈ।
‘ਲੱਛਮੀ ਦੇਵੀ ਦਾਣੇ ਭੁੰਨਦੀ, ਲਖਪਤੀ ਖੋਤੇ ਘਾਸ,
ਜਿਊਂਣੇ ਵਰਗੇ ਚੱਲ ਵਸੇ, ਮੇਰਾ ਜੀਵੇ ਟੂਟਣ ਦਾਸ।’
ਅੰਗਰੇਜ਼ ਬਾਬੇ ਤੇਰੀ ਗੱਲ ਤਾਂ ਲੱਖ ਰੁਪਏ ਦੀ ਨਿਕਲੀ, ਬਈ! ਨਾਂ ’ਚ ਕੀ ਪਿਐ। ਗੱਲਾਂ ’ਚ ਅਸੀਂ ਵੀ ਅਰਬਾਂਪਤੀ ਹਾਂ, ਕੋਈ ਸ਼ੱਕ ਹੋਵੇ ਤਾਂ ਪੰਜਾਬ ਦਾ ਗੇੜਾ ਮਾਰ ਲੈਣਾ।
(16 ਅਗਸਤ, 2024)
No comments:
Post a Comment