ਖ਼ਾਲਸ ਨਹੀਂ ਘਿਓ
ਦੇਸੀ ਘਿਓ ਨੂੰ ਮਿਲਾਵਟ ਨੇ ਢਾਹਿਆ..!
ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਦਾ ਦੇਸੀ ਘਿਓ ਹੁਣ ਖ਼ਾਲਸ ਨਹੀਂ ਰਿਹਾ ਹੈ। ਭੋਜਨ ਸੁਰੱਖਿਆ ਮਾਪਦੰਡਾਂ ’ਤੇ ਦੇਸੀ ਘਿਓ ਖ਼ਰਾ ਨਹੀਂ ਉੱਤਰਿਆ ਹੈ। ਪੰਜਾਬ ਸਰਕਾਰ ਵੱਲੋਂ ਸਾਲ 2023-24 ਦੌਰਾਨ ਲਏ ਨਮੂਨਿਆਂ ਚੋਂ ਦੇਸੀ ਘਿਓ ਦੇ 21.4 ਫ਼ੀਸਦੀ ਨਮੂਨੇ ਭੋਜਨ ਸੁਰੱਖਿਆ ਮਿਆਰਾਂ ’ਤੇ ਪੂਰੇ ਨਹੀਂ ਉੱਤਰੇ ਹਨ ਅਤੇ ਇਸੇ ਤਰ੍ਹਾਂ ਦੁੱਧ ਦੇ 13.6 ਫ਼ੀਸਦੀ ਮਿਆਰਾਂ ਦੇ ਅਨੁਕੂਲ ਨਹੀਂ ਸਨ। ਦੇਸੀ ਘਿਓ ਦੀ ਚੂਰੀ ਖਾਣ ਦੇ ਅਤੇ ਸਰੀਰਕ ਜੁੱਸੇ ਖ਼ਾਤਰ ਦੇਸੀ ਘਿਓ ਖਾਣ ਦੇ ਸ਼ੌਕੀਨਾਂ ਨੂੰ ਇਹ ਖ਼ਬਰ ਹਲੂਣਾ ਦੇਣ ਵਾਲੀ ਹੈ। ਪੰਜਾਬ ਦੀ ਪਛਾਣ ਦੁੱਧ ਤੇ ਦੇਸੀ ਘਿਓ ਨੇ ਨਿਖਾਰੀ ਹੈ ਅਤੇ ਇਹੋ ਘਿਓ ਹੁਣ ਮਿਆਰਾਂ ਤੋਂ ਤਿਲਕ ਗਿਆ ਹੈ। ਫੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ ਪੰਜਾਬ ਦੇ ਤੱਥਾਂ ਅਨੁਸਾਰ 2023-24 ਵਿਚ ਦੁੱਧ ਦੇ ਇਕੱਠੇ ਕੀਤੇ 646 ਨਮੂਨਿਆਂ ਚੋਂ 88 ਮਿਆਰਾਂ ’ਤੇ ਖਰੇ ਨਹੀਂ ਉੱਤਰੇ ਹਨ। ਖੋਏ ਦੇ 26 ਫ਼ੀਸਦੀ ਨਮੂਨੇ ਫ਼ੇਲ੍ਹ ਹੋਏ ਹਨ। ਲੰਘੇ ਤਿੰਨ ਵਰ੍ਹਿਆਂ ਵਿਚ 2021-24 ਦੌਰਾਨ ਦੁੱਧ ਦੇ ਕੁੱਲ 20,988 ਨਮੂਨੇ ਭਰੇ ਗਏ ਹਨ ਜਿਨ੍ਹਾਂ ਚੋਂ 3712 ਨਮੂਨੇ ਅਨੁਕੂਲ ਨਹੀਂ ਪਾਏ ਗਏ।
ਸਾਲ 2023-24 ਵਿਚ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੇ ਕੁੱਲ 6041 ਨਮੂਨੇ ਭਰੇ ਗਏ ਸਨ ਜਿਨ੍ਹਾਂ ਚੋਂ 929 ਨਮੂਨੇ ਭੋਜਨ ਸੁਰੱਖਿਆ ਮਿਆਰਾਂ ਦੇ ਅਨੁਕੂਲ ਨਹੀਂ ਸਨ। 2023-24 ਦੌਰਾਨ ਪੰਜਾਬ ਸਰਕਾਰ ਨੇ 1577 ਸਿਵਲ ਕੇਸ ਪਾਏ ਅਤੇ 76 ਕੇਸਾਂ ਵਿਚ ਅਪਰਾਧਿਕ ਕਾਰਵਾਈ ਕੀਤੀ। ਲੰਘੇ ਤਿੰਨ ਵਰ੍ਹਿਆਂ ਵਿਚ 194 ਫ਼ੇਲ੍ਹ ਨਮੂਨਿਆਂ ਦੇ ਮਾਲਕਾਂ ਖ਼ਿਲਾਫ਼ ਅਪਰਾਧਿਕ ਕਾਰਵਾਈ ਹੋਈ ਹੈ। ਫ਼ੇਲ੍ਹ ਹੋਏ ਨਮੂਨਿਆਂ ਚੋਂ ਕੁੱਝ ਮਾਮਲਿਆਂ ਵਿਚ ਪਾਣੀ ਦੀ ਮਿਲਾਵਟ ਪਾਈ ਗਈ ਜਾਂ ਫਿਰ ਮਿਆਦ ਪੁਗਾ ਚੁੱਕੇ ਸਕਿਮਡ ਮਿਲਕ ਪਾਊਡਰ ਜਾਂ ਯੂਰੀਆ ਆਦਿ ਮਿਲਾਵਟ ਕਰਕੇ ਦੁਬਾਰਾ ਬਣਾਇਆ ਗਿਆ। ਸੂਤਰ ਦੱਸਦੇ ਹਨ ਕਿ ਅਕਸਰ ਪੂਜਾ ਵਾਸਤੇ ਜੋ ਦੇਸੀ ਘਿਓ ਵੇਚਿਆ ਜਾਂਦਾ ਹੈ, ਉਸ ਵਿਚ ਹਾਈਡ੍ਰੋਜਨੇਟਿਡ ਫੈਟ ਅਤੇ ਰਿਫਾਇੰਡ ਤੇਲ ਦੀ ਮਿਲਾਵਟ ਹੁੰਦੀ ਹੈ ਜਿਸ ਵਿਚ ਪੰਜ ਤੋਂ 10 ਫ਼ੀਸਦੀ ਹੀ ਦੇਸੀ ਘਿਓ ਹੁੰਦਾ ਹੈ।
ਉਪਰੋਕਤ ਮਹਿਕਮੇ ਵਿਚ ਕਮਿਸ਼ਨਰ ਵਜੋਂ ਕੰਮ ਕਰ ਚੁੱਕੇ ਕਾਹਨ ਸਿੰਘ ਪੰਨੂ ਆਖਦੇ ਹਨ ਕਿ ਪੰਜਾਬ ਸਰਕਾਰ ਨੂੰ ਦੁੱਧ ਦੇ ਕਾਰੋਬਾਰੀ ਲੋਕਾਂ ਚੋਂ ਚੰਗੇ ਮਾੜੇ ਦੀ ਪਛਾਣ ਕਰਨੀ ਹੋਵੇਗੀ ਅਤੇ ਮਿਲਾਵਟਖੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਪਵੇਗੀ। ਦੀਵਾਲੀ ਮੌਕੇ ਮਿਲਾਵਟੀ ਦੁੱਧ ਉਤਪਾਦਾਂ ਦੀ ਵਿੱਕਰੀ ਸਿਖ਼ਰਾਂ ’ਤੇ ਹੁੰਦੀ ਹੈ। ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੇ ਕਮਿਸ਼ਨਰ ਅਭਿਨਵ ਤ੍ਰਿਖਾ ਆਖਦੇ ਹਨ ਕਿ ਦੁੱਧ ਅਤੇ ਦੁੱਧ ਉਤਪਾਦਾਂ ਦੇ ਹਰ ਵਰ੍ਹੇ ਨਮੂਨੇ ਲਏ ਜਾਂਦੇ ਹਨ ਅਤੇ ਗੁਣਵੱਤਾ ਲਈ ਫੂਡ ਬਿਜ਼ਨਸ ਅਪਰੇਟਰਾਂ ਨਾਲ ਮੀਟਿੰਗਾਂ ਕਰਕੇ ਫੀਡ ਬੈਕ ਵੀ ਲਈ ਜਾਂਦੀ ਹੈ। ਹਾਲ ਹੀ ਵਿਚ ਹੋਈ ਇੱਕ ਮੀਟਿੰਗ ਵਿਚ ਇਨ੍ਹਾਂ ਸੰਚਾਲਕਾਂ ਨੇ ਕਿਹਾ ਸੀ ਕਿ ਪੈਕ ਕੀਤਾ ਦੁੱਧ ਚੰਗੀ ਗੁਣਵੱਤਾ ਦਾ ਹੈ। ਉਨ੍ਹਾਂ ਕਿਹਾ ਕਿ ਮਿਲਾਵਟ ਅਤੇ ਉਤਪਾਦ ਦੇ ਮਿਆਰੀ ਹੋਣ ਦੀ ਮੁੱਖ ਸਮੱਸਿਆ ਦੇਸੀ ਘਿਓ ਵਿਚ ਹੈ। ਜਦੋਂ ਵੀ ਉਨ੍ਹਾਂ ਨੂੰ ਕੋਈ ਸੂਚਨਾ ਮਿਲਦੀ ਹੈ ਤਾਂ ਫ਼ੌਰੀ ਕਾਰਵਾਈ ਕੀਤੀ ਜਾਂਦੀ ਹੈ। ਚੇਤੇ ਰਹੇ ਕਿ ਵੇਰਕਾ ਬਰਾਂਡ ਨੇ ਕੌਮੀ ਪੱਧਰ ’ਤੇ ਨਾਮਣਾ ਖੱਟਿਆ ਹੈ।
ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਆਖਦੇ ਹਨ ਕਿ ਵਪਾਰਿਕ ਡੇਅਰੀ ਫਾਰਮਰ ਕਿਸੇ ਵੀ ਗੈਰ ਅਸੂਲੀ ਅਮਲ ਵਿਚ ਸ਼ਾਮਲ ਨਹੀਂ ਹਨ। ਉਨ੍ਹਾਂ ਕਿਹਾ ਕਿ ਕਰੀਬ 10 ਹਜ਼ਾਰ ਵਪਾਰਕ ਡੇਅਰੀ ਕਿਸਾਨ ਦੁੱਧ ਦੀ ਪ੍ਰੋਸੈਸਿੰਗ ਲਈ ਚੰਗੀ ਤਕਨਾਲੋਜੀ ਦਾ ਇਸਤੇਮਾਲ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਆਪਣੀ ਸਿਹਤ ਸੁਰੱਖਿਆ ਲਈ ਸਿਰਫ਼ ਪੈਕ ਕੀਤੇ ਦੁੱਧ ਅਤੇ ਦੁੱਧ ਦੇ ਹੋਰ ਉਤਪਾਦ ਲੈਣ।ਪੰਜਾਬ ਸਰਕਾਰ ਨੇ ਲੰਘੇ ਤਿੰਨ ਵਰ੍ਹਿਆਂ ਦੌਰਾਨ 3216 ਮਾਮਲਿਆਂ ਵਿਚ ਸਿਵਲ ਕੇਸ ਕੀਤੇ ਹਨ ਅਤੇ 194 ਅਪਰਾਧਿਕ ਕੇਸ ਕੀਤੇ ਹਨ। ਅਧਿਕਾਰੀ ਇਹ ਵੀ ਆਖਦੇ ਹਨ ਕਿ ਦੂਸਰੇ ਸੂਬਿਆਂ ਚੋਂ ਪੰਜਾਬ ਵਿਚ ਮਿਲਾਵਟੀ ਅਤੇ ਗੈਰ ਮਿਆਰੀ ਪਨੀਰ ਵੀ ਪਹੁੰਚਦਾ ਹੈ ਅਤੇ ਮਿਲਾਵਟੀ ਪਨੀਰ ਦੀ ਪਛਾਣ ਕਰਨਾ ਵੀ ਮੁਸ਼ਕਲ ਹੈ। ਸਮਾਜਿਕ ਸਮਾਗਮਾਂ ’ਤੇ ਸਪਲਾਈ ਹੁੰਦੇ ਪਨੀਰ ਵਿਚ ਜ਼ਿਆਦਾ ਗੜਬੜ ਦੀ ਸੰਭਾਵਨਾ ਹੁੰਦੀ ਹੈ।
No comments:
Post a Comment