Thursday, August 22, 2024

                                                          ਉਚੇਰੀ ਸਿੱਖਿਆ
                                 ਵਿਜੀਲੈਂਸ ਕਰੇਗੀ ‘ਪਾਵਰਫੁੱਲ’ ਖ਼ਿਲਾਫ਼ ਜਾਂਚ
                                                          ਚਰਨਜੀਤ ਭੁੱਲਰ  

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਉਚੇਰੀ ਸਿੱਖਿਆ ਵਿੱਚ ‘ਪਾਵਰਫੁੱਲ’ ਡਿਪਟੀ ਡਾਇਰੈਕਟਰ ਵਜੋਂ ਜਾਣੇ ਜਾਂਦੇ ਅਸ਼ਵਨੀ ਕੁਮਾਰ ਭੱਲਾ ਖ਼ਿਲਾਫ਼ ਵਿਜੀਲੈਂਸ ਜਾਂਚ ਕਰਨ ਲਈ ਕਿਹਾ ਹੈ। ਮੁੱਖ ਮੰਤਰੀ ਦਫ਼ਤਰ ਨੂੰ ਪਿਛਲੇ ਸਮੇਂ ਤੋਂ ਕੁਝ ਸ਼ਿਕਾਇਤਾਂ ਮਿਲੀਆਂ ਸਨ ਜਿਨ੍ਹਾਂ ਦੇ ਮੱਦੇਨਜ਼ਰ ਅੱਜ ਵਿਜੀਲੈਂਸ ਬਿਊਰੋ ਨੂੰ ਡੀਪੀਆਈ ਦਫ਼ਤਰ ’ਚ ਤਾਇਨਾਤ ਡਿਪਟੀ ਡਾਇਰੈਕਟਰ ਅਸ਼ਵਨੀ ਕੁਮਾਰ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ। ਮੁੱਖ ਮੰਤਰੀ ਨੇ ਇਸ ਦਾ ਸਖ਼ਤ ਨੋਟਿਸ ਲੈਂਦਿਆਂ ਅੱਜ ਅਸ਼ਵਨੀ ਕੁਮਾਰ ਨੂੰ ਫ਼ੌਰੀ ਬਦਲਣ ਦੇ ਹੁਕਮ ਵੀ ਜਾਰੀ ਕੀਤੇ ਹਨ। ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਦੇ ਹੁਕਮਾਂ ’ਤੇ ਮੁੱਖ ਸਕੱਤਰ ਨੇ ਹੱਥੋ-ਹੱਥ ਇਸ ਡਿਪਟੀ ਡਾਇਰੈਕਟਰ ਦੇ ਹੁਕਮ ਜਾਰੀ ਕਰਵਾਏ। ਉਚੇਰੀ ਸਿੱਖਿਆ ਵਿਭਾਗ ਦੇ ਸਕੱਤਰ ਕਮਲ ਕਿਸ਼ੋਰ ਯਾਦਵ ਨੇ ਅਸ਼ਵਨੀ ਕੁਮਾਰ ਨੂੰ ਡਿਪਟੀ ਡਾਇਰੈਕਟਰ ਦੇ ਅਹੁਦੇ ਤੋਂ ਬਦਲ ਕੇ ਉਨ੍ਹਾਂ ਦੀ ਤਾਇਨਾਤੀ ਬਤੌਰ ਪ੍ਰੋਫੈਸਰ ਐਸਸੀਡੀ ਸਰਕਾਰੀ ਕਾਲਜ ਲੁਧਿਆਣਾ ਕਰ ਦਿੱਤੀ ਹੈ।

         ਸੂਤਰਾਂ ਅਨੁਸਾਰ ਇਸ ਡਿਪਟੀ ਡਾਇਰੈਕਟਰ ਨਾਲ ਕਈ ਵਿਵਾਦ ਸ਼ੁਰੂ ਤੋਂ ਹੀ ਜੁੜੇ ਹੋਏ ਸਨ। ਉਚੇਰੀ ਸਿੱਖਿਆ ਵਿਭਾਗ ’ਚ ਇਸ ਡਿਪਟੀ ਡਾਇਰੈਕਟਰ ਦੀ ਤੂਤੀ ਬੋਲਦੀ ਸੀ। ਸੂਤਰ ਦੱਸਦੇ ਹਨ ਕਿ ਉਚੇਰੀ ਸਿੱਖਿਆ ਵਿਭਾਗ ’ਚ ਉੱਚ ਅਫ਼ਸਰ ਵੀ ਇਸ ਡਿਪਟੀ ਡਾਇਰੈਕਟਰ ਦਾ ਪ੍ਰਭਾਵ ਮੰਨਦੇ ਸਨ। ਜ਼ਿਕਰਯੋਗ ਹੈ ਕਿ ਅਸ਼ਵਨੀ ਕੁਮਾਰ ਲੁਧਿਆਣਾ ਦੇ ਸਰਕਾਰੀ ਕਾਲਜ ਵਿਚ ਕਾਮਰਸ ਦੇ ਪ੍ਰੋਫੈਸਰ ਹਨ ਜਿਹੜੇ ਦੋ ਸਾਲ ਪਹਿਲਾਂ ਹੀ ਡਿਪਟੀ ਡਾਇਰੈਕਟਰ ਬਣੇ ਸਨ। ਮੁੱਖ ਮੰਤਰੀ ਨੂੰ ਪੁੱਜੀਆਂ ਸ਼ਿਕਾਇਤਾਂ ’ਚ ਕਿਹਾ ਗਿਆ ਸੀ ਕਿ ਇਸ ਡਿਪਟੀ ਡਾਇਰੈਕਟਰ ਦਾ ਪ੍ਰੋਫੈਸਰਾਂ ਦੀ ਸੀਨੀਅਰਤਾ ਸੂਚੀ ਵਿਚ 37ਵਾਂ ਨੰਬਰ ਹੈ ਪ੍ਰੰਤੂ ਪੰਜਾਬ ਸਰਕਾਰ ਨੇ 36 ਪ੍ਰੋਫੈਸਰਾਂ ਨੂੰ ਬਾਈਪਾਸ ਕਰਕੇ ਅਸ਼ਵਨੀ ਕੁਮਾਰ ਨੂੰ ਡਿਪਟੀ ਡਾਇਰੈਕਟਰ ਲਾਇਆ ਸੀ। ਇਸ ਪ੍ਰੋਫੈਸਰ ਨੂੰ ਵਧੀਕ ਇੰਕਰੀਮੈਂਟ ਦੀ ਰਿਕਵਰੀ ਵੀ ਪਈ ਹੋਈ ਹੈ। 

        ਸ਼ਿਕਾਇਤਾਂ ਅਨੁਸਾਰ ਡੀਪੀਆਈ (ਕਾਲਜਾਂ) ਵਿਚ ਦੋ ਡਿਪਟੀ ਡਾਇਰੈਕਟਰ ਲਾਏ ਜਾ ਸਕਦੇ ਹਨ ਜਦੋਂਕਿ ਪੰਜਾਬ ਸਰਕਾਰ ਨੇ ਅਸ਼ਵਨੀ ਕੁਮਾਰ ਨੂੰ ਤੀਜੇ ਡਿਪਟੀ ਡਾਇਰੈਕਟਰ ਵਜੋਂ ਤਾਇਨਾਤ ਕੀਤਾ ਹੋਇਆ ਸੀ। ਉਚੇਰੀ ਸਿੱਖਿਆ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਦੇ ਹੁਕਮਾਂ ’ਤੇ ਇਸ ਡਿਪਟੀ ਡਾਇਰੈਕਟਰ ਨੂੰ ਬਦਲਿਆ ਗਿਆ ਹੈ। ਇਸੇ ਦੌਰਾਨ ਐਸੋਸੀਏਸ਼ਨ ਆਫ਼ ਯੂਨਾਈਟਿਡ ਕਾਲਜ ਟੀਚਰਜ਼ ਪੰਜਾਬ ਦੇ ਬੁਲਾਰੇ ਤਰੁਣ ਘਈ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਮੁੱਖ ਮੰਤਰੀ ਤੱਕ ਇਸ ਡਿਪਟੀ ਡਾਇਰੈਕਟਰ ਨਾਲ ਜੁੜੇ ਵਿਵਾਦਾਂ ਦੀ ਸ਼ਿਕਾਇਤ ਕੀਤੀ ਸੀ। ਉਨ੍ਹਾਂ ਮੰਗ ਕੀਤੀ ਕਿ ਇਸ ਡਿਪਟੀ ਡਾਇਰੈਕਟਰ ਨਾਲ ਜੁੜੇ ਮਾਮਲਿਆਂ ਦੀ ਜਾਂਚ ਹੋਣੀ ਚਾਹੀਦੀ ਹੈ। ਵਿਜੀਲੈਂਸ ਬਿਊਰੋ ਪੰਜਾਬ ਦੇ ਚੀਫ਼ ਡਾਇਰੈਕਟਰ ਵਰਿੰਦਰ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਦਫ਼ਤਰ ਨੇ ਅੱਜ ਡਿਪਟੀ ਡਾਇਰੈਕਟਰ ਅਸ਼ਵਨੀ ਕੁਮਾਰ ਦੀ ਜਾਂਚ ਕਰਨ ਲਈ ਕਿਹਾ ਹੈ। 

       ਉਨ੍ਹਾਂ ਦੱਸਿਆ ਕਿ ਉਹ ਭਲਕ ਤੋਂ ਇਸ ਮਾਮਲੇ ਦੀ ਜਾਂਚ ਕਰਨਗੇ ਅਤੇ ਜਾਂਚ ਦੌਰਾਨ ਹਰ ਪਹਿਲੂ ਨੂੰ ਦੇਖਿਆ ਜਾਵੇਗਾ। ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਦਫ਼ਤਰ ਨੇ ਇਸ ਅਧਿਕਾਰੀ ਦੀ ਵੱਖ-ਵੱਖ ਥਾਵਾਂ ’ਤੇੇ ਰਹੀ ਤਾਇਨਾਤੀ ਦੌਰਾਨ ਹੋਏ ਕੰਮਾਂ ਦੀ ਜਾਂਚ ਕਰਨ ਲਈ ਵੀ ਕਿਹਾ ਹੈ। ਡਿਪਟੀ ਡਾਇਰੈਕਟਰ ਦੇ ਅਹੁਦੇ ਤੋਂ ਤਬਦੀਲ ਕੀਤੇ ਅਸ਼ਵਨੀ ਕੁਮਾਰ ਭੱਲਾ ਦਾ ਕਹਿਣਾ ਸੀ ਕਿ ਉਹ ਤਬਦੀਲ ਕੀਤੇ ਜਾਣ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ ਅਤੇ ਇਹ ਪੰਜਾਬ ਸਰਕਾਰ ਦਾ ਆਪਣਾ ਫੈਸਲਾ ਹੈ। ਉਨ੍ਹਾਂ ਗਲਤ ਇੰਕਰੀਮੈਂਟ ਲਗਾਏ ਜਾਣ ਆਦਿ ਦੇ ਮੁੱਦੇ ’ਤੇ ਕਿਹਾ ਕਿ ਇਹ ਖੁਦ ਸਰਕਾਰ ਨੇ ਲਾਈਆਂ ਹਨ ਅਤੇ ਉਹ ਇਨ੍ਹਾਂ ਮਾਮਲਿਆਂ ਬਾਰੇ ਕੁੱਝ ਨਹੀਂ ਕਹਿਣਾ ਚਾਹੁੰਦੇ।

No comments:

Post a Comment