ਭਾਂਡੇ ਕਲੀ ਕਰਾ ਲੋ...
ਚਰਨਜੀਤ ਭੁੱਲਰ
ਚੰਡੀਗੜ੍ਹ : ਉਦੋਂ ਜ਼ਮਾਨਾ ਅੰਗਰੇਜ਼ਾਂ ਦਾ ਸੀ ਜਦੋਂ ਕਲਕੱਤਾ ਦੇ ਇੱਕ ਸਫ਼ਾਈ ਸੇਵਕ ਦੀ ਲੱਖਾਂ ਪੌਂਡਾਂ ਦੀ ਲਾਟਰੀ ਨਿਕਲੀ। ਲੱਛਮੀ ਦੀ ਐਸੀ ਕਿਰਪਾ ਹੋਈ, ਝਾੜੂ ਬਰਦਾਰ ਨੇ ਕਾਰ ਕੋਠੀ ਸਭ ਕੁਝ ਬਣਾ ਲਿਆ। ਚਾਂਦੀ ਦਾ ਝਾੜੂ ਤੇ ਬੱਠਲ ਵੀ ਬਣਾਇਆ ਜਿਹਨੂੰ ਉਹ ਹਮੇਸ਼ਾ ਆਪਣੀ ਕਾਰ ’ਚ ਰੱਖਦਾ ਤਾਂ ਜੋ ਆਪਣੀ ਔਕਾਤ ਨਾ ਭੁੱਲ ਬੈਠੇ। ਆਪਣਾ ਅਰਵਿੰਦ ਕੇਜਰੀਵਾਲ ਇਹੋ ਭੁੱਲ ਕਰ ਬੈਠਾ। ਝੁੱਗੀ ਝੌਂਪੜੀ ਨੂੰ ਛੱਡ ਸ਼ੀਸ਼ ਮਹਿਲ ਜਾ ਬੈਠਾ। ਬੱਸ ਫਿਰ ਓਹੀ ਮਹਿਲ ਜੋੜਾਂ ’ਚ ਬੈਠ ਗਿਆ। ਆਲੀਸ਼ਾਨ ਗੱਡੀਆਂ ਦੇ ਕਾਫ਼ਲੇ ’ਚ ਕਿਤੇ ਵੈਗਨ ਆਰ ਵੀ ਚੱਲਦੀ, ਆਹ ਨੌਬਤ ਨਹੀਓਂ ਆਉਣੀ ਸੀ।
‘ਪੈ ਗਏ ਮਾਮਲੇ ਭਾਰੀ, ਨਰਮ ਸਰੀਰਾਂ ਨੂੰ’। ਕੋਈ ਗ਼ੁੱਸਾ ਕਰੇ ਚਾਹੇ ਗਿਲਾ, ਅਸਾਂ ਨੂੰ ਆਹ ਗਾਣਾ ਪਸੰਦ ਹੈ, ‘ਭੋਲੀ ਸੀ ਸੂਰਤ, ਆਂਖੋਂ ਮੇਂ ਮਸਤੀ’। ਕੇਜਰੀਵਾਲ ਦੀ ਪੈਰ ਪੈਰ ’ਤੇ ਲਾਟਰੀ ਨਿਕਲੀ। ਸਾਦਗੀ ਤੇ ਈਮਾਨ ਨਾਲ ਅਣਬਣ ਕੀ ਹੋਈ, ਉੱਪਰੋਂ ਯਮੁਨਾ ਮਈਆ ਨੇ ਸਰਾਪ ਦੇ ਦਿੱਤਾ, ਸਾਰਾ ਖੇਲਾ ਹੀ ਖ਼ਰਾਬ ਹੋ ਗਿਆ। ਇਸ਼ਕ-ਏ-ਦਿੱਲੀ ’ਚ ਫ਼ੱਕਰਾਂ ਵਾਂਗੂੰ ਗਾਉਂਦਾ ਫਿਰਦੈ.. ‘ਜੀਨਾ ਯਹਾਂ, ਮਰਨਾ ਯਹਾ...!’ ਪਹਿਲੋਂ ਕੇਜਰੀਵਾਲ ਐਵਰਗਰੀਨ ਲੱਗਦਾ ਸੀ। ਲੋਕਾਂ ਦੀ ਅਕਲ ’ਤੇ ਐਸਾ ਪਰਦਾ ਪਿਆ, ਕਹਿੰਦੇ ‘ਅਸੀਂ ਨਹੀਂ ਬਣਨਾ ਮੰਡੀ ਦਾ ਮਾਲ’। ਵੈਲ ਤਾਂ ਚਾਹ ਦਾ ਮਾੜੈ, ਇੱਕ ਅਕਲ ਦਾ ਨਸ਼ਾ, ਉੱਪਰੋਂ ਸੱਤਾ ਦਾ ਨਸ਼ਾ।
‘ਏਵੇਂ ਹੋਣੀ ਸੀ, ਕੀ ਦੋਸ਼ ਨਣਦ ਨੂੰ ਦੇਵਾਂ। ਐਵੇਂ ਦਿਲ ਹੌਲਾ ਨਾ ਕਰੋ ਕੇਜਰੀਵਾਲ ਜੀ। ਬੰਦਿਆਂ ’ਤੇ ਹੀ ਭੀੜਾਂ ਪੈਂਦੀਆਂ ਨੇ। ਬੱਸ ਆਹ ਕਾਕਾ ਇਨਕਲਾਬ ਸਿੰਘ ਦਾ ਖ਼ਿਆਲ ਜ਼ਰੂਰ ਰੱਖਿਓ, ਜੇ ਰੋਵੇ ਤਾਂ ਮੂੰਹ ’ਚ ਚੁੰਘਣੀ ਪਾ ਦਿਓ, ਜੇ ਗੱਲ ਨਾ ਬਣੇ ਤਾਂ ਚਾਰ ਰਿਊੜੀਆਂ ਮੂੰਹ ’ਚ ਪਾ ਦਿਓ। ਕਾਕਾ ਜੀ ਦੀ ਨਿਆਣੀ ਉਮਰ ਹੈ, ਥੋੜ੍ਹੀ ਰੈਸਟ ਵੀ ਕਰਨ ਦਿਓ। ਅਰਵਿੰਦ ਜੀ, ਥੋਡੀ ਕੁਰਬਾਨੀ ਨੂੰ ਸੱਤ ਸਲਾਮਾਂ। ਲੋਕਾਂ ਖ਼ਾਤਰ ਆਪਣੀ ਖੰਘ ਤੱਕ ਦੀ ਪ੍ਰਵਾਹ ਨਹੀਂ ਕੀਤੀ। ਆਪਣੇ ਹਾਸੇ ਤਕ ਵਾਰ ਦਿੱਤੇ। ਜਨਾਬ ਨੂੰ ਲੱਗਦਾ ਸੀ ਜੇ ਕਿਤੇ ਹੱਸ ਪਿਆ ਤਾਂ ਇਨਕਲਾਬ ਨਹੀਂ ਆਉਣਾ।
ਕਿਵੇਂ ਭੁੱਲੀਏ ਉਹ ਦਿਨ ਜਦੋਂ ‘ਆਪ’ ਦੇ ਘਰ ਕਾਕਾ ਇਨਕਲਾਬ ਸਿੰਘ ਨੇ ਜਨਮ ਲਿਆ ਸੀ। ‘ਤੈਂ ਘਰ ਜੰਮਿਆ ਪੁੱਤ ਵੀ ਨਿਰੰਜਨਾ’। ਉਦੋਂ ਪੰਜਾਬ ਤੋਂ ਚਾਅ ਨਹੀਂ ਚੁੱਕਿਆ ਗਿਆ ਸੀ। ਬਾਬਾ ਪੰਜਾਬ ਸਿਓਂ ਵੀ ਗੱਜਿਆ ਸੀ, ’...ਸਾਰਾ ਪੰਜਾਬ ਤੇਰੇ ਨਾਲ।’ ਅੱਜ ਬਾਬਾ ਵੀ ਉਦਾਸ ਹੈ। ‘ਬਾਪੂ ਤੇਰੇ ਕੁੜਮਾਂ ਨੇ ਮੇਰੇ ਕੰਮ ਦੀ ਕਦਰ ਨਾ ਪਾਈ।’ ਪੁਰਾਣੀ ਫ਼ਿਲਮ ਐ ‘ਸਗੀਨਾ’ ਜਿਸ ਦੇ ਹੀਰੋ ਮਜ਼ਦੂਰ ਨੇਤਾ ਨੂੰ ਪਟਾਉਣ ਲਈ ਫ਼ੈਕਟਰੀ ਦਾ ਸੇਠ ਉਸ ਨੂੰ ਪਹਿਲੋਂ ਵੱਖਰਾ ਦਫ਼ਤਰ ਦਿੰਦੈ, ਸਭ ਸੁਖ ਸਹੂਲਤਾਂ ਦਿੰਦੈ, ਨਾਇਕ ਨੂੰ ਸੂਟ ਬੂਟ ਪਵਾਉਂਦੈ ਜਿਨ੍ਹਾਂ ਦੇ ਚਾਅ ’ਚ ਓਹ ਗਾਉਂਦਾ ਫਿਰਦੈ..‘ਸਾਲਾ ਮੈਂ ਤੋਂ ਸਾਹਬ ਬਨ ਗਿਆ...।’ ਦਿੱਲੀ ’ਚ ਜੋ ਬਣਿਆ, ਸਭ ਭੁੱਲ ਜਾਓ। ਹਿੰਮਤ ਰੱਖੋ, ਤੁਸੀਂ ਕਿਸੇ ਨਪੋਲੀਅਨ ਜਾਂ ਸਿਕੰਦਰ ਤੋਂ ਘੱਟ ਹੋ, ਦਿਨਾਂ ’ਚ ਦੁਨੀਆ ਫ਼ਤਿਹ ਕਰ ਲਵੋਗੇ।
ਜਦੋਂ ਪੰਜਾਬ ਫ਼ਤਿਹ ਕੀਤਾ ਸੀ, ਉਦੋਂ ਕੇਜਰੀਵਾਲ ਦੀ ਆਵਾਜ਼ ਆਲ ਇੰਡੀਆ ਰੇਡੀਓ ਵਰਗੀ ਸੀ, ਦਿੱਲੀ ਕਾਹਦੀ ਹਾਰੇ, ਧੀਮੀ ਗਤੀ ਦਾ ਸਮਾਚਾਰ ਹੀ ਬਣ ਬੈਠੇ। ਪ੍ਰਵਾਹ ਨਹੀਓਂ ਕਰਨੀ, ਬੰਦਾ ਔਗੁਣਾਂ ਦਾ ਪੁਤਲੈ। ਤੁਸੀਂ ‘ਝਾੜੂ ਮੋਰਚਾ’ ਐਲਾਨੋ, ਪੰਜਾਬੀ ਜੇਲ੍ਹਾਂ ਭਰ ਦੇਣਗੇ। ਜਿਹੜਾ ਪਾਰਟੀ ਦਫ਼ਤਰ ’ਚ ‘ਚਾਪਲੂਸੀ ਦਾ ਮਹਾਂਕਾਵਿ’ ਪਿਐ, ਉਸ ਨੂੰ ਵੀ ਸੰਤੋਖ ਦੇਵੋ। ਸਿਆਣੇ ਆਖਦੇ ਨੇ ਕਿ ਸਾਦਾ ਬੰਦਾ ਦਲੇਰ ਹੁੰਦੈ, ਚਲਾਕ ਬੰਦਾ ਤਾਂ ਗਿਣਤੀ ਮਿਣਤੀ ’ਚ ਪੈ ਜਾਂਦੈ। ਹੁਣ ਕਰੀਏ ਕੀ, ਪੇਂਡੂ ਘਰਾਂ ’ਚ ਜਿਵੇਂ ਮੱਝ ਕਿਸੇ ਦੇ ਹੱਥ ਪੈ ਜਾਂਦੀ ਹੈ, ਇਵੇਂ ‘ਬਦਲਾਅ’ ਵੀ ਕੇਜਰੀਵਾਲ ਦੇ ਹੱਥ ਪਿਆ ਲੱਗਦੈ। ਜਦੋਂ ਰੁਤਬੇ ਹੀ ਨਹੀਂ ਰਹੇ ਤਾਂ ਹੁਣ ਸਭ ਨੂੰ ਹੱਸ ਕੇ ਬੁਲਾਵੋ, ਗਲ ਨਾਲ ਲਾਓ। ਨਾਲੇ ਗਾਣਾ ਧਿਆਓ, ‘ਕਿਤੇ ਨੀਂ ਤੇਰਾ ਰੁਤਬਾ ਘੱਟਦਾ, ਜੇ ਹੱਸ ਕੇ ਬੁਲਾ ਲਵੇਂ ਕਿਧਰੇ।’
ਕਿਤੇ ਭੁੱਲ ਨਾ ਜਾਇਓ, ਜੇ ਕਾਕਾ ਇਨਕਲਾਬ ਸਿੰਘ ਜ਼ਿੱਦ ਕਰੇ ਤਾਂ ਉਸ ਨੂੰ ਗਿੱਚੀਓਂ ਫੜ ਕੇ ਪੰਜਾਬ ਲਿਆਇਓ। ਪੰਜਾਬੀਆਂ ਨੇ ਤਾਂ ਹਾਲੇ ਕਾਕੇ ਦਾ ਚੰਗੀ ਤਰ੍ਹਾਂ ਮੂੰਹ ਹੀ ਨਹੀਂ ਵੇਖਿਆ। ਦਿੱਲੀ ਚੋਣਾਂ ’ਚ ਤੁਸੀਂ ਪੰਜਾਬ ਦੇ ਵਿਧਾਇਕ ਤੇ ਵਜ਼ੀਰ ਤਾਂ ਵੇਖ ਹੀ ਲਏ, ਘਰੋਂ ਪ੍ਰਸ਼ਾਦੇ ਲੋਡ ਕੇ ਦਿੱਲੀ ’ਚ ਦਿਨ ਰਾਤ ਤੁਰੇ ਫਿਰਦੇ ਰਹੇ। ‘ਸੁੱਤੀ ਵਜ਼ੀਰ ਨਾਲ, ਉਠੀ ਫ਼ਕੀਰ ਨਾਲ’। ਬੱਸ ਇਸੇ ਗੱਲੋਂ ਡਰਦੇ ਨੇ ਕਿ ਕਿਤੇ ਫ਼ਕੀਰੀ ਪੱਲੇ ਨਾ ਪੈ ਜਾਵੇ। ਥੋਨੂੰ ਤਾਂ ਲੱਗਦਾ ਹੋਊ ਕਿ ਇਹ ਗੂੰਗੇ ਨੇ, ਦੇਖੋ ਗਾਉਂਦੇ ਕਿੰਨਾ ਸੋਹਣਾ ਨੇ, ‘ਕੀ ਪੁੱਛਦੇ ਹੋ, ਹਾਲ ਫ਼ਕੀਰਾਂ ਦਾ।’
ਕਾਂਗਰਸੀ ਐਵੇਂ ਖ਼ੁਸ਼ ਹੋਈ ਜਾਂਦੇ ਨੇ, ਦਿੱਲੀ ’ਚ ਜ਼ੀਰੋ ਦਾ ਰਿਕਾਰਡ ਕਾਂਗਰਸ ਦੇ ਹਿੱਸੇ ਆਇਐ। ਮਨੁੱਖੀ ਸੁਭਾਅ ਹੈ ਕਿ ਬੰਦਾ ਬਿਗਾਨੀ ਬੱਕਰੀ ਮਾਰਨ ਲਈ ਆਪਣਾ ਕੰਧ ਢਾਹੁਣ ਲਈ ਤਿਆਰ ਹੋ ਜਾਂਦੈ। ਹਰਿਆਣਾ ’ਚ ਭੁਪਿੰਦਰ ਹੁੱਡਾ ਦਾ ਮੇਮਣਾ ਮਾਰਨ ਲਈ ਕੇਜਰੀਵਾਲ ਨੇ ਆਪਣੀ ਕੰਧ ਮਲਬਾ ਕਰ ਲਈ, ਉਵੇਂ ਦਿੱਲੀ ’ਚ ਕੇਜਰੀਵਾਲ ਦੀ ਬੱਕਰੀ ਮਾਰਨ ਲਈ ਰਾਹੁਲ ਗਾਂਧੀ ਨੇ ਆਪਣੀ ਕੰਧ ਢਾਹ ਸੁੱਟੀ। ‘ਤੇਰਾ ਕੱਖ ਨੀ ਬਚਨੀਏ ਰਹਿਣਾ, ਛੜਿਆਂ ਦਾ ਹੱਕ ਮਾਰ ਕੇ।’ ਦੇਖਿਓ ਕਿਤੇ ਹੁਣ ਪੰਜਾਬ ਦੀ ਕੰਧ ਨੂੰ ਦਾਅ ’ਤੇ ਨਾ ਲਾ ਦਿਓ।
ਖ਼ੈਰ ਪੰਜਾਬ ਕੋਲ ਕੰਧਾਂ ਵੀ ਨੇ, ਕੰਨ ਵੀ ਨੇ, ਪਹਿਰੇ ਵੀ ਨੇ, ਚਾਹੇ ਮੁਗ਼ਲਾਂ ਅੰਗਰੇਜ਼ਾਂ ਨੂੰ ਪੁੱਛ ਲਓ। ਜੱਟ ਐਂਡ ਜੂਲੀਅਟ ਫ਼ਿਲਮ ਦਾ ਇੱਕ ਡਾਇਲਾਗ ਚੇਤੇ ਆਇਆ, ‘ਚੰਡੀਗੜ੍ਹ ਢਹਿਜੂ ਪਿੰਡਾਂ ਜੋਗਾ ਤਾਂ ਰਹਿਜੂ..।’ ਪੰਜਾਬ ਦੀ ਤਾਸੀਰ ਵੱਖਰੀ ਤੇ ਆਲਮ ਨਿਰਾਲਾ ਹੈ। ਨਿੱਤ ਦਿਨ ਦੇ ਹੱਲੇ ਤਾਂ ਪੰਜਾਬ ਦੇ ਰੂਮਮੇਟ ਹੀ ਰਹੇ ਨੇ। ਦਿੱਲੀ ਚੋਣਾਂ ’ਚ ਹਾਰ ਨੂੰ ਦੇਖ ਕੇ ਪੰਜਾਬ ਮੋਗੇੰਬੋ ਤੋਂ ਵੱਧ ਖ਼ੁਸ਼ ਹੋਇਆ। ਪੰਜਾਬੀ ਮਾਵਾਂ ਨੇ ਪੁੱਤ ਗੁੱਲੀ ਡੰਡਾ ਖੇਡਣ ਨੂੰ ਨਹੀਂ ਜੰਮੇ। ‘ਖ਼ਬਰਦਾਰ ਰਹਿਣਾ ਜੀ, ਚੌਂਕੀ ਹਾਕਮਾਂ ਦੀ ਆਈ’। ਹੁਣ ‘ਪੰਜਾਬ ਮਾਡਲ’ ਦਾ ਰੌਲਾ ਪਿਐ। ਤੁਸੀਂ ਦੱਸੋ ਹੁਣ ਫਿਰ, ਕਿਵੇਂ ਕਰਨੈ, ‘ਪੰਜਾਬ ਮਾਡਲ’ ਬਣਾਉਣੈ ਜਾਂ ਰੰਗਲਾ ਬਣਾਉਣੈ।
ਜਿਹੜੇ ਲੋਕ ਉਮੀਦਾਂ ਲੈ ਕੇ ਉੱਡੇ ਸੀ, ਉਹ ਭਰੋਸਿਆਂ ਦੀ ਗੱਠੜੀ ਨਾਲ ਲੈਂਡ ਹੋਏ ਹਨ। ਪੰਜਾਬ ਦੀ ਮਸੀਤ ਹੀ ਵੱਖਰੀ ਹੈ। ਖ਼ੁਸ਼ ਹੋਣ ਤਾਂ ਸਾਰਾ ਬਾਗ਼ ਹਵਾਲੇ ਕਰਦੇ ਨੇ, ਨਾਰਾਜ਼ ਹੋਣ ਤਾਂ ਫਿਰ ਕੀ ਮਜਾਲ ਐ ਕਿਸੇ ਕਾਂ ਦਾ ਆਲ੍ਹਣਾ ਅੰਬ ਦੇ ਬੂਟੇ ’ਤੇ ਪੈ ਜਾਵੇ। ਲੰਡੇ ਲਾਟ ਦੀ ਪ੍ਰਵਾਹ ਨਹੀਓਂ ਕਰਦੇ, ਆਹ ਗਾਣੇ ਵਾਂਗੂੰ, ‘ਅਸਾਂ ਨੀਂ ਕਨੌੜ ਝੱਲਣੀ, ਗੱਲ ਸੋਚ ਕਰੀਂ ਤੂੰ ਜ਼ੈਲਦਾਰਾ’।
ਦੀਵਾਲੀ ਵੇਲੇ ਕਲੀ-ਕੂਚੀ ਤਾਂ ਪੰਜਾਬੀ ਖ਼ੁਦ ਹੀ ਘਰਾਂ ਨੂੰ ਕਰ ਲੈਂਦੇ ਹਨ, ਜੇ ਘਰ ਨੂੰ ਰੰਗਲਾ ਬਣਾਉਣਾ ਹੋਵੇ ਤਾਂ ਵੀ ਪਿੰਡੋਂ ਹੀ ਪੇਂਟਰ ਬੁਲਾਉਂਦੇ ਨੇ। ਬਾਹਰਲੇ ਪੇਂਟਰ ਰਾਸ ਨਹੀਂ ਆਉਂਦੇ। ਪਿੰਡਾਂ ’ਚ ਹੋਕੇ ਵੱਜਦੇ ਹੁੰਦੇ ਸਨ, ‘ਭਾਂਡੇ ਕਲੀ ਕਰਾ ਲਓ।’ ਮੁਨੀਸ਼ ਸਿਸੋਦੀਆ ਨੂੰ ਪੰਜਾਬ ਦੀਆਂ ਗਲੀਆਂ ’ਚ ਮੇਲਦੇ ਦੇਖ ਕੇ ਇੰਜ ਲੱਗਦੈ ਜਿਵੇਂ ਕਹਿੰਦੇ ਹੋਣ ‘ਰੰਗਲਾ ਪੰਜਾਬ ਬਣਾ ਲਓ।’ ਸ਼ਾਇਦ ਦਿੱਲੀ ਦੇ ‘ਇਨਕਲਾਬੀ’ ਵੀਰਾਂ ਨੂੰ ਆਪਣੀ ਅਕਲ ਮੱਝ ਤੋਂ ਵੱਡੀ ਲੱਗਦੀ ਹੈ। ਪੰਜਾਬੀਆਂ ਨੇ ਬੂਰੀਆਂ ਮੱਝਾਂ ਚੁੰਘੀਆਂ ਨੇ, ਐਨੇ ਲੋਲ੍ਹੇ ਵੀ ਨਾ ਸਮਝੋ। ਸ਼ੇਖ਼ ਸਾਅਦੀ ਦਾ ਕਥਨ ਐ, ‘ਜੇ ਚਿੜੀਆਂ ਏਕਾ ਕਰ ਲੈਣ ਤਾਂ ਸ਼ੇਰ ਦੀ ਖੱਲ ਉਧੇੜ ਦਿੰਦੀਆਂ ਨੇ।’ ਬਾਕੀ ਤੁਸੀਂ ਸਿਆਣੇ ਹੋ।
(21 ਫਰਵਰੀ 2025)
No comments:
Post a Comment