ਹਲਕਿਆਂ ਦੀ ਤਜਵੀਜ਼
ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਛੇਤੀ
ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ਵਿੱਚ ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪਰਿਸ਼ਦਾਂ ਦੀਆਂ ਆਮ ਚੋਣਾਂ ਕਰਵਾਉਣ ਲਈ ਤਿਆਰੀ ਵਿੱਢ ਦਿੱਤੀ ਹੈ ਅਤੇ ਨੇੜ ਭਵਿੱਖ ਵਿਚ ਚੋਣਾਂ ਦਾ ਐਲਾਨ ਹੋਣ ਦੀ ਸੰਭਾਵਨਾ ਹੈ। ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪਰਿਸ਼ਦਾਂ ਦੇ ਚੋਣ ਹਲਕੇ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ 18 ਫਰਵਰੀ ਤੱਕ ਹਲਕਿਆਂ ਦੀਆਂ ਤਜਵੀਜ਼ਾਂ ਦਾ ਕੰਮ ਨੇਪਰੇ ਚਾੜ੍ਹਿਆ ਜਾਣਾ ਹੈ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਅੱਜ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਚੋਣ ਹਲਕੇ ਬਣਾਉਣ ਬਾਰੇ ਪੱਤਰ ਜਾਰੀ ਕਰ ਦਿੱਤਾ ਹੈ। ਪੰਜਾਬ ਵਿਚ ਪੰਚਾਇਤ ਚੋਣਾਂ 15 ਅਕਤੂਬਰ ਨੂੰ ਹੋ ਗਈਆਂ ਸਨ ਅਤੇ ਨਵੀਆਂ ਪੰਚਾਇਤਾਂ ਨੇ ਆਪਣਾ ਕੰਮਕਾਜ ਵੀ ਸ਼ੁਰੂ ਕਰ ਦਿੱਤਾ ਹੈ। ਦੂਜੇ ਗੇੜ ਵਿਚ ਹੁਣ ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪਰਿਸ਼ਦਾਂ ਦੀ ਚੋਣ ਕਰਵਾਈ ਜਾ ਰਹੀ ਹੈ। ਲੁਧਿਆਣਾ ਦੀ ਜ਼ਿਮਨੀ ਚੋਣ ਵੀ ਕਿਸੇ ਵੀ ਵੇਲੇ ਐਲਾਨੀ ਜਾ ਸਕਦੀ ਹੈ। ਇਸੇ ਦੌਰਾਨ ਪੰਚਾਇਤ ਵਿਭਾਗ ਨੇ ਸਮਿਤੀਆਂ ਅਤੇ ਜ਼ਿਲ੍ਹਾ ਪਰਿਸ਼ਦਾਂ ਦੇ ਚੋਣ ਹਲਕੇ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਪੰਚਾਇਤ ਵਿਭਾਗ ਨੇ ਹਲਕੇ ਤਜਵੀਜ਼ ਕਰਨ ਬਾਰੇ ਅੱਜ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਸਾਲ 2011 ਦੀ ਮਰਦਮਸ਼ੁਮਾਰੀ ਨੂੰ ਆਧਾਰ ਬਣਾ ਕੇ ਹੀ ਚੋਣ ਹਲਕੇ ਬਣਾਏ ਜਾਣੇ ਹਨ। ਪੰਚਾਇਤ ਸਮਿਤੀਆਂ ਦੇ ਘੱਟੋ ਘੱਟ 15 ਮੈਂਬਰ ਅਤੇ ਵੱਧ ਤੋਂ ਵੱਧ 25 ਮੈਂਬਰ ਹੋਣਗੇ। ਜਿਸ ਪੰਚਾਇਤ ਸਮਿਤੀ ਦੀ ਆਬਾਦੀ 90 ਹਜ਼ਾਰ ਤੋਂ ਘੱਟ ਹੈ, ਉੱਥੇ 15 ਮੈਂਬਰ ਹੋਣਗੇ। ਜਿੱਥੇ ਇਹ ਆਬਾਦੀ ਡੇਢ ਲੱਖ ਤੋਂ ਵੱਧ ਹੋਵੇਗੀ, ਉੱਥੇ ਮੈਂਬਰਾਂ ਦੀ ਗਿਣਤੀ ਵੱਧ ਤੋਂ ਵੱਧ 25 ਹੋਵੇਗੀ। ਪੰਚਾਇਤ ਸਮਿਤੀ ਦੇ ਹਰ ਹਲਕੇ ਦੀ ਆਬਾਦੀ ਕਰੀਬ ਛੇ ਹਜ਼ਾਰ ਹੋਵੇ ਅਤੇ ਚੋਣ ਹਲਕਾ ਭੂਗੋਲਿਕ ਤੌਰ ’ਤੇ ਜੁੜਵਾਂ ਹੋਣਾ ਚਾਹੀਦਾ ਹੈ। ਹਰ ਚੋਣ ਹਲਕੇ ਦੀ ਆਬਾਦੀ ਬਰਾਬਰ-ਬਰਾਬਰ ਰੱਖਣ ਦੀ ਕੋਸ਼ਿਸ਼ ਕਰਨ ਲਈ ਕਿਹਾ ਗਿਆ ਹੈ। ਕਿਸੇ ਵੀ ਪੰਚਾਇਤ ਨੂੰ ਦੋ ਚੋਣ ਹਲਕਿਆਂ ਵਿਚ ਨਾ ਵੰਡਣ ਲਈ ਵੀ ਕਿਹਾ ਗਿਆ ਹੈ। ਇਸੇ ਤਰ੍ਹਾਂ ਜ਼ਿਲ੍ਹਾ ਪਰਿਸ਼ਦ ਲਈ ਘੱਟੋ-ਘੱਟ ਮੈਂਬਰ 10 ਅਤੇ ਵੱਧ ਤੋਂ ਵੱਧ 25 ਮੈਂਬਰ ਹੋ ਸਕਦੇ ਹਨ।
ਜਿਸ ਜ਼ਿਲ੍ਹਾ ਪਰਿਸ਼ਦ ਦੀ ਆਬਾਦੀ ਪੰਜ ਲੱਖ ਤੋਂ ਘੱਟ ਹੈ, ਉੱਥੇ 10 ਚੋਣ ਹਲਕੇ ਬਣਨਗੇ ਅਤੇ ਜਿੱਥੇ ਆਬਾਦੀ 12 ਲੱਖ ਤੋਂ ਉਪਰ ਹੈ, ਉੱਥੇ ਵੱਧ ਤੋਂ ਵੱਧ 25 ਚੋਣ ਹਲਕੇ ਬਣਾਏ ਜਾਣ ਦੀ ਤਜਵੀਜ਼ ਹੈ। ਹਰ ਚੋਣ ਹਲਕੇ ਦੀ ਆਬਾਦੀ ਕਰੀਬ 50 ਹਜ਼ਾਰ ਤੱਕ ਹੋਵੇ ਅਤੇ ਹਲਕਾ ਭੂਗੋਲਿਕ ਤੌਰ ’ਤੇ ਜੁੜਿਆ ਹੋਵੇ। ਡਿਪਟੀ ਕਮਿਸ਼ਨਰਾਂ ਨੂੰ ਚੋਣ ਹਲਕਿਆਂ ਦੇ ਨਕਸ਼ੇ ਤਿਆਰ ਕਰਨ ਦੀ ਹਦਾਇਤ ਕੀਤੀ ਗਈ ਹੈ। ਕੋਈ ਵੀ ਪਿੰਡ ਜਾਂ ਗ੍ਰਾਮ ਸਭਾ ਦਾ ਖੇਤਰ ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਵਿਚ ਸ਼ਾਮਲ ਹੋਣ ਤੋਂ ਬਾਕੀ ਨਹੀਂ ਰਹਿਣਾ ਚਾਹੀਦਾ। ਮਾਲੇਰਕੋਟਲਾ ਜ਼ਿਲ੍ਹੇ ਦੀ ਨਵੀਂ ਜ਼ਿਲ੍ਹਾ ਪਰਿਸ਼ਦ ਬਣਨੀ ਹੈ ਅਤੇ ਨਵੀਆਂ ਪੰਚਾਇਤ ਸਮਿਤੀਆਂ ’ਚ ਪਟਿਆਲਾ ਦਿਹਾਤੀ, ਮੁਹਾਲੀ, ਰਮਦਾਸ, ਅਮਰਗੜ੍ਹ, ਅਹਿਮਦਗੜ੍ਹ ਅਤੇ ਮਾਲੇਰਕੋਟਲਾ ਹੈੱਡਕੁਆਟਰ ਆਦਿ ਸ਼ਾਮਲ ਹਨ। 2018 ਵਿਚ ਬਣੇ ਜ਼ੋਨਾਂ ਵਿਚ ਖ਼ਾਸ ਹਾਲਾਤ ਵਿਚ ਹੀ ਫੇਰਬਦਲ ਕਰਨ ਲਈ ਕਿਹਾ ਗਿਆ ਹੈ। ਜਿੱਥੇ ਕਿਤੇ ਜ਼ੋਨ ਦਾ ਹਿੱਸਾ ਸ਼ਹਿਰੀ ਖੇਤਰ ਵਿਚ ਸ਼ਾਮਲ ਹੋ ਗਿਆ ਹੈ, ਉੱਥੇ ਬਦਲਾਅ ਹੋ ਸਕਦਾ ਹੈ।
No comments:
Post a Comment