Tuesday, February 11, 2025

                                                         ਸਿਆਸੀ ਕਿਆਸ
                           ਮੀਟਿੰਗ ਦਿੱਲੀ ਵਿੱਚ, ਸੰਨਾਟਾ ਪੰਜਾਬ ’ਚ
                                                         ਚਰਨਜੀਤ ਭੁੱਲਰ 

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਭਲਕੇ ਦਿੱਲੀ ਦੇ ਕਪੂਰਥਲਾ ਹਾਊਸ ’ਚ ਪੰਜਾਬ ਦੇ ਵਿਧਾਇਕਾਂ ਅਤੇ ਵਜ਼ੀਰਾਂ ਨਾਲ ਮੀਟਿੰਗ ਕਰਨਗੇ ਪ੍ਰੰਤੂ ਇਸ ਤੋਂ ਪਹਿਲਾਂ ਹੀ ਪੰਜਾਬ ’ਚ ਸੰਨਾਟਾ ਛਾਇਆ ਹੋਇਆ ਹੈ। ਦਿੱਲੀ ਵਿਧਾਨ ਸਭਾ ਚੋਣਾਂ ’ਚ ਮਿਲੀ ਹਾਰ ਮਗਰੋਂ ਕੇਜਰੀਵਾਲ ਵੱਲੋਂ ਸੱਦੀ ਗਈ ਮੀਟਿੰਗ ਦੇ ਪੰਜਾਬ ’ਚ ਵੱਖ ਵੱਖ ਸਿਆਸੀ ਮਾਅਨੇ ਕੱਢੇ ਜਾ ਰਹੇ ਹਨ। ਕਈ ਕੈਬਨਿਟ ਵਜ਼ੀਰ ਅਤੇ ਵਿਧਾਇਕ ਅੱਜ ਹੀ ਦਿੱਲੀ ਪੁੱਜ ਗਏ ਹਨ। ਉਧਰ ਵਿਰੋਧੀ ਧਿਰਾਂ ਨੇ ਇਸ ਮੀਟਿੰਗ ਨੂੰ ਲੈ ਕੇ ਸਿਆਸੀ ਅਖਾੜਾ ਭਖਾ ਦਿੱਤਾ ਹੈ ਅਤੇ ਉਨ੍ਹਾਂ ਦੇ ਨਿਸ਼ਾਨੇ ’ਤੇ ਕੇਜਰੀਵਾਲ ਹਨ। ਇਸ ਗੱਲ ’ਤੇ ਹੈਰਾਨੀ ਜਤਾਈ ਜਾ ਰਹੀ ਹੈ ਕਿ ਦਿੱਲੀ ਚੋਣਾਂ ’ਚ ਹੋਈ ਹਾਰ ਨੂੰ ਲੈ ਕੇ ‘ਆਪ’ ਦੀ ਪੰਜਾਬ ਇਕਾਈ ਦਾ ਹਰ ਛੋਟਾ-ਵੱਡਾ ਨੇਤਾ ਚੁੱਪ ਹੈ। ਦਿੱਲੀ ’ਚ ਭਲਕੇ ਹੋਣ ਵਾਲੀ ਮੀਟਿੰਗ ਨੂੰ ਲੈ ਕੇ ਪੰਜਾਬ ਵਿਚ ਜਿੰਨੇ ਮੂੰਹ, ਓਨੀਆਂ ਗੱਲਾਂ ਹਨ।ਬੇਸ਼ੱਕ ਸਿਆਸੀ ਧਿਰਾਂ ਬੋਲ ਰਹੀਆਂ ਹਨ ਪ੍ਰੰਤੂ ਆਮ ਪੰਜਾਬੀ ਸਮੁੱਚੇ ਵਰਤਾਰੇ ਨੂੰ ਨੀਝ ਲਾ ਕੇ ਦੇਖ ਰਿਹਾ ਹੈ ਕਿ ‘ਆਪ’ ਭਲਕੇ ਕੀ ਪੈਂਤੜਾ ਲਵੇਗੀ ਅਤੇ ਪੰਜਾਬ ਦੇ ਵਿਧਾਇਕ ਤੇ ਵਜ਼ੀਰ ਕੀ ਨਜ਼ਰੀਆ ਰੱਖਦੇ ਹਨ। ਆਉਂਦੇ ਦਿਨਾਂ ’ਚ ‘ਆਪ’ ਨੂੰ ਫੂਕ ਫੂਕ ਕੇ ਕਦਮ ਰੱਖਣੇ ਪੈਣਗੇ। 

         ਵੱਡੀ ਚਰਚਾ ਇਹ ਵੀ ਹੈ ਕਿ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਦੀ ਮੀਟਿੰਗ ਸੱਦਣ ਵਿਚ ਏਨੀ ਕਾਹਲ ਕਿਉਂ ਦਿਖਾਈ ਹੈ ਅਤੇ ਉਪਰੋਂ ਕੈਬਨਿਟ ਮੀਟਿੰਗ ਪਿੱਛੇ ਪਾਉਣ ਨੇ ਵੀ ਨਵੇਂ ਸ਼ੰਕਿਆਂ ਨੂੰ ਜਨਮ ਦੇ ਦਿੱਤਾ ਹੈ। ਸਿਆਸੀ ਮਾਹਿਰਾਂ ਮੁਤਾਬਕ ਕੇਜਰੀਵਾਲ ਦਿੱਲੀ ਹਾਰਨ ਤੋਂ ਬਾਅਦ ਪੰਜਾਬ ਦੇ ਵਿਧਾਇਕਾਂ ਨੂੰ ਉਥੇ ਸੱਦ ਕੇ ਪਾਰਟੀ ’ਤੇ ਆਪਣੀ ਪਕੜ ਪੂਰੀ ਤਰ੍ਹਾਂ ਮਜ਼ਬੂਤ ਹੋਣ ਦਾ ਮਨੋਵਿਗਿਆਨਕ ਤੌਰ ’ਤੇ ਇੱਕ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਉਹ ਕਿਸੇ ਵੀ ਤਰ੍ਹਾਂ ਕਮਜ਼ੋਰ ਨਹੀਂ ਪਏ ਹਨ। ਦਿੱਲੀ ਮੀਟਿੰਗ ਦੀ ਅੰਦਰੂਨੀ ਰਣਨੀਤੀ ਕੋਈ ਵੀ ਹੋਵੇ ਪ੍ਰੰਤੂ ‘ਆਪ’ ਹਾਈਕਮਾਨ ਭਾਜਪਾ ਦੀ ਭਵਿੱਖ ਦੀ ਚਾਲ ਦੇ ਡਰੋਂ ਆਪਣੇ ਵਿਧਾਇਕਾਂ ਨੂੰ ਖ਼ਬਰਦਾਰ ਵੀ ਕਰਨਾ ਚਾਹੁੰਦੀ ਹੋਵੇਗੀ। ਦੂਜੇ ਪਾਸੇ ਪੰਜਾਬ ਵਿਚਲੇ ਸੰਨਾਟੇ ਦਰਮਿਆਨ ਸੂਬੇ ਦੀ ਹਰ ਅੱਖ ਅਤੇ ਕੰਨ ਮੁੱਖ ਮੰਤਰੀ ਭਗਵੰਤ ਮਾਨ ਦੀ ਦਿੱਲੀ ਚੋਣਾਂ ’ਚ ਪਾਰਟੀ ਨੂੰ ਮਿਲੀ ਹਾਰ ’ਤੇ ਪ੍ਰਤੀਕਿਰਿਆ ਉਡੀਕ ਰਹੀ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ‘ਆਪ’ ਦੇ 30 ਵਿਧਾਇਕ ਸੰਪਰਕ ਵਿਚ ਹੋਣ ਦੀ ਗੱਲ ਆਖ ਕੇ ਸਿਆਸੀ ਮਾਹੌਲ ਨੂੰ ਹੋਰ ਗਰਮਾ ਦਿੱਤਾ ਹੈ। 

        ਉਨ੍ਹਾਂ ਕਿਹਾ ਕਿ ‘ਆਪ’ ਹੁਣ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਲਈ ਜ਼ਮੀਨ ਤਿਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵਾਅਦੇ ਪੂਰੇ ਕਰਨ ਵਿਚ ਨਾਕਾਮ ਰਹੀ ਹੈ ਅਤੇ ਪੰਜਾਬ ਦੀਵਾਲੀਆ ਹੋਣ ਦੀ ਕਰਾਰ ’ਤੇ ਹੈ। ਇਸੇ ਦੌਰਾਨ ‘ਆਪ’ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਸਾਰੀਆਂ ਚਰਚਾਵਾਂ ਨੂੰ ਵਿਰਾਮ ਦਿੰਦਿਆਂ ਕਿਹਾ ਕਿ ਦਿੱਲੀ ’ਚ ਭਲਕੇ ਪਾਰਟੀ ਦੀ ਜਥੇਬੰਦਕ ਮੀਟਿੰਗ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪਾਰਟੀ ਦੇ ਕੌਮੀ ਕਨਵੀਨਰ ਹਨ ਅਤੇ ਅਜਿਹੀਆਂ ਮੀਟਿੰਗਾਂ ਕਿਸੇ ਵੀ ਪਾਰਟੀ ਦੀ ਨਿਯਮਤ ਪ੍ਰਕਿਰਿਆ ਦਾ ਹਿੱਸਾ ਹੁੰਦੀਆਂ ਹਨ। ਕੰਗ ਨੇ ਬਾਜਵਾ ਦੇ ਦਾਅਵੇ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਦੂਜੀਆਂ ਪਾਰਟੀਆਂ ਦੇ ਵਿਧਾਇਕ ਤਾਂ ਦੂਰ, ਬਾਜਵਾ ਦੀ ਆਪਣੀ ਪਾਰਟੀ ਦੇ ਵਿਧਾਇਕ ਵੀ ਉਨ੍ਹਾਂ ਦੇ ਸੰਪਰਕ ਵਿੱਚ ਨਹੀਂ ਹਨ। ਉਨ੍ਹਾਂ ਬਾਜਵਾ ਨੂੰ ਸਵਾਲ ਕੀਤਾ, ‘‘ਕੀ ਸਾਰੇ ਕਾਂਗਰਸੀ ਵਿਧਾਇਕ ਤੁਹਾਡੇ ਸੰਪਰਕ ’ਚ ਹਨ?’’ ਕੰਗ ਨੇ ਕਿਹਾ ਕਿ ਪ੍ਰਤਾਪ ਬਾਜਵਾ ਦੇ ਸਕੇ ਭਰਾ ਫਤਿਹਗੰਜ ਬਾਜਵਾ ਉਨ੍ਹਾਂ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ, ਉਹ ਫਿਰ ਵੀ ਰੋਕ ਨਹੀਂ ਸਕੇ।

         ਉਨ੍ਹਾਂ ਕਿਹਾ ਕਿ ਬਾਜਵਾ ‘ਮੁੰਗੇਰੀਲਾਲ ਦੇ ਹਸੀਨ ਸੁਪਨੇ’ ਦੇਖ ਰਹੇ ਹਨ ਜੋ ਕਦੇ ਪੂਰੇ ਨਹੀਂ ਹੋਣਗੇ। ਭਾਜਪਾ ਦੇ ਕੌਮੀ ਕਾਰਜਕਾਰਨੀ ਮੈਂਬਰ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇੱਕ ਯੋਜਨਾ ਤਹਿਤ ਅਚਨਚੇਤ ਪੰਜਾਬ ਦੇ ਵਿਧਾਇਕਾਂ ਦੀ ਦਿੱਲੀ ’ਚ ਮੀਟਿੰਗ ਸੱਦੀ ਗਈ ਹੈ ਅਤੇ ਹਾਰ ਤੋਂ ਬੌਖਲਾਏ ਕੇਜਰੀਵਾਲ ਹੁਣ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਦੇਖਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਸਮੇਤ ‘ਆਪ’ ਦੇ ਵੱਡੇ ਆਗੂਆਂ ਨੂੰ ਸੱਤਾ ਤੋਂ ਬਾਹਰ ਕਰਕੇ ਢੁੱਕਵਾਂ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਆਪਣੇ ਵਿਧਾਇਕਾਂ ਨੂੰ ਇਹ ਕਹਿਣ ਲਈ ਮਜਬੂਰ ਕਰ ਰਹੇ ਹਨ ਕਿ ਉਹ ’ਚੰਗਾ ਆਦਮੀ’ ਹੈ ਅਤੇ ਉਸ ਨੂੰ ਮੁੱਖ ਮੰਤਰੀ ਬਣਾਇਆ ਜਾਣਾ ਚਾਹੀਦਾ ਹੈ।

                                ਪੰਜਾਬ ਦੇ ਵਿਧਾਇਕਾਂ ਦੀ ਤੌਹੀਨ: ਪਰਗਟ ਸਿੰਘ

ਸਾਬਕਾ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਪਰਗਟ ਸਿੰਘ ਨੇ ‘ਆਪ’ ਦੀ ਦਿੱਲੀ ’ਚ ਹੋ ਰਹੀ ਮੀਟਿੰਗ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਸਿਤਮ ਦੀ ਗੱਲ ਹੈ ਕਿ ਇੱਕ ਹਾਰਿਆ ਹੋਇਆ ਵਿਧਾਇਕ ਪੰਜਾਬ ਦੇ ਚੁਣੇ ਹੋਏ ਵਿਧਾਇਕਾਂ ਦੀ ਮੀਟਿੰਗ ਕਰ ਰਿਹਾ ਹੈ ਜੋ ਪੰਜਾਬੀ ਵਿਧਾਇਕਾਂ ਦੀ ਤੌਹੀਨ ਹੈ। ਉਨ੍ਹਾਂ ਕਿਹਾ ਕਿ ਲੱਗਦਾ ਇਹ ਹੈ ਕਿ ਪੰਜਾਬ ਦੇ ਵਿਧਾਇਕ ਤੇ ਵਜ਼ੀਰ ਇਹ ਤੌਹੀਨ ਝੱਲਣ ਲਈ ਵੀ ਤਿਆਰ ਹਨ।

No comments:

Post a Comment