ਫੋਕਾ ਹੇਜ ਕੇਂਦਰ ਨੂੰ ਹੁਣ ਚੇਤੇ ਆਇਆ ਪੰਜਾਬ..! ਚਰਨਜੀਤ ਭੁੱਲਰ
ਚੰਡੀਗੜ੍ਹ : ਜਦੋਂ ਹੁਣ ਪੰਜਾਬ ’ਚ ਝੋਨੇ ਦੀ ਖ਼ਰੀਦ ਆਖ਼ਰੀ ਪੜਾਅ ਹੈ ਤਾਂ ਕੇਂਦਰ ਸਰਕਾਰ ਨੇ ਪੰਜਾਬ ਨੂੰ ਖ਼ਰੀਦ ਮਾਪਦੰਡਾਂ ’ਚ ਛੋਟ ਐਲਾਨ ਦਿੱਤੀ ਹੈ। ਠੀਕ ਇੱਕ ਮਹੀਨੇ ਮਗਰੋਂ ਕੇਂਦਰ ਦੀ ਪੰਜਾਬ ਨੂੰ ਲੈ ਕੇ ਜਾਗ ਖੁੱਲ੍ਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ 30 ਸਤੰਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਹੜ੍ਹਾਂ ਦੀ ਮਾਰ ਦੇ ਮੱਦੇਨਜ਼ਰ ਝੋਨੇ ਦੇ ਖ਼ਰੀਦ ਮਾਪਦੰਡਾਂ ’ਚ ਛੋਟ ਦੀ ਮੰਗ ਉਠਾਈ ਸੀ। ਇਸੇ ਤਰ੍ਹਾਂ ਪੰਜਾਬ ਸਰਕਾਰ ਨੇ 12 ਅਕਤੂਬਰ ਨੂੰ ਕੇਂਦਰੀ ਖਪਤਕਾਰ ਮਾਮਲਿਆਂ ਬਾਰੇ ਮੰਤਰਾਲੇ ਨੂੰ ਛੋਟ ਵਾਸਤੇ ਪੱਤਰ ਲਿਖਿਆ ਸੀ। ਪੰਜਾਬ ’ਚ ਅੱਜ ਤੱਕ 152.69 ਲੱਖ ਮੀਟਰਿਕ ਟਨ ਝੋਨੇ ਦੀ ਖ਼ਰੀਦ ਹੋ ਚੁੱਕੀ ਹੈ ਅਤੇ ਬਹੁਤ ਘੱਟ ਮਾਤਰਾ ’ਚ ਹੁਣ ਮੰਡੀਆਂ ’ਚ ਫ਼ਸਲ ਆ ਰਹੀ ਹੈ। ਐਤਕੀਂ ਹੜ੍ਹਾਂ ਕਾਰਨ ਫ਼ਸਲ ਦੀ ਪੈਦਾਵਾਰ ਘੱਟ ਹੈ ਜਦੋਂ ਕਿ ਪੰਜਾਬ ’ਚ ਚੌਲ ਮਿੱਲਾਂ ਦੀ ਗਿਣਤੀ ਵੱਧ ਹੈ। ਮਿੱਲ ਮਾਲਕਾਂ ਨੇ ਬਿਨਾਂ ਕਿਸੇ ਨਖ਼ਰੇ ਤੋਂ ਝੋਨਾ ਮੰਡੀਆਂ ਚੋਂ ਹੱਥੋਂ ਹੱਥ ਚੁੱਕਿਆ ਹੈ।
ਫ਼ਸਲ ਦੀ ਗੁਣਵੱਤਾ ਦੇ ਮਾਪਦੰਡਾਂ ਦਾ ਕਿਧਰੇ ਵੀ ਪੂਰੇ ਸੀਜ਼ਨ ਦੌਰਾਨ ਮਾਮਲਾ ਸਾਹਮਣੇ ਨਹੀਂ ਆਇਆ। ਕੇਂਦਰ ਸਰਕਾਰ ਨੇ ਪੂਰਾ ਸੀਜ਼ਨ ਲੰਘਣ ਮਗਰੋਂ ਅੱਜ ਪੰਜਾਬ ਸਰਕਾਰ ਨੂੰ ਪੱਤਰ ਜਾਰੀ ਕਰਕੇ ਮਾਪਦੰਡਾਂ ’ਚ ਛੋਟ ਦੇ ਦਿੱਤੀ ਹੈ। ਖਪਤਕਾਰ ਮਾਮਲੇ, ਖ਼ੁਰਾਕ ਤੇ ਜਨਤਿਕ ਵੰਡ ਮੰਤਰਾਲੇ ਵੱਲੋਂ ਜਾਰੀ ਪੱਤਰ ਅਨੁਸਾਰ ਫ਼ਸਲ ਦੀ ਬਦਰੰਗ/ ਡੈਮੇਜ/ਟੁੱਟ ਹੁਣ ਪੰਜ ਫ਼ੀਸਦੀ ਤੋਂ ਵਧਾ ਕੇ 10 ਫ਼ੀਸਦੀ ਕਰ ਦਿੱਤੀ ਹੈ। ਇਹ ਵੀ ਸ਼ਰਤ ਲਗਾਈ ਹੈ ਕਿ ਫ਼ਸਲ ਦਾ ਪੂਰਾ ਕਾਲਾ ਦਾਣਾ ਚਾਰ ਫ਼ੀਸਦੀ ਤੋਂ ਵੱਧ ਨਾ ਹੋਵੇ। ਇਹ ਛੋਟ ਚਾਲੂ ਸੀਜ਼ਨ 2025-26 ਲਈ ਨਿਰਧਾਰਿਤ ਕੀਤੀ ਗਈ ਹੈ। ਖ਼ਰੀਦ ਮਾਪਦੰਡਾਂ ’ਚ ਛੋਟ ਤਹਿਤ ਆਉਣ ਵਾਲੀ ਫ਼ਸਲ ਦਾ ਭੰਡਾਰਨ ਵੱਖਰਾ ਕਰਨ ਵਾਸਤੇ ਕਿਹਾ ਹੈ। ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਪੂਰਤੀ ਕਰਨੀ ਹੁਣ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਜੋ ਛੋਟ ਤਹਿਤ ਝੋਨਾ ਖ਼ਰੀਦ ਕੀਤਾ ਜਾਵੇਗਾ, ਉਸ ਦੀ ਛੜਾਈ ਫ਼ੌਰੀ ਕਰਾਈ ਜਾਵੇ ਤਾਂ ਜੋ ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਬਚਿਆ ਜਾ ਸਕੇ।
ਪੱਤਰ ’ਚ ਚੌਲਾਂ ਦੇ ਮਾਪਦੰਡਾਂ ’ਤੇ ਕੋਈ ਛੋਟ ਨਹੀਂ ਦਿੱਤੀ ਗਈ ਹੈ। ਹਕੀਕਤ ਦੇਖੀਏ ਤਾਂ ਇਸ ਕੇਂਦਰੀ ਫ਼ੈਸਲਾ ਦਾ ਕਿਸਾਨਾਂ ਨੂੰ ਕੋਈ ਲਾਭ ਨਹੀਂ ਮਿਲ ਸਕੇਗਾ ਕਿਉਂਕਿ ਪਹਿਲਾਂ ਹੀ ਖ਼ਰੀਦ ’ਚ ਕਿਸੇ ਤਰ੍ਹਾਂ ਦੀ ਕੋਈ ਅੜਚਣ ਸਾਹਮਣੇ ਨਹੀਂ ਆਈ ਹੈ। ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਸੀਨੀਅਰ ਆਗੂ ਰਣਜੀਤ ਸਿੰਘ ਜੋਸ਼ਨ ਦਾ ਕਹਿਣਾ ਸੀ ਕਿ ਚੌਲ ਮਿੱਲ ਮਾਲਕਾਂ ਨੂੰ ਕੇਂਦਰ ਨੇ ਕੋਈ ਛੋਟ ਨਹੀਂ ਦਿੱਤੀ ਅਤੇ ਉਹ ਇਹ ਮਾਮਲਾ ਹੁਣ ਕੇਂਦਰ ਕੋਲ ਉਠਾਉਣਗੇ। ਚੇਤੇ ਰਹੇ ਕਿ ਕੇਂਦਰ ਸਰਕਾਰ ਦੀਆਂ ਟੀਮਾਂ ਨੇ 13-17 ਅਕਤੂਬਰ ਦੌਰਾਨ ਮੰਡੀਆਂ ਚੋਂ ਫ਼ਸਲ ਦੇ ਨਮੂਨੇ ਲਏ ਸਨ। ਕੇਂਦਰ ਸਰਕਾਰ ਨੇ ਅੱਜ ਪੱਤਰ ’ਚ ਕਿਹਾ ਹੈ ਕਿ ਪੰਜਾਬ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਘਟਾਉਣ ਵਾਸਤੇ ਖ਼ਰੀਦ ਮਾਪਦੰਡਾਂ ’ਚ ਛੋਟ ਦਿੱਤੀ ਗਈ ਹੈ। ਇਸ ਵਾਰ ਪੰਜਾਬ ਨੂੰ ਹੜ੍ਹਾਂ ਦਾ ਵੱਡਾ ਸੇਕ ਲੱਗਿਆ ਹੈ ਜਿਸ ਦੀ ਭਰਪਾਈ ਵਾਸਤੇ ਪੰਜਾਬ ਸਰਕਾਰ ਨੇ ਕੇਂਦਰ ਤੋਂ ਵੱਖਰਾ ਵਿਸ਼ੇਸ਼ ਪੈਕੇਜ ਵੀ ਮੰਗਿਆ ਸੀ। ਪੰਜਾਬ ਦੀ ਝੋਲੀ ਕਿਧਰੋਂ ਵੀ ਕੁੱਝ ਨਹੀਂ ਪਿਆ ਹੈ।
ਜਾਖੜ ਤੇ ਬਿੱਟੂ ਹੁਣ ਜੁਆਬ ਦੇਣ : ਕੰਗ
ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਕੇਂਦਰੀ ਪੱਤਰ ’ਤੇ ਸੁਆਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਝੋਨੇ ਦੀ ਖ਼ਰੀਦ ਤਾਂ ਮੁਕੰਮਲ ਹੋ ਚੁੱਕੀ ਹੈ ਅਤੇ ਬਿਨਾਂ ਕਿਸੇ ਅੜਚਣ ਤੋਂ ਕਿਸਾਨਾਂ ਨੇ ਫ਼ਸਲ ਵੇਚੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਹਕੂਮਤ ਪੰਜਾਬ ਤੋਂ ਵੋਟਾਂ ਵੀ ਲੈਣਾ ਚਾਹੁੰਦੀ ਹੈ ਅਤੇ ਬਦਲੇ ’ਚ ਕੁੱਝ ਦੇਣਾ ਵੀ ਨਹੀਂ ਚਾਹੁੰਦੀ। ਸਿਰਫ਼ ਸਿਆਸੀ ਨਜ਼ਰੀਏ ਤੋਂ ਕੇਂਦਰ ਨੇ ਅੱਜ ਪੱਤਰ ਜਾਰੀ ਕੀਤਾ ਹੈ ਜਿਸ ਦਾ ਅਮਲੀ ਰੂਪ ਵਿਚ ਕਿਸੇ ਨੂੰ ਕੋਈ ਫ਼ਾਇਦਾ ਨਹੀਂ। ਉਨ੍ਹਾਂ ਕਿਹਾ ਕਿ ਭਾਜਪਾ ਪ੍ਰਧਾਨ ਸੁਨੀਲ ਜਾਖੜ ਅਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਹੁਣ ਇਸ ਮਾਮਲੇ ’ਤੇ ਜੁਆਬ ਦੇਣ।

No comments:
Post a Comment