Thursday, November 13, 2025

ਠੇਕੇ ’ਤੇ ਪੰਜਾਬ 
 ਕਿਸਾਨੀ ਖੇਤੀ ਚੋਂ ਹੋਈ ਆਊਟ..! 
ਚਰਨਜੀਤ ਭੁੱਲਰ 

ਚੰਡੀਗੜ੍ਹ  : ਪੰਜਾਬ ਦੇ ਖੇਤੀ ਸੈਕਟਰ ’ਚ ਇਹ ਖ਼ਤਰਨਾਕ ਮੋੜ ਹੈ ਕਿ ਸੂਬੇ ਦੇ ਕੇਵਲ 39 ਫ਼ੀਸਦੀ ਕਿਸਾਨ ਹੀ ਨਿਰੋਲ ਰੂਪ ’ਚ ਇਕੱਲੀ ਆਪਣੀ ਜ਼ਮੀਨ ’ਤੇ ਖੇਤੀ ਕਰਦੇ ਹਨ ਜਦੋਂ ਕਿ ਬਾਕੀ ਕਿਸਾਨੀ ਦੀ ਨਿਰਭਰਤਾ ਬਿਗਾਨੇ ਖੇਤਾਂ ’ਤੇ ਵੀ ਹੈ। ਪਿਤਾ ਪੁਰਖੀ ਧੰਦੇ ਚੋਂ ਕਿਸਾਨੀ ਜਗਤ ਦੀ ਅਗਲੀ ਪੀੜ੍ਹੀ ਬਾਹਰ ਹੋ ਰਹੀ ਹੈ। ਦੂਸਰੇ ਸੂਬਿਆਂ ’ਚ ਅਜਿਹਾ ਰੁਝਾਨ ਨਹੀਂ ਹੈ। ਪੰਜਾਬ ’ਚ 41.31 ਫ਼ੀਸਦੀ ਕਿਸਾਨ ਠੇਕੇ ’ਤੇ ਜ਼ਮੀਨਾਂ ਲੈਂਦੇ ਹਨ।  ਕੇਂਦਰੀ ਅਨਾਜ ਖ਼ਰੀਦ ਪੋਰਟਲ ਅਨੁਸਾਰ ਲੰਘੇ ਝੋਨੇ ਦੇ ਸੀਜ਼ਨ ’ਚ 12.83 ਲੱਖ ਕਿਸਾਨਾਂ ਦੇ ਕੀਤੇ ਮੁਲਾਂਕਣ ’ਚ ਤੱਥ ਉੱਭਰੇ ਹਨ ਕਿ ਪੰਜਾਬ ਦੇ 4.98 ਲੱਖ (38.83 ਫ਼ੀਸਦੀ) ਕਿਸਾਨਾਂ ਨੇ ਆਪਣੀ ਜ਼ਮੀਨ ’ਤੇ ਖੇਤੀ ਕਰਕੇ ਫ਼ਸਲ ਦੀ ਵੇਚ ਵੱਟਤ ਕੀਤੀ ਹੈ ਜਦੋਂ ਕਿ ਆਪਣੀ/ਠੇਕੇ ’ਤੇ ਜ਼ਮੀਨ ਲੈ ਕੇ 5.30 ਲੱਖ (41.31 ਫ਼ੀਸਦੀ)  ਕਿਸਾਨ ਖੇਤੀ ਕਰਦੇ ਹਨ। ਇਸੇ ਤਰ੍ਹਾਂ ਲੀਜ਼ ਤੇ ਜ਼ਮੀਨ ਲੈ ਕੇ 2.55 ਫ਼ੀਸਦੀ ਅਤੇ ਸ਼ੇਅਰਡ ਕਾਸ਼ਤ ਕਰਨ ਵਾਲੇ ਕਿਸਾਨ 17.31 ਫ਼ੀਸਦੀ ਹਨ। ਹਰਿਆਣਾ ’ਚ 77.85 ਫ਼ੀਸਦੀ ਕਿਸਾਨ ਖ਼ੁਦ ਆਪਣੀ ਜ਼ਮੀਨ ’ਤੇ ਹੀ ਖੇਤੀ ਕਰਦੇ ਹਨ ਜਦੋਂ ਕਿ ਅਜਿਹੇ ਕਿਸਾਨ ਉੱਤਰ ਪ੍ਰਦੇਸ਼ ’ਚ 98.31 ਫ਼ੀਸਦੀ ਹਨ। ਝੋਨੇ ਦੀ ਕਾਸ਼ਤ ਵਾਲੇ ਸੂਬਿਆਂ ਦੀ ਕੌਮੀ ਔਸਤ ਦੇਖੀਏ ਤਾਂ 79.68 ਫ਼ੀਸਦੀ ਕਿਸਾਨ ਆਪਣੀ ਜ਼ਮੀਨ ’ਤੇ ਹੀ ਖੇਤੀ ਕਰਦੇ ਹਨ।

        ਪੰਜਾਬ ਦੀ ਠੇਕਾ ਖੇਤੀ ਦਾ ਬਾਜ਼ਾਰ ਚੌੜਾ ਹੋਣ ਲੱਗਿਆ ਹੈ। ਮੌਜੂਦਾ ਰੁਝਾਨ ਤੋਂ ਜਾਪਦਾ ਹੈ ਕਿ ਜਿਵੇਂ ਠੇਕੇ ਦੀ ਖੇਤੀ ਨੇ ਹੀ ਪੰਜਾਬ ਨੂੰ ਵਾਹ ਦਿੱਤਾ ਹੋਵੇ। ਸਾਲ 2016-17 ਤੋਂ ਪੰਜਾਬੀ ਨੌਜਵਾਨ ਸਟੱਡੀ ਵੀਜ਼ੇ ’ਤੇ ਵਿਦੇਸ਼ ਉਡਾਰੀ ਮਾਰ ਰਹੇ ਹਨ ਜਿਸ ਨੇ ਠੇਕੇ ਦੀ ਖੇਤੀ ਦੇ ਰਾਹ ਨੂੰ ਹੋਰ ਮੋਕਲਾ ਕੀਤਾ ਹੈ। ਪੰਜਾਬ ਦੇ ਚਾਰ ਜ਼ਿਲ੍ਹਿਆਂ ’ਚ 50 ਫ਼ੀਸਦੀ ਤੋਂ ਜ਼ਿਆਦਾ ਕਿਸਾਨ ਠੇਕੇ ’ਤੇ ਖੇਤੀ ਕਰਦੇ ਹਨ। ਕੇਂਦਰੀ ਪੋਰਟਲ ਅਨੁਸਾਰ ਨਵਾਂ ਸ਼ਹਿਰ ਜ਼ਿਲ੍ਹੇ ’ਚ ਸਭ ਤੋਂ ਵੱਧ 56.12 ਫ਼ੀਸਦੀ ਕਿਸਾਨ ਠੇਕੇ ’ਤੇ ਜ਼ਮੀਨਾਂ ਲੈਂਦੇ ਹਨ ਅਤੇ ਸਿਰਫ਼ 35.61 ਫ਼ੀਸਦੀ ਕਿਸਾਨ ਹੀ ਖ਼ੁਦ ਕਾਸ਼ਤ ਕਰਦੇ ਹਨ। ਇਸੇ ਤਰ੍ਹਾਂ ਜ਼ਿਲ੍ਹਾ ਹੁਸ਼ਿਆਰਪੁਰ ’ਚ 50.81 ਫ਼ੀਸਦੀ, ਜਲੰਧਰ ਜ਼ਿਲ੍ਹੇ ’ਚ 50.19 ਫ਼ੀਸਦੀ, ਰੋਪੜ ’ਚ 50.46 ਕਿਸਾਨ ਠੇਕੇ ਦੀ ਜ਼ਮੀਨ ’ਤੇ ਖੇਤੀ ਕਰਦੇ ਹਨ। ਬਲਦਾਂ ਨਾਲ ਖੇਤੀ ਮੌਕੇ ਵੱਡੀ ਕਿਸਾਨੀ ਵੱਲੋਂ ਛੋਟੀ ਕਿਸਾਨੀ ਨੂੰ ਜ਼ਮੀਨਾਂ ਠੇਕੇ ’ਤੇ ਦਿੱਤੀਆਂ ਜਾਂਦੀਆਂ ਸਨ।    ਹੁਣ ਛੋਟੀ ਕਿਸਾਨੀ ਨੂੰ ਛੋਟੇ ਖੇਤ ਵਾਰਾ ਨਹੀਂ ਖਾਂਦੇ ਅਤੇ ਵੱਡੇ ਕਿਸਾਨਾਂ ਨੇ ਠੇਕੇ ’ਤੇ ਜ਼ਮੀਨਾਂ ਲੈ ਕੇ ਖੇਤੀ ਵਧਾ ਲਈ ਹੈ। ਵਰ੍ਹਾ 2011 ਦੀ ਜਨਗਣਨਾ ਅਨੁਸਾਰ ਪੰਜਾਬ ’ਚ ਦੋ ਲੱਖ ਛੋਟੇ ਕਿਸਾਨ ਖੇਤੀ ਚੋਂ ਆਊਟ ਹੋਏ ਸਨ ਜਦੋਂ ਕਿ ਭਾਰਤ ’ਚ ਛੋਟੇ ਕਿਸਾਨਾਂ ਦੀ ਗਿਣਤੀ 11 ਕਰੋੜ ਤੋਂ ਵੱਧ ਕੇ 12 ਕਰੋੜ ਹੋਈ ਸੀ। ਪੰਜਾਬ ਦੀ ਛੋਟੀ ਤੇ ਦਰਮਿਆਨੀ ਕਿਸਾਨੀ ਨੂੰ ਉੱਪਰੋਂ ਕਰਜ਼ੇ ਦਾ ਵੀ ਨਾਗਵਲ ਹੈ। 

          ਪੰਜਾਬ ਸਟੇਟ ਬੈਂਕਰਜ਼ ਕਮੇਟੀ ਅਨੁਸਾਰ 30 ਜੂਨ 2025 ਤੱਕ ਪੰਜਾਬ ਦੇ ਕਿਸਾਨਾਂ ਸਿਰ ਇਕੱਲੇ ਬੈਂਕਾਂ ਦਾ 96,867 ਕਰੋੜ ਦਾ ਕਰਜ਼ਾ ਹੈ ਜੋ ਕਿ ਸਾਲ 2014 ’ਚ 57,892 ਕਰੋੜ ਸੀ। ਲੰਘੇ ਗਿਆਰਾਂ ਸਾਲਾਂ ’ਚ ਕਿਸਾਨਾਂ ’ਤੇ 38,975 ਕਰੋੜ ਦਾ ਕਰਜ਼ਾ ਕਿਸਾਨੀ ’ਤੇ ਬੈਂਕਾਂ ਦਾ ਚੜ੍ਹਿਆ ਹੈ। ਕਰਜ਼ੇ ਦੀ ਬਦੌਲਤ ਖੇਤਾਂ ਦੇ ਹਜ਼ਾਰਾਂ ਸ਼ਹੀਦਾਂ ਦਾ ਅੰਕੜਾ ਵੱਖਰਾ ਹੈ।  ਪੰਜਾਬ ’ਚ ਆਮ ਜ਼ਮੀਨਾਂ ਦਾ ਠੇਕਾ ਪ੍ਰਤੀ ਏਕੜ 50 ਹਜ਼ਾਰ ਤੋਂ ਸ਼ੁਰੂ ਹੋ ਕੇ ਕਈ ਖ਼ਿੱਤਿਆਂ ’ਚ 80 ਹਜ਼ਾਰ ਨੂੰ ਵੀ ਪਾਰ ਕਰ ਗਿਆ ਹੈ। ਸੂਬੇ ’ਚ ਦੋ ਲੱਖ ਏਕੜ ਪੰਚਾਇਤੀ ਜ਼ਮੀਨ ਹੈ ਜਿਸ ਤੋਂ ਐਤਕੀਂ 515 ਕਰੋੜ ਦੀ ਆਮਦਨ ਹੋਈ ਹੈ। ਪੰਚਾਇਤੀ ਜ਼ਮੀਨਾਂ ਦਾ ਔਸਤਨ ਠੇਕਾ ਪ੍ਰਤੀ ਏਕੜ 38,823 ਰੁਪਏ ਰਿਹਾ ਹੈ। ਮਾਲਵੇ ਦੇ ਰਾਮਪੁਰਾ ਫੂਲ ਖ਼ਿੱਤੇ ’ਚ ਆਲੂ ਦੀ ਕਾਸ਼ਤ ਕਰਨ ਵਾਲੇ ਵੱਡੇ ਕਿਸਾਨ ਵੱਡੀ ਪੱਧਰ ’ਤੇ ਜ਼ਮੀਨਾਂ ਠੇਕੇ ’ਤੇ ਲੈਂਦੇ ਹਨ।  ਮਾਝੇ-ਦੁਆਬੇ ਦੇ ਮੁਕਾਬਲਤਨ ਮਾਲਵੇ ਦੇ ਕਈ ਹਿੱਸਿਆ ’ਚ ਜ਼ਮੀਨਾਂ ਦਾ ਠੇਕਾ ਪਹੁੰਚ ਤੋਂ ਬਾਹਰ ਹੋਣ ਕਰਕੇ ਛੋਟੀ ਕਿਸਾਨੀ ਪਿਸ ਰਹੀ ਹੈ। ਪੰਜਾਬ ਦੀ ਨਿਰਭਰਤਾ ਹੌਲੀ ਹੌਲੀ ਪਰਵਾਸੀ ਮਜ਼ਦੂਰਾਂ ’ਤੇ ਵਧਣ ਕਰਕੇ ਕਿਸਾਨਾਂ ਦੀ ਨਵੀਂ ਪੀੜ੍ਹੀ ਖੇਤਾਂ ਤੋਂ ਲਾਂਭੇ ਵੀ ਹੋਈ ਹੈ। ਅਰਥ ਸ਼ਾਸਤਰੀ ਡਾ. ਆਰ.ਐੱਸ. ਘੁੰਮਣ ਦੀ 2018 ਦੀ ਸਟੱਡੀ ਮੁਤਾਬਿਕ ਪੰਜਾਬ ਦੇ 80 ਫ਼ੀਸਦੀ ਕਿਸਾਨ ਆਪਣੇ ਬੱਚਿਆਂ ਨੂੰ ਖੇਤੀ ਦੇ ਕੰਮ ਤੋਂ ਬਾਹਰ ਰੱਖਣਾ ਚਾਹੁੰਦੇ ਹਨ ਕਿਉਂਕਿ ਖੇਤੀ ਲਾਹੇਵੰਦਾ ਧੰਦਾ ਨਹੀਂ ਰਹੀ। 

        ਬੇਜ਼ਮੀਨੇ ਕਿਸਾਨਾਂ ਦੇ ਸੰਕਟ ਵੱਖਰੇ ਹਨ। ਉਂਜ ਵੀ ਇਸ ਵੇਲੇ ਪੰਜਾਬ ਦੀ ਖੇਤੀ ’ਚ ਵੱਡੇ ਪੱਧਰ ’ਤੇ ਦਾਖਲ ਹੋਈ ਮਸ਼ੀਨਰੀ ਨੇ ਖੇਤਾਂ ’ਚ ਕੰਮ ਦੇ ਘੰਟੇ ਘਟਾ ਦਿੱਤੇ ਹਨ। ਪੰਜਾਬ ਖੇਤੀ ਵਰਸਿਟੀ ਦੀ ਸਟੱਡੀ ਅਨੁਸਾਰ ਇੱਕ ਏਕੜ ਕਣਕ ਦੀ ਫ਼ਸਲ ਦੀ ਕਾਸ਼ਤ ਲਈ 64 ਘੰਟੇ ਦਾ ਅਤੇ ਝੋਨੇ ਦੀ ਖੇਤੀ ’ਚ 160 ਘੰਟਿਆਂ ਦਾ ਮਨੁੱਖੀ ਕੰਮ ਰਹਿ ਗਿਆ ਹੈ ਜਿਸ ਨਾਲ ਮਾਨਵੀ ਸਰੋਤ ਆਊਟ ਹੋਏ ਹਨ। ਪੰਜਾਬ ’ਚ ਮੌਜੂਦ 6.47 ਲੱਖ ਟਰੈਕਟਰ ਸੂਬੇ ਦੇ ਬਦਲਦੇ ਖੇਤੀ ਮਾਡਲ ਦਾ ਪ੍ਰਮਾਣ ਹਨ। ਸੂਬੇ ’ਚ ਸਾਲ 2016 ’ਚ ਪ੍ਰਤੀ ਦਿਨ ਔਸਤਨ 52 ਟਰੈਕਟਰ ਵਿਕਦੇ ਸਨ ਜੋ ਸਾਲ 2022 ’ਚ ਵੱਧ ਕੇ ਪ੍ਰਤੀ ਦਿਨ ਔਸਤਨ 64 ਹੋ ਗਏ। ਇਹੋ ਔਸਤਨ ਸਾਲ 2024 ’ਚ ਪ੍ਰਤੀ ਦਿਨ 82 ਟਰੈਕਟਰਾਂ ਦੀ ਅਤੇ ਚਾਲੂ ਸਾਲ ਦੌਰਾਨ ਪ੍ਰਤੀ ਦਿਨ ਔਸਤਨ 90 ਟਰੈਕਟਰਾਂ ਦੀ ਵਿੱਕਰੀ ਦੀ ਹੋ ਗਈ ਹੈ। ਸੂਬੇ ’ਚ 48,868 ਕੰਬਾਈਨਾਂ ਵੀ ਰਜਿਸਟਰਡ ਹਨ। ਕਿਸਾਨ ਫ਼ਸਲੀ ਗੇੜ ਚੋਂ ਫਸਿਆ ਹੈ ਤੇ ਸਰਕਾਰਾਂ ਸੁਹਿਰਦ ਨਹੀਂ। ਜ਼ਮੀਨੀ ਪਾਣੀ ਤੇ ਪੌਣ ਪਾਣੀ ਵੀ ਪਲੀਤ ਹੋਇਆ ਹੈ। ਪੰਜਾਬ ਸਰਕਾਰ ਹਾਲੇ ਤੱਕ ਖੇਤੀ ਨੀਤੀ ਵੀ ਜਾਰੀ ਨਹੀਂ ਸਕੀ। ਸੂਬੇ ’ਚ 42 ਲੱਖ ਹੈਕਟੇਅਰ ਰਕਬਾ ਖੇਤੀ ਹੇਠ ਹੈ। ਸ਼ਹਿਰੀਕਰਨ ਨੇ ਵੱਡਾ ਰਕਬਾ ਖੇਤੀ ਚੋਂ ਬਾਹਰ ਵੀ ਕੀਤਾ ਹੈ।

                                    ਨਵੀਂ ਪੀੜ੍ਹੀ ਦੀ ਖੇਤੀ ’ਚ ਰੁਚੀ ਘਟੀ : ਘੁੰਮਣ

ਅਰਥ ਸ਼ਾਸਤਰੀ ਡਾ.ਆਰ.ਐੱਸ.ਘੁੰਮਣ ਆਖਦੇ ਹਨ ਕਿ ਖੇਤੀ ਮਸ਼ੀਨਰੀ ਦੀ ਬਹੁਤਾਤ ਕਰਕੇ ਕਿਸਾਨ ਜ਼ਮੀਨਾਂ ਠੇਕੇ ’ਤੇ ਲੈ ਕੇ ਕਾਸ਼ਤ ਕਰਦੇ ਹਨ ਤਾਂ ਜੋ ਆਪਣੀ ਮਾਲਕੀ ਵਾਲੀ ਜ਼ਮੀਨ ’ਚ ਰਕਬਾ ਜੋੜ ਕੇ ਜ਼ਿਆਦਾ ਖੇਤੀ ਮਸ਼ੀਨਰੀ ਅਤੇ ਮਨੁੱਖੀ ਸ਼ਕਤੀ ਦੀ ਵਰਤੋਂ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਦੀ ਅਗਲੀ ਪੀੜ੍ਹੀ ਵੀ ਖੇਤੀ ’ਚ ਦਿਲਚਸਪੀ ਗੁਆ ਬੈਠੀ ਹੈ ਜਿਸ ਵਜੋਂ ਠੇਕੇ ’ਤੇ ਜ਼ਮੀਨਾਂ ਲੈਣ ਵਾਲੇ ਕਿਸਾਨ ਵਧੇ ਹਨ।

                            ਖੇਤੀ ਮਸ਼ੀਨਰੀ ਦਾ ਅਕਾਰ ਵੱਡਾ : ਚੇਅਰਮੈਨ

ਕਿਸਾਨ ਤੇ ਖੇਤੀ ਕਾਮੇ ਕਮਿਸ਼ਨ ਦੇ ਚੇਅਰਮੈਨ ਪ੍ਰੋ. ਸੁਖਪਾਲ ਸਿੰਘ ਦਾ ਕਹਿਣਾ ਸੀ ਕਿ ਸੂਬੇ ’ਚ ਖੇਤੀ ਮਸ਼ੀਨਰੀ ਦਾ ਵੱਡਾ ਆਕਾਰ ਛੋਟੇ ਖੇਤਾਂ ’ਚ ਫਿਟ ਨਹੀਂ ਬੈਠਦਾ ਹੈ। ਛੋਟੀਆਂ ਜੋਤਾਂ ਲਈ ਟਰੈਕਟਰ ਵਾਰਾ ਨਹੀਂ ਖਾਂਦਾ। ਉਨ੍ਹਾਂ ਕਿਹਾ ਕਿ ਦੂਸਰੀ ਤਰਫ਼ ਛੋਟੇ ਕਿਸਾਨਾਂ ਦੀਆਂ ਜ਼ਮੀਨਾਂ ਵੱਡੇ ਕਿਸਾਨ ਠੇਕੇ ’ਤੇ ਲੈਂਦੇ ਹੈ ਕਿਉਂਕਿ ਵੱਡੇ ਕਿਸਾਨਾਂ ਦੀਆਂ ਬੱਝਵੀਆਂ ਲਾਗਤਾਂ ’ਚ ਕੋਈ ਵਾਧਾ ਨਹੀਂ ਹੁੰਦਾ। 

        ਠੇਕੇ ’ਤੇ ਜ਼ਮੀਨਾਂ : ਇੱਕ ਝਾਤ

ਜ਼ਿਲ੍ਹੇ ਦਾ ਨਾਮ ਠੇਕਾ ਖੇਤੀ ਵਾਲੇ ਕਿਸਾਨ

ਨਵਾਂ ਸ਼ਹਿਰ 56.12 ਫ਼ੀਸਦੀ

ਹੁਸ਼ਿਆਰਪੁਰ 50.81 ਫ਼ੀਸਦੀ

ਰੂਪਨਗਰ 50.46 ਫ਼ੀਸਦੀ

ਜਲੰਧਰ 50.19 ਫ਼ੀਸਦੀ

ਕਪੂਰਥਲਾ 48.66 ਫ਼ੀਸਦੀ

ਅੰਮ੍ਰਿਤਸਰ 48.49 ਫ਼ੀਸਦੀ

ਲੁਧਿਆਣਾ      46.51 ਫ਼ੀਸਦੀ

ਪਠਾਨਕੋਟ 45.90 ਫ਼ੀਸਦੀ

       ਵੱਧ ਖ਼ੁਦਕਾਸ਼ਤ ਵਾਲੇ ਜ਼ਿਲ੍ਹੇ

ਜ਼ਿਲ੍ਹੇ ਦਾ ਨਾਮ    ਖ਼ੁਦਕਾਸ਼ਤ ਕਿਸਾਨ

ਮੁਕਤਸਰ 44.85 ਫ਼ੀਸਦੀ

ਫ਼ਰੀਦਕੋਟ 43.60 ਫ਼ੀਸਦੀ

ਪਟਿਆਲਾ 42.47 ਫ਼ੀਸਦੀ

ਸੰਗਰੂਰ 42.07 ਫ਼ੀਸਦੀ

ਬਰਨਾਲਾ 41.63 ਫ਼ੀਸਦੀ

ਬਠਿੰਡਾ 41.40 ਫ਼ੀਸਦੀ

ਫ਼ਾਜ਼ਿਲਕਾ    41.01 ਫ਼ੀਸਦੀ

ਮਾਨਸਾ 40.00 ਫ਼ੀਸਦੀ


No comments:

Post a Comment