Saturday, November 15, 2025

 ਕਾਂਗਰਸ ਪਾਰਟੀ 
 ਖਾਲਾ ਜੀ ਦਾ ਵਾੜਾ ਨਹੀਂ ਪੰਜਾਬ..! 
ਚਰਨਜੀਤ ਭੁੱਲਰ 

ਚੰਡੀਗੜ੍ਹ : ਤਰਨ ਤਾਰਨ ਦੀ ਜ਼ਿਮਨੀ ਚੋਣ ਦਾ ਨਤੀਜਾ ਪੰਜਾਬ ਕਾਂਗਰਸ ਲਈ ਸੁਨੇਹਾ ਹੈ ਕਿ ਪੰਜਾਬ ਜਿੱਤਣਾ ਖਾਲਾ ਜੀ ਦਾ ਵਾੜਾ ਨਹੀਂ। ਪੰਜਾਬ ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ ਨੂੰ ਇਸ ਉਪ ਚੋਣ ’ਚ ਮਹਿਜ਼ 15,078 ਵੋਟ ਮਿਲੇ ਹਨ ਅਤੇ ਹਲਕੇ ’ਚ ਪਾਰਟੀ ਚੌਥੇ ਸਥਾਨ ’ਤੇ ਰਹੀ ਹੈ। ਸ਼ਾਇਦ ਪਹਿਲੀ ਵਾਰ ਕਾਂਗਰਸ ਦੀ ਜ਼ਮਾਨਤ ਜ਼ਬਤ ਹੋਈ ਹੈ। ਨੌ ਉਪ ਚੋਣਾਂ ਚੋਂ ਪਹਿਲੀ ਵਾਰ ਹੋਇਆ ਹੈ ਕਿ ਕਾਂਗਰਸ ਚੌਥੇ ਥਾਂ ’ਤੇ ਖਿਸਕ ਗਈ ਹੈ। ਤਰਨ ਤਾਰਨ ’ਚ ਕਾਂਗਰਸ ਨੂੰ ਸਿਰਫ਼ 12.81 ਫ਼ੀਸਦੀ ਵੋਟ ਮਿਲੇ ਹਨ ਜੋ ਕਿ ਹੁਣ ਤੱਕ ਹੋਈਆਂ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਚੋਂ ਸਭ ਤੋਂ ਘੱਟ ਹਨ।ਲੋਕ ਸਭਾ ਚੋਣਾਂ 2024 ’ਚ ਪੰਜਾਬ ਦੇ ਲੋਕਾਂ ਨੇ ਕਾਂਗਰਸ ਦੀ ਝੋਲੀ ਸੱਤ ਸੀਟਾਂ ਪਾਈਆਂ ਸਨ ਅਤੇ ਜ਼ਿਮਨੀ ਚੋਣ ਬਰਨਾਲਾ ’ਚ ਪਾਰਟੀ ਦਾ ਉਮੀਦਵਾਰ ਕੁਲਦੀਪ ਸਿੰਘ ਜੇਤੂ ਰਿਹਾ ਸੀ। ਡੇਰਾ ਬਾਬਾ ਨਾਨਕ ਦੀ ਉਪ ਚੋਣ ’ਚ ਕਾਂਗਰਸ ਨੂੰ ਸਭ ਤੋਂ ਵੱਧ 43.38 ਫ਼ੀਸਦੀ ਵੋਟ ਹਿੱਸੇਦਾਰੀ ਮਿਲੀ ਸੀ ਜੋ ਹੁਣ ਘੱਟ ਕੇ ਸਿਰਫ਼ 12.81 ਫ਼ੀਸਦੀ ’ਤੇ ਆ ਗਈ ਹੈ। 

         ਕਾਂਗਰਸ ਤਰਫ਼ੋਂ ਜਦੋਂ ਕਰਨਬੀਰ ਸਿੰਘ ਨੂੰ ਉਮੀਦਵਾਰ ਐਲਾਨਿਆ ਸੀ ਤਾਂ ਉਸ ਵਕਤ ਹੀ ਸੁਆਲ ਉੱਠਣ ਲੱਗ ਪਏ ਸਨ। ਕਾਂਗਰਸ ਬੱਝਵੇਂ ਰੂਪ ’ਚ ਇਸ ਹਲਕੇ ’ਚ ਆਪਣੀ ਚੋਣ ਮੁਹਿੰਮ ਭਖਾ ਹੀ ਨਹੀਂ ਸਕੀ। ਵੱਡਾ ਯੋਗਦਾਨ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਬੋਲ ਬਾਣੀ ਦਾ ਰਿਹਾ ਜੋ ਚੋਣ ਮੁਹਿੰਮ ਦੌਰਾਨ ਵਿਵਾਦਿਤ ਚਿਹਰਾ ਬਣੇ ਰਹੇ। ਪਹਿਲੇ ਬਿਆਨ ’ਚ ਉਨ੍ਹਾਂ ਖ਼ਾਲਿਸਤਾਨ ਦੀ ਚਰਚਾ ਛੇੜੀ ਅਤੇ ਉਸ ਮਗਰੋਂ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਮਾਮਲੇ ’ਤੇ ਅਪਮਾਨਜਨਕ ਟਿੱਪਣੀ ਕੀਤੀ। ਸਰਹੱਦੀ ਬੈਲਟ ’ਚ ਮਜ਼੍ਹਬੀ ਸਿੱਖ ਭਾਈਚਾਰਾ ਵੱਡੀ ਗਿਣਤੀ ਵਿੱਚ ਹੈ ਅਤੇ ਇਸ ਭਾਈਚਾਰੇ ਨੇ ਕਾਂਗਰਸ ਨਾਲੋਂ ਤਰਨ ਤਾਰਨ ’ਚ ਪਾਸਾ ਵੱਟਿਆ ਜਾਪਦਾ ਹੈ। ਕਾਂਗਰਸ ਲੀਡਰਸ਼ਿਪ ਦੇ ਸੁਰ ਨਾ ਆਪਸ ’ਚ ਮਿਲੇ ਅਤੇ ਨਾ ਹੀ ਵੋਟਰਾਂ ਨਾਲ ਤਾਲਮੇਲ ਬਣ ਸਕਿਆ।ਮਾਝੇ ਦੇ ਲੋਕਾਂ ਨੇ ਕਾਂਗਰਸ ਦੇ ਪੋਚਵੇਂ ਕੱਪੜਿਆਂ ਵਾਲੇ ਲੀਡਰਾਂ ਨੂੰ ਪਸੰਦ ਨਹੀਂ ਕੀਤਾ। ਕਾਂਗਰਸ ਪ੍ਰਧਾਨ ਰਾਜਾ ਵੜਿੰਗ ਮਾਝੇ ਦੀ ਧਰਤੀ ’ਤੇ ਆਪਣੀ ਮਲਵਈ ਪੈਂਠ ਬਿਠਾ ਨਹੀਂ ਸਕੇ। ਪਾਰਟੀ ਦੀ ਅੰਦਰੂਨੀ ਧੜੇਬੰਦੀ ਵੀ ਜ਼ਿੰਮੇਵਾਰ ਰਹੀ।

        ਅੰਦਰਲੇ ਸੂਤਰ ਦੱਸਦੇ ਹਨ ਕਿ ਕਾਂਗਰਸ ਨੇਤਾਵਾਂ ਨੇ ਚੋਣ ਪ੍ਰਚਾਰ ਦੌਰਾਨ ਖਰਚਾ ਕਰਨ ’ਚ ਵੀ ਕੰਜੂਸੀ ਵਰਤੀ। ਠੀਕ ਉਮੀਦਵਾਰ ਦੀ ਚੋਣ ਦੀ ਕਮੀ ਮਗਰੋਂ ਕਾਂਗਰਸ ਕਿਸੇ ਵੀ ਪੜਾਅ ’ਤੇ ਚੋਣ ਪ੍ਰਚਾਰ ’ਚ ਲੋਕਾਂ ਅੱਗੇ ਜੇਤੂ ਪ੍ਰਭਾਵ ਸਿਰਜ ਹੀ ਨਹੀਂ ਸਕੀ। ਪਿਛਲੇ ਸਮੇਂ ਤੋਂ ਕਾਂਗਰਸ ਲੀਡਰਸ਼ਿਪ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਸੱਤਾ ਹਾਸਲ ਕਰਨ ਨੂੰ ਯਕੀਨੀ ਮੰਨ ਕੇ ਚੱਲ ਰਹੀ ਹੈ ਪ੍ਰੰਤੂ ਪਾਰਟੀ ਅੰਦਰ ਮੁੱਖ ਮੰਤਰੀ ਦੇ ਦਾਅਵੇਦਾਰ ਚਿਹਰੇ ਹੀ ਕਿੰਨੇ ਹਨ ਅਤੇ ਹਰ ਕੋਈ ਇੱਕ ਦੂਜੇ ਨੂੰ ਠਿੱਬੀ ਲਾਉਣ ਦੀ ਤਾਕ ਵਿੱਚ ਰਹਿੰਦਾ ਹੈ। ਇੱਕ ਸਮਾਂ ਉਹ ਵੀ ਸੀ ਜਦੋਂ ਆਮ ਲੋਕਾਂ ਨੇ ਸਿਆਸੀ ਟੇਵੇ ਲਾਉਣੇ ਸ਼ੁਰੂ ਕਰਕੇ ਕਾਂਗਰਸ ਵੱਲ ਦੇਖਣਾ ਸ਼ੁਰੂ ਕਰ ਦਿੱਤਾ ਸੀ ਪ੍ਰੰਤੂ ਕਾਂਗਰਸ ਲੀਡਰਾਂ ਦਾ ਆਪਸੀ ਕਾਟੋ ਕਲੇਸ਼ ਹੀ ਆਮ ਲੋਕਾਂ ਨੂੰ ਨਿਰਾਸ਼ ਕਰਨ ਵਾਲਾ ਹੈ। ਕੱਦਾਵਰ ਅਤੇ ਭਰੋਸੇ ਵਾਲੇ ਨੇਤਾ ਦੀ ਕਮੀ ਸਿੱਧੇ ਰੂਪ ’ਚ ਕਾਂਗਰਸ ’ਚ ਰੜਕ ਰਹੀ ਹੈ। 

         ਪੰਜਾਬ ’ਚ ਵਿਰੋਧੀ ਧਿਰ ਵਾਲੀ ਸਾਰਥਿਕ ਭੂਮਿਕਾ ਵੀ ਕਾਂਗਰਸ ਨਿਭਾਉਣ ਵਿਚ ਅਸਫਲ ਰਹੀ ਹੈ। ਏਨੇ ਲੋਕ ਮੁੱਦਿਆਂ ਦੀ ਮੌਜੂਦਗੀ ’ਚ ਕਾਂਗਰਸ ਪਾਰਟੀ ਜਨਤਿਕ ਪੱਧਰ ’ਤੇ ਕੋਈ ਮੁਹਿੰਮ ਖੜ੍ਹੀ ਨਹੀਂ ਕਰ ਸਕੀ ।ਕਾਂਗਰਸੀ ਲੀਡਰਾਂ ਨੇ ਆਪਣੇ ਆਪ ਨੂੰ ਪ੍ਰੈੱਸ ਕਾਨਫ਼ਰੰਸਾਂ ਅਤੇ ਸੋਸ਼ਲ ਮੀਡੀਆ ’ਤੇ ਬਿਆਨ ਜਾਰੀ ਕਰਨ ’ਚ ਸੀਮਿਤ ਕਰੀ ਰੱਖਿਆ ਹੈ ਅਤੇ ਹਕੂਮਤਾਂ ’ਚ ਪਿਸ ਰਹੇ ਲੋਕਾਂ ਦੀ ਆਵਾਜ਼ ਬਣਨ ਲਈ ਕਾਂਗਰਸੀ ਸੜਕਾਂ ’ਤੇ ਉੱਤਰਨ ਤੋਂ ਗੁਰੇਜ਼ ਕਰਦੇ ਰਹੇ। ਕਾਂਗਰਸ ਹਾਈਕਮਾਨ ਨੇ ਕਦੇ ਵੀ ਪੰਜਾਬ ਕਾਂਗਰਸ ਦੀ ਅਨੁਸ਼ਾਸਨਹੀਣਤਾ ਨੂੰ ਸੰਜੀਦਗੀ ਨਾਲ ਨਹੀਂ ਲਿਆ ਅਤੇ ਕਾਂਗਰਸ ਵਿਚਲੇ ਕਾਟੋ ਕਲੇਸ਼ ਨੂੰ ਖ਼ਤਮ ਕਰਨ ਲਈ ਕੋਈ ਕਦਮ ਨਹੀਂ ਉਠਾਏ ਜਿਸ ਦਾ ਨਤੀਜਾ ਹੁਣ ਸਾਹਮਣੇ ਹੈ।

ਜ਼ਿਮਨੀ ਚੋਣਾਂ ’ਚ ਕਾਂਗਰਸ ਦਾ ਵੋਟ ਸ਼ੇਅਰ

ਤਰਨ ਤਾਰਨ                12.81 ਫ਼ੀਸਦੀ

ਲੁਧਿਆਣਾ ਪੱਛਮੀ        27.22 ਫ਼ੀਸਦੀ

ਜਲੰਧਰ ਪੱਛਮੀ             17.84 ਫ਼ੀਸਦੀ

ਡੇਰਾ ਬਾਬਾ ਨਾਨਕ        43.38 ਫ਼ੀਸਦੀ

ਚੱਬੇਵਾਲ                     27.46 ਫ਼ੀਸਦੀ

ਬਰਨਾਲਾ                    28.41 ਫ਼ੀਸਦੀ

ਗਿੱਦੜਬਾਹਾ                36.40 ਫ਼ੀਸਦੀ

ਸੰਗਰੂਰ ਲੋਕ ਸਭਾ        11.20 ਫ਼ੀਸਦੀ

ਜਲੰਧਰ ਲੋਕ ਸਭਾ        27.44 ਫ਼ੀਸਦੀ

No comments:

Post a Comment