Friday, November 14, 2025

 ਮਾਣ ਭੱਤਾ 
 ਮਾਲ ਮਾਲਕਾਂ ਦਾ, ਮਸ਼ਹੂਰੀ ਕੰਪਨੀ ਦੀ..! 
ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਰਪੰਚਾਂ ਦੇ ਮਾਣ ਭੱਤੇ ’ਚ ਵਾਧਾ ਕਰ ਕੇ ਸਿਆਸੀ ਭੱਲ ਤਾਂ ਖੱਟ ਲਈ ਪਰ ਸਰਕਾਰੀ ਖ਼ਜ਼ਾਨੇ ’ਚ ਮਾਣ ਭੱਤਾ ਦੇਣ ਲਈ ਪੈਸੇ ਨਹੀਂ ਹਨ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਸਰਪੰਚਾਂ ਨੂੰ ਮਾਣ ਭੱਤਾ ਪੰਚਾਇਤੀ ਆਮਦਨ ’ਚੋਂ ਦੇਣ ਲਈ ਕਿਹਾ ਹੈ। ਪੰਜਾਬ ’ਚ 5228 ਗਰਾਮ ਪੰਚਾਇਤਾਂ ਕੋਲ ਆਮਦਨ ਦਾ ਕੋਈ ਪੱਕਾ ਸਾਧਨ ਨਹੀਂ ਹੈ। ਮਾਮਲਾ ਹਾਈ ਕੋਰਟ ’ਚ ਹੋਣ ਕਰ ਕੇ ਪੰਜਾਬ ਸਰਕਾਰ ਨੇ ਆਮਦਨ ਤੋਂ ਵਿਹੂਣੀਆਂ ਪੰਚਾਇਤਾਂ ਦੇ ਸਰਪੰਚਾਂ ਨੂੰ ਬਲਾਕ ਸਮਿਤੀਆਂ ਦੇ ਫੰਡਾਂ ’ਚੋਂ ਮਾਣ ਭੱਤਾ ਦੇਣ ਲਈ ਆਖ ਦਿੱਤਾ ਹੈ। ਪੰਜਾਬ ’ਚ ਇਸ ਵੇਲੇ ਕੁੱਲ 13238 ਗਰਾਮ ਪੰਚਾਇਤਾਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਚਾਇਤ ਦਿਵਸ ਮੌਕੇ 24 ਅਪਰੈਲ ਨੂੰ ਸਰਪੰਚਾਂ ਦਾ ਮਾਣ ਭੱਤਾ 1200 ਤੋਂ ਵਧਾ ਕੇ ਦੋ ਹਜ਼ਾਰ ਰੁਪਏ ਕਰਨ ਦਾ ਐਲਾਨ ਕੀਤਾ ਸੀ। ਪੰਚਾਇਤਾਂ ਨੂੰ ਹੁਣ ਪਤਾ ਲੱਗਿਆ ਹੈ ਕਿ ਇਹ ਵਧਿਆ ਮਾਣ ਭੱਤਾ ਵੀ ਉਨ੍ਹਾਂ (ਪੰਚਾਇਤਾਂ) ਦੀ ਆਮਦਨ ’ਚੋਂ ਹੀ ਦਿੱਤਾ ਜਾਣਾ ਹੈ। 

        ਸਾਬਕਾ ਸਰਪੰਚਾਂ ਦਾ ਸਾਲ 2013 ਤੋਂ 2023 ਤੱਕ ਦਾ ਮਾਣ ਭੱਤਾ ਬਕਾਇਆ ਹੈ ਜਿਸ ਦੀ ਵਸੂਲੀ ਲਈ ਕਈ ਹਾਈ ਕੋਰਟ ਵੀ ਚਲੇ ਗਏ ਸਨ। ਵੇਰਵਿਆਂ ਅਨੁਸਾਰ ਸਰਪੰਚਾਂ ਨੂੰ ਮਾਣ ਭੱਤਾ ਦੇਣ ਲਈ ਸਾਲਾਨਾ 31.77 ਕਰੋੜ ਰੁਪਏ ਦੇ ਫੰਡ ਲੋੜੀਂਦੇ ਹਨ। ਜਿਨ੍ਹਾਂ ਪੰਚਾਇਤਾਂ ਕੋਲ ਆਮਦਨੀ ਦੇ ਸਾਧਨ ਹਨ, ਉਨ੍ਹਾਂ ਮਾਣ ਭੱਤੇ ਦਾ ਬਕਾਇਆ ਵੀ ਤਾਰਨਾ ਸ਼ੁਰੂ ਕਰ ਦਿੱਤਾ ਹੈ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਵਿੱਤ ਵਿਭਾਗ ਤੋਂ ਬਕਾਏ ਤਾਰਨ ਲਈ 76 ਕਰੋੜ ਦੇ ਫੰਡ ਮੰਗੇ ਹਨ। ਨਿਯਮਾਂ ਅਨੁਸਾਰ ਪੰਚਾਇਤੀ ਆਮਦਨ ’ਚੋਂ ਕਰੀਬ 30 ਫ਼ੀਸਦੀ ਹਿੱਸਾ ਪਹਿਲਾਂ ਹੀ ਬਲਾਕ ਸਮਿਤੀਆਂ ਕੋਲ ਚਲਾ ਜਾਂਦਾ ਹੈ। ਮਾਣ ਭੱਤੇ ਦੀ ਅਦਾਇਗੀ ਕਰਨ ਨਾਲ ਪੰਚਾਇਤੀ ਆਮਦਨ ਨੂੰ ਹੋਰ ਸੱਟ ਵੱਜੇਗੀ। ਹਲਕਾ ਲੰਬੀ ’ਚ ਗਰਾਮ ਪੰਚਾਇਤਾਂ ਕੋਲ ਆਮਦਨ ਦੇ ਸਾਧਨ ਨਾ ਹੋਣ ਕਰ ਕੇ ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ’ਚੋਂ ਮਾਣ ਭੱਤਾ ਦਿੱਤਾ ਜਾਣਾ ਸੀ ਪਰ ਇਨ੍ਹਾਂ ਅਦਾਰਿਆਂ ਕੋਲ ਵੀ ਫੰਡਾਂ ਦੀ ਘਾਟ ਹੈ।

         ਹਲਕੇ ਦੇ ਸਰਪੰਚਾਂ ਦੇ ਮਾਣ ਭੱਤੇ ਲਈ 38 ਲੱਖ ਰੁਪਏ ਸਰਕਾਰ ਤੋਂ ਮੰਗੇ ਗਏ ਹਨ। ਇਕੱਲੇ ਜ਼ਿਲ੍ਹਾ ਮੁਕਤਸਰ ਦੇ ਸਰਪੰਚਾਂ ਦੇ ਮਾਣ ਭੱਤੇ ਦੇ ਬਕਾਏ ਤਾਰਨ ਲਈ ਕਰੀਬ 67 ਕਰੋੜ ਦੇ ਫੰਡ ਲੋੜੀਂਦੇ ਹਨ। ਇਸੇ ਤਰ੍ਹਾਂ, ਹੁਸ਼ਿਆਰਪੁਰ ਜ਼ਿਲ੍ਹੇ ਦੀਆਂ 920 ਪੰਚਾਇਤਾਂ ਵਾਸਤੇ 12.13 ਕਰੋੜ ਰੁਪਏ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ’ਚ 353 ਪੰਚਾਇਤਾਂ ਨੂੰ 30.80 ਕਰੋੜ ਦੇ ਫੰਡ ਲੋੜੀਂਦੇ ਹਨ। ਕਈ ਸਰਪੰਚਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਮਾਣ ਭੱਤੇ ਲਈ ਬਕਾਇਦਾ ਬਜਟ ਦਿੱਤਾ ਜਾਣਾ ਚਾਹੀਦਾ ਹੈ ਅਤੇ ਇਹ ਭਾਰ ਪੰਚਾਇਤਾਂ ’ਤੇ ਨਹੀਂ ਪੈਣਾ ਚਾਹੀਦਾ।

                                          ਨਾ ਮਾਣ ਮਿਲਿਆ ਤੇ ਨਾ ਭੱਤਾ

ਪੰਜਾਬ ’ਚ ਸਰਪੰਚਾਂ ਨੂੰ 12 ਅਕਤੂਬਰ 2006 ਨੂੰ ਮਾਣ ਭੱਤਾ ਦੇਣ ਦੀ ਸ਼ੁਰੂਆਤ ਕੀਤੀ ਗਈ ਸੀ। ਪਹਿਲਾਂ ਸਰਪੰਚਾਂ ਨੂੰ ਹਰ ਮਹੀਨੇ 600 ਰੁਪਏ ਮਾਣ ਭੱਤਾ ਦੇਣਾ ਸ਼ੁਰੂ ਕੀਤਾ ਗਿਆ ਸੀ। 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਨੇ 2 ਨਵੰਬਰ 2011 ਨੂੰ ਮਾਣ ਭੱਤਾ ਵਧਾ ਕੇ 1200 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਸੀ। ਮੌਜੂਦਾ ਸਰਕਾਰ ਨੇ ਲੰਘੀ 24 ਅਪਰੈਲ ਤੋਂ ਇਹ ਮਾਣ ਭੱਤਾ ਵਧਾ ਕੇ ਦੋ ਹਜ਼ਾਰ ਰੁਪਏ ਕਰ ਦਿੱਤਾ ਸੀ; ਹਾਲਾਂਕਿ, 2012-13 ਤੋਂ 2018-2019 ਤੱਕ ਅਤੇ 2019 ਤੋਂ ਸਾਲ 2024 ਤੱਕ ਵਿੱਤ ਵਿਭਾਗ ਵੱਲੋਂ ਬਜਟ ਅਲਾਟ ਨਾ ਕਰਨ ਕਰ ਕੇ ਸਰਪੰਚਾਂ ਦੇ ਮਾਣ ਭੱਤੇ ਦੇ ਕਰੀਬ 160 ਕਰੋੜ ਰੁਪਏ ਫਸ ਗਏ।

                 ਜਿਨ੍ਹਾਂ ਪੰਚਾਇਤਾਂ ਦੀ ਆਮਦਨੀ ਜ਼ੀਰੋ ਹੈ

ਜ਼ਿਲ੍ਹੇ ਦਾ ਨਾਮ          ਕੁੱਲ ਪੰਚਾਇਤਾਂ        ਵਸੀਲਾ ਰਹਿਤ ਪੰਚਾਇਤਾਂ

ਹੁਸ਼ਿਆਰਪੁਰ                1405                          920

ਫ਼ਿਰੋਜ਼ਪੁਰ                     835                           353

ਜਲੰਧਰ                        890                          531

ਪਟਿਆਲਾ                    988                          380

No comments:

Post a Comment