ਸਿਆਸੀ ਖੱਟੀ ਇਨ੍ਹਾਂ ਬੀਬੀਆਂ ਨੂੰ ਦੋ-ਦੋ ਪੈਨਸ਼ਨਾਂ..! ਚਰਨਜੀਤ ਭੁੱਲਰ
ਚੰਡੀਗੜ੍ਹ: ਜਦੋਂ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਹੁਣ ਪੈਨਸ਼ਨ ਸਕੀਮ ਦੇ ਬੂਹੇ ਬੰਦ ਹਨ ਤਾਂ ਉਸ ਵਕਤ ਦਰਜਨਾਂ ਸਾਬਕਾ ਵਿਧਾਇਕ ਬੀਬੀਆਂ ਨੂੰ ‘ਡਬਲ ਪੈਨਸ਼ਨ’ ਵੀ ਮਿਲ ਰਹੀ ਹੈ। ਹਾਲਾਂਕਿ ਇਨ੍ਹਾਂ ਸਾਬਕਾ ਮਹਿਲਾ ਵਿਧਾਇਕਾਂ ਕੋਲ ਕਰੋੜਾਂ ਰੁਪਏ ਦੀ ਜਾਇਦਾਦ ਦੀ ਮਾਲਕੀ ਵੀ ਹੈ। ਪੰਜਾਬ ਵਿਧਾਨ ਸਭਾ ਸਕੱਤਰੇਤ ਦੇ ਨਿਯਮਾਂ ਅਨੁਸਾਰ ਸਾਬਕਾ ਮਹਿਲਾ ਵਿਧਾਇਕ ਆਪਣੀ ਪੈਨਸ਼ਨ ਦੇ ਨਾਲ ਨਾਲ ਫੈਮਲੀ ਪੈਨਸ਼ਨ ਦਾ ਵੀ ਹੱਕ ਰੱਖਦੀਆਂ ਹਨ। ਪੰਜਾਬ ਸਰਕਾਰ ਨੇ ਸਾਲ 2004 ਤੋਂ ਸਰਕਾਰੀ ਮੁਲਾਜ਼ਮਾਂ ਲਈ ਪੈਨਸ਼ਨ ਸਕੀਮ ਬੰਦ ਕੀਤੀ ਹੋਈ ਹੈ ਜਿਸ ਕਰਕੇ ਮੁਲਾਜ਼ਮਾਂ ਦੀ ਮੰਗ ਕਿਸੇ ਤਣ ਪੱਤਣ ਨਹੀਂ ਲੱਗ ਰਹੀ ਹੈ। ਨਿਯਮਾਂ ਅਨੁਸਾਰ ਜਦੋਂ ਕਿਸੇ ਸਾਬਕਾ ਵਿਧਾਇਕ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਜੀਵਨ ਸਾਥਣ ਨੂੰ ਪਤੀ ਦੀ ਨਿਸ਼ਚਿਤ ਪੈਨਸ਼ਨ ਦਾ ਪੰਜਾਹ ਫ਼ੀਸਦੀ ਬਤੌਰ ਫੈਮਲੀ ਪੈਨਸ਼ਨ ਮਿਲਣਾ ਸ਼ੁਰੂ ਹੋ ਜਾਂਦਾ ਹੈ। ਸਾਬਕਾ ਕਾਂਗਰਸੀ ਵਿਧਾਇਕ ਬੀਬੀ ਕਰਨ ਕੌਰ ਬਰਾੜ ਇਸ ਵੇਲੇ ਡਬਲ ਪੈਨਸ਼ਨ ਲੈ ਰਹੇ ਹਨ।
ਕਰਨ ਬਰਾੜ ਨੂੰ ਬਤੌਰ ਸਾਬਕਾ ਵਿਧਾਇਕ ਕਰੀਬ 85 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲਦੀ ਹੈ ਜਦੋਂ ਕਿ ਉਨ੍ਹਾਂ ਦੇ ਸਾਬਕਾ ਵਿਧਾਇਕ ਪਤੀ ਕੰਵਰਜੀਤ ਸਿੰਘ ਬਰਾੜ ਦੀ ਮੌਤ ਮਗਰੋਂ ਫੈਮਲੀ ਪੈਨਸ਼ਨ ਵਜੋਂ ਕਰੀਬ 42 ਹਜ਼ਾਰ ਰੁਪਏ ਪ੍ਰਤੀ ਮਹੀਨਾ ਵੱਖਰੇ ਮਿਲ ਰਹੇ ਹਨ। ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਜਦੋਂ ਇਸ ਦੁਨੀਆ ’ਚ ਨਹੀਂ ਰਹੇ ਤਾਂ ਉਨ੍ਹਾਂ ਦੀ ਪੈਨਸ਼ਨ ਦਾ ਪੰਜਾਹ ਫ਼ੀਸਦੀ ਬਤੌਰ ਫੈਮਲੀ ਪੈਨਸ਼ਨ ਉਨ੍ਹਾਂ ਦੀ ਜੀਵਨ ਸਾਥਣ ਸੁਰਜੀਤ ਕੌਰ ਨੂੰ ਮਿਲਣਾ ਸ਼ੁਰੂ ਹੋ ਗਿਆ। ਸੁਰਜੀਤ ਕੌਰ ਖ਼ੁਦ ਵੀ ਸਾਬਕਾ ਵਿਧਾਇਕ ਹਨ ਜਿਨ੍ਹਾਂ ਨੂੰ ਆਪਣੀ ਪੈਨਸ਼ਨ ਵੀ ਮਿਲ ਰਹੀ ਹੈ। ਸਾਬਕਾ ਸਪੀਕਰ ਮਰਹੂਮ ਕੇਵਲ ਕ੍ਰਿਸ਼ਨ ਦਾ ਲੜਕਾ ਰਜਨੀਸ਼ ਬੱਬੀ ਕਾਂਗਰਸੀ ਟਿਕਟ ’ਤੇ ਵਿਧਾਇਕ ਬਣਿਆ। ਜਦੋਂ ਰਜਨੀਸ਼ ਬੱਬੀ ਦੀ ਮੌਤ ਹੋ ਗਈ ਤਾਂ ਬੱਬੀ ਦੀ ਜੀਵਨ ਸਾਥਣ ਇੰਦੂ ਬਾਲਾ ਜ਼ਿਮਨੀ ਚੋਣ ਜਿੱਤ ਕੇ ਵਿਧਾਇਕ ਬਣੀ ਸਾਬਕਾ ਵਿਧਾਇਕ ਇੰਦੂ ਬਾਲਾ ਨੂੰ ਹੁਣ ਆਪਣੀ ਪੈਨਸ਼ਨ ਵੀ ਮਿਲ ਰਹੀ ਹੈ ਅਤੇ ਪਤੀ ਦੀ ਪੈਨਸ਼ਨ ਦਾ ਪੰਜਾਹ ਫ਼ੀਸਦੀ ਬਤੌਰ ਫੈਮਲੀ ਪੈਨਸ਼ਨ ਮਿਲ ਰਿਹਾ ਹੈ।
ਸਾਬਕਾ ਵਿਧਾਇਕਾ ਇੰਦੂ ਬਾਲਾ ਦਾ ਕਹਿਣਾ ਸੀ ਕਿ ਫੈਮਲੀ ਪੈਨਸ਼ਨ ਤਾਂ ਮਾਮੂਲੀ ਮਿਲ ਰਹੀ ਹੈ ਅਤੇ ਪੈਨਸ਼ਨ ਬਾਰੇ ਸਰਕਾਰ ਕੋਈ ਵੀ ਫ਼ੈਸਲਾ ਲੈਂਦੀ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ।‘ਆਪ’ ਸਰਕਾਰ ਨੇ 11 ਅਗਸਤ 2022 ਨੂੰ ‘ਇੱਕ ਵਿਧਾਇਕ-ਇੱਕ ਪੈਨਸ਼ਨ’ ਦਾ ਵਿਧਾਨ ਬਣਾ ਦਿੱਤਾ ਸੀ ਪ੍ਰੰਤੂ ਫੈਮਲੀ ਪੈਨਸ਼ਨ ਬਾਰੇ ਇਹ ਵਿਧਾਨ ਖ਼ਾਮੋਸ਼ ਹੈ। ਇਸੇ ਤਰ੍ਹਾਂ ਸੁਖਜੀਤ ਕੌਰ ਸ਼ਾਹੀ 11 ਜੁਲਾਈ 2012 ਨੂੰ ਜ਼ਿਮਨੀ ਚੋਣ ਜਿੱਤ ਕੇ ਵਿਧਾਇਕ ਬਣੇ। ਪਹਿਲਾਂ ਉਨ੍ਹਾਂ ਦੇ ਪਤੀ ਅਮਰਜੀਤ ਸਿੰਘ ਸ਼ਾਹੀ ਵਿਧਾਇਕ ਸਨ ਜਿਨ੍ਹਾਂ ਦੀ ਮੌਤ ਮਗਰੋਂ ਇਹ ਜ਼ਿਮਨੀ ਚੋਣ ਹੋਈ ਸੀ। ਹੁਣ ਸੁਖਜੀਤ ਕੌਰ ਸ਼ਾਹੀ ਨੂੰ ਆਪਣੀ ਪੈਨਸ਼ਨ ਕਰੀਬ 85 ਹਜ਼ਾਰ ਰੁਪਏ ਅਤੇ ਪਤੀ ਦੀ ਪੈਨਸ਼ਨ ਚੋਂ ਅੱਧੀ ਬਤੌਰ ਫੈਮਲੀ ਪੈਨਸ਼ਨ ਕਰੀਬ 42 ਹਜ਼ਾਰ ਰੁਪਏ ਮਿਲ ਰਹੇ ਹਨ। ਇਹ ਜੋੜਾ ਹਲਕਾ ਦਸੂਹਾ ਤੋਂ ਵਿਧਾਇਕ ਰਿਹਾ ਹੈ। ਸਾਬਕਾ ਵਿਧਾਇਕ ਰਾਜਵਿੰਦਰ ਕੌਰ ਭੁੱਲਰ ਨੂੰ ਵੀ ਡਬਲ ਪੈਨਸ਼ਨ ਮਿਲ ਰਹੀ ਹੈ।
ਉਨ੍ਹਾਂ ਦੇ ਵਿਧਾਇਕ ਪਤੀ ਗੁਰਦੀਪ ਸਿੰਘ ਭੁੱਲਰ ਦੀ ਦਸੰਬਰ 2008 ’ਚ ਮੌਤ ਹੋ ਗਈ ਸੀ ਅਤੇ ਉਸ ਮਗਰੋਂ ਹੀ ਰਾਜਵਿੰਦਰ ਕੌਰ ਭੁੱਲਰ ਜ਼ਿਮਨੀ ਚੋਣ ਜਿੱਤ ਕੇ ਵਿਧਾਇਕ ਬਣੀ ਸੀ। ਨਵਾਂ ਸ਼ਹਿਰ ਤੋਂ ਗੁਰਇਕਬਾਲ ਕੌਰ 2012 ਤੋਂ ਬਤੌਰ ਕਾਂਗਰਸੀ ਉਮੀਦਵਾਰ ਚੋਣ ਜਿੱਤੇ ਸਨ। ਉਸ ਤੋਂ ਪਹਿਲਾਂ ਉਨ੍ਹਾਂ ਦਾ ਪਤੀ ਪ੍ਰਕਾਸ਼ ਸਿੰਘ ਵਿਧਾਇਕ ਸਨ ਜਿਨ੍ਹਾਂ ਦੀ 2010 ’ਚ ਮੌਤ ਹੋ ਗਈ ਸੀ। ਇਹ ਸਾਬਕਾ ਵਿਧਾਇਕਾ ਖ਼ੁਦ ਆਪਣੀ ਅਤੇ ਪਤੀ ਦੇ ਹਿੱਸੇ ਵਾਲੀ ਫੈਮਲੀ ਪੈਨਸ਼ਨ ਵੀ ਲੈ ਰਹੀ ਹੈ। ਫ਼ਰੀਦਕੋਟ ਤੋਂ ਵਿਧਾਇਕ ਰਹੀ ਚੁੱਕੀ ਜਗਦੀਸ਼ ਕੌਰ ਢਿੱਲੋਂ ਨੂੰ ਵੀ ਡਬਲ ਪੈਨਸ਼ਨ ਮਿਲ ਰਹੀ ਹੈ। ਪਹਿਲਾਂ ਉਨ੍ਹਾਂ ਦੇ ਪਤੀ ਜਸਮਤ ਸਿੰਘ ਢਿੱਲੋਂ ਵਿਧਾਇਕ ਸਨ ਜਿਨ੍ਹਾਂ ਦੀ ਮੌਤ ਮਗਰੋਂ ਜਗਦੀਸ਼ ਕੌਰ ਢਿੱਲੋਂ 1982 ’ਚ ਜ਼ਿਮਨੀ ਚੋਣ ਜਿੱਤੇ ਸਨ। ਸਾਬਕਾ ਵਿਧਾਇਕੀ ਵਾਲੀ ਪੈਨਸ਼ਨ ਅਤੇ ਫੈਮਲੀ ਪੈਨਸ਼ਨ ਉਨ੍ਹਾਂ ਨੂੰ ਇਸ ਵੇਲੇ ਮਿਲ ਰਹੀ ਹੈ। ਹਲਕਾ ਘਨੌਰ ਤੋਂ ਹਰਪ੍ਰੀਤ ਕੌਰ ਮੁਖਮੈਲਪੁਰ ਵਿਧਾਇਕ ਬਣੇ ਸਨ ਅਤੇ ਪਹਿਲਾਂ ਉਨ੍ਹਾਂ ਦੇ ਪਤੀ ਅਜੈਬ ਸਿੰਘ ਮੁਖਮੈਲਪੁਰ ਵਿਧਾਇਕ ਸਨ। ਹਰਪ੍ਰੀਤ ਕੌਰ ਵੀ ਡਬਲ ਪੈਨਸ਼ਨ ਵਜੋਂ ਕਰੀਬ ਸਵਾ ਲੱਖ ਤੋਂ ਪ੍ਰਤੀ ਮਹੀਨਾ ਤੋਂ ਜ਼ਿਆਦਾ ਲੈ ਰਹੇ ਹਨ।
ਸੰਤੋਸ਼ ਚੌਧਰੀ ਖ਼ੁਦ ਸੰਸਦ ਮੈਂਬਰ ਰਹੇ ਹਨ ਅਤੇ ਉਨ੍ਹਾਂ ਦੇ ਪਤੀ ਰਾਮ ਲੁਬਾਇਆ ਵਿਧਾਇਕ ਰਹੇ ਹਨ ਜੋ ਹੁਣ ਇਸ ਦੁਨੀਆ ’ਚ ਨਹੀਂ ਰਹੇ। ਹੁਣ ਸੰਤੋਸ਼ ਚੌਧਰੀ ਨੂੰ ਬਤੌਰ ਸਾਬਕਾ ਸੰਸਦ ਮੈਂਬਰ ਪੈਨਸ਼ਨ ਵੀ ਮਿਲ ਰਹੀ ਹੈ ਅਤੇ ਵਿਧਾਇਕ ਪਤੀ ਵਾਲੀ ਪੈਨਸ਼ਨ ਵੀ ਫੈਮਲੀ ਪੈਨਸ਼ਨ ਵਜੋਂ ਮਿਲ ਰਹੀ ਹੈ। ਇਸ ਤਰ੍ਹਾਂ ਦੇ ਹੋਰ ਮਾਮਲੇ ਵੀ ਹਨ। ਸਾਬਕਾ ਵਿਧਾਇਕਾਂ ਨੂੰ ਇਹ ਡਬਲ ਪੈਨਸ਼ਨਾਂ ਨਿਯਮਾਂ ਤਹਿਤ ਹੀ ਮਿਲ ਰਹੀਆਂ ਹਨ ਪ੍ਰੰਤੂ ਮੁਲਾਜ਼ਮ ਵਰਗ ਆਖਦਾ ਹੈ ਕਿ ਉਨ੍ਹਾਂ ਨੂੰ ਪੈਨਸ਼ਨ ਦੇ ਹੱਕ ਤੋਂ ਕਿਉਂ ਵਿਰਵੇ ਰੱਖਿਆ ਜਾ ਰਿਹਾ ਹੈ। ਵਿਧਾਨ ਸਭਾ ਸਕੱਤਰੇਤ ਅਨੁਸਾਰ ਇਸ ਵੇਲੇ ਕਰੀਬ ਫੈਮਲੀ ਪੈਨਸ਼ਨ ਦੇ ਕਰੀਬ 195 ਲਾਭਪਾਤਰੀ ਹਨ।
ਵਿਧਾਇਕਾਂ ਲਈ ਪੈਨਸ਼ਨ ਦਾ ਵਿਧਾਨ
‘ਪੰਜਾਬ ਸਟੇਟ ਲੈਜਿਸਲੈਟਿਵ ਮੈਂਬਰਜ਼ (ਪੈਨਸ਼ਨਜ਼ ਐਂਡ ਮੈਡੀਕਲ ਫੈਸਿਲਟੀਜ਼ ਰੈਗੂਲੇਸ਼ਨ) ਸੋਧ ਐਕਟ 2022 ਦੀ ਧਾਰਾ 2(1) ਅਨੁਸਾਰ ਸਾਬਕਾ ਵਿਧਾਇਕ ਨੂੰ 11 ਅਗਸਤ 2022 ਤੋਂ 60 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਅਤੇ ਡੀਏ ਮਿਲਦਾ ਹੈ। ਇਸ ਤੋਂ ਇਲਾਵਾ 65 ਸਾਲ ਦੀ ਉਮਰ ’ਤੇ ਪੰਜ ਫ਼ੀਸਦੀ, 75 ਸਾਲ ਦੀ ਉਮਰ ’ਤੇ 10 ਫ਼ੀਸਦੀ ਅਤੇ 80 ਸਾਲ ਦੀ ਉਮਰ ’ਤੇ 15 ਫ਼ੀਸਦੀ ਪੈਨਸ਼ਨ ’ਚ ਵਾਧਾ ਹੁੰਦਾ ਹੈ। ਕਰੀਬ 85 ਹਜ਼ਾਰ ਤੋਂ 95 ਹਜ਼ਾਰ ਰੁਪਏ ਤੱਕ ਪੈਨਸ਼ਨ ਪ੍ਰਤੀ ਮਹੀਨਾ ਬਣ ਜਾਂਦੀ ਹੈ। ਇਸ ਪੈਨਸ਼ਨ ਦਾ ਪੰਜਾਹ ਫ਼ੀਸਦੀ ਬਤੌਰ ਫੈਮਲੀ ਪੈਨਸ਼ਨ ਮਿਲਦਾ ਹੈ।
ਕੀ ਆਖਦੇ ਨੇ ਸਾਬਕਾ ਵਿਧਾਇਕ
ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਹ ਪੈਨਸ਼ਨਾਂ ਕਾਨੂੰਨ ਮੁਤਾਬਿਕ ਹੀ ਮਿਲ ਰਹੀਆਂ ਹਨ ਅਤੇ ਨਿਯਮਾਂ ’ਚ ਹੀ ਇਸ ਦੀ ਵਿਵਸਥਾ ਹੈ। ਉਨ੍ਹਾਂ ਕਿਹਾ ਕਿ ਪੈਨਸ਼ਨਾਂ ਕਿਸੇ ਦੇ ਮੰਗਣ ’ਤੇ ਨਹੀਂ ਬਲਕਿ ਕਾਨੂੰਨ ਤਹਿਤ ਮਿਲ ਰਹੀਆਂ ਹਨ। ਸਾਬਕਾ ਵਿਧਾਇਕਾ ਹਰਪ੍ਰੀਤ ਕੌਰ ਮੁਖਮੈਲਪੁਰ ਦਾ ਕਹਿਣਾ ਸੀ ਕਿ ਉਸ ਨੂੰ ਸਾਬਕਾ ਵਿਧਾਇਕ ਵਾਲੀ ਪੈਨਸ਼ਨ ਤਾਂ ਪਹਿਲਾਂ ਤੋਂ ਮਿਲ ਰਹੀ ਹੈ ਜਦੋਂ ਕਿ ਪਹਿਲੀ ਫੈਮਲੀ ਪੈਨਸ਼ਨ ਹੁਣ ਮਿਲੀ ਹੈ। ਉਨ੍ਹਾਂ ਕਿਹਾ ਕਿ ਅਗਰ ਇਹ ਪੈਨਸ਼ਨ ਨਹੀਂ ਵੀ ਮਿਲੇਗੀ ਤਾਂ ਵੀ ਕੋਈ ਇਤਰਾਜ਼ ਨਹੀਂ ਹੈ।
ਪੰਜਾਬ ’ਚ ਡਬਲ ਪੈਨਸ਼ਨ ਦੇ ਲਾਭਪਾਤਰੀ
1. ਇੰਦੂ ਬਾਲਾ ਹਲਕਾ ਮੁਕੇਰੀਆਂ
2. ਗੁਰਇਕਬਾਲ ਕੌਰ ਹਲਕਾ ਨਵਾਂ ਸ਼ਹਿਰ
3. ਸੁਰਜੀਤ ਕੌਰ ਹਲਕਾ ਬਰਨਾਲਾ
4. ਸੁਖਜੀਤ ਕੌਰ ਸ਼ਾਹੀ ਹਲਕਾ ਦਸੂਹਾ
5. ਕਰਨ ਕੌਰ ਬਰਾੜ ਹਲਕਾ ਮੁਕਤਸਰ
6. ਜਗਦੀਸ਼ ਕੌਰ ਢਿੱਲੋਂ ਹਲਕਾ ਫ਼ਰੀਦਕੋਟ
7. ਹਰਪ੍ਰੀਤ ਕੌਰ ਮੁਖਮੈਲਪੁਰ ਹਲਕਾ ਘਨੌਰ
8. ਰਾਜਵਿੰਦਰ ਕੌਰ ਭੁੱਲਰ ਪੁਰਾਣਾ ਹਲਕਾ ਨੂਰਮਹਿਲ
9. ਸੰਤੋਸ਼ ਚੌਧਰੀ ਸਾਬਕਾ ਸੰਸਦ ਮੈਂਬਰ

No comments:
Post a Comment