Tuesday, April 5, 2011

                                                    ਸੁਖਬੀਰ ਮੱਥਾ ਟੇਕਣਾ ਭੁੱਲੇ
                                                                  ਚਰਨਜੀਤ ਭੁੱਲਰ
ਬਠਿੰਡਾ  : ਦਮਦਮਾ ਸਾਹਿਬ ਤਾਂ ਸੁਖਬੀਰ ਬਾਦਲ ਗਏ ਸਨ। ਤਖਤ ਸਾਹਿਬ 'ਤੇ ਮੱਥਾ ਟੇਕਣਾ ਭੁੱਲ ਗਏ। ਉਸ ਜਗ੍ਹਾਂ 'ਤੇ ਜਾਣਾ ਪੰਥਕ ਨੇਤਾ ਨਹੀਂ ਭੁੱਲੇ ਜਿਥੇ ਉਨ੍ਹਾਂ ਨੇ 'ਸਿਆਸੀ ਕਾਨਫਰੰਸ' ਕਰਨੀ ਹੈ। ਕੋਈ ਆਖਦਾ ਹੈ ਕਿ ਕਾਹਲ 'ਚ 'ਕਾਕਾ ਜੀ' ਭੁੱਲ ਗਏ। ਕੋਈ ਪਾਰਟੀ ਪ੍ਰਧਾਨ ਕੋਲ 'ਵਿਹਲ' ਨਾ ਹੋਣ ਦੀ ਗੱਲ ਆਖ ਰਿਹਾ ਹੈ। ਵਿਸਾਖੀ ਤੋਂ ਪਹਿਲਾਂ ਨਵੀਂ ਚਰਚਾ ਛਿੜ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕੋਲੋਂ ਏਦਾ ਕਿਵੇਂ ਗਲਤੀ ਹੋ ਗਈ। ਮਸਲਾ ਇਹ ਨਹੀਂ ਕਿ ਕਿਉਂ ਨਹੀਂ ਗਏ। ਵੱਡੀ ਗੱਲ ਤਰਜ਼ੀਹਾਂ ਦੀ ਹੈ। ਵਿਸਾਖੀ ਮੇਲਾ ਤਰਜੀਹ ਨਹੀਂ, ਮੇਲੇ ਚੋਂ ਵੋਟਾਂ ਦੀ ਫਸਲ ਕੱਟਣ ਦਾ ਚੇਤਾ ਹੈ। ਐਤਕੀਂ ਪਹਿਲੀ ਦਫ਼ਾ ਸ਼੍ਰੋਮਣੀ ਅਕਾਲੀ ਦਲ ਦਾਣਾ ਮੰਡੀ ਦੀ ਖੁੱਲ੍ਹੀ ਥਾਂ 'ਚ 'ਸਿਆਸੀ ਕਾਨਫਰੰਸ' ਸਜਾਏਗਾ। ਉਪਰੋਂ ਅਸੈਂਬਲੀ ਵੋਟਾਂ ਸਿਰ 'ਤੇ ਹਨ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 2 ਅਪ੍ਰੈਲ ਨੂੰ ਦਮਦਮਾ ਸਾਹਿਬ ਗਏ ਸਨ। ਉਹ ਹੈਲੀਕਾਪਟਰ 'ਤੇ ਗਏ। ਸਭ ਤੋਂ ਪਹਿਲਾਂ ਦਾਣਾ ਮੰਡੀ 'ਚ ਗਏ। ਰੈਲੀ ਵਾਲੀ ਜਗ੍ਹਾਂ ਦੇਖੀ। ਉਧਰ ਨੇੜੇ ਹੀ ਤਖਤ ਸਾਹਿਬ ਹੈ। ਉਧਰ ਗੱਡੀ ਦਾ ਮੂੰਹ ਨਹੀਂ ਹੋਇਆ। ਉਸ ਪੈਲੇਸ ਵੱਲ ਗੱਡੀਆਂ ਦਾ ਕਾਫਲਾ ਗਿਆ ਜਿਥੇ ਵੋਟਾਂ ਦਾ 'ਮੇਲਾ' ਸੀ। 19 ਪਿੰਡਾਂ ਦੇ ਸਰਪੰਚਾਂ ਨੂੰ ਉਪ ਮੁੱਖ ਮੰਤਰੀ ਨੇ ਕਰੋੜਾਂ ਦੇ ਚੈੱਕ ਵੰਡੇ। ਐਨ ਵਿਸਾਖੀ ਤੋਂ ਪਹਿਲਾਂ। ਨਾਲੇ ਐਲਾਨ ਕਰ ਗਏ, ਵਿਸਾਖੀ 'ਤੇ ਪੂਰਾ ਲੱਖ ਦਾ ਇਕੱਠ ਕਰਾਂਗੇ। ਚਲੋ ਖਟਕੜ ਕਲਾਂ ਮਗਰੋਂ ਹੁਣ ਵਰਕਰ ਇੱਧਰ ਰੁੱਝ ਜਾਣਗੇ। ਨਾਲੇ ਐਤਕੀਂ ਵਾਢੀ ਤਾਂ ਵਿਸਾਖੀ ਮਗਰੋਂ ਹੀ ਸ਼ੁਰੂ ਹੋਣੀ ਹੈ।
            ਅੰਦਰੋਂ ਅੰਦਰੀਂ ਘੁਸਰ ਮੁਸਰ ਹੋ ਰਹੀ ਹੈ। ਸੁਖਬੀਰ ਜੀ ਨੂੰ ਤਖਤ ਸਾਹਿਬ 'ਤੇ ਮੱਥਾ ਟੇਕਣ ਜ਼ਰੂਰ ਜਾਣਾ ਚਾਹੀਦਾ ਸੀ। ਅਕਾਲੀ ਤਰਕ ਹੈ ਕਿ ਕਾਹਲ ਬੜੀ ਸੀ। ਵਿਸਾਖੀ ਵਾਲੇ ਦਿਨ ਜਾਣਗੇ। ਚਲੋ ਇਹ ਤਾਂ ਚੰਗੀ ਗੱਲ ਹੈ ਕਿ ਉਹ ਵਿਸਾਖੀ ਵਾਲਾ ਦਿਨ ਮੱਥਾ ਟੇਕਣਗੇ। ਤਖਤ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਉਂਝ ਤਾਂ ਕਾਫੀ ਦਲੇਰ ਹਨ। ਗੱਲ ਕਹਿਣ ਦੀ ਜੁਰਅਤ ਰੱਖਦੇ ਹਨ। ਉਪ ਮੁੱਖ ਮੰਤਰੀ ਸ੍ਰੀ ਬਾਦਲ ਦੇ ਮੱਥਾ ਨਾ ਟੇਕਣ ਵਾਲੀ ਗੱਲ ਕੀਤੀ। ਤਾਂ ਕਹਿਣ ਲੱਗੇ, 'ਛੱਡੋ ਜੀ, ਇਸ ਨੂੰ ਰਹਿਣ ਹੀ ਦਿਓ'। ਨਾਲੇ ਇਹ ਤਾਂ ਅਗਲੇ ਦੇ ਮਨ ਦੀ ਗੱਲ ਹੈ। ਕੀ ਕਹਿ ਸਕਦੇ ਹਾਂ। ਦਮਦਮਾ ਸਾਹਿਬ 'ਤੇ ਆਉਣ ਵਾਲਾ ਹਰ ਕੋਈ ਤਖਤ ਤੇ ਮੱਥਾ ਟੇਕੇ ,ਇਹ ਜ਼ਰੂਰੀ ਤਾਂ ਨਹੀਂ। ਜਦੋਂ ਜਥੇਦਾਰ ਸਾਹਿਬ ਨੂੰ ਚੇਤਾ ਕਰਾਇਆ ਕਿ ਉਹ 'ਆਮ ਆਦਮੀ' ਨਹੀਂ, ਪੰਥਕ ਪਾਰਟੀ ਦੇ ਪੰਥਕ ਪ੍ਰਧਾਨ ਹੈ। ਫਿਰ ਕਹਿਣ ਲੱਗੇ, 'ਰਹਿਣ ਦਿਓ ਜੀ।' ਅੰਦਰੋਂ ਸੋਚਿਆ ,ਅਸੀਂ ਤਾਂ ਰਹਿਣ ਦਿੰਦੇ ਹਨ ਪ੍ਰੰਤੂ ਉਨ੍ਹਾਂ ਨੇ ਗੱਲ ਚੁੱਕ ਲੈਣੀ ਹੈ ਜਿਨ੍ਹਾਂ ਨੇ ਵਿਸਾਖੀ 'ਤੇ ਬਰਾਬਰ ਤੰਬੂ ਗੱਡਣੇ ਨੇ। ਤੰਬੂ ਕੋਈ ਮਰਜ਼ੀ ਗੱਡੀ ਜਾਵੇ, ਸਰੀਕ ਦਮਦਮਾ ਸਾਹਿਬ ਤੰਬੂ ਨਹੀਂ ਲਾਉਂਦਾ। ਪੀਪਲਜ਼ ਪਾਰਟੀ ਆਫ਼ ਪੰਜਾਬ 'ਵਿਸਾਖੀ ਮੇਲੇ ' 'ਤੇ ਕਾਨਫਰੰਸ ਨਹੀਂ ਕਰ ਰਹੀ ਹੈ। 4 ਅਪ੍ਰੈਲ ਨੂੰ ਚੰਡੀਗੜ੍ਹ ਮੀਟਿੰਗ ਕਰਕੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਫੈਸਲਾ ਹੀ ਕਰ ਲਿਆ ਹੈ। ਨਿੱਤ ਇਕੱਠ ਕਰਨੇ ਕਿਹੜਾ ਸੌਖੇ ਨੇ। ਉਸ ਨੇ ਐਲਾਨ ਕੀਤਾ ਕਿ ਜੋੜ ਮੇਲ਼ਿਆ 'ਤੇ ਸਿਆਸੀ ਮੇਲਾ ਨਹੀਂ ਲਾਵਾਂਗੇ।
          ਭੇਤੀ ਆਖਦੇ ਹਨ ਕਿ ਮਨਪ੍ਰੀਤ ਬਾਦਲ ਇਸ ਗੱਲੋਂ ਡਰਦਾ ਹੈ ਕਿ ਕਿਤੇ ਇਕੱਠ ਛੋਟਾ ਪੈ ਗਿਆ ਤਾਂ ਮਾਘੀ ਤੇ ਖਟਕੜ ਕਲਾਂ ਵਾਲੀ ਕੀਤੀ ਕਰਾਈ 'ਤੇ ਪਾਣੀ ਫਿਰ ਜਾਣਾ ਹੈ। ਭਲਾਈ ਇਸੇ 'ਚ ਹੈ ਕਿ ਵਿਸਾਖੀ ਮੇਲੇ 'ਤੇ ਦੂਜਿਆਂ ਦਾ ਤਮਾਸ਼ਾ ਹੀ ਦੇਖੀਏ। ਮਾਲਵਾ ਦਾ ਵੱਡਾ ਮੇਲਾ ਹੈ ਅਤੇ ਉਹ ਵੀ ਅਗਲੀਆਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਹੈ। ਸਰਕਾਰ ਸਿਆਸੀ ਪ੍ਰਭਾਵ ਛੱਡਣਾ ਚਾਹੁੰਦੀ ਹੈ। ਕਾਂਗਰਸ ਤਰਫ਼ੋਂ ਵੀ ਸਿਆਸੀ ਕਾਨਫਰੰਸ ਕੀਤੀ ਜਾਣੀ ਹੈ। ਹਾਲੇ ਤੱਕ ਕੋਈ ਤਿਆਰੀ ਨਹੀਂ ਕੀਤੀ ਗਈ। ਵਿਸਾਖੀ ਮੇਲੇ 'ਤੇ ਬਾਦਲ ਤੇ ਕੈਪਟਨ ਹੀ ਮਿਹਣੋ ਮਿਹਣੇ ਹੋਣਗੇ। ਉਂਜ ਤਾਂ ਤਖਤਾਂ ਦੇ ਜਥੇਦਾਰਾਂ ਨੇ ਲੀਡਰਾਂ ਨੂੰ ਬਥੇਰਾ ਆਖਿਆ ਹੈ ਕਿ ਧਾਰਮਿਕ ਮੇਲਿਆਂ 'ਤੇ ਨਾਪ ਤੋਲ ਕੇ ਬੋਲੋ। ਕੋਈ ਵੀ ਮੇਲਾ ਹੋਵੇ ,ਲੀਡਰ ਆਪਣੀ ਡਫਲੀ ਵਜਾਉਣੋਂ ਨਹੀਂ ਹਟਦੇ। ਹੁਣ ਵਿਸਾਖੀ ਦਾ ਮੇਲਾ ਆਉਣ ਵਾਲਾ ਹੈ, ਦੇਖਣਾ ਇਹ ਕਿ ਇੱਥੇ ਕਿਹੜੇ ਕਿਹੜੇ ਲੀਡਰ ਦਮਾਮੇ ਮਾਰਨਗੇ।
                                                       ਸ਼੍ਰੋਮਣੀ ਕਮੇਟੀ ਵੀ ਭੁਲੱਕੜ
ਸ਼੍ਰੋਮਣੀ ਕਮੇਟੀ ਵੀ ਭੁਲੱਕੜ ਹੈ। ਐਤਕੀਂ ਦਮਦਮਾ ਸਾਹਿਬ ਵਿਖੇ ਉਸ ਸਰੋਵਰ ਦੀ ਸਫਾਈ ਹੀ ਕਰਾਉਣੀ ਭੁੱਲ ਗਈ ਜਿਥੇ ਸੰਗਤਾਂ ਇਸ਼ਨਾਨ ਕਰਦੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਦੇ ਜਦੋਂ ਮਾਮਲਾ ਧਿਆਨ 'ਚ ਆਇਆ ਤਾਂ ਉਨ੍ਹਾਂ ਸ਼੍ਰੋਮਣੀ ਕਮੇਟੀ ਕੋਲ ਗੱਲ ਰੱਖ ਦਿੱਤੀ।  ਸਰੋਵਰ 'ਚ 'ਜਿਲਬ' ਜੰਮੀ ਹੋਈ ਹੈ। ਪ੍ਰਸ਼ਾਸਨ ਡਰਦਾ ਹੈ ਕਿ ਕਿਤੇ ਇਸੇ ਕਰਕੇ ਕੋਈ ਸਰਧਾਲੂ ਤਿਲਕ ਨਾ ਜਾਵੇ। ਪਿਛਲੀ ਵਿਸਾਖੀ 'ਤੇ ਇੱਕ ਵਿਅਕਤੀ ਦੀ ਸਰੋਵਰ 'ਚ ਡੁੱਬਣ ਨਾਲ ਮੌਤ ਹੋ ਗਈ ਸੀ। ਦੋ ਬੱਚਿਆਂ ਨੂੰ ਬਚਾ ਲਿਆ ਗਿਆ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਵਿਸਾਖੀ ਮੇਲੇ ਦੀ ਮੀਟਿੰਗ ਰੱਖੀ ਜਿਸ 'ਚ ਸ਼੍ਰੋਮਣੀ ਕਮੇਟੀ ਦਾ ਨੁਮਾਇੰਦਾ ਸੀ। ਜਦੋਂ ਸਰੋਵਰ ਦੀ ਸਫਾਈ ਦੀ ਗੱਲ ਕੀਤੀ ਤਾਂ ਨੁਮਾਇੰਦਾ ਆਖਣ ਲੱਗਾ, 'ਹਰ ਵਿਸਾਖੀ 'ਤੇ ਇੱਕ ਅੱਧਾ ਤਾਂ ਮਰ ਹੀ ਜਾਂਦੈ ਹੈ', ਸਭ ਅਧਿਕਾਰੀ ਹੈਰਾਨ ਪਰੇਸ਼ਾਨ ਸਨ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਦੀ ਇਹ ਗੱਲ ਸੁਣ ਕੇ। ਵੱਡੇ ਅਫਸਰ ਨੇ ਹੁਕਮ ਕੀਤਾ ,ਏਹ ਕੋਈ ਤਰਕ ਨਹੀਂ, ਸਰੋਵਰ ਦੀ ਸਫਾਈ ਕਰਾਉਣੀ ਬਣਦੀ ਸੀ। ਉਂਝ ਸ਼੍ਰੋਮਣੀ ਕਮੇਟੀ ਵੀ ਵਿਸਾਖੀ ਮੇਲੇ ਦੀ ਫਸਲ ਕੱਟਣ ਲਈ ਪੱਬਾਂ ਭਾਰ ਹੈ। ਝੂਲਿਆਂ ਆਦਿ ਲਈ ਜਗ੍ਹਾਂ ਦਾ ਠੇਕਾ ਦੇ ਵੀ ਦਿੱਤਾ ਗਿਆ ਹੈ।

No comments:

Post a Comment